ਕਵਿਤਾਵਾਂ

  •    ਸੁਪਨੇ ਮੇਰੇ / ਸਵਰਨਜੀਤ ਕੌਰ ਗਰੇਵਾਲ( ਡਾ.) (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਨੰਨੀ ਜਿੰਦ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਸੱਜਣਾ ਵੇ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਸਤਿਗੁਰ ਨਾਨਕ ਦਾ ਅਵਤਾਰ-ਦਿਹਾੜਾ / ਗੁਰਮਿੰਦਰ ਸਿੱਧੂ (ਡਾ.) (ਕਵਿਤਾ)
  •    ਕੂੜੇ ਨੂੰ ਫਰੋਲੇ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
  •    ਤੁਰਨਾ ਅਸਾਂ ਹੁਣ ਨਾਲ ਨਾਲ / ਸੁਰਜੀਤ ਕੌਰ (ਕਵਿਤਾ)
  •    ਮਾਂ ਬੋਲੀ ਪੰਜਾਬੀ / ਓਮਕਾਰ ਸੂਦ ਬਹੋਨਾ (ਕਵਿਤਾ)
  •    ਕੁਰਸੀਆਂ ਤੇ ਕਾਬਿਜ ਮੁਖੌਟਿਉ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਇੰਤਜ਼ਾਰ / ਗੁਰਪ੍ਰੀਤ ਕੌਰ ਧਾਲੀਵਾਲ (ਕਵਿਤਾ)
  •    ਬਾਬਾ ਨਾਨਕ / ਮਨਦੀਪ ਗਿੱਲ ਧੜਾਕ (ਗੀਤ )
  •    ਤੁਸੀਂ ਬਚਕੇ ਪਟਾਕਿਆਂ ਤੋ ਰਹਿਣਾ ਬੱਚਿਓ / ਬੂਟਾ ਗੁਲਾਮੀ ਵਾਲਾ (ਗੀਤ )
  •    ਕਲਯੁਗ / ਜਸ਼ਨਦੀਪ ਗਿੱਲ (ਕਵਿਤਾ)
  •    ਤਲੀਆਂ ਹੇਠਾਂ / ਚੰਦਰਕਾਂਤਾ ਰਾਏ (ਕਵਿਤਾ)
  • ਸਭ ਰੰਗ

  •    ਤਵਾਰੀਖ਼ ਗੁਰੂ ਖ਼ਾਲਸਾ' 'ਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਸਿਧਾਂਤ / ਪਰਮਵੀਰ ਸਿੰਘ (ਡਾ.) (ਆਲੋਚਨਾਤਮਕ ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਦਤਾਂ: ਵਿਅਕਤੀ ਦੀ ਸ਼ਖਸੀਅਤ ਦਾ ਸ਼ੀਸ਼ਾ / ਕੈਲਾਸ਼ ਚੰਦਰ ਸ਼ਰਮਾ (ਲੇਖ )
  •    ਗੁਰੁ ਨਾਨਕੁ ਜਿਨ ਸੁਣਿਆ ਪੇਖਿਆ / ਗੁਰਦੀਸ਼ ਗਰੇਵਾਲ (ਲੇਖ )
  •    ਗੁਰਬਾਣੀ ਵਿਚੋਂ ਪ੍ਰਚੱਲਿਤ ਅਖਾਣ ਤੇ ਮੁਹਾਵਰੇ / ਨਿਸ਼ਾਨ ਸਿੰਘ ਰਾਠੌਰ (ਆਲੋਚਨਾਤਮਕ ਲੇਖ )
  •    ਸਦੀ ਜਿੱਡੇ ਮਨੁੱਖ / ਕ੍ਰਿਸ਼ਨ ਸਿੰਘ (ਪ੍ਰੋ) (ਲੇਖ )
  •    ਲੋਕ ਨਾਇਕਾਂ ਦਾ ਵਿਰਸਾ ਤੇ ਉਹਨਾਂ ਦੇ ਵਾਰਿਸ / ਇਕਬਾਲ ਸੋਮੀਆਂ (ਡਾ.) (ਲੇਖ )
  •    ਗਰੀਬੀ ਤੇ ਅਨਪੜ੍ਹਤਾ ਦੀ ਸੰਤਾਪ ਦੀ ਪੇਸ਼ਕਾਰੀ ਨਾਵਲ ਮੁਕਤੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  • ਤਵਾਰੀਖ਼ ਗੁਰੂ ਖ਼ਾਲਸਾ' 'ਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਸਿਧਾਂਤ (ਆਲੋਚਨਾਤਮਕ ਲੇਖ )

    ਪਰਮਵੀਰ ਸਿੰਘ (ਡਾ.)   

    Email: paramvirsingh68@gmail.com
    Address: ਪੰਜਾਬੀ ਯੂਨੀਵਰਸਿਟੀ
    ਪਟਿਆਲਾ India
    ਪਰਮਵੀਰ ਸਿੰਘ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਗਿਆਨੀ ਗਿਆਨ ਸਿੰਘ ਸਿੱਖ ਇਤਿਹਾਸ ਦੇ ਉੱਘੇ ਵਿਦਵਾਨ ਸਨ ਜਿਨ੍ਹਾਂ ਨੇ ਆਪਣਾ ਵਧੇਰੇ ਜੀਵਨ ਸਿੱਖ ਇਤਿਹਾਸ ਦੀ ਖੋਜ ਨੂੰ ਸਮਰਪਿਤ ਕੀਤਾ ਹੋਇਆ ਸੀ। ਪੰਥ ਪ੍ਰਕਾਸ਼ ਇਹਨਾਂ ਦੀ ਮਹੱਤਵਪੂਰਨ ਰਚਨਾ ਹੈ ਪਰ ਕਾਵਿ ਰੂਪ ਵਿਚ ਹੋਣ ਕਰਕੇ ਬਹੁਤ ਸਾਰੇ ਸੱਜਣ ਇਸ ਤੋਂ ਲਾਹਾ ਨਹੀਂ ਲੈ ਸਕਦੇ। ਤਵਾਰੀਖ਼ ਗੁਰੂ ਖ਼ਾਲਸਾ ਇਹਨ੍ਹਾਂ ਦੀ ਵਾਰਤਕ ਰਚਨਾ ਹੈ ਜਿਸ ਨੂੰ ਕਿ ਪੰਜਾਬੀ ਦੀ ਜਾਣਕਾਰੀ ਰੱਖਣ ਵਾਲੇ ਸਮੂਹ ਸੱਜਣ ਅਸਾਨੀ ਨਾਲ ਪੜ੍ਹ ਅਤੇ ਸਮਝ ਸਕਦੇ ਹਨ। ਇਸ ਵਿਚ ਦਸ ਗੁਰੂ ਸਾਹਿਬਾਨ ਦਾ ਜੀਵਨ ਅਤੇ ਸਿੱਖਿਆਵਾਂ ਦਰਜ ਹਨ।
    ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ ਇਸ ਕਰ ਕੇ ਹਰ ਇਕ ਸਿੱਖ ਤਵਾਰੀਖ਼ ਦਾ ਪਹਿਲਾ ਪੰਨਾ ਇਹਨ੍ਹਾਂ ਦੇ ਜੀਵਨ ਕਾਲ ਤੋਂ ਅਰੰਭ ਹੁੰਦਾ ਹੈ। ਗਿਆਨੀ ਜੀ ਨੇ ਇਸ ਰਚਨਾ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਵਿਸਤਾਰ ਵਰਨਨ ਕੀਤਾ ਹੈ। ਗੁਰੂ ਸਾਹਿਬ ਦੇ ਆਗਮਨ ਸਮੇਂ ਭਾਰਤ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਹਾਲਾਤ ਦਾ ਵਰਨਨ ਕਰਦੇ ਹੋਏ ਉਹ ਕਹਿੰਦੇ ਹਨ ਕਿ ਭਾਰਤ ਵਿਚ ਵਸਦੇ ਆਮ ਲੋਕ ਹਕੂਮਤ ਦੇ ਰਹਿਮੋ-ਕਰਮ 'ਤੇ ਸਨ। ਅਧਰਮ ਅਤੇ ਅਨਿਆਂ ਦੀ ਹਨੇਰ-ਗਰਦੀ ਵਿਚ ਲੋਕਾਈ ਕਿਸੇ ਦੈਵੀ ਪੁਰਖ ਲਈ ਅਰਦਾਸਾਂ ਕਰ ਰਹੀ ਸੀ ਜਿਹੜੀ ਕਿ ਉਹਨਾਂ ਨੂੰ ਅਜਿਹੀ ਜ਼ਲਾਲਤ ਭਰੀ ਜ਼ਿੰਦਗੀ ਤੋਂ ਨਿਜਾਤ ਦਿਵਾ ਸਕੇ। ਗੁਰੂ ਨਾਨਕ ਦੇਵ ਜੀ ਦਾ ਆਗਮਨ ਇਸ ਸਮੇਂ ਇਕ ਸ਼ੁਭ ਘੜੀ ਵਾਂਗ ਸੀ ਜਿਸ ਨੇ ਲੋਕਾਈ ਨੂੰ ਧਰਮ ਦੇ ਮਾਰਗ ਨਾਲ ਜੋੜ ਕੇ ਸਮਾਜ ਵਿਚ ਸੱਚਾਈ ਅਤੇ ਪਰਉਪਕਾਰ ਦੀ ਭਾਵਨਾ ਨੂੰ ਪ੍ਰਫੁਲਿਤ ਕਰਨ ਦਾ ਕਾਰਜ ਕੀਤਾ। ਲੇਖਕ ਕਹਿੰਦਾ ਹੈ ਕਿ 'ਜੈਸੇ ਬਰਖਾ ਹੋਣੇ ਤੇ ਤਪਸ਼ ਘੱਟ ਜਾਂਦੀ ਹੈ ਤੈਸੇ ਏਨ੍ਹਾਂ (ਗੁਰੂ ਨਾਨਕ ਦੇਵ ਜੀ) ਦੇ ਪ੍ਰਗਟ ਹੋਣ ਨਾਲ ਸਹਿਜੇ ਹੀ ਆਮ ਤੋਂ ਆਮ ਲੋਕਾਂ ਦੇ ਦਿਲਾਂ ਵਿਚ ਦਯਾ, ਧਰਮ, ਖਿਮਾ, ਪ੍ਰੇਮਾਦਿਕ ਗੁਣ ਪ੍ਰਗਟ ਹੋ ਪਏ।' ਪਿਤਾ ਮਹਿਤਾ ਕਾਲੂ ਚੰਦ ਅਤੇ ਮਾਤਾ ਤ੍ਰਿਪਤਾ ਦੇ ਘਰ ਤਲਵੰਡੀ ਰਾਇ ਭੋਏ ਵਿਖੇ ੧੪੬੯ ਈਸਵੀ ਨੂੰ ਪ੍ਰਕਾਸ਼ਮਾਨ ਹੋਏ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਬਹੁਤ ਸਾਰੀਆਂ ਕਰਾਮਾਤਾਂ ਜੋੜ ਕੇ ਦੱਸੀਆਂ ਜਾਂਦੀਆਂ ਹਨ ਜਿਵੇਂ ਖੇਤ ਹਰਿਆ ਹੋ ਜਾਣਾ, ਸੱਪ ਨੇ ਛਾਯਾ ਕਰਨੀ, ਦਰਖਤ ਦਾ ਪ੍ਰਛਾਵਾਂ ਨਾ ਢਲਣਾ ਆਦਿ ਪ੍ਰਸਿੱਧ ਹਨ। ਇਹਨਾਂ ਘਟਨਾਵਾਂ ਦਾ ਵਰਨਨ ਕਰਦੇ ਹੋਏ ਗੁਰੂ ਜੀ ਨੂੰ ਬਚਪਨ ਤੋਂ ਹੀ ਦੈਵੀ ਪੁਰਖ ਵੱਜੋਂ ਪੇਸ਼ ਕੀਤਾ ਗਿਆ ਹੈ।
    ਗੁਰੂ ਜੀ ਹਮੇਸ਼ਾਂ ਅਕਾਲ ਪੁਰਖ ਦੀ ਬੰਦਗੀ ਕਰਨ ਤੇ ਜ਼ੋਰ ਦਿੰਦੇ ਸਨ। ਉਹ ਅਕਾਲ ਪੁਰਖ ਨੂੰ ਸਰਬ-ਕਰਤਾ, ਸਰਬ-ਹਰਤਾ ਅਤੇ ਸਰਬ-ਗਿਆਤਾ ਮੰਨਦੇ ਸਨ ਜਿਹੜਾ ਲੋਕ ਅਤੇ ਪ੍ਰਲੋਕ ਦੇ ਸਮੂਹ ਦੁੱਖਾਂ ਦਾ ਦਾਰੂ ਹੈ। ਉਹ ਦੁਨਿਆਵੀ ਸਿੱਖਿਆ ਗ੍ਰਹਿਣ ਕਰਨ ਦੇ ਵਿਰੁੱਧ ਨਹੀਂ ਸਨ ਪਰ ਉਹ ਚਾਹੁੰਦੇ ਸਨ ਕਿ ਦੁਨਿਆਵੀ ਵਿਦਿਆ ਦਾ ਸਾਰ ਪ੍ਰਭੂ-ਮੁਖੀ ਹੋਣਾ ਚਾਹੀਦਾ ਹੈ। ਪੰਡਿਤ ਅਤੇ ਮੁੱਲਾਂ ਕੋਲ ਪੜ੍ਹਨ ਜਾਣ ਵਾਲੀਆਂ ਸਾਖੀਆਂ ਗੁਰੂ ਜੀ ਦੇ ਅਜਿਹੇ ਭਾਵਾਂ ਨੂੰ ਹੀ ਉਜਾਗਰ ਕਰਦੀਆਂ ਹਨ। ਦੁਨਿਆਵੀ ਕਰਮਕਾਂਡ ਵਿਚ ਗ੍ਰਸਤ ਜੀਵਨ ਨੂੰ ਉਹ ਪ੍ਰਭੂ ਪ੍ਰਾਪਤੀ ਵਿਚ ਰੁਕਾਵਟ ਮੰਨਦੇ ਸਨ ਕਿਉਂਕਿ ਅਜਿਹਾ ਜੀਵਨ ਮਨੁੱਖ ਨੂੰ ਸੱਚਾਈ ਅਤੇ ਸਦਾਚਾਰ ਤੋਂ ਦੂਰ ਲੈ ਜਾਂਦਾ ਹੈ।
    ਗੁਰੂ ਜੀ ਨੇ ਪਰਮਾਤਮਾ ਦਾ ਸੰਦੇਸ਼ ਲੋਕਾਈ ਤੱਕ ਪਹੁੰਚਾਉਣ ਲਈ ਉਦਾਸੀਆਂ ਕੀਤੀਆਂ ਸਨ। ਇਹਨਾਂ ਉਦਾਸੀਆਂ ਦੌਰਾਨ ਉਹ ਜਿਨ੍ਹਾਂ ਜੰਗਲਾਂ, ਪਹਾੜਾਂ, ਮਾਰੂਥਲਾਂ, ਨਦੀਆਂ, ਨਗਰਾਂ, ਕਸਬਿਆਂ ਆਦਿ ਵਿਚੋਂ ਦੀ ਲੰਘੇ, ਉਨ੍ਹਾਂ ਦੇ ਨਾਂ ਅਤੇ ਰਸਤੇ ਦੀ ਜਾਣਕਾਰੀ ਵੀ ਸਾਨੂੰ ਗਿਆਨੀ ਜੀ ਦੀ ਤਵਾਰੀਖ਼ ਵਿਚੋਂ ਮਿਲਦੀ ਹੈ। ਜਿਥੇ ਵੀ ਉਹ ਨਿਵਾਸ ਕਰਦੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਸਨ। ਉਹਨਾਂ ਦਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ ਨਿਵੇਕਲਾ ਹੀ ਤਰੀਕਾ ਸੀ। ਉਹ ਪਹਿਲਾਂ ਅਜਿਹਾ ਕਾਰਜ ਕਰਦੇ ਜਿਸ ਨਾਲ ਲੋਕਾਂ ਦਾ ਧਿਆਨ ਉਹਨਾਂ ਵੱਲ ਖਿਚਿਆ ਜਾਂਦਾ ਸੀ ਕਿਉਂਕਿ ਉਹ ਸਮਝਦੇ ਸਨ ਕਿ ਜਦੋਂ ਤੱਕ ਮਨ ਵਿਚ ਜਿਗਿਆਸਾ ਪੈਦਾ ਨਾ ਹੋਵੇ ਉਸ ਸਮੇਂ ਤੱਕ ਆਪਣੀ ਗੱਲ ਕਹਿਣ ਦਾ ਕੋਈ ਫਾਇਦਾ ਨਹੀਂ ਹੁੰਦਾ। ਜਦੋਂ ਲੋਕ ਉਹਨਾਂ ਵੱਲ ਕੇਂਦਰਿਤ ਹੁੰਦੇ ਤਾਂ ਸਹਿਜੇ ਹੀ ਉਹ ਆਪਣੀ ਗੱਲ ਕਰ ਦਿੰਦੇ ਸਨ ਜਿਹੜੀ ਲੋਕਾਈ ਨੂੰ ਵਹਿਮਾਂ, ਭਰਮਾਂ, ਪਾਖੰਡਾਂ ਆਦਿ ਤੋਂ ਮੁਕਤ ਕਰਕੇ ਪਰਮਾਤਮਾ ਨਾਲ ਜੋੜਨ, ਦਸਾਂ ਨੁਹਾਂ ਦੀ ਕਿਰਤ ਕਮਾਈ ਕਰਨ ਅਤੇ ਵੰਡ ਕੇ ਛੱਕਣ ਦਾ ਉਪਦੇਸ਼ ਦਿੰਦੀ ਸੀ। ਵੱਡੇ ਤੋਂ ਵੱਡੇ ਰਾਖਸ਼, ਠੱਗ, ਜੋਗੀ, ਜਤੀ, ਤਪੀ, ਸੰਨਿਆਸੀ ਉਹਨਾਂ ਦੀ ਬਾਣੀ ਅੱਗੇ ਪਾਣੀ ਹੋ ਜਾਂਦੇ ਸਨ।
    ਗਿਆਨੀ ਗਿਆਨ ਸਿੰਘ ਦੱਸਦੇ ਹਨ ਕਿ ਜਦੋਂ ਗੁਰੂ ਜੀ ਉਦਾਸੀਆਂ ਤੇ ਗਏ ਤਾਂ ਭਾਈ ਮਰਦਾਨਾ ਅਤੇ ਭਾਈ ਬਾਲਾ ਉਹਨਾਂ ਦੇ ਨਾਲ ਸਨ। ਮਰਦਾਨਾ ਇਕ ਵਧੀਆ ਰਬਾਬ ਵਜਾਉਣ ਵਾਲਾ ਸੀ। ਮਰਦਾਨੇ ਨੂੰ ਰਬਾਬ ਗੁਰੂ ਜੀ ਨੇ ਲੈ ਕੇ ਦਿੱਤੀ ਸੀ। ਬੇਬੇ ਨਾਨਕੀ ਪਾਸੋਂ ਪੈਸੇ ਲੈ ਕੇ ਰਬਾਬ ਲੈਣੀ ਗੁਰੂ ਜੀ ਦੁਆਰਾ ਸਮੇਂ ਦੀਆਂ ਰੂੜ੍ਹੀਵਾਦੀ ਪਰੰਪਰਾਵਾਂ ਨੂੰ ਤੋੜਨ ਵੱਲ ਸੰਕੇਤ ਕਰਦੀ ਹੈ। ਤਵਾਰੀਖ਼ ਦਾ ਕਰਤਾ ਦੱਸਦਾ ਹੈ ਕਿ ਭਾਵੇਂ ਮੋਦੀਖ਼ਾਨੇ ਦੀ ਕਾਰ ਵਿਚੋਂ ਬਹੁਤ ਸਾਰੇ ਪੈਸੇ ਗੁਰੂ ਜੀ ਵੱਲ ਵੱਧਦੇ ਸਨ ਪਰ ਉਹਨਾਂ ਨੇ ਉਹ ਗਰੀਬਾਂ ਅਤੇ ਲੋੜਵੰਦਾਂ ਨੂੰ ਵੰਡ ਦਿੱਤੇ ਸਨ ਅਤੇ ਮਰਦਾਨੇ ਨੂੰ ਰਬਾਬ ਦਿਵਾਉਣ ਲਈ ਆਪਣੀ ਭੈਣ ਨਾਨਕੀ ਪਾਸੋਂ ਸੱਤ ਰੁਪਏ ਲਏ ਸਨ। ਇਹ ਉਹ ਸਮਾਂ ਸੀ ਜਦੋਂ ਲੜਕੀਆਂ ਨੂੰ ਕੰਨਿਆ ਦਾਨ ਦੇ ਰੂਪ ਵਿਚ ਦੇਖਿਆ ਜਾਂਦਾ ਸੀ ਅਤੇ ਲੜਕੀ ਦੇ ਘਰੋਂ ਪਾਣੀ ਪੀਣ ਤੋਂ ਵੀ ਗੁਰੇਜ਼ ਕੀਤਾ ਜਾਂਦਾ ਸੀ। ਇਹ ਸਮਝਿਆ ਜਾਂਦਾ ਸੀ ਕਿ ਲੜਕੀ ਨੂੰ ਸਾਰੀ ਉਮਰ ਕੁੱਝ ਨਾ ਕੁੱਝ ਦੇਣਾ ਹੀ ਹੈ ਅਤੇ ਉਸ ਦੇ ਘਰੋਂ ਕੋਈ ਵੀ ਵਸਤੂ ਗ੍ਰਹਿਣ ਕਰਨੀ ਪਾਪ ਸਮਝੀ ਜਾਂਦੀ ਸੀ। ਮੌਜੂਦਾ ਸਮੇਂ ਵਿਚ ਵੀ ਕਈ ਥਾਈਂ ਅਜਿਹੀਆਂ ਰੂੜ੍ਹੀਵਾਦੀ ਪਰੰਪਰਾਵਾਂ ਕਿਸੇ ਨਾ ਕਿਸੇ ਰੂਪ ਵਿਚ ਦੇਖਣ ਨੂੰ ਮਿਲ ਜਾਂਦੀਆਂ ਹਨ। ਗੁਰੂ ਸਾਹਿਬ ਦੁਆਰਾ ਆਪਣੀ ਭੈਣ ਤੋਂ ਪੈਸੇ ਲੈਣੇ ਪੁਰਾਤਨ ਰੂੜ੍ਹੀਵਾਦੀ ਪਰੰਪਰਾਵਾਂ ਨੂੰ ਤੋੜਨ ਅਤੇ ਸਮਾਜ ਨੂੰ ਨਵੀਂ ਦਿਸ਼ਾ ਵੱਲ ਤੋਰਨ ਦਾ ਸੰਕੇਤ ਕਰਦੀ ਹੈ।
    ਗੁਰੂ ਜੀ ਦੀ ਸ਼ਖਸੀਅਤ ਨੂੰ ਉਜਾਗਰ ਕਰਨ ਲਈ ਲੇਖਕ ਨੇ ਮਰਦਾਨੇ ਨੂੰ ਆਮ ਮਨੁੱਖ ਦੇ ਪਾਤਰ ਵਜੋਂ ਪੇਸ਼ ਕੀਤਾ ਹੈ ਜਿਸ ਨੂੰ ਆਮ ਲੋਕਾਂ ਵਾਂਗ ਭੁੱਖ ਵਧੇਰੇ ਲੱਗਦੀ ਹੈ, ਉਹ ਅੱਜ ਦੀ ਬਜਾਏ ਕੱਲ ਲਈ ਵੀ ਵਸਤਾਂ ਇਕੱਤਰ ਕਰਨਾ ਲੋਚਦਾ ਹੈ ਅਤੇ ਗੁਰੂ ਜੀ ਦੀ ਗੱਲ ਨਾ ਮੰਨ ਕੇ ਬਾਅਦ ਵਿਚ ਪਛਤਾਉਂਦਾ ਹੈ। ਗੁਰੂ ਜੀ ਮਰਦਾਨੇ ਰਾਹੀਂ ਸਮਝਾਉਂਦੇ ਹਨ ਕਿ ਕੱਲ ਦੀ ਫਿਕਰ ਕਰਨਾ ਛੱਡ ਕੇ ਅੱਜ ਜੋ ਕੁਝ ਪ੍ਰਾਪਤ ਹੋਇਆ ਹੈ ਉਸੇ ਲਈ ਪਰਮਾਤਮਾ ਦਾ ਸ਼ੁਕਰ ਮਨਾ ਅਤੇ ਰੱਬੀ ਮਾਰਗ ਤੇ ਚੱਲਣ ਦਾ ਯਤਨ ਕਰ।
    ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ। ਇਨ੍ਹਾਂ ਉਦਾਸੀਆਂ ਦੌਰਾਨ ਉਹ ਜਿਸ ਵੀ ਬਿਰਤੀ ਵਾਲੇ ਮਨੁੱਖ ਨੂੰ ਮਿਲਦੇ ਅਕਾਲ ਪੁਰਖ ਦੀ ਬਾਣੀ ਰਾਹੀਂ ਉਸ ਦੀ ਬਿਰਤੀ ਪ੍ਰਭੂ-ਮੁਖੀ ਕਰ ਦਿੰਦੇ ਸਨ। ਅਕਾਲ ਪੁਰਖ ਦਾ ਸੰਦੇਸ਼ ਲੋਕਾਈ ਤੱਕ ਪਹੁੰਚਾਉਣ ਲਈ ਗੁਰੂ ਜੀ ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਸੀ। ਲੇਖਕ ਨੇ ਗੁਰੂ ਜੀ ਨੂੰ ਸਮੂਹ ਸਮੱਸਿਆਵਾਂ ਦਾ ਹੱਲ ਕਰਦੇ ਦਿਖਾਇਆ ਹੈ। ਸਥਾਨਕ ਪਰੰਪਰਾਵਾਂ ਅਤੇ ਰੂੜ੍ਹੀਵਾਦੀ ਰਸਮਾਂ ਅਧੀਨ ਜਕੜਿਆ ਹੋਇਆ ਮਨੁੱਖ ਤੰਗਦਿਲ ਅਤੇ ਹੰਕਾਰੀ ਹੋ ਜਾਂਦਾ ਹੈ। ਉਹ ਉਸ ਪੰਛੀ ਵਾਂਗ ਹੁੰਦਾ ਹੈ ਜਿਹੜਾ ਪਿੰਜਰੇ ਵਿਚ ਚੂਰੀ ਖਾ ਕੇ ਖੁਸ਼ ਹੁੰਦਾ ਹੈ, ਉਹ ਆਪਣੇ ਆਪ ਤੋਂ ਮੁਕਤ ਹੋਏ ਬਗੈਰ ਕਦੇ ਵੀ ਅਸਮਾਨ ਦੀਆਂ ਉੱਚੀਆਂ ਉਡਾਰੀਆਂ ਲਾਉਣ ਦੇ ਸਮੱਰਥ ਨਹੀਂ ਹੋ ਸਕਦਾ। ਉਹ ਮਾਨਸਿਕ ਗੁਲਾਮੀ ਵਿਚ ਹੀ ਸਭ ਤਰ੍ਹਾਂ ਦਾ ਸੁੱਖ ਅਨੁਭਵ ਕਰਦਾ ਹੈ ਅਤੇ ਏਸੇ ਕਰਕੇ ਆਪਣੇ ਤੇ ਹੋਣ ਵਾਲੇ ਸਮੂਹ ਜ਼ੁਲਮਾਂ ਨੂੰ ਸਹਿ ਤਾਂ ਲੈਂਦਾ ਹੈ ਪਰ ਉਨ੍ਹਾਂ ਵਿਰੁੱਧ ਕਦੇ ਵੀ ਅਵਾਜ਼ ਨਹੀਂ ਉਠਾਉਂਦਾ। ਗੁਰੂ ਜੀ ਨੇ ਅਜਿਹੇ ਮਨੁੱਖਾਂ ਦੀ ਮਾਨਸਿਕਤਾ ਨੂੰ ਬਦਲਣ ਦਾ ਯਤਨ ਕੀਤਾ ਹੈ ਅਤੇ ਉਹ ਇਸ ਵਿਚ ਸਫਲ ਹੋਏ ਹਨ। ਉਹ ਮਨੁੱਖ ਨੂੰ ਸੌੜੇ ਹਿਤਾਂ ਤੋਂ ਉਪਰ ਉਠ ਕੇ ਵਡੇਰੇ ਮਨੁੱਖੀ ਸਰੋਕਾਰਾਂ ਪ੍ਰਤੀ ਚੇਤਨ ਕਰਦੇ ਹਨ। ਲੇਖਕ ਉਹਨਾਂ ਦੇ ਜੀਵਨ ਦੀ ਹਰ ਸਾਖੀ ਨੂੰ ਪ੍ਰਮਾਣਿਕ ਬਣਾਉਣ ਲਈ ਉਹਨਾਂ ਦੀ ਬਾਣੀ ਵਿਚੋਂ ਹਵਾਲੇ ਦਿੰਦਾ ਹੈ।
    ਗੁਰੂ ਜੀ ਦੀਆਂ ਉਦਾਸੀਆਂ ਦਾ ਪ੍ਰਮੁਖ ਉਦੇਸ਼ ਲੋਕਾਈ ਨੂੰ ਸਚਿਆਰੀ ਜੀਵਨਜਾਚ ਵਾਲਾ ਮਾਰਗ ਦਿਖਾਉਣਾ ਅਤੇ ਸਿਖਾਉਣਾ ਸੀ। ਆਪੋ ਆਪਣੇ ਦੇਵੀ-ਦੇਵਤੇ ਵਿਚ ਵਿਸ਼ਵਾਸ ਅਤੇ ਵੱਖ-ਵੱਖ ਦੇਵੀ-ਦੇਵਤਿਆਂ ਦੁਆਰਾ ਕੀਤੇ ਜਾ ਰਹੇ ਕਾਰਜ ਸ਼ਰਧਾਲੂਆਂ ਵਿਚ ਖਿਚੋਤਾਣ ਦਾ ਕਾਰਨ ਬਣੇ ਹੋਏ ਸਨ। ਇਕ ਦੇਵੀ-ਦੇਵਤੇ ਵਿਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੁਆਰਾ ਆਪਣੇ ਵਿਸ਼ਵਾਸ ਦੇ ਦੇਵਤੇ ਨੂੰ ਦੂਜਿਆਂ ਤੋਂ ਸ੍ਰੇਸ਼ਟ ਦਰਸਾਉਣਾ ਆਮ ਗੱਲ ਸੀ। ਬਹੁ-ਦੇਵਵਾਦੀ ਪ੍ਰਵਿਰਤੀ ਵਿਚ ਵਿਸ਼ਵਾਸ ਸਚਿਆਰੀ ਜੀਵਨਜਾਚ ਤੋਂ ਭਟਕਣ ਪੈਦਾ ਕਰਨ ਦਾ ਪ੍ਰਮੁਖ ਕਾਰਨ ਬਣੀ ਹੋਈ ਸੀ। ਗੁਰੂ ਜੀ ਜਾਣਦੇ ਸਨ ਕਿ ਪਰਮਸਤਿ ਨਾਲ ਜੁੜਿਆਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਇਸ ਕਰਕੇ ਅਧਿਆਤਮਿਕ ਅਨੁਭਵ ਗ੍ਰਹਿਣ ਕਰਨ ਉਪਰੰਤ ਜਦੋਂ ਗੁਰੂ ਜੀ ਉਦਾਸੀਆਂ ਤੇ ਗਏ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਕਾਰਜ ਹੀ ਲੋਕਾਈ ਨੂੰ ਪ੍ਰਭੂ-ਮੁਖੀ ਬਣਾਉਣਾ ਸੀ ਜਿਸ ਵਿਚ ਵਿਸ਼ਵਾਸ ਪੈਦਾ ਹੋਣ ਨਾਲ ਬਹੁਤ ਸਾਰੇ ਵਹਿਮਾਂ-ਭਰਮਾਂ, ਪਾਖੰਡਾਂ ਅਤੇ ਫੋਕੀਆਂ ਰੀਤੀਆਂ ਨੇ ਆਪਣੇ ਆਪ ਨਾਸ ਹੋ ਜਾਣਾ ਸੀ। ਉਦਾਸੀਆਂ ਦੌਰਾਨ ਜਦੋਂ ਕਦੇ ਕੁਦਰਤੀ ਕਰੋਪੀ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਸੇ ਦੈਂਤ ਜਾਂ ਖੂੰਖਾਰ ਮਨੁੱਖ ਨਾਲ ਟਾਕਰਾ ਹੁੰਦਾ ਹੈ, ਕਦੇ ਭੁੱਖ ਲਗਦੀ ਹੈ ਜਾਂ ਕਿਸੇ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਗੁਰੂ ਜੀ ਮਰਦਾਨੇ ਰਾਹੀ ਇਹ ਸੰਦੇਸ਼ ਦਿੰਦੇ ਹਨ ਕਿ ਸਭ ਕੁੱਝ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ। ਪਰਮਾਤਮਾ ਤੋਂ ਪਰੇ ਜਾਂ ਸ੍ਰੇਸ਼ਟ ਹੋਰ ਕੋਈ ਨਹੀਂ ਹੈ। ਸਭ ਜੀਵ ਪਰਮਤਾਮਾ ਨੇ ਪੈਦਾ ਕੀਤੇ ਹਨ। ਸਮੂਹ ਜੀਵਾਂ ਦਾ ਰੱਖਿਅਕ ਅਤੇ ਭੱਖਿਅਕ ਪਰਮਾਤਮਾ ਹੀ ਹੈ, ਇਸ ਕਰਕੇ ਕਿਸੇ ਹੋਰ ਕੋਲੋਂ ਡਰਨ ਦੀ ਲੋੜ ਨਹੀਂ ਹੈ। ਮਿਸਾਲ ਵਜੋਂ ਪੂਰਬ ਦੀ ਇਕ ਉਦਾਸੀ ਸਮੇਂ ਗੁਰੂ ਜੀ ਅਤੇ ਭਾਈ ਮਰਦਾਨਾ ਇਕ ਜੰਗਲ ਵਿਚੋਂ ਲੰਘ ਰਹੇ ਸਨ ਤਾਂ ਉਹਨਾਂ ਨੇ ਇਕ ਜਗਮਗਾ ਰਹੀ ਬੂਟੀ ਦੇ ਦਰਸ਼ਨ ਕੀਤੇ। ਗੁਰੂ ਜੀ ਨੇ ਦੱਸਿਆ ਕਿ ਇਹ ਸੰਜੀਵਨੀ ਬੂਟੀ ਹੈ। ਇਹ ਅਜਿਹੀ ਬੂਟੀ ਹੈ ਜਿਹੜੀ ਮੁਰਦਿਆਂ ਨੂੰ ਜਿਉਂਦੇ ਕਰ ਦਿੰਦੀ ਹੈ। ਮਰਦਾਨੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ 'ਜੀ! ਹੁਕਮ ਹੋਵੇ ਤਾਂ ਮੈਂ ਓਹੋ ਬੂਟੀ ਪੁੱਟ ਕੇ ਭਾਰ ਬੰਨ ਲਵਾਂ। ਆਪਣੇ ਦੇਸ਼ ਜਾ ਕੇ ਮੁਏ ਹੋਏ ਲੋਕਾਂ ਨੂੰ ਜਿਵਾਯਾ ਕਰਾਂਗੇ, ਸਭ ਦੇਸ਼ ਮੰਨਣ ਲੱਗ ਜਾਊ। ਬਾਬੇ ਆਖਿਆ, ਭਾਈ ਈਸ਼ਵਰ ਦੀ ਨੇਤਿ ਦੇ ਵਿਰੁੱਧ ਕੰਮ ਕਰਨਾ ਮਹਾਂ ਪਾਪ ਤੇ ਈਸ਼ਵਰ ਦੇ ਵਿਰੋਧੀ ਬਣਨਾ ਹੈ। ਸਾਨੂੰ ਕਰਤਾਰ ਨੇ ਐਸੀ ਸੰਜੀਵਨੀ ਬ੍ਰਹਮ ਵਿਦਿਯਾ ਬਖ਼ਸ਼ੀ ਹੈ ਜਿਸ ਨੂੰ ਧਾਰਨ ਕਰਨ ਵਾਲੇ ਫੇਰ ਕਦੇ ਭੀ ਕਾਲ ਜਾਲ ਵਿਚ ਨਹੀਂ ਆਉਂਦੇ।'        
    ਗੁਰੂ ਜੀ ਜਾਣਦੇ ਸਨ ਕਿ ਮਾਇਆ ਦਾ ਮੋਹ ਸੁਰਤ ਨੂੰ ਪ੍ਰਭੂ ਤੋਂ ਭਟਕਾ ਦਿੰਦਾ ਹੈ ਅਤੇ ਸੁਰਤ ਨੂੰ ਪ੍ਰਭੂ ਨਾਲ ਜੋੜਿਆਂ ਮਾਇਆ ਨਾਲ ਮੋਹ ਨਹੀਂ ਪੈਂਦਾ। ਇਸ ਕਰਕੇ ਉਹ ਦੁਨੀਆਦਾਰਾਂ ਜਿਹੀ ਜੀਵਨਜਾਚ ਤੋਂ ਦੂਰ ਹਮੇਸ਼ਾਂ ਪ੍ਰਭੂ-ਬੰਦਗੀ ਵਿਚ ਲੀਨ ਰਹਿੰਦੇ ਸਨ। ਮਾਇਆ ਤੋਂ ਨਿਰਲੇਪ ਰਹਿ ਕੇ ਪ੍ਰਭੂ-ਮੁਖੀ ਜੀਵਨ ਬਸਰ ਕਰਨ ਦਾ ਉਹ ਸੰਦੇਸ਼ ਦਿੰਦੇ ਸਨ। ਮਨੁੱਖ ਮਾਤਰ ਤੱਕ ਰੱਬੀ ਸੰਦੇਸ਼ ਪਹੁੰਚਾਉਣ ਲਈ ਉਹਨਾਂ ਹਰ ਤਰ੍ਹਾਂ ਦਾ ਸਕਾਰਾਤਮਕ ਹੀਲਾ ਵਰਤਿਆ ਸੀ। ਤਵਾਰੀਖ਼ ਤੋਂ ਪਤਾ ਲੱਗਦਾ ਹੈ ਕਿ ਜਦੋਂ ਉਹ ਉੱਤਮ ਬੁੱਧ ਪੁਰਖਾਂ ਨੂੰ ਮਿਲਦੇ ਹਨ ਤਾਂ ਉਨ੍ਹਾਂ ਨਾਲ ਗੋਸ਼ਟ ਕਰਦੇ, ਜਦੋਂ ਉਹ ਕਿਸੇ ਵਪਾਰੀ ਨੂੰ ਮਿਲਦੇ ਹਨ ਤਾਂ ਮਾਇਆ ਦੇ ਵਪਾਰ ਤੋਂ ਉਸਨੂੰ ਨਾਮ ਦੇ ਵਪਾਰ ਦੀ ਗੱਲ ਸਮਝਾਉਂਦੇ, ਜਦੋਂ ਉਹ ਕਿਸੇ ਮੌਲਵੀ ਜਾਂ ਪ੍ਰੋਹਿਤ ਨੂੰ ਮਿਲਦੇ ਤਾਂ ਉਸ ਦੇ ਮਨ ਵਿਚੋਂ ਕਰਮਕਾਂਡ ਦੀ ਭਾਵਨਾ ਨੂੰ ਦੂਰ ਕਰਕੇ ਪ੍ਰਭੂ-ਬੰਦਗੀ ਵੱਲ ਲਾਉਂਦੇ, ਜਦੋਂ ਉਹਨਾਂ ਨੇ ਜਨ ਸਾਧਾਰਨ ਨੂੰ ਕੋਈ ਗੱਲ ਸਮਝਾਉਣੀ ਹੁੰਦੀ ਤਾਂ ਸੌਖੀ ਗੱਲ ਦਾ ਸਹਾਰਾ ਲੈਂਦੇ। ਗੁਰੂ ਜੀ ਦੁਨਿਆਵੀ ਜੀਵਨ ਦੀ ਭਟਕਣ ਵਿਚ ਪਏ ਹੋਏ ਮਨੁੱਖ ਨੂੰ ਮੁਕਤ ਕਰਨ ਦਾ ਉਪਦੇਸ਼ ਹੀ ਨਹੀਂ ਦਿੰਦੇ ਬਲਕਿ ਉਹ ਇਸ ਭਵਸਾਗਰ ਤੋਂ ਬਾਹਰ ਨਿਕਲਣ ਦਾ ਮਾਰਗ ਵੀ ਦੱਸਦੇ ਹਨ। ਉਹ ਮਨੁੱਖਾ ਜੀਵਨ ਨੂੰ ਅਮੋਲਕ ਮੰਨਦੇ ਜਿਸ ਰਾਹੀਂ ਪ੍ਰਭੂ-ਪ੍ਰਾਪਤੀ ਸੰਭਵ ਮੰਨੀ ਗਈ ਹੈ। ਮਨੁੱਖੀ ਜੀਵਨ ਦੀ ਇਸ ਅਮੋਲਕਤਾ ਨੂੰ ਕੋਈ ਮਨੁੱਖ ਛੇਤੀ ਹੀ ਸਮਝ ਸਕਦਾ ਹੈ ਅਤੇ ਕਿਸੇ ਨੂੰ ਇਸ ਦੀ ਸਮਝ ਬਹੁਤ ਦੇਰ ਬਾਅਦ ਆਉਂਦੀ ਹੈ। ਜਿਵੇਂ ਆਮ ਮਨੁੱਖ ਹੀਰੇ ਦੀ ਪਰਖ ਨਹੀਂ ਕਰ ਸਕਦਾ, ਕੇਵਲ ਜੌਹਰੀ ਹੀ ਇਸ ਦੀ ਅਸਲ ਕੀਮਤ ਦੱਸ ਸਕਦਾ ਹੈ ਉਸੇ ਤਰ੍ਹਾਂ ਜੀਵਨ ਦੀ ਅਮੋਲਕਤਾ ਗੁਰੂ ਦੇ ਗਿਆਨ ਤੋਂ ਬਗੈਰ ਸਮਝ ਨਹੀਂ ਪੈ ਸਕਦੀ।
    ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿਚ ਕਿਰਤ ਕਰਨ 'ਤੇ ਬਹੁਤ ਜ਼ੋਰ ਦਿੰਦੇ ਹਨ। ਉਹ ਧਰਮ ਦੇ ਨਾਂ ਤੇ ਧਾਰਮਿਕ ਦਿਖ ਵਾਲਾ ਬਾਣਾ ਗ੍ਰਹਿਣ ਕਰਨ ਦਾ ਵਿਰੋਧ ਕਰਦੇ ਹਨ। ਗੁਰੂ ਜੀ ਜਾਣਦੇ ਸਨ ਕਿ ਜੇਕਰ ਹਰ ਇਕ ਮਨੁੱਖ ਕਿਰਤ ਦਾ ਮਾਰਗ ਛੱਡ ਕੇ ਚੋਲੇ ਨੂੰ ਪੇਟ ਪੂਰਤੀ ਦਾ ਸਾਧਨ ਬਣਾ ਲਵੇਗਾ ਤਾਂ ਨਾ ਤਾਂ ਸਮਾਜ ਦਾ ਭਲਾ ਹੋਵੇਗਾ ਅਤੇ ਨਾ ਹੀ ਧਰਮ ਸਾਧਨਾ ਵਿਚ ਮਨ ਲੱਗੇਗਾ ਕਿਉਂਕਿ ਮਨ ਹਮੇਸ਼ਾਂ ਪਦਾਰਥਾਂ ਵੱਲ ਹੀ ਰੁਚਿਤ ਰਹਿੰਦਾ ਹੈ। ਕਿਰਤ ਤੋਂ ਦੂਰ ਰਹਿ ਕੇ ਗ੍ਰਹਿਸਤੀਆਂ 'ਤੇ ਨਿਰਭਰ ਹੋਣ ਨਾਲ ਸਮਾਜ ਵਿਚ ਆਰਥਿਕ ਅਰਾਜਕਤਾ ਫੈਲਣ ਦਾ ਖਤਰਾ ਹਮੇਸ਼ਾਂ ਬਣਿਆ ਰਹੇਗਾ। ਲੇਖਕ ਅਜਿਹੇ ਬਹੁਤ ਸਾਰੇ ਪੁਰਖਾਂ ਦਾ ਜ਼ਿਕਰ ਕਰਦਾ ਹੈ ਜਿਹੜੇ ਧਰਮ ਦੇ ਨਾਂ 'ਤੇ ਲੋਕਾਂ ਤੋਂ ਮੰਗ ਕੇ ਗੁਜ਼ਾਰਾ ਕਰਦੇ ਸਨ। ਲੇਖਕ ਸਮੇਤ ਕੋਈ ਵੀ ਸਾਖੀਕਾਰ ਗੁਰੂ ਨਾਨਕ ਦੇਵ ਜੀ ਨੂੰ ਕੋਈ ਵੀ ਦੁਨਿਆਵੀ ਪਦਾਰਥ ਮੰਗਦਾ ਨਹੀਂ ਦਿਖਾਉਂਦਾ। ਜਿਥੇ ਜਾ ਕੇ ਗੁਰੂ ਜੀ ਲੋਕਾਂ ਨਾਲ ਬਚਨ-ਬਿਲਾਸ ਕਰਦੇ, aੋਥੋਂ ਦੇ ਲੋਕ ਪ੍ਰਭਾਵਿਤ ਹੋ ਕੇ ਜਥਾ-ਯੋਗ ਸੇਵਾ ਕਰ ਦਿੰਦੇ ਸਨ। ਮਰਦਾਨੇ ਨੂੰ ਵੀ ਗੁਰੂ ਜੀ ਇਹੀ ਆਦੇਸ਼ ਕਰਦੇ ਸਨ ਕਿ ਪੇਟ ਭਰਨ ਤੋਂ ਬਾਅਦ ਹੋਰ ਵਧੇਰੇ ਅੰਨ ਨਹੀਂ ਲੈਣਾ ਅਤੇ ਤਨ ਦੇ ਕੱਪੜਿਆਂ ਤੋਂ ਇਲਾਵਾ ਹੋਰ ਕੋਈ ਦੁਨਿਆਵੀ ਪਦਾਰਥ ਇਕੱਤਰ ਨਹੀਂ ਕਰਨਾ।
    ਗੁਰੂ ਨਾਨਕ ਦੇਵ ਜੀ ਔਖੀ ਤੋਂ ਔਖੀ ਗੱਲ ਨੂੰ ਸੌਖੇ ਤਰੀਕੇ ਨਾਲ ਸਮਝਾਉਣ ਦੀ ਸਮਰੱਥਾ ਰੱਖਦੇ ਸਨ। ਉਹ ਗੂੜ੍ਹ ਦਾਰਸ਼ਨਿਕਾਂ ਵਾਂਗ ਕਿਸੇ ਗੱਲ ਨੂੰ ਇੰਨੀ ਔਖੀ ਤਰ੍ਹਾਂ ਨਾਲ ਨਹੀਂ ਸਮਝਾਉਂਦੇ ਸਨ ਕਿ ਲੰਮੇ-ਲੰਮੇ ਵਿਖਿਆਨਾਂ ਦੇ ਬਾਵਜੂਦ ਵੀ ਮੂਲ ਸੰਦੇਸ਼ ਲੋਕਾਂ ਤੱਕ ਨਾ ਪਹੁੰਚਿਆ ਜਾ ਸਕੇ। ਮਾਇਆ ਇਕ ਅਜਿਹਾ ਵਿਸ਼ਾ ਹੈ ਜਿਹੜਾ ਦਾਰਸ਼ਨਿਕਾਂ ਲਈ ਅੱਜ ਤੱਕ ਇਕ ਗੁੰਝਲਦਾਰ ਬੁਝਾਰਤ ਬਣਿਆ ਹੋਇਆ ਹੈ। ਗੁਰੂ ਜੀ ਮਰਦਾਨੇ ਨੂੰ ਮਾਇਆ ਦੇ ਪ੍ਰਭਾਵ ਤੋਂ ਮੁਕਤ ਰਹਿਣ ਦੀ ਸਿੱਖਿਆ ਦਿੰਦੇ ਹੋਏ ਕਹਿੰਦੇ ਹਨ, 'ਮਰਦਾਨਿਆ ਜੋ ਕੋਈ ਏਸ ਮਾਯਾ ਉਤੇ ਮੋਹਿਤ ਹੁੰਦਾ ਹੈ ਓਸ ਦਾ ਏਹ ਬੁਰਾ ਹਾਲ ਕਰਦੀ ਹੈ, ਏਸ ਨੂੰ ਫੜਨ ਵਾਲੇ ਆਪ ਫੜੇ ਜਾਂਦੇ ਹਨ ਤੇ ਭੋਗਣ ਵਾਲੇ ਆਪ ਭੋਗੇ ਜਾਂਦੇ ਹਨ, ਏਹ ਸਦਾ ਮੁਟਿਆਰ ਰਹਿੰਦੀ ਹੈ, ਪ੍ਰਾਨੀਆਂ ਦੀ ਉਮਰ ਏਸ ਦਾ ਭੋਜਨ ਹੈ। ਜੋ ਕੋਈ ਏਸ ਨੂੰ ਦੁਖਦਾਈ ਸਮਝ ਕੇ ਏਸ ਤੋਂ ਛੁਟਨ ਵਾਸਤੇ ਹੰਕਾਰ ਛੱਡ ਕੇ ਸੱਚੇ ਸਤਗੁਰੂ ਦਾ ਬਚਨ ਮੰਨਦਾ ਹੈ ਓਸ ਨੂੰ ਸਤਗੁਰੂ ਮਾਯਾ ਤੋਂ ਛੁਡਾ ਕੇ ਪਰਮਪਦ ਨੂੰ ਪ੍ਰਾਪਤ ਕਰ ਦਿੰਦੇ ਹਨ।'
    ਜਿਹੜੇ ਵਿਅਕਤੀ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਵੱਲ ਪ੍ਰੇਰਿਤ ਹੋਏ ਅਤੇ ਉਨ੍ਹਾਂ ਗੁਰੂ ਜੀ ਤੋਂ ਸਿੱਖੀ ਦੀ ਦੀਖਿਆ ਵੀ ਲਈ, ਗੁਰੂ ਜੀ ਨੇ ਉਨ੍ਹਾਂ ਵਿਚੋਂ ਹੀ ਕਿਸੇ ਨਾ ਕਿਸੇ ਨੂੰ ਉਸ ਇਲਾਕੇ ਵਿਚ ਸਿੱਖੀ ਪ੍ਰਚਾਰ ਦੀ ਸੇਵਾ ਸੌਂਪ ਦਿੱਤੀ। ਅਜਿਹੇ ਪ੍ਰਚਾਰਕਾਂ ਵਿਚ ਸ਼ਰਧਾਲੂ, ਸੰਨਿਆਸੀ, ਸਿਧ ਅਤੇ ਕਠੋਰ ਚਿਤ ਵਿਅਕਤੀ ਸ਼ਾਮਲ ਸਨ ਜਿਹਨਾਂ ਨੇ ਗੁਰੂ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਧਾਰਨ ਕੀਤੀ ਸੀ। ਪਟਨੇ ਵਿਖੇ ਸਾਲਿਸ ਰਾਇ ਜੌਹਰੀ ਅਤੇ ਉਸ ਦਾ ਸੇਵਕਾ ਅਧਰਕਾ ਗੁਰੂ ਜੀ ਦੇ ਸਿੱਖ ਹੋਏ ਤਾਂ ਗੁਰੂ ਜੀ ਨੇ ਪਹਿਲਾਂ ਸਾਲਿਸ ਰਾਇ ਜੌਹਰੀ ਅਤੇ ਉਸ ਤੋਂ ਬਾਅਦ ਅਧਰਕਾ ਨੂੰ ਸਿੱਖੀ ਪ੍ਰਚਾਰ ਜਾਰੀ ਰੱਖਣ ਦਾ ਆਦੇਸ਼ ਕੀਤਾ। ਅਧਰਕਾ ਦਾ ਪੂਰਾ ਪਰਿਵਾਰ ਸਿੱਖੀ ਪ੍ਰਚਾਰ ਵਿਚ ਲੱਗਿਆ ਰਿਹਾ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਹ ਪਰਿਵਾਰ ਸਿੰਘ ਸਜ ਗਿਆ ਸੀ। ਬੰਗਾਲ ਵਿਖੇ ਗੁਰੂ ਜੀ ਦਾ ਮੇਲ ਇਕ ਭਗਤ ਝੰਡੇ ਬਾਢੀ ਨਾਲ ਹੋਇਆ, ਗੁਰੂ ਜੀ ਨੇ ਉਸ ਨੂੰ ਸਿੱਖੀ ਪ੍ਰਚਾਰ ਦੀ ਸੇਵਾ ਸੌਂਪ ਦਿੱਤੀ। ਗੁਰੂ ਜੀ ਦੁਆਰਾ ਵੱਖ-ਵੱਖ ਥਾਂਵਾਂ 'ਤੇ ਨਿਯੁਕਤ ਕੀਤੇ ਅਜਿਹੇ ਪ੍ਰਚਾਰਕਾਂ ਨੇ ਗੁਰੂ ਨਾਨਕ ਦੇਵ ਜੀ ਦਾ ਪ੍ਰਭੂ-ਮੁਖੀ ਸੰਦੇਸ਼ ਲੋਕਾਂ ਤੱਕ ਲਿਜਾਣ ਵਿਚ ਭਾਰੀ ਯੋਗਦਾਨ ਪਾਇਆ।
    ਗੁਰੂ ਨਾਨਕ ਦੇਵ ਜੀ ਦੁਆਰਾ ਜਿਥੇ ਵੀ ਪ੍ਰਚਾਰ ਕੇਂਦਰ ਸਥਾਪਤ ਕੀਤਾ ਗਿਆ ਉਥੇ ਇਲਾਕੇ ਦੀ ਸੰਗਤ ਜੁੜਦੀ ਸੀ। ਸੰਗਤ ਵਿਚ ਪ੍ਰਭੂ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਜਾਂਦੀ ਸੀ। ਹਰ ਇਲਾਕੇ ਵਿਚ ਗੁਰੂ ਜੀ ਨੇ ਸਤਿਸੰਗ ਕਰਨ 'ਤੇ ਜ਼ੋਰ ਦਿੱਤਾ ਹੈ। ਸੰਗਤ ਦੀ ਮਹਾਨਤਾ ਨੂੰ ਉਜਾਗਰ ਕਰਦੇ ਹੋਏ ਲੇਖਕ ਦੱਸਦਾ ਹੈ ਕਿ 'ਜੀਕੂੰ ਝਾੜ ਦੇ ਆਸਰੇ ਘਾਸ ਬਚ ਰਹਿੰਦਾ ਹੈ ਏਸੇ ਤਰਾਂ ਸਤਸੰਗ ਦੇ ਆਸਰੇ ਕਾਮ, ਕਰੋਧ ਆਦਿਕ ਬਿਕਾਰਾਂ ਤੇ ਸ਼ੋਕ, ਮੋਹ ਆਦਿਕ ਦੀਆਂ ਪਛਾੜਾਂ ਤੋਂ ਪੁਰਸ਼ ਸਹਿਜੇ ਹੀ ਬਚ ਰਹਿੰਦਾ ਹੈ।' ਏਸੇ ਤਰ੍ਹਾਂ ਦੱਖਣ ਦੀ ਉਦਾਸੀ ਸਮੇਂ ਗੁਰੂ ਜੀ ਕੋਚੀਨ ਦੇ ਇਲਾਕੇ ਵਿਚ ਵਿਚ ਆਏ ਤਾਂ ਉਥੋਂ ਦਾ ਰਾਜਾ ਕੇਸ਼ੋਦੱਤ ਅਤੇ ਉਸ ਦੀਆਂ ਰਾਣੀਆਂ ਗੁਰੂ ਜੀ ਦੇ ਦਰਸ਼ਨਾਂ ਤੋਂ ਬਹੁਤ ਪ੍ਰਭਾਵਿਤ ਹੋਈਆਂ। ਗੁਰੂ ਜੀ ਉਥੋਂ ਤੁਰਨ ਲੱਗੇ ਤਾਂ ਉਨ੍ਹਾਂ ਪੁਛਿਆ ਕਿ ਆਪ ਜੀ ਦੇ ਦਰਸ਼ਨ ਕਿਵੇਂ ਹੋਣਗੇ। ਗੁਰੂ ਜੀ ਨੇ ਕਿਹਾ ਕੜਾਹ ਪ੍ਰਸ਼ਾਦ ਕਰਕੇ ਅਰਦਾਸ ਕਰਨੀ, ਸੰਗਤ ਵਿਚ ਦਰਸ਼ਨ ਹੋਵੇਗਾ।
    ਗਿਆਨੀ ਜੀ ਨੇ ਪੁਰਤਾਨ ਨਗਰਾਂ ਅਤੇ ਪਰਬਤਾਂ ਦੇ ਨਾਵਾਂ ਦੇ ਨਾਲ-ਨਾਲ ਉਨ੍ਹਾਂ ਦੇ ਨਵੇਂ ਨਾਵਾਂ ਦਾ ਜ਼ਿਕਰ ਵੀ ਕੀਤਾ ਹੈ ਤਾਂ ਕਿ ਅਜੋਕੇ ਸਮੇਂ ਦਾ ਖੋਜੀ ਉਨ੍ਹਾਂ ਤੋਂ ਭੁਲੇਖਾ ਨਾ ਖਾ ਜਾਵੇ। ਲੇਖਕ ਮਨੀਪੁਰ ਨਗਰ ਦਾ ਪੁਰਾਤਨ ਨਾਂ ਅਸੀਮਫਲ, ਨਾਨਕ ਮਤੇ ਦਾ ਗੋਰਖ ਮਤਾ ਅਤੇ ਗਿਰਨਾਰ ਪਰਬਤ ਦਾ ਪੁਰਾਣਾ ਨਾਂ ਰਵਾਗਿਰੀ ਦੱਸਦਾ ਹੈ। ਏਸੇ ਤਰ੍ਹਾਂ ਲੇਖਕ ਦੱਸਦਾ ਹੈ ਕਿ ਏਮਨਾਬਾਦ ਦਾ ਪੁਰਾਤਨ ਨਾਂ ਸੈਦਪੁਰ ਸੀ ਅਤੇ ਇਹ ਨਗਰ ਫ਼ੀਰੋਜ਼ਸ਼ਾਹ ਤੁਗ਼ਲਕ ਦੀ ਦਾਈ ਏਮਨਾਂ ਨੇ ਆਬਾਦ ਕਰ ਕੇ ਏਮਨਾਬਾਦ ਨਾਮ ਰੱਖਿਆ ਸੀ।
    ਗੁਰੂ ਨਾਨਕ ਦੇਵ ਜੀ ਦੇ ਸਮੇਂ ਲੋਕ ਆਪਣੀ ਬੀਮਾਰੀ ਦੇ ਇਲਾਜ ਲਈ ਦੇਸੀ ਵੈਦਾਂ 'ਤੇ ਨਿਰਭਰ ਕਰਦੇ ਸਨ। ਜਿਹੜਾ ਰੋਗ ਕਿਸੇ ਵੈਦ ਤੋਂ ਦੂਰ ਨਹੀਂ ਸੀ ਹੋ ਸਕਦਾ ਉਸ ਲਈ ਕਿਸੇ ਫ਼ਕੀਰ ਦਾ ਸਹਾਰਾ ਲਿਆ ਜਾਂਦਾ ਸੀ। ਇਹ ਸਮਝਿਆ ਜਾਂਦਾ ਸੀ ਕਿ ਸੰਤਾਂ ਅਤੇ ਫ਼ਕੀਰਾਂ ਕੋਲ ਦੈਵੀ ਸ਼ਕਤੀ ਹੁੰਦੀ ਹੈ ਜਿਸ ਨਾਲ ਇਹ ਕਿਸੇ ਵੀ ਅਸੰਭਵ ਕਾਰਜ ਨੂੰ ਸੰਭਵ ਕਰ ਸਕਦੇ ਹਨ। ਏਸੇ ਤਰਾਂ ਦੀ ਇਕ ਸਾਖੀ ਵਿਚ ਜਦੋਂ ਗੁਰੂ ਜੀ ਸੈਦਪੁਰ ਗਏ ਤਾਂ ਓਥੋਂ ਦੇ ਨਵਾਬ ਦਾ ਜਵਾਨ ਪੁੱਤਰ ਬਹੁਤ ਬੀਮਾਰ ਸੀ, ਕਿਸੇ ਤਰ੍ਹਾਂ ਦੀ ਵੈਦਗੀ ਵੀ ਉਸ ਨੂੰ ਰਾਜ਼ੀ ਨਹੀਂ ਸੀ ਕਰ ਰਹੀ। ਮਲਿਕ ਭਾਗੋ ਨੇ ਕਿਸੇ ਫ਼ਕੀਰ ਦਾ ਸਹਾਰਾ ਲੈਣ ਦਾ ਸੁਝਾਉ ਦਿੱਤਾ ਤਾਂ ਨਵਾਬ ਨੇ ਇਲਾਕੇ ਦੇ ਸਾਰੇ ਫ਼ਕੀਰਾਂ ਨੂੰ ਜਬਰੀ ਆਪਣੇ ਕੋਲ ਬੁਲਾ ਲਿਆ। ਗੁਰੂ ਨਾਨਕ ਦੇਵ ਜੀ ਅਤੇ ਭਾਈ ਲਾਲੋ ਵੀ ਗਏ। ਗੁਰੂ ਜੀ ਦੀ ਕਿਰਪਾ ਸਦਕਾ ਭਾਈ ਲਾਲੋ ਦੀ ਰੋਟੀ ਖਾ ਕੇ ਨਵਾਬ ਦਾ ਪੁੱਤਰ ਰਾਜ਼ੀ ਹੋਇਆ। ਇਹ ਸਾਖੀ ਗੁਰੂ ਦੀ ਬਖ਼ਸ਼ਿਸ਼, ਊਚ-ਨੀਚ ਦੇ ਭੇਦਭਾਵ ਤੋਂ ਦੂਰ ਰਹਿਣ ਅਤੇ ਪ੍ਰਭੂ-ਮੁਖੀ ਕਿਰਤ ਕਮਾਈ ਕਰਨ ਦੀ ਸਿੱਖਿਆ ਦਿੰਦੀ ਹੈ।
    ਉਦਾਸੀਆਂ ਦੌਰਾਨ ਗੁਰੂ ਜੀ ਵੱਖ-ਵੱਖ ਇਲਾਕਿਆਂ ਵਿਚ ਭਗਤਾਂ ਅਤੇ ਫ਼ਕੀਰਾਂ ਨੂੰ ਮਿਲੇ ਸਨ। ਕੁਝ ਭਗਤਾਂ ਨਾਲ ਤਾਂ ਗੁਰੂ ਜੀ ਦੀ ਮੁਲਾਕਾਤ ਹੋਣ ਸਮੇਂ ਉਹਨਾਂ ਉਸ ਦੀ ਬਾਣੀ ਆਪ ਸੰਭਾਲ ਲਈ ਸੀ ਪਰ ਜਿਹੜੇ ਇਲਾਕੇ ਦੇ ਪ੍ਰਮੁਖ ਸੰਤ ਚਲਾਣਾ ਕਰ ਗਏ ਸਨ ਅਤੇ ਉਹਨਾਂ ਦੀ ਬਾਣੀ ਦਾ ਇਲਾਕੇ ਦੇ ਲੋਕਾਂ 'ਤੇ ਪ੍ਰਭਾਵ ਸੀ, ਉਸ ਦੀ ਬਾਣੀ ਨੂੰ ਗੁਰੂ ਜੀ ਨੇ ਉਹਨਾਂ ਦੇ ਉਤਰਾਧਿਕਾਰੀਆਂ ਪਾਸੋਂ ਪ੍ਰਾਪਤ ਕਰ ਕੇ ਸੰਭਾਲ ਲਈ ਸੀ। ਏਸੇ ਕਰ ਕੇ ਭਗਤਾਂ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਆ ਗਈ ਉਹ ਸ਼ੰਕਾ ਮੁਕਤ ਹੋ ਗਈ। ਜਿਸ ਵੀ ਇਲਾਕੇ ਵਿਚੋਂ ਗੁਰੂ ਜੀ ਗੁਜਰਦੇ ਸਨ ਲੇਖਕ ਨੇ ਉਸ ਇਲਾਕੇ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਉਸ ਇਲਾਕੇ ਦੇ ਪ੍ਰਮੁਖ ਆਗੂਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ।
    ਗੁਰੂ ਜੀ ਦੀਆਂ ਉਦਾਸੀਆਂ ਸਮਾਜ, ਇਲਾਕੇ ਅਤੇ ਮੁਲਕ ਦੇ ਭੂਗੋਲਿਕ ਖਿੱਤੇ ਸੰਬੰਧੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਵੱਖ-ਵੱਖ ਇਲਾਕਿਆਂ ਦੀਆਂ ਬੋਲੀਆਂ, ਭਾਸ਼ਾਵਾਂ, ਵਿਸ਼ਵਾਸਾਂ, ਰਸਮਾਂ, ਰੀਤੀ-ਰਿਵਾਜਾਂ ਅਤੇ ਰਹਿਣ-ਸਹਿਣ ਦੇ ਢੰਗ-ਤਰੀਕਿਆਂ ਦੀ ਜਾਣਕਾਰੀ ਤਵਾਰੀਖ਼ ਵਿਚੋਂ ਪ੍ਰਾਪਤ ਹੁੰਦੀ ਹੈ। ਮੌਜੂਦਾ ਸਮੇਂ ਵਿਚ ਸ਼ੁੱਧ ਹਵਾ, ਸ਼ੁੱਧ ਪਾਣੀ ਅਤੇ ਸ਼ੁੱਧ ਅਨਾਜ ਦੀ ਪ੍ਰਾਪਤੀ ਦਿਨੋ-ਦਿਨ ਔਖੀ ਹੁੰਦੀ ਜਾ ਰਹੀ ਹੈ। ਗੁਰੂ ਜੀ ਆਪਣੀਆਂ ਉਦਾਸੀਆਂ ਦੌਰਾਨ ਲੋਕਾਂ ਨੂੰ ਕੁਦਰਤੀ ਸੋਮਿਆਂ ਦੀ ਸੰਭਾਲ ਪ੍ਰਤੀ ਚੇਤੰਨ ਕਰਦੇ ਹਨ। ਖਾਰੇ ਪਾਣੀ ਨੂੰ ਮਿੱਠਾ ਕਰਨ ਵਾਲੀਆਂ ਸਾਖੀਆਂ ਇਹ ਸੰਦੇਸ਼ ਦਿੰਦੀਆਂ ਹਨ ਕਿ ਪਾਣੀ ਜੀਵਨ ਦੀ ਅਨਮੋਲ ਵਸਤੂ ਹੈ ਅਤੇ ਜਿਥੋਂ ਤੱਕ ਹੋ ਸਕੇ ਇਸ ਦੀ ਕੇਵਲ ਸੁਯੋਗ ਅਤੇ ਸੀਮਿਤ ਵਰਤੋਂ ਕਰਨੀ ਚਾਹੀਦੀ ਹੈ।    
    ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਆ ਕੇ ਖੇਤੀ ਕਰਨ ਲੱਗੇ। ਇਹ ਉਹ ਨਗਰ ਸੀ ਜਿਹੜਾ ਗੁਰੂ ਜੀ ਨੇ ਆਪਣੀ ਦੂਜੀ ਉਦਾਸੀ ਤੋਂ ਵਾਪਸ ਆ ਕੇ ਵਸਾਉਣਾ ਅਰੰਭ ਕੀਤਾ ਸੀ। ਇਸੇ ਸਥਾਨ 'ਤੇ ਨਿਵਾਸ ਦੌਰਾਨ ਗੁਰੂ ਜੀ ਨੇ ਅੱਚਲ ਬਟਾਲੇ ਅਤੇ ਮੁਲਤਾਨ ਦੀ ਯਾਤਰਾ ਕੀਤੀ ਅਤੇ ਜਦੋਂ ਕੱਥੂ ਨੰਗਲ ਗਏ ਤਾਂ ਬਾਬਾ ਬੁੱਢਾ ਜੀ ਨਾਲ ਮੇਲ ਹੋਇਆ ਅਤੇ ਏਸੇ ਸਥਾਨ 'ਤੇ ਹੀ ਭਾਈ ਲਹਿਣਾ ਗੁਰੂ ਨਾਨਕ ਦੇਵ ਜੀ ਦੀ ਜੋਤ ਨਾਲ 'ਗੁਰੂ ਅੰਗਦ ਦੇਵ ਜੀ' ਦੇ ਰੂਪ ਵਿਚ ਪ੍ਰਗਟ ਹੋਏ ਸਨ।