ਸਤਿਗੁਰ ਨਾਨਕ ਦਾ ਅਵਤਾਰ-ਦਿਹਾੜਾ
(ਕਵਿਤਾ)
ਚੁੰਮ ਲਓ ਅੱਜ ਚੜ੍ਹਦੇ ਸੂਰਜ ਦੀ ਲਾਲੀ
ਸ਼ੁਕਰੀਆ ਅਦਾ ਕਰ ਲਓ ਅੱਜ ਦੀ ਰਾਤ ਦਾ
ਚਮਕਿਆ ਹੈ ਚੰਦ ਜੋ, ੳਹਦੇ ਤੋਂ ਸਦਕੇ ਹੋ ਲਵੋ
ਸ਼ਹਿਦ ਨਾਲ ਭਰੋ ਮੂੰਹ ਤਾਰਿਆਂ ਦੀ ਬਰਾਤ ਦਾ
ਜਾਗੋ ਵੇ ! ਸਜਦੇ ਕਰੋ ਅਸਮਾਨ ਨੂੰ
ਉੱਠੋ ! ਇਸ ਧਰਤੀ ਨੂੰ ਸਲਾਮ ਕਰੋ
ਅੱਜ ਦੇ ਦਿਨ ਨੇ ਦਿੱਤੈ ਰਹਿਬਰ ਕੋਈ
ਆਇਆ ਹੈ ਰੱਬ ਚੱਲ ਕੇ, ਪ੍ਰਣਾਮ ਕਰੋ
ਜੱਗ 'ਤੇ ਜ਼ੁਲਮਾਂ ਦੀ ਰਾਤ ਸੀ ਕਦੀ
ਅੰਧਕਾਰ ਸੀ ਦੁਨੀਆਂ ਦਾ ਮਾਲਿਕ ਇਕ ਦਿਨ
ਵਾੜ ਉਦੋਂ ਖੇਤ ਨੂੰ ਸੀ ਖਾ ਰਹੀ
ਲੁਟੇਰੇ ਸੀ ਜ਼ਿੰਦਗੀ ਦੇ ਚਾਲਕ ਇਕ ਦਿਨ
ਵਲੀ ਕੰਧਾਰੀ ਕਾਬਿਜ਼ ਸਨ ਸੁੱਖਾਂ ਉਤੇ
ਰਾਖਸ਼ਾਂ ਨੇ ਅੱਤ ਸੀ ਚੁੱਕੀ ਹੋਈ
ਕੁਰਲਾ ਰਹੀ ਸੀ ਉਸ ਵਕਤ ਮਨੁੱਖਤਾ
ਪਰਜਾ ਰਾਜਿਆਂ ਤੋਂ ਸੀ ਦੁਖੀ ਹੋਈ
ਪੁਕਾਰ ਸੁਣ ਇਨਸਾਨ ਦੀ ਫਿਰ ਰੱਬ ਨੇ
ਇਕ ਦੂਤ ਆਪਣਾ ਸੀ ਘੱਲਿਆ
ਆਪਣੇ ਪੰਜੇ ਨੂੰ ਕਰ ਕੇ ਸਾਹਮਣੇ
ਜ਼ੁਲਮ ਦਾ ਪਹਾੜ ਸੀ ਜਿਸ ਠੱਲ੍ਹਿਆ
ਅੱਜ ਹੀ ਉਹ ਸ਼ਗਨ ਭਰਿਆ ਦਿਵਸ ਹੈ
ਸੁੱਕਾ ਸੁਫ਼ਨਾ ਹੋਇਆ ਹਰਿਆ ਏਸ ਦਿਨ
ਸਤਿਗੁਰ ਨਾਨਕ ਪ੍ਰਗਟ ਹੋਇਆ ਧਰਤ 'ਤੇ
ਅੰਬਰ ਤੋਂ ਇਹ ਨੂਰ ਵਰ੍ਹਿਆ ਏਸ ਦਿਨ।
ਸੂਰਜਾਂ ਦਾ ਜਨਮ-ਦਿਵਸ ਡਾ: ਗੁਰਮਿੰਦਰ ਸਿੱਧੂ
ਕੂੜ ਅਮਾਵਸ ਦੀ ਰਾਤ ਤੇ ਸੱਚ ਦਾ ਚੰਦਰਮਾ
ਧਰਤੀ ’ਤੇ ਉੱਤਰ ਕੇ ਚੱਕੀ ਪੀਹਣ ਲੱਗਿਆ
ਅੱਗ ਵਰ੍ਹਾਉਂਦਾ ਜੇਠ ਤੇ ਲੋਹੀ ਲਾਖੀ ਤਵੀ
ਉਹਦੀ ਸੀਤਲਤਾ ਨੂੰ ਪਰਖਣ ਲੱਗੀ
ਜਰਵਾਣਿਆਂ ਦੀ ਸਲਤਨਤ
ਤੇ ਕਹਿਰਵਾਨ ਚਾਂਦਨੀ ਚੌਂਕ ਨੇ
ਉਹਦਾ ਸੀਸ ਮੰਗ ਲਿਆ
ਕਪਟਾਂ ਦੀ ਧੁੱਦਲ ਤੇ ਕਾਲਾ ਦਿਓ
ਉਹਦੀਆਂ ਚਾਰੇ ਰਿਸ਼ਮਾਂ ਨਿਗਲ ਗਿਆ
ਤੇ ਫਿਰ ਇਕ ਕ੍ਰਿਸ਼ਮਾ ਹੋਇਆ
ਕਿਰਪਾਨ ਦੀ ਵੱਖੀ ਵਿਚੋਂ ਪੰਜ ਸੂਰਜ ਉੱਗ ਪਏ
ਫਿਰ ਹੋਰ ਸੂਰਜ, ਫਿਰ ਹੋਰ ਸੂਰਜ
ਫਿਰ ਹੋਰ ਕਿੰਨੇ ਹੀ ਸੂਰਜ,
ਸੂਰਜ ਹੀ ਸੂਰਜ
ਉਹ ਜਗਮਗਾਉਂਦਾ ਦਿਵਸ
ਜਦੋਂ ਮਰਨਾਊ ਜ਼ਿੰਦਗੀ ਨੇ ਇਸ ਕ੍ਰਿਸ਼ਮੇ ਦਾ ਮੂੰਹ ਦੇਖਿਆ
ਪਰਲੋ ਆਉਣ ’ਤੇ ਵੀ, ਸਭ ਕੁਝ ਮਿਟ ਜਾਣ 'ਤੇ ਵੀ
ਨੀਲ-ਅੰਬਰੀ ਸਫ਼ੇ ਉੱਤੇ ਲਿਖਿਆ ਹੀ ਰਹੇਗਾ
ਪੌਣ-ਖੰਭਾਂ ਉੱਤੇ ਚਿੱਤਰਿਆ ਹੀ ਰਹੇਗਾ।