ਤੁਰਨਾ ਅਸਾਂ ਹੁਣ ਨਾਲ ਨਾਲ
(ਕਵਿਤਾ)
ਚੱਲ ਹੁਣ ਛੱਡ ਵੀ ਦੇ ਉਹ ਸਦੀਆਂ ਪੁਰਾਣਾ ਰੌਲਾ
ਲਾਹ ਦੇ ਸੋਚਾਂ ਵਾਲਾ ਉਹ ਫੱਟਿਆ ਹੋਇਆ ਝੋਲਾ
ਚੱਲ ਹੁਣ ਚੱਲਦੇ ਹਾਂ ਕਦਮ ਨਾਲ ਕਦਮ ਮਿਲਾ ਕੇ
ਚੱਲ ਹੁਣ ਕਰਦੇ ਹਾਂ ਕੁਝ, ਮੋਢੇ ਨਾਲ ਮੋਢਾ ਲਾਕੇ
ਮੈਂ ਜੰਗਾਂ ਲੜ੍ਹ ਸਕਦੀ ਹਾਂ, ਤੂੰ ਆਪੇ ਵੇਖ ਲਿਐ
ਵਿਚ ਪੁਲਾੜ ਉਡ ਸਕਦੀ ਹਾਂ, ਤੂੰ ਵੇਖ ਹੀ ਲਿਐ
ਤਵਾਰੀਖ਼ ਬਦਲ ਸਕਦੀ ਹਾਂ, ਤੂੰ ਵੇਖ ਹੀ ਲਿਐ
ਤੇਰੀ ਤਕਦੀਰ ਬਦਲ ਸਕਦੀ ਹਾਂ, ਤੂੰ ਵੇਖ ਲਿਐ
ਮੈਂ ਮੀਰਾ, ਮੁਖਤਾਰਾਂ ਮਾਈ, ਅਤੇ ਰਜੀਆ ਹਾਂ
ਮੈਂ ਮਾਇਆ ਐਂਜਲੋ, ਐਲਿਸ ਅਤੇ ਅਮ੍ਰਿਤਾ ਹਾਂ
ਮੈਂ ਓਪਰਾ, ਸੁਸ਼ਮਿਤਾ, ਮੈਰੀ ਕੌਮ ਤੇ ਨੇਹਵਾਲ
ਮੈਂ ਮਾਈ ਟਰੇਸਾ, ਭਾਗੋ ਤੇ ਜੋਨ ਆਫ਼ ਆਰਕ
ਤੂੰ ਔਰਤ ਨੂੰ ਘੁੰਗਰੂ ਪੁਆ ਨਚਾਉਣਾ ਛੱਡ ਦੇ
ਹੁਣ ਉਸਦੀ ਦੇਹ ਨੂੰ ਨੰਗਾ ਦਿਖਾਉਣਾ ਛੱਡ ਦੇ
ਛੇੜ-ਛਾੜ ਵਾਲਾ ਕੰਮ ਹੈ ਘਿਨਾਉਣਾ, ਛੱਡ ਦੇ
ਪੱਤਾਂ ਰੋਲ਼ ਕੰਜਕਾਂ ਨੂੰ ਇਉਂ ਰੁਆਉਣਾ ਛੱਡ ਦੇ
ਤੂੰ ਵੀ ਚੱਲ ਮੈਂ ਵੀ ਚੱਲਾਂ ਹੁਣ ਚੱਲੀਏ ਸਾਥ ਸਾਥ
ਦੋਵੇਂ ਹਾਂ ਇਨਸਾਨ, ਤੁਰਨਾ ਹੈ ਹੁਣ ਸਾਥ ਸਾਥ
ਨਾ ਤੂੰ ਪੈਰਾਂ ਦੀ ਬੇੜੀ, ਨਾ ਮੈਂ ਤੇਰੇ ਰਾਹ ਦਾ ਰੋੜਾ
ਸਮਝੀਏ ਇਕ ਦੂਜੇ ਨੂੰ ਹੌਲੀ ਹੌਲੀ ਥੋੜਾ ਥੋੜਾ।