ਜਦ ਦਰਦ ਹੱਦੋਂ ਪਾਰ ਸਤਾਵੇ
ਕੋਈ ਸਾਥ ਦੇਣਾ ਚਾਹੇ
ਤਾਂ ਵੀ ਨਹੀਂ ਦੇ ਸਕਦਾ
ਹੌਸਲਿਆਂ ਦੇ ਵਾਰਿਸ
ਕਹਿੰਦੇ ਨੇ ਕਿ
ਦੁਨੀਆਂ ਤੇ ਕੁਝ ਵੀ
ਨਾ-ਮੁਮਕਿਨ ਨਹੀਂ
ਪਰ ਮੈਂ ਉਹਨਾਂ ਨੂੰ
ਆਪਣੇ ਦਰਦਾਂ ਵਾਲੀ
ਕੂਕ ਸੁਣਾ ਕੇ ਆਖਾਂ ਤੇ
ਪੁੱਛਾਂ ਇੱਕੋ ਸਵਾਲ
ਲੈ ਫਿਰ ਫੜੋ
ਤੇ ਵੰਡਾਓ ਮੇਰਾ ਦਰਦ
ਪਰ ਮੈਨੂੰ ਪਤੈ
ਉਹਨਾਂ ਸ਼ਰਮਸਾਰ ਹੋ
ਇਹੀ ਕਹਿਣਾ ਕਿ
ਇਹ ਨਾ-ਮੁਮਕਿਨ ਹੈ
ਜੇ ਇਹ ਨਾ-ਮੁਮਕਿਨ ਹੈ
ਤਾਂ ਫਿਰ ਮੰਨਣਾ ਪੈਣੈ
ਹੌਸਲੇ ਬੁਲੰਦ ਬਾਦਸ਼ਾਹਾਂ ਨੂੰ
ਕਿ ਦੁਨੀਆਂ ਵਿੱਚ ਸਭ ਕੁਝ
ਮੁਮਕਿਨ ਨਹੀਂ ਹੈ
ਕੁਝ ਸਬਰ ਕਰਨੇ ਪੈਂਦੇ ਨੇ
ਕਿਸੇ ਨਾਲ ਵੰਡੇ ਨਹੀਂ ਜਾ ਸਕਦੇ
ਹਾਂ ਬਿਲਕੁਲ ਸਾਹ ਦੇ ਨਾਲ ਸਾਹ
ਲੈਣ ਵਾਲਾ ਵੀ ਦਰਦ ਨਹੀਂ ਲੈ ਸਕਦਾ
ਝੋਲੀ ਨਹੀਂ ਪੁਆ ਸਕਦਾ
ਸਿਰਫ ਮਹਿਸੂਸ ਕਰ ਸਕਦਾ ਹੈ
ਦੇਖ ਕੇ ਦੁਖੀ ਹੋ ਸਕਦਾ ਹੈ
ਹਾਂ ਮੈਂ ਦਰਦਾਂ ਦੇ ਸਮੁੰਦਰਾਂ
ਵਿੱਚ ਗੋਤੇ ਖਾ ਰਹੀ ਹਾਂ
ਸੰਘਰਸ਼ ਮੇਰਾ ਜਾਰੀ ਹੈ
ਸ਼ਾਇਦ ਇੱਕ ਦਿਨ ਇਸ ਦੀ
ਕੈਦ ਤੋਂ ਬਾ-ਇਜ਼ਤ ਬਰੀ ਹੋ
ਜਾਵਾਂ
ਪਰ ਹਾਂ ਸ਼ੁਕਰੀਆ ਉਸ ਹਰ
ਇਨਸਾਨ ਦਾ ਜੀਹਨੇ
ਹਾਅ ਦਾ ਨਾਅਰਾ ਮਾਰਿਆ
ਮੇਰੇ ਲਈ ਮੇਰੇ ਦਰਦ ਲਈ
ਪਰ ਜੇ ਕੋਈ ਲੈ ਵੀ ਸਕਦਾ ਹੁੰਦਾ
ਤਾਂ ਮੈਂ ਦੇਣਾ ਨਹੀਂ ਸੀ
ਕਿਉਂਕਿ ਐਨਾ ਦਰਦ ਭਲਾਂ ਕੋਈ
ਕਿਸੇ ਆਪਣੇ ਨੂੰ ਦੇ ਹੁੰਦੈ
ਮੈਂ ਤਾਂ ਕਿਸੇ ਪਰਾਏ ਨੂੰ ਵੀ ਨਾ
ਦੇਵਾਂ
ਚੰਗਾ ਹੋਇਆ ਭਲਾ ਹੋਇਆ
ਕਿ ਦਰਦ ਕੋਈ ਲੈ ਨਹੀਂ ਸਕਦਾ
ਸਿਰਫ ਮਹਿਸੂਸ ਕਰ ਸਕਦੈ !!