ਗਰਮੀਆਂ ਦੇ ਦਿਨ ਸਨ।ਰਾਤ ਦੇ ਨੌਂ ਵੱਜਣ ਵਾਲੇ ਸਨ।ਰਜਿੰਦਰ ਤੇ ਉਸ ਦੀ ਪਤਨੀ ਰਾਤ ਦੀ ਰੋਟੀ ਖਾਣ ਪਿੱਛੋਂ ਸੌਣ ਦੀ ਤਿਆਰੀ ਕਰ ਰਹੇ ਸਨ।ਅਚਾਨਕ ਉਨ੍ਹਾਂ ਦੇ ਘਰ ਦੀ ਬਿਜਲੀ ਦੀ ਸਪਲਾਈ ਬੰਦ ਹੋ ਗਈ।ਰਜਿੰਦਰ ਨੇ ਬਾਹਰ ਨਿਕਲ ਕੇ ਵੇਖਿਆ, ਉਸ ਦੇ ਘਰ ਦੇ ਲਾਗੇ ਦੇ ਦਸ, ਬਾਰਾਂ ਘਰਾਂ ਵਿੱਚ ਵੀ ਬਿਜਲੀ ਨਹੀਂ ਸੀ।ਹੌਲੀ, ਹੌਲੀ ਪਤਾ ਲੱਗਾ ਕਿ ਦਸ,ਬਾਰਾਂ ਘਰਾਂ ਦੀ ਬਿਜਲੀ ਦੀ ਸਪਲਾਈ ਤਾਰਾਂ ਦੇ ਸੜ ਜਾਣ ਕਾਰਨ ਬੰਦ ਹੋਈ ਸੀ।
ਰਜਿੰਦਰ ਦੀ ਪਤਨੀ ਗਰਮੀ ਬਹੁਤ ਮੰਨਦੀ ਸੀ।ਉਸ ਨੇ ਵੇਖਿਆ, ਉਹ ਪਸੀਨੋ ਪਸੀਨੀ ਹੋਈ ਪਈ ਸੀ।ਉਸ ਦਾ ਵੱਡਾ ਭਰਾ ਉਸ ਕੋਲੋਂ ੫੦੦ ਮੀਟਰ ਦੀ ਦੂਰੀ ਤੇ ਰਹਿੰਦਾ ਸੀ।ਉਸ ਦੀ ਪਤਨੀ ਨੇ ਉਸ ਦੇ ਭਤੀਜੇ ਨੂੰ ਫੋਨ ਕਰਕੇ ਆਖਿਆ, "ਜੀਤੇ, ਤੁਹਾਡੇ ਘਰ ਬਿਜਲੀ ਹੈਗੀ ਆ?ਸਾਡੇ ਦਸ, ਬਾਰਾਂ ਘਰਾਂ ਦੀ ਬਿਜਲੀ ਦੀ ਸਪਲਾਈ ਤਾਰਾਂ ਦੇ ਸੜ ਜਾਣ ਕਾਰਨ ਬੰਦ ਹੋ ਗਈ ਆ।"
"ਹਾਂ, ਹੈਗੀ ਆ, ਚਾਚੀ ਜੀ।"ਜੀਤੇ ਨੇ ਜਵਾਬ ਦਿੱਤਾ।
"ਮੈਂ ਤੁਹਾਡੇ ਘਰੇ ਸੌਣ ਆਉਣ ਲੱਗੀ ਆਂ।"ਰਜਿੰਦਰ ਦੀ ਪਤਨੀ ਨੇ ਜੀਤੇ ਨੂੰ ਆਖਿਆ।
ਫੇਰ aਹ ਰਜਿੰਦਰ ਨੂੰ ਮੁਖ਼ਾਤਿਬ ਹੋ ਕੇ ਬੋਲੀ, "ਮੈਂ ਜੀਤੇ ਹੋਰਾਂ ਦੇ ਘਰ ਸੌਣ ਚੱਲੀ ਆਂ। ਮੇਰੇ ਕੋਲੋਂ ਸਾਰੀ ਰਾਤ ਬਿਜਲੀ ਬਗੈਰ ਕੱਟਣੀ ਬੜੀ ਔਖੀ ਆ।ਜੇ ਤੁਸੀਂ ਮੇਰੇ ਨਾਲ ਆਉਣਾ, ਤਾਂ ਆ ਜਾਓ।"
"ਜੇ ਤੂੰ ਜਾਣਾ ਆਂ, ਤਾਂ ਜਾਹ, ਮੈਂ ਆਪਣਾ ਘਰ ਨ੍ਹੀ ਛੱਡ ਸਕਦਾ।"
ਰਜਿੰਦਰ ਦੇ ਏਨੀ ਕਹਿਣ ਦੀ ਦੇਰ ਸੀ ਕਿ ਉਹ ਉਸ ਦੇ ਵੱਡੇ ਭਰਾ ਦੇ ਘਰ ਸੌਣ ਲਈ ਚਲੀ ਗਈ।
-ਘਰ ਵਿੱਚ ਬਿਜਲੀ ਦੀ ਸਪਲਾਈ ਬੰਦ ਹੋਣਾ ਕੋਈ ਵੱਡੀ ਗੱਲ ਨਹੀਂ ਸੀ। ਹਾਲੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੀਆਂ ਕੁ ਮੁਸੀਬਤਾਂ ਆਉਣੀਆਂ ਸਨ? ਕਿਤੇ ਉਹ ਮੁਸੀਬਤਾਂ ਵਿੱਚ ਵੀ ਉਸ ਨੂੰ ਕੱਲਾ ਨਾ ਛੱਡ ਜਾਵੇ, ਰਜਿੰਦਰ ਇਹ ਸੋਚ ਕੇ ਚਿੰਤਾ 'ਚ ਡੁੱਬ ਗਿਆ।