ਕੱਚੀਆਂ ਗਲੀਆਂ ਵਿੱਚ ਅੱਜ ਚੂਨਾ ਪਾ ਕੇ ਰਾਹ ਦਰਸਾਇਆ ਗਿਆ ਸੀ। ਕੱਚੀ ਕੰਧ ਦੇ ਅੱਧ ਕੱਚੇ-ਪੱਕੇ ਘਰ ਵਿੱਚ ਕਾਗਜ਼ ਦੀਆਂ ਝੰਡੀਆਂ ਲਾ ਕੇ ਸ਼ਾਮੀਆਨਾ ਲਾ ਕੇ ਅਸਮਾਨ ਸਜਾਇਆ ਸੀ। ਪੂਰੇ ਪਿੰਡ ਦੀ ਰੋਟੀ ਅੱਜ ਨਾਜਰ ਸਿੰਘ ਦੇ ਘਰ ਜੋ ਸੀ।ਘਰ ਵਿਆਹ ਵਾਲਾ ਮਾਹੌਲ ਸੀ।
ਵਿਆਹ ?
ਹਾਂ ਹਾਂ ਵਿਆਹ
ਤਾਈ ਨਾਜਰ ਕੇ ਕੀਹਦਾ ਵਿਆਹ ਆ।ਪਰਸੋਂ ਜੱਦ ਮੈਂ ਮਾਸੀ ਕੋਲ ਗਈ ਸੀ ਉਦੋਂ ਤੱਕ ਤਾਂ ਪਤਾ ਨਹੀਂ ਸੀ ਵਿਆਹ ਦਾ। ਕੱਲ ਵਿਚ ਕੀਹਦਾ ਵਿਆਹ ਕੱਢ ਤਾ ਗੁਰੋ ਕਿਆਂ ਨੇ।
ਹੌਲੀ ਬੋਲ ਸੀਬੋ। ਨਾਜਰ ਦਾ ਏ ਵਿਆਹ ਆ।
ਤੂੰ ਚੱਲ ਘਰ ।ਤੇਰੀ ਬੇਬੇ ਦਸੂ ਸਾਰੀ ਗੱਲ।
ਹੈਂ ! ਨਾਜਰ ਦਾ
ਆਹੋ ਚੱਲ ਮੇਰੀ ਧੀ
ਹਾਏ ਤਾਈ ਕੀਹਦੇ ਨਾਲ
ਦਸਦੇ ਆ
ਸੀਬੋ ਘਰ ਵੜੀ ਤਾਂ ਵੇਖਿਆ ਬੇਬੇ ਜ਼ੁਬੇਦਾਂ ਨੂੰ ਤਿਆਰ ਕਰੀ ਜਾਂਦੀ।
ਬੇਬੇ ਨਾਜਰ ਦਾ ਵਿਆਹ?
ਆਹੋ ਕੁੜੇ ਤਿਆਰ ਹੋ ਜਾ ।ਅੱਜ ਰੋਟੀ ਆ। ਮੁਕਲਾਵਾ ਆ ਤੇਰੇ ਨਾਜਰ ਤਾਏ ਦਾ।
ਮੁਕਲਾਵਾ ? ਵਿਆਹ ਕਦੋਂ ਹੋਇਆ
ਕੱਲ। ਹੁਣ ਬਾਕੀ ਗੱਲਾਂ ਫਿਰ ਦੱਸਾਂਗੇ।ਤੂੰ ਲੀੜੇ ਬਦਲ ਲਾ।
ਤਿਆਰ ਹੋ ਕੇ ਸੀਬੋ ਨੂੰ ਧਿਆਨ ਆਇਆ ਤਾਏ ਨਾਜਰ ਦੇ ਵਿਆਹ ਲਈ ਜ਼ੁਬੇਦਾਂ ਕੁੱਝ ਜਿਆਦਾ ਏ ਤਿਆਰ ਸੀ। ਗੰਮ-ਸੁੰਮ ਜ਼ੁਬੇਦਾਂ ਨੂੰ ਵੇਖ ਸੀਬੋ ਨੇ ਪੁੱਛ ਲਿਆ
ਜ਼ੁਬੇਦਾਂ ਭੈਣੇ ਤੈਨੂੰ ਕੀ ਹੋਇਆ।ਤੂੰ ਕਿਉਂ ਇੰਨੀ ਚੁੱਪ ਆ।
ਜਵਾਬ ਨਾ ਮਿਲਦਾ ਵੇਖ ਫਿਰ ਸੀਬੋ ਬੋਲੀ
ਉਂਞ ਸੋਹਣੀ ਲੱਗ ਰਹੀ ਏ।ਮੈਂ ਕਦੇ ਸੋਚਿਆ ਨਹੀਂ ਸੀ ਮੇਰੀ ਭੈਣ ਇੰਨੀ ਸੋਹਣੀ ਵੀ ਲੱਗ ਸਕਦੀ।
ਜ਼ੁਬੇਦਾਂ ਨੇ ਨੀਵੀਂ ਪਾ ਲਈ
ਚਲੋ ਕੁੜੀਓ ਵੇਹੜੇ ਚ ਆ ਜੋ ।ਆਪਾਂ ਥੋੜੀ ਦੇਰ ਚ ਚਲਣਾ ਤੇਰੇ ਤਾਏ ਘਰ। ਆਉਂਦੇ ਹੋਣੇ ਆ ਸਰਪੰਚ ਤੇ ਪੰਚ ਨਾਜਰ ਬਾਈ ਨਾਲ।
ਬੇਬੇ ਤਾਏ ਨਾਲ ਸਰਪੰਚ ਪੰਚ ਸਾਡੇ ਘਰ ਕਿਉਂ ਆਉਣਗੇ।
ਮੁਕਲਾਵਾ ਲੈਣ ਕਮਲੀਏ।
ਕੀਹਦਾ
ਜ਼ੁਬੇਦਾਂ ਦਾ
ਹੈਂ !ਜ਼ੁਬੇਦਾਂ ਦਾ ਵਿਆਹ ਤਾਏ ਨਾਲ
ਆਹੋ
ਕਿਉਂ
ਕਿਉਂ ਕੀ? ਗੁਰੋ ਦੇ ਜਵਾਕ ਕੋਈ ਹੋਇਆ ਨਹੀਂ।ਨਾਜਰ ਨੂੰ ਵਾਰਿਸ ਚਾਹੀਦਾ। ਜ਼ੁਬੇਦਾਂ ਖੁੱਲੀ ਵੱਛੀ।ਇਹਨੂੰ ਕਿੱਲੇ ਦੀ ਲੋੜ। ਵੰਡ ਵੇਲੇ ਇਹਦਾ ਕੋਈ ਬਚਿਆ ਨਹੀਂ।ਪਤਾ ਨਹੀਂ ਕਿਹੜੇ ਪਿੰਡੋਂ ਇਹ ਆਪਣੀ ਜਾਨ ਬਚਾਉਂਦੀ ਜਖਮੀ ਹਾਲਤ ਚ ਆਪਣੇ ਪਿੰਡ ਪਹੁੰਚੀ ਸੀ।ਗੂੰਗੀ ਸੀ ਪਰ ਬਾਂਹ ਉੱਤੇ ਨਾਂ ਉਕਰਿਆ ਜ਼ੁਬੇਦਾਂ ਵੇਖ ਸਾਰੇ ਪਿੰਡ ਨੇ ਇਹਦੇ ਸਿਰ ਉੱਤੇ ਹੱਥ ਧਰ ਦਿੱਤਾ ਸੀ।ਉਦੋਂ ਦੀ ਇਹ ਮੇਰੇ ਕੋਲ ਸੀ।ਮੈਂ ਵੀ ਹੁਣ ਸਾਰੀ ਉਮਰ ਨਹੀਂ ਬੈਠੀ ਰਹਿਣਾ।ਇਹਦਾ ਵਿਚਾਰੀ ਦਾ ਵੀ ਕੁੱਝ ਅੱਗਾ ਸੋਚਣਾ ਸੀ।ਸਾਰੇ ਪਿੰਡ ਨੇ ਸੋਚ ਸਮਝ ਕੇ ਫੈਸਲਾ ਲਿਆ ਕਿ ਜ਼ੁਬੇਦਾਂ ਨੂੰ ਨਾਜਰ ਦੇ ਬਿਠਾ ਦਿਓ। ਗੁਰੋ ਨੇ ਵੀ ਸਹਿਮਤੀ ਦੇ ਦਿੱਤੀ। ਬਸ ਹੁਣ ਮੇਰੀ ਚਿੰਤਾ ਵੀ ਮੁੱਕ ਗਈ।
ਸੀਬੋ ਥਾਂ ਹੀ ਗੱਡੀ ਗਈ। ਜਿਉਂਦੀ ਜਾਗਦੀ ਜ਼ੁਬੇਦਾਂ ਨੂੰ ਜਾਨਵਰਾਂ ਵਾਂਗ ਇਕ ਕਿੱਲੇ ਨਾਲ ਬੰਨ੍ਹ ਦਿੱਤਾ ਗਿਆ ਸੀ। ਅੱਧਖੱਡ ਉਮਰ ਦਾ ਨਾਜਰ ਚਿੱਟੇ ਕੁੜਤੇ ਤੇ ਚਾਦਰੇ ਵਿਚ ਸਰਪੰਚ ਤੇ ਪੰਚਾਂ ਨਾਲ ਬੂਹੇ ਆ ਢੁੱਕਿਆ ਸੀ।
ਸੀਬੋ ਸੁੰਨ ਹੋਈ ਬੇਬੇ ਨੂੰ ਤੇਲ ਚੋਂਦੇ ਤੇ ਨਾਜਰ ਤਾਏ ਨੂੰ ਦਰਾਂ ਚੋਂ ਅੰਦਰ ਲਗਾਉਂਦੇ ਦੇਖ ਰਹੀ ਸੀ। ਚਾਹ ਪਾਣੀ ਪਿਆ ਕੇ ਲੱਡੂਆਂ ਦਾ ਥਾਲ ਲਈ ਪ੍ਰਸਿੰਨੋ ਤਾਈ ਜ਼ੁਬੇਦਾਂ ਕੋਲ ਆਈ। ਜ਼ੁਬੇਦਾਂ ਨੂੰ ਦੋਹਰਾ ਲੀੜਾ ਦੇ ਕੇ ਨਿੱਕਾ ਜਿਹਾ ਘੁੰਡ ਕੱਢ ਕੇ ਖੜੀ ਕਰਕੇ ਪ੍ਰਸਿੰਨੋ ਤਾਈ ਨੇ ਲੱਡੂਆਂ ਦਾ ਥਾਲ ਜ਼ੁਬੇਦਾਂ ਦੀ ਝੋਲੀ ਪਾਉਂਦਿਆ ਅਸੀਸ ਦਿੱਤੀ।
ਲੈ ਕੁੜੇ ਜ਼ੁਬੇਦਾਂ 7 ਪੁੱਤਾਂ ਦੀ ਮਾਂ ਬਣੀ ਤੇ ਖੁੱਲੇ ਰਿਜਕ ਨੂੰ ਸਾਂਭ ਸਾਂਭ ਰੱਖੀਂ। ਦੁਧੀ ਨਹਾਵੀ ਤੇ ਪੁਤੀਂ ਫ਼ਲੀ।
ਸਭ ਨੇ ਵਾਹਿਗੁਰੂ ਭਲੀ ਕਰੇ।ਵਾਹਿਗੁਰੂ ਭਲੀ ਕਰੇ ; ਇਕ ਸੁਰ ਵਿਚ ਕਹਿ ਨਾਜਰ ਦਾ ਪੱਲਾ ਜ਼ੁਬੇਦਾਂ ਨੂੰ ਫੜਾ ਦਿੱਤਾ। ਮੂਹਰੇ ਮੂਹਰੇ ਨਾਜਰ ਤੇ ਪਿਛੇ ਜ਼ੁਬੇਦਾਂ ਤੇ ਨਾਲ ਨਾਲ ਸਾਰੇ ਪਿੰਡ ਦੇ ਬੰਦੇ ਬੁੜ੍ਹੀਆਂ ਗੁਰੋ ਦੇ ਘਰ ਵੱਲ ਨੂੰ ਤੁਰ ਪਏ।
ਦਹਿਲੀਜ਼ਾਂ ਤੇ ਪਹੁੰਚ ਕੇ ਗੇਂਦੂ ਨਾਈ ਨੇ ਉੱਚੀ ਦੇਣੀ ਅਵਾਜ ਦਿੱਤੀ
ਗੁਰੋ ਸਰਦਾਰਨੀਏ !ਖੁਸ਼ੀਆਂ ਤੇਰੇ ਦਰ ਤੇ ਪਹੁੰਚ ਗਈਆਂ ਨੇ। ਹੱਥ ਵਧਾ ਕੇ ਆਪਣੇ ਘਰ ਲੰਘਾ ਲੈ।
ਵੇ ਆਈ ਭਾਈ। ਪ੍ਰਸਿੰਨੋ ਤਾਈ।ਨੀ ਤਾਈ ਤੂੰ ਮੂਹਰੇ ਆ।ਲੈ ਫੜ ਮੇਰੇ ਘਰ ਦੀਆਂ ਖੁਸ਼ੀਆਂ ਤੂੰ ਪਾਣੀ ਵਾਰ ਕੇ ਲੰਘਾ। ਤੇਰੇ ਵਾਂਗ 7 ਪੁੱਤ ਖੇਡਣ ਮੇਰੇ ਵੇਹੜੇ।ਗੁਰੋ ਇੱਕੋ ਸਾਹੇ ਸਭ ਕੁੱਝ ਬੋਲ ਗਈ।
ਪ੍ਰਸਿੰਨੋ ਤਾਈ ਨੇ ਪਾਣੀ ਵਾਰਿਆ ਤੇ ਸਭ ਨੂੰ ਅੰਦਰ ਆਉਣ ਲਈ ਸੱਦਾ ਦਿੱਤਾ। ਸਭ ਨੇ ਬਰੂਹਾਂ ਅੰਦਰ ਪੈਰ ਧਰਦਿਆਂ ਵਧਾਈਆਂ ਦਿੱਤੀਆਂ।
ਗੁਰੋ ਲਈ ਸੌਖਾ ਨਹੀਂ ਸੀ ਨਾਜਰ ਦੇ ਕਦਮਾਂ ਨੂੰ ਆਪਣੇ ਬੂਹੇ ਦੀ ਦਹਿਲੀਜ਼ ਛੱਡ ਕੇ ਜ਼ੁਬੇਦਾਂ ਦੇ ਬੂਹੇ ਵੱਲ ਨੂੰ ਜਾਂਦਿਆਂ ਤੱਕਣਾ।ਪਰ ਰੱਬ ਦੀ ਦਿੱਤੀ ਮਜਬੂਰੀ ਨੇ ਅੱਖਾਂ ਪਥਰਾ ਦਿੱਤੀਆਂ। ਪਹਿਲੀ ਰਾਤ ਜ਼ੁਬੇਦਾਂ ਦੀ ਜ਼ਿੰਦਗੀ ਵਿੱਚ ਹੱਕ ਦੀ ਪਗਡੰਡੀ ਸੀ ਤੇ ਗੁਰੋ ਦੀ ਨਰਕ ਦੀ। ਪਰ ਜਿਵੇਂ ਵੀ ਬੀਤੀ ; ਬਸ ਬੀਤ ਗਈ।
ਦਿਨ , ਹਫ਼ਤੇ, ਮਹੀਨੇ ਬੀਤਦੇ ਗਏ। ਜ਼ੁਬੇਦਾਂ ਘਰ ਵਿੱਚ ਇੰਜ ਰੱਚ-ਮਿੱਚ ਗਈ ਜਿਵੇਂ ਇਥੋਂ ਦੀ ਹੀ ਹੋਵੇ। ਗੁਰੋ ਨੇ ਵੀ ਦਿਲ ਤਕੜਾ ਰੱਖਿਆ। ਕੁੱਝ ਵਕਤ ਬਾਅਦ ਉਹ ਘੜੀ ਆ ਹੀ ਗਈ ਜਿਸਦਾ ਸੁਪਨਾ ਨਾਜਰ ਤੇ ਗੁਰੋ ਨੇ ਲਿਆ ਸੀ। ਘਰ ਵਿੱਚ ਨਿੱਕੀ ਜਿੰਦ ਦਾ ਆਉਣਾ ਹੋ ਗਿਆ। ਪਲੇਠੀ ਔਲਾਦ ਉਹ ਵੀ ਮੁੰਡਾ ਨਾਜਰ ਦਾ ਪੱਬ ਧਰਤੀ ਉੱਤੇ ਉਡਦਾ ਫਿਰੇ। ਸਾਲਾਂ ਬਾਅਦ ਘਰ ਵਿੱਚ ਜੀਅ ਵਾਧਾ ਹੋਇਆ ਸੀ। ਜ਼ੁਬੇਦਾਂ ਨੂੰ ਅਹਿਸਾਸ ਸੀ ਗੁਰੋ ਨੇ ਓਹਦੀ ਝੋਲੀ ਵਿੱਚ ਕੀ ਪਾਇਆ। ਜਦੋਂ ਦਾਈ ਨੇ ਮੁੰਡਾ ਜ਼ੁਬੇਦਾਂ ਵੱਲ ਵਧਾਇਆ ਤਾਂ ਜ਼ੁਬੇਦਾਂ ਬੋਲੀ
"ਗੁਰੋ ਭੈਣ ਤੈਨੂੰ ਵਧਾਈ ਹੋਵੇ ਤੇਰੀ ਝੋਲੀ ਰੱਬ ਨੇ ਭਰ ਦਿੱਤੀ"
ਗੁਰੋ ਦਾ ਜਿਵੇਂ ਅੜਿਆ ਸਾਹ ਚੱਲ ਪਿਆ ਹੋਵੇ ਇਹਨਾਂ ਲਫ਼ਜ਼ਾਂ ਨਾਲ।ਗੁਰੋ ਨੇ ਭਰੀਆਂ ਅੱਖਾਂ ਨਾਲ ਹੱਥ ਅੱਡ ਮੁੰਡਾ ਝੋਲੀ ਪਵਾ ਲਿਆ। ਦਾਈ ਨੇ ਮੁੰਡੇ ਦੇ ਨਾਲ ਝੋਲੀ ਵਿੱਚ ਗੁੜ੍ਹ ਰੱਖ ਗੁਰੋ ਦੇ ਸਿਰ ਉੱਤੇ ਹੱਥ ਰੱਖ ਅਸੀਸ ਦਿੱਤੀ।ਗੁਰੋ ਮੁੰਡੇ ਨੂੰ ਹਿੱਕ ਨਾਲ ਲਾ ਕਿੰਨਾ ਚਿਰ ਖੁਸ਼ੀ ਚ ਰੋਂਦੀ ਰਹੀ। ਓਹਦੀ ਬਿਰਤੀ ਓਦੋਂ ਖੁਲ੍ਹੀ ਜਦੋਂ ਨਾਜਰ ਦੇ ਕੰਬਦੇ ਹੱਥਾਂ ਨੇ ਕਾਕੇ ਨੂੰ ਛੂਹਿਆ।ਕਾਕੇ ਦਾ ਨਾਂ ਬਿੱਟੂ ਰੱਖਿਆ ਗਿਆ।
ਹੁਣ ਘਰ ਵਿਚਲੀ ਇਕ ਗੁੱਝੀ ਚੁੱਪ ਟੁੱਟ ਚੁੱਕੀ ਸੀ ਤੇ ਸਾਰਾ ਟੱਬਰ ਬਿੱਟੂ ਦੇ ਆਹਰ ਵਿੱਚ ਲੱਗਾ ਰਹਿੰਦਾ। ਗੁਰੋ ਤੇ ਜ਼ੁਬੇਦਾਂ ਦੋਂਵੇਂ ਜਣੀਆਂ ਬਿੱਟੂ ਦੇ ਸਾਰੇ ਕੰਮ ਕਰਦੀਆਂ। ਨਵਾਉਣ , ਖਵਾਉਣ,ਖੇਡਣ ਹਰ ਕੰਮ ਦੋਂਵੇਂ ਬਰਾਬਰ ਕਰਦੀਆਂ। ਦੋਹਾਂ ਦੀ ਜ਼ਿੰਦਗੀ ਹੁਣ ਬਿੱਟੂ ਦੁਆਲੇ ਘੁੰਮਦੀ ਰਹਿੰਦੀ।ਦੁਨੀਆਂ ਦੀ ਸਾਰ ਭੁੱਲ ਗਿਆ ਸੀ ਸਾਰਾ ਟੱਬਰ।
ਅਚਾਨਕ ਇਕ ਦਿਨ ਪਾਕਿਸਤਾਨੋ ਟਰੱਕ ਆਇਆ।ਫੌਜੀ ਆਏ ਸੀ ਮੁਸਲਮਾਨ ਕੁੜੀਆਂ ਲੱਭ ਕੇ ਲਿਜਾਣ।ਇਲਾਕੇ ਦੇ ਹੋਰਨਾਂ ਪਿੰਡਾਂ ਵਿਚੋਂ ਤਲਾਸ਼ਦੇ ਤਲਾਸ਼ਦੇ ਉਹ ਇਸ ਪਿੰਡ ਪਹੁੰਚ ਗਏ।ਸਰਪੰਚ ਕੋਲ ਜੱਦ ਫੌਜੀਆਂ ਨੇ ਆ ਕੇ ਪੁੱਛ ਪੜਤਾਲ ਕੀਤੀ ਤਾਂ ਸਰਪੰਚ ਨੇ ਅਫ਼ਸਰ ਨੂੰ ਬਿਠਾ ਕੇ ਚਾਹ ਪੀਣ ਲਈ ਮਨਾ ਲਿਆ ਤੇ ਓੰਨੇ ਚਿਰ ਵਿੱਚ ਸਰਪੰਚਣੀ ਨੇ ਗੁਰੋ ਨੂੰ ਸੁਨੇਹਾ ਘੱਲ ਘਤਿਆ। ਕਿਉਂਕਿ ਉਹ ਪਾਕਿਸਤਾਨੋ ਆਏ ਅਫ਼ਸਰ ਨੇ ਪਾਕਿਸਤਾਨੀ ਕੁੜੀ ਦੀ ਬਰਾਮਦਗੀ ਕਰਕੇ ਬੱਚੇ ਸਮੇਤ ਪਾਕਿਸਤਾਨ ਲੈ ਜਾਣੀ ਸੀ। ਜ਼ੁਬੇਦਾਂ ਤੇ ਗੁਰੋ ਮੁੰਡੇ ਨੂੰ ਨਹਾ ਰਹੀਆਂ ਸੀ।
"ਸਰਦਾਰਨੀਏ ਪਾਕਿਸਤਾਨੋ ਫੌਜੀ ਅਫ਼ਸਰ ਆਏ ਆ। ਮੁਸਲਮਾਨ ਕੁੜੀ ਲੱਭਦੇ ਪਏ।ਘਰ ਘਰ ਤਲਾਸ਼ੀ ਹੋਣੀ।"
ਜ਼ੁਬੇਦਾਂ ਤੇ ਗੁਰੋ ਦੇ ਸਾਹ ਸੂਤੇ ਗਏ। ਨਾਜਰ ਵੀ ਘਰ ਨਹੀਂ ਸੀ। ਸਰਪੰਚ ਨੇ ਚਾਹ ਪਾਣੀ ਪਿਆਉਂਦਿਆ ਫੌਜੀ ਅਫ਼ਸਰ ਨੂੰ ਯਕੀਨ ਦਵਾ ਦਿੱਤਾ ਕਿ ਇਸ ਪਿੰਡ ਕੋਈ ਅਜਿਹੀ ਔਰਤ ਹੈ ਨਹੀਂ। ਸਰਪੰਚ ਨੇ ਫੌਜੀਆਂ ਨੂੰ ਕਿਹਾ ਇਥੇ ਕੋਈ ਮੁਸਲਮਾਨ ਕੁੜੀ ਨਹੀਂ।ਜੱਦ ਤਕ ਫੌਜੀ ਗੱਡੀ ਪਿੰਡ ਚੋਂ ਨਾ ਗਈ ਜ਼ੁਬੇਦਾਂ ਨੂੰ ਡੋਲ ਪੈਣ ਲੱਗ ਪਏ।
"ਮੈਂ ਨਹੀਂ ਜਾਣਾ ਭੈਣ ਤੁਹਾਨੂੰ ਸਭ ਨੂੰ ਛੱਡ ਕੇ।ਇਹ ਮੇਰਾ ਘਰ ਆ।ਮੇਰਾ ਪੁੱਤ ਆ।"
ਗੁਰੋ ਰੋ ਪਈ।
"ਹਾਂ ਜ਼ੁਬੇਦਾਂ ਤੇਰਾ ਘਰ।ਤੂੰ ਨਹੀਂ ਜਾਵੇਂਗੀ।"
ਬੜਾ ਪਿਆਰ ਸੀ ਗੁਰੋ, ਜ਼ੁਬੇਦਾਂ ਚ। ਪਰ ਦੋਹਾਂ ਦੇ ਮਨ ਨੂੰ ਖੁੜਕ ਗਈ।ਡੋਲ ਪੈਣ ਸੋਚੁ ਸੋਚੁ ਕੇ ਕਿਤੇ ਦੋਬਾਰਾ ਨਾ ਫੌਜੀ ਆ ਜਾਣ।ਇਸ ਵਾਰ ਤਾਂ ਸਰਪੰਚ ਨੇ ਘਰ ਘਰ ਦੀ ਤਲਾਸ਼ੀ ਰੋਕ ਲਈ ਸੀ।ਜ਼ੁਬੇਦਾਂ ਦਾ ਮਨ ਡੋਲਣ ਲੱਗ ਗਿਆ ਸੀ ਪਰ ਓਹਨੇ ਦਰਸਾਇਆ ਨਾ ਕਿਸੇ ਨੂੰ ਵੀ।
ਜ਼ੁਬੇਦਾਂ ਨੇ ਵੇਹੜੇ ਵਿਚਲੀ ਕੱਚੀ ਕੰਧ ਨੀਂਹ ਕੋਲੋਂ ਪੋਲੀ ਕਰ ਦਿੱਤੀ।ਕਿਸੇ ਨੂੰ ਪਤਾ ਨਾ ਲੱਗਾ।ਰੋਜ਼ ਓਹਦੇ ਨੇੜੇ ਬਿੱਟੂ ਨੂੰ ਨਹਾਉਣ ਲੱਗੀ। ਕੰਧ ਦੀ ਨੀਂਹ ਰੋਜ ਪਾਣੀ ਪੈਣ ਨਾਲ ਪੋਲੀ ਹੋ ਗਈ ਸੀ। ਤੇ ਕੰਧ ਉਲੇਰ ਮਾਰਨ ਲੱਗ ਪਈ ਸੀ। ਮਹੀਨੇ ਕੁ ਬਾਅਦ ਫਿਰ ਫੌਜੀ ਟਰੱਕ ਭਾਲ ਵਿੱਚ ਆਇਆ।
"ਪੱਕੀ ਖਬਰ ਆ ਇਕ ਮੁਸਲਮਾਨ ਕੁੜੀ ਹੈ ਤੁਹਾਡੇ ਪਿੰਡ।"
ਫੌਜੀ ਅਫ਼ਸਰ ਨੇ ਆਉਂਦੇ ਸਾਰ ਹੀ ਸਰਪੰਚ ਨੂੰ ਕਹਿ ਦਿੱਤਾ।ਸਰਪੰਚ ਹੁਣ ਬੇਵੱਸ ਤੇ ਚੁੱਪ ਸੀ।ਪੁਲਿਸ ਘਰ ਘਰ ਭਾਲ ਕਰਨ ਲੱਗੀ। ਜਿਵੇਂ ਹੀ ਪੁਲਿਸ ਨਾਜਰ ਦੇ ਘਰ ਪਹੁੰਚੀ ਜ਼ੁਬੇਦਾਂ ਕੱਚੀ ਕੰਧ ਦੀ ਓਟ ਵਿਚ ਜਾ ਖੜੀ ਹੋਈ। ਪੁਲਿਸ ਨੇ ਜ਼ੁਬੇਦਾਂ ਨੂੰ ਤਲਾਸ਼ ਲਿਆ ਸੀ। "ਚੱਲ ਕੁੜੀਏ ਆਪਣੇ ਵਤਨ।ਤੈਨੂੰ ਲੈਣ ਆਏ ਆ।"
"ਦਸ ਇਹ ਤੇਰਾ ਮੁੰਡਾ?"
ਅਫ਼ਸਰ ਨੇ ਗੁਰੋ ਦੀ ਢਾਕ ਨਾਲ ਲੱਗਾ ਬਿੱਟੂ ਵੇਖ ਜ਼ੁਬੇਦਾਂ ਨੂੰ ਪੁੱਛਿਆ।
"ਨਾ ਇਹ ਤਾਂ ਗੁਰੋ ਭੈਣ ਦਾ ਮੁੰਡਾ। ਮੇਰੇ ਤਾਂ ਕੋਈ ਜਵਾਕ ਨਹੀਂ।"
ਜ਼ੁਬੇਦਾਂ ਇਕੋ ਸਾਹ ਬੋਲ ਗਈ।
" ਚੰਗਾ ਚਲ ਆਪਣੇ ਵਤਨ।ਆਪਣਿਆਂ ਚ।"
ਫੌਜੀ ਨੇ ਇਸ਼ਾਰੇ ਨਾਲ ਜ਼ੁਬੇਦਾਂ ਨੂੰ ਕਿਹਾ।
"ਮੈਂ ਨਹੀਂ ਜਾਣਾ। ਇਹੀ ਮੇਰੇ ਆਪਣੇ। ਮੈਂ ਇਥੇ ਰਹੂ।"
ਜ਼ੁਬੇਦਾਂ ਜਵਾਕਾਂ ਵਾਂਗ ਲੇਲੜੀ ਕੱਢ ਬੋਲੀ।
"ਤੂੰ ਇੱਥੇ ਨਹੀਂ ਰਹਿ ਸਕਦੀ।ਦੋਹਾਂ ਮੁਲਕਾਂ ਵਿਚ ਸਮਝੌਤਾ ਹੋਇਆ। ਹਿੰਦੂ-ਸਿੱਖ ਕੁੜੀਆਂ ਇਧਰ ਆਉਣਗੀਆਂ ਤੇ ਮੁਸਲਮਾਨ ਕੁੜੀਆਂ ਓਧਰ ਜਾਣਗੀਆਂ।ਵਟਾਂਦਰਾ ਹਉ।"
ਅਫਸਰ ਆਪਣੇ ਰੌਂ ਵਿੱਚ ਬੋਲ ਰਿਹਾ ਸੀ।ਪਰ ਜ਼ੁਬੇਦਾਂ ਉਲੇਰ ਮਾਰੀ ਕੰਧ ਨਾਲ ਖੜੀ ਡਰ ਨਾਲ ਕੰਬੀ ਜਾ ਰਹੀ ਸੀ।
"ਮੈਂ ਨਹੀਂ ਜਣਾ।ਤੁਸੀਂ ਲਿਜਾ ਨਹੀਂ ਸਕੋਗੇ। ਅੱਗੇ ਨਾ ਵਧਿਓ।"
ਇੰਨਾ ਕਹਿ ਜ਼ੁਬੇਦਾਂ ਨੇ ਪੋਲੀ ਕੰਧ ਆਪਣੇ ਉੱਤੇ ਧੂਹ ਲਈ।ਕੱਚੀ ਕੰਧ ਦੀਆਂ ਇੱਟਾਂ ਦੇ ਭਾਰ ਥੱਲੇ ਜ਼ੁਬੇਦਾਂ ਲਹੂ ਲੁਹਾਨ ਹੋ ਓਥੇ ਹੀ ਡਿੱਗ ਪਈ।
ਸਭ ਕੁੱਝ ਇੰਨੀ ਜਲਦੀ ਵਾਪਰਿਆ ਕੋਈ ਸਮਝ ਹੀ ਨਾ ਪਾਇਆ ਕਿ ਜ਼ੁਬੇਦਾਂ ਨੇ ਇੰਜ ਕਿਉਂ ਤੇ ਕਿਵੇਂ ਕੀਤਾ।
ਜ਼ੁਬੇਦਾਂ ਇੱਟਾਂ ਦੇ ਢੇਰ ਥੱਲੇ ਲਹੂ ਨਾਲ ਭਿੱਜੀ ਪਈ ਨੇ ਇਕ ਬੇਜਾਨੇ ਹੱਥ ਨਾਲ ਗੁਰੋ ਤੇ ਬਿੱਟੂ ਨੂੰ ਆਪਣੇ ਕੋਲ ਬੁਲਾਉਣ ਦਾ ਇਸ਼ਾਰਾ ਕੀਤਾ। ਜ਼ੁਬੇਦਾਂ ਆਖਰੀ ਸਾਹ ਲੈਂਦੀ ਗੁਰੋ ਨੂੰ ਬੋਲੀ।
"ਭੈਣ ਲੈ ਤੇਰੇ ਵੇਹੜੇ ਖੁਸ਼ੀਆਂ ਖੇਡਣ ।ਮੈਂ ਵਾਦਾ ਪੂਰਾ ਕਰ ਚੱਲੀ ਆ। ਬਿੱਟੂ ਦਾ ਸਿਹਰਾ ਮੋਤੀਆਂ ਵਾਲਾ ਬੰਨ੍ਹੀ।ਗੁਰੋ ਬਿੱਟੂ ਨੂੰ ਹਿੱਕ ਨਾਲ ਲਾਈ ਹਾਂ ਵਿੱਚ ਸਿਰ ਹਿਲਾਉਂਦੀ ਰਹੀ ਤੇ ਜ਼ੁਬੇਦਾਂ ਮੁਸਕੁਰਾਉਂਦੇ ਜਹਾਨ ਨੂੰ ਖੁਸ਼ੀਆਂ ਦੇ ਕੇ ਅਲਵਿਦਾ ਕਹਿ ਗਈ ।
ਇਸ ਮੰਜ਼ਰ ਨੇ ਉੱਥੇ ਖੜੇ ਹਰ ਇਨਸਾਨ ਨੂੰ ਸੁੰਨ ਕਰ ਦਿੱਤਾ ਤੇ ਪਾਕਿਸਤਾਨੋ ਆਏ ਫੌਜੀ ਵੀ ਭਾਵੁਕ ਹੋਏ ਬਿਨਾਂ ਨਾ ਰਹਿ ਸਕੇ।
ਫੌਜੀ ਸਾਬ (ਸਰਪੰਚ ਦੇ ਮੂੰਹੋਂ ਇੰਨੇ ਕੁ ਲਫ਼ਜ਼ ਹੀ ਨਿਕਲੇ ਸੀ ਕਿ ਫੌਜੀ ਅਫਸਰ ਨਮ ਅੱਖਾਂ ਦੇ ਕੋਏ ਪੂੰਝਦਾ ਬੋਲਿਆ)
ਮੁਨਸ਼ੀ ਰਿਪੋਰਟ ਚ ਲਿਖੋ। ਇਸ ਪਿੰਡ ਵਿਚ ਜ਼ੁਬੇਦਾਂ ਜ਼ਖ਼ਮੀ ਹਾਲਤ ਵਿੱਚ ਪਹੁੰਚੀ ਜਰੂਰ ਸੀ।ਪਰ ਜਖਮਾਂ ਦੀ ਤਾਬ ਨਾ ਝਲਦਿਆਂ ਅਲਾਹ ਨੂੰ ਪਿਆਰੀ ਹੋ ਗਈ ਸੀ।ਪਿੰਡ ਵਾਸੀਆਂ ਨੇ ਜ਼ੁਬੇਦਾਂ ਦਾ ਮਕਬਰਾ ਬਣਾਇਆ ਹੋਇਆ।ਜਿਸ ਉੱਤੇ ਹਰ ਸਾਲ ਮੇਲਾ ਲਗਦਾ।ਲੋਕਾਂ ਦੀਆਂ ਭਾਵਨਾਵਾਂ ਹਨ ਕਿ ਇਥੇ ਮੰਗੀ ਹਰ ਮੁਰਾਦ ਪੂਰੀ ਹੁੰਦੀ।ਪਿੰਡ ਵਾਲੇ ਇਸਨੂੰ "ਖੁਸ਼ੀਆਂ ਦਾ ਮੇਲਾ" ਨਾਂ ਨਾਲ ਮਨਾਉਂਦੇ ਹਨ।" ਫੌਜੀ ਅਫ਼ਸਰ ਜਿਵੇਂ ਬੋਲਦਾ ਗਿਆ ਮੁਨਸ਼ੀ ਲਿਖਦਾ ਰਿਹਾ।
ਸਾਰਾ ਪਿੰਡ ਫੌਜੀ ਅਫਸਰ ਦਾ ਇਸ਼ਾਰਾ ਸਮਝ ਗਿਆ ਤੇ ਜਲਦੀ ਤੋਂ ਜਲਦੀ ਜ਼ੁਬੇਦਾਂ ਨੂੰ ਦਫ਼ਨਾ ਕੇ ਇਕ ਨਿੱਕਾ ਜਿਹਾ ਕਮਰਾਨੁਮਾ ਮਕਬਰਾ ਬਣਾ ਕੇ ਬੋਰਡ ਲਾ ਦਿੱਤਾ "ਜ਼ੁਬੇਦਾਂ : ਖੁਸ਼ੀਆਂ ਦਾ ਮੇਲਾ" ਬਿੱਟੂ ਵੀ ਮਾਂ ਮਹਿਟਰ ਨਹੀਂ ਹੋਇਆ ਤੇ ਜ਼ੁਬੇਦਾਂ ਤੋਂ ਵੀ ਓਹਦਾ ਘਰ ਤੇ ਪੁੱਤ ਦੂਰ ਨਾ ਹੋਏ।ਬਿੱਟੂ ਦਾ ਮੋਤੀਆਂ ਦਾ ਸਿਹਰਾ ਵੇਖਣ ਨੂੰ ਜ਼ੁਬੇਦਾਂ ਨੂੰ ਅਜੇ ਇੰਤਜ਼ਾਰ ਕਰਨਾ ਪਵੇਗਾ ਬਿੱਟੂ ਦੇ ਵੱਡੇ ਹੋਣ ਤਕ। ਤਦ ਤੱਕ ਖੁਸ਼ੀਆਂ ਦੇ ਮੇਲੇ ਲਗਦੇ ਰਹਿਣਗੇ ਤੇ ਬਿੱਟੂ ਆਪਣੀ ਮਾਂ ਗੁਰੋ ਦੇ ਨਾਲ ਮਟੀ ਉੱਤੇ ਦੀਵਾ ਜਗਾਉਂਦਾ ਰਹੇਗਾ।