ਅਮਰਜੀਤ ਪੰਨੂੰ ਨਾਲ ਹੋਇਆ ਰੂਬਰੂ
(ਖ਼ਬਰਸਾਰ)
ਸਾਨ ਫਰਾਂਸਿਸਕੋ -- ਕੈਲੀਫੋਰਨੀਆ ਦੀ ਗਲਪਕਾਰ ਅਮਰਜੀਤ ਪੰਨੂੰ ਨਾਲ ਪੰਜਾਬੀ ਭਵਨ ਟੋਰਾਂਟੋ ਵਿਖੇ ਇਕ ਮਿਲਣੀ ਆਯੋਜਿਤ ਕੀਤੀ ਗਈ। ਪ੍ਰੋਗਰਾਮ ਦਾ ਆਗਾਜ਼ ਮੰਚ ਸੰਚਾਲਕ ਡਾ. ਕੁਲਜੀਤ ਸਿੰਘ ਜੰਜੂਆ ਨੇ ਸ੍ਰੋਤਿਆਂ ਦਾ ਰਸਮੀ ਸਵਾਗਤ ਕਰਨ ਤੋਂ ਪਿੱਛੋਂ ਉਸ ਦਿਨ ਦੀ ਮਹਿਮਾਨ ਲੇਖਕ ਅਮਮਰਜੀਤ ਪੰਨੂੰ, ਬਰੈਂਪਟਨ ਨਿਵਾਸੀ ਕੰਪਿਊਟਰ ਦੀ ਦੁਨੀਆ ਦੇ ਵਿਸ਼ੇਸ਼ਗ ਕਿਰਪਾਲ ਸਿੰਘ ਪੰਨੂੰ ਅਤੇ ਕਹਾਣੀ ਤੇ ਸਫ਼ਰਨਾਮਾ ਲੇਖਕ ਮਿਨੀ ਗਰੇਵਾਲ ਨੂੰ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਕਰਕੇ ਕੀਤਾ। ਸੁਰਜੀਤ ਜੋ ਕਿ ਮੈਡਮ ਪੰਨੂੰ ਦੀ ਵਿਦਿਆਰਥਣ ਰਹੀ ਹੈ ਨੇ ਅਤੇ ਉਨ੍ਹਾਂ ਦੇ ਕਾਲਜ ਦੇ ਦਿਨਾਂ ਦੀ ਸਾਥਣ ਡਾ. ਬਲਜੀਤ ਕੌਰ ਨੇ ਬੜੇ ਭਾਵਪੂਰਤ ਸ਼ਬਦਾਂ ਨਾਲ ਸ੍ਰੋਤਿਆਂ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਵਾਈ।
ਪ੍ਰੋ. ਕਾਹਲੋਂ ਦੇ ਸ਼ਬਦਾਂ ਵਿਚ "ਲਿਟਰੇਰੀ ਰਿਫਲੈਕਸ਼ਨਜ ਟੋਰੰਟੋ ਦਾ ਇਹ ਬਹੁਤ ਹੀ ਸਲਾਹੁਣਯੋਗ ਉਪਰਾਲਾ ਸੀ ਜਿਸ ਦਾ ਸਿਹਰਾ ਨਿਸਚੇ ਹੀ ਇਸ ਦੀਆਂ ਯੋਗ ਪ੍ਰਬੰਧਕਾਂ-ਸੁਰਜੀਤ ਕੌਰ ਅਤੇ ਗੁਰਮੀਤ ਪਨਾਗ ਨੂੰ ਜਾਂਦਾ ਹੈ।“ ਅਮਰਜੀਤ ਕੌਰ ਪੰਨੂੰ ਨੇ ਸਰੋਤਿਆਂ ਨਾਲ ਆਪਣੀ ਰਚਨ-ਪ੍ਰਕ੍ਰਿਆ ਬਾਰੇ ਬੜੀਆਂ ਸਾਰਥਕ ਗੱਲਾਂ ਕੀਤੀਆਂ ਖਾਸ ਕਰਕੇ ਆਪਣੇ ਦੇਸ਼ ਦੀ ਵੰਡ ਬਾਰੇ ਲਿਖੇ ਜਾ ਰਹੇ ਨਾਵਲ The Splinted Waters ਦੀ ਪ੍ਰੇਰਨਾ ਅਤੇ ਪ੍ਰਸੰਗਾਂ ਦੇ ਵੇਰਵੇ ਬਿਆਨ ਕੀਤੇ। ਜਗੀਰ ਸਿੰਘ ਕਾਹਲੋਂ ਨੇ ਸਮਾਗਮ ਨੂੰ ਸਮੇਟਦੇ ਹੋਏ ਪੰਜਾਬੀ ਕਹਾਣੀ ਅਤੇ ਉੱਤਰੀ ਅਮਰੀਕਾ ਦੇ ਸੰਦਰਭ ਵਿਚ ਮੁੱਲਵਾਨ ਗੱਲਾਂ ਕੀਤੀਆਂ ਅਤੇ ਢਾਹਾਂ ਪੁਰਸਕਾਰ ਦੇ ਪ੍ਰਬੰਧਕਾਂ ਦੀ ਇਸ ਗਲੋਂ ਭਰਪੂਰ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਵਲੋਂ ਪੰਜਾਬੀ ਗਲਪ ਦੇ ਵਿਗਸਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਵੇਰ ਪਹਿਲੇ ਨੌਂ ਲੇਖਕਾਂ ਵਿਚ ਟੋਰੰਟੋ ਦੇ ਸ਼ਾਮਲ ਲੇਖਕਾਂ ਮੇਜਰ ਮਾਂਗਟ ਅਤੇ ਗੁਰਮੀਤ ਪਨਾਗ ਨੂੰ ਵਧਾਈ ਦਿੱਤੀ ਗਈ। ਪੰਜਾਬੀ ਭਵਨ ਟੋਰਾਂਟੋ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਸੰਸਥਾ ਵਲੋਂ ਮੈਡਮ ਪੰਨੂੰ ਨੂੰ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ। ਜੀ ਟੀ ਏ ਦੇ ਬਹੁਤ ਸਾਰੇ ਲੇਖਕ ਇਸ ਸਮਾਗਮ ਵਿਚ ਸ਼ਾਮਿਲ ਹੋਏ ਜਿਨ੍ਹਾਂ ਨੇ ਪੰਨੂੰ ਹੋਰਾਂ ਨੂੰ ਉਨ੍ਹਾਂ ਦੀਆਂ ਲਿਖਤਾਂ ਬਾਰੇ ਕੁਝ ਸੁਆਲ ਕੀਤੇ ਤੇ ਉਂਨ੍ਹਾਂ ਨੇ ਬੜੇ ਸੁਚੱਜੇ ਢੰਗ ਨਾਲ ਜਵਾਬ ਵੀ ਦਿੱਤੇ। ਇਸ ਤਰ੍ਹਾਂ ਇਹ ਰੂਬਰੂ ਸਮਾਗਮ ਯਾਦਗਾਰੀ ਹੋ ਨਿਬੜਿਆ।