ਮੇਰਾ ਇੱਕ ਦੋਸਤ ਜੋ ਇੱਕ ਵੱਡੇ ਸਰਕਾਰੀ ਦਫਤਰ ਵਿੱਚ ਕੰਮ ਕਰਦਾ ਸੀ। ਉਸਦਾ ਫੋਨ ਆਇਆ, "ਮਾਸਟਰ ਜੀ, ਆਪਾਂ ਨੇ ਆਪਣੇ ਦਫਤਰ ਵਿੱਚ ਇੱਕ ਪਲਸਾਟਿਕ ਦੀ ਵਰਤੋਂ ਦੇ ਵਿਰੋਧ ਵਿੱਚ ਇੱਕ ਪ੍ਰੋਗਰਾਮ ਰੱਖਿਆ ਹੈ, ਆਪ ਜੀ ਤਾਂ ਲੇਖਕ ਹੋ। ਇਸ ਲਈ ਇਸ ਪ੍ਰੋਗਰਾਮ ਵਿੱਚ ਆਪ ਜੀ ਨੂੰ ਸ਼ਾਮਿਲ ਹੋਣ ਦਾ ਨਿੱਘਾ ਸੱਦਾ ਅਤੇ ਬੇਨਤੀ ਹੈ ਕਿ ਕੋਈ ਰਚਨਾ ਜਰੂਰ ਲਿਖ ਕੇ ਲਿਆਉਣੀ"।
ਬੜੀ ਖੁਸ਼ੀ ਹੋਈ ਕਿ ਚਲੋ ਚੰਗੀ ਸ਼ੁਰਆਤ ਹੋਈ ਉਹ ਵੀ ਸ਼ਹਿਰ ਵਿੱਚ, ਦਿੱਤੇ ਦਿਨ ਅਨੁਸਾਰ ਮੈਂ ਸਮੇਂ ਸਿਰ ਪਹੁੰਚ ਗਿਆ। ਚੰਗਾ ਪੰਡਾਲ ਸਜਾਇਆ ਹੋਇਆ।ਪ੍ਰੋਗਰਾਮ ਸਮੇਂ ਸਿਰ ਸ਼ੁਰੂ ਹੋ ਗਿਆ। ਮੁੱਖ ਮਹਿਮਾਨ ਜੋ ਉਹਨਾਂ ਦਾ ਕੋਈ ਵੱਡਾ ਅਫਸਰ ਸੀ। ਉਸ ਨੇ ਰੱਜ ਕੇ ਪਲਾਸਟਿਕ ਦੀ ਵਿਰੋਧਤਾ ਕੀਤੀ। ਹੋਰ ਵੀ ਬਹੁਤ ਸਾਰੇ ਬੁਲਾਰਿਆ ਨੇ ਇਸ ਤੋਂ ਹੋਣ ਵਾਲੀਆ ਬਿਮਾਰੀਆਂ ਅਤੇ ਇਸ ਦੇ ਨੁਕਸਾਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।ਮੈਂ ਵੀ ਆਪਣੀ ਇੱਕ ਕਵਿਤਾ ਰਾਹੀਂ ਇਸ ਦੀ ਵਰਤੋਂ ਦੀ ਵਿਰੋਧਤਾ ਕੀਤੀ। ਪ੍ਰੋਗਰਾਮ ਬਹੁਤ ਵਧੀਆ ਢੰਗ ਨਾਲ ਸਪੰਨ ਹੋ ਗਿਆ।
ਦਫਤਰ ਵੱਲੋਂ ਦੁਪਿਹਰ ਦੀ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਸੀ,ਸਾਰੇ ਮਹਿਮਾਨ ਅਤੇ ਮੈਂ ਵੀ ਰੋਟੀ ਵਾਲੇ ਕਮਰੇ ਵਿੱਚ ਚਲਿਆ ਗਿਆ ਜਿੱਥੇ ਪਲਾਸਟਿਕ ਦੀਆਂ ਪਲੇਟਾਂ ਅਤੇ ਪਲਾਸਟਿਕ ਦੇ ਗਲਾਸ ਅਤੇ ਪਾਣੀ ਵਾਲੀਆ ਬੋਤਲਾਂ ਦੀ ਖੁਲ੍ਹੀ ਵਰਤੋਂ ਹੋ ਰਹੀ ਸੀ। ਮੈਂਥੋ ਰਿਹਾ ਨਾ ਗਿਆ' ਮੈਂ ਆਪਣੇ ਦੋਸਤ ਨੂੰ ਪੁੱਛਿਆ, " ਯਾਰ! ਇਹ ਕੀ ਹੁਣੇ ਤਾਂ ਆਪਾ?" ਮੈਂ ਕੁੱਛ ਬੋਲਦਾ ਉਸ ਤੋਂ ਪਹਿਲਾਂ ਹੀ ਮੇਰਾ ਦੋਸਤ ਬੋਲਣ ਲੱਗਿਆ, " ਮਾਸਟਰ ਜੀ, ਇਵੇਂ ਨਾ, ਆਦਰਸ਼ਵਾਦੀ ਬਣੋ। ਉਹ ਮਹਿਕਮੇ ਦੀਆ ਹਦਾਇਤਾਂ ਸਨ ਕਿ ਇਸ ਸਬੰਧੀ ਪ੍ਰੋਗਰਾਮ ਕਰਵਾਉਣਾ,ਪਰ ਇਹ ਬੰਦ ਤਾਂ ਉਦੋ ਹੋਊ ਜਦੋਂ ਸਰਕਾਰ ਚਾਹੂੰ.. ਆਪਣੇ ਤਾਂ ਭਾਸ਼ਣ ਹੀ ਨੇ"।ਮੈਨੂੰ ਉਸ ਦੀ ਗੱਲ ਸੁਣ ਕੇ ਹੈਰਾਨੀ ਹੋਈ ਅਤੇ ਮੈਂ ਬਿਨਾਂ ਰੋਟੀ ਖਾਦੇ ਉੱਥੋਂ ਚੱਲ ਪਿਆ।