ਕਿਸਮਤ ਵਾਲੇ ਹਾਂ,ਕਿ ਸਾਡੀ ਮਾਂ ਬੋਲੀ ਪੰਜਾਬੀ ਏ!
ਇਸ ਤੋਂ ਸਦਕੇ ਜਾਂ,ਕਿ ਸਾਡੀ ਮਾਂ ਬੋਲੀ ਪੰਜਾਬੀ ਏ!!
ਇਸ ਦਾ ਊੜਾ-ਆੜਾ ਪੜ੍ਹਕੇ,
ਬਣ ਗਏ ਹਾਂ ਵਿਦਵਾਨ ਅਸੀਂ।
ਦੁਨੀਆਂ ਦੇ ਕੋਨੇ-ਕੋਨੇ ਵਿੱਚ ਜਾ ਕੇ,
ਬਣ ਬੈਠੇ ਪ੍ਰਧਾਨ ਅਸੀਂ।
ਅੰਗਰੇਜੀ ਦਾ ਪਿੱਛਾ ਕਰਦਿਆਂ,
ਕਿਉਂ ਇਸ ਨੂੰ ਭੁੱਲ ਜਾਂ,ਕਿ ਸਾਡੀ ਮਾਂ ਬੋਲੀ ਪੰਜਾਬੀ ਏ!!!
ਮਾਂ-ਦਾਦੀ ਦੇ ਮੂਹੋਂ ਸੁਣੀਆਂ,
ਇਸ ਦੀਆ ਮਿੱਠੀਆਂ ਲੋਰੀਆਂ ਨੂੰ।
ਕਿਵੇਂ ਭੁਲਾ ਸਕਦੇ ਹਾਂ ਮਿੱਠੀਆਂ,
ਭਰੀਆਂ ਦੁੱਧ ਕਟੋਰੀਆਂ ਨੂੰ।
ਕਿਵੇਂ ਭੁਲਾਈਏ ਘੋੜੀ ਗਾਉਂਦੀ-
ਗੋਦੀ ਵਿੱਚ ਲੈ ਕੇ ਮਾਂ, ਕਿ ਸਾਡੀ ਮਾਂ ਬੋਲੀ ਪੰਜਾਬੀ ਏ!!!
ਇਸ ਦਾ ਕਰਜਾ ਸਦੀਆਂ ਤਾਈਂ,
ਅਸੀਂ ਕਦੇ ਨਹੀਂ ਲਾਹ ਸਕਦੇ।
ਇਸ ਦੇ ਮਿੱਠੇ ਬੋਲ ਕਦੇ ਨਹੀਂ,
ਦਿਲ 'ਚੋਂ ਅਸੀਂ ਭੁਲਾ ਸਕਦੇ।
ਇਸ ਦੇ ਲੋ-ਗੀਤਾਂ ਨੂੰ ਲਈਏ,
ਹਰ ਪਲ ਗੁਣਗੁਣਾਂ,ਕਿ ਸਾਡੀ ਮਾਂ ਬੋਲੀ ਪੰਜਾਬੀ ਏ!!!
ਇਸ ਦੇ ਅੱਖਰਾਂ ਦੇ ਵਿੱਚ ਕਵਿਤਾ,
ਰਚ ਲਈ ਸੰਤ-ਫਕੀਰਾਂ ਨੇ।
ਪੜ੍ਹ-ਪੜ੍ਹ ਉਹੀ ਰਚਨਾਵਾਂ,
ਅਸੀਂ ਬਦਲ ਲਈਆਂ ਤਕਦੀਰਾਂ ਨੇ।
ਦੁਨੀਆਂ ਦੇ ਵਿੱਚ ਕਿਤੇ ਵੀ ਜਾਈਏ,
ਇਹ ਬਣਦੀ ਸਾਡੀ ਛਾਂ,ਕਿ ਸਾਡੀ ਮਾਂ ਬੋਲੀ ਪੰਜਾਬੀ ਏ!!!
ਆਪਣਾ ਤਨ-ਮਨ ਸਾਰਾ ਯਾਰੋ,
ਇਸ ਦੇ ਲੇਖੇ ਲਾ ਦੇਈਏ।
ਜਨਮਾਂ ਤੋਂ ਕਰਜਾਈ ਇਸ ਦੇ,
ਕੁਝ ਤਾਂ ਕਰਜਾ ਲਾਹ ਦੇਈਏ।
ਦੁਨੀਆ ਦੇ ਵਿੱਚ ਇਸ ਬੋਲੀ ਦੀ,
ਲੈ ਨਾ ਸਕੇ ਕੋਈ ਥਾਂ,ਕਿ ਸਾਡੀ ਮਾਂ ਬੋਲੀ ਪੰਜਾਬੀ ਏ!!!