ਔਸੀਆਂ ਪਾਉਂਦੀ ,
ਅਰਦਾਸਾਂ ਕਰਦੀ
ਮੇਰੀ ਰੂਹ ।
ਤੇਰੇ ਆਉਣ ਦਾ ਸੁਨੇਹਾ ਪਾ,
ਨੱਚਦੀ-ਝੂਮਦੀ,
ਮਿੰਨਾ-ਮਿੰਨਾ ਮੁਸਕਰਾਉਦੀ
ਗਾਉਂਦੀ ਮੇਰੀ ਰੂਹ ।
ਭੁੱਲ ਜਾਂਦੀ
ਇੱਕ ਵਾਰ ਫਿਰ ,
ਕਿ ਤੂੰ ਪਿਛਲੀ ਵਾਰ ਵੀ ,
ਆਇਆ ਨਹੀਂ ਸੀ
ਵਾਅਦਾ ਕਰਕੇ।
ਆਉਣ ਦੀ ਗੱਲ
ਜਦ ਤੂੰ ਆਖੀ ਸੀ ,
ਸੱਚੀਂ ਉਸੇ ਦਿਨ,
ਉਸੇ ਦਿਨ ਹੀ,
ਅੰਦਰਲੇ ਹਨੇਰੇ ਨੂੰ ਚੀਰ ,
ਬਾਹਰ ਝਾਕੀ ਸੀ
ਮੇਰੀ ਰੂਹ।
ਵੇਖ ਚਾਨਣ ਹੀ ਚਾਨਣ
ਚਾਰ-ਚੁਫੇਰੇ,
ਠੱਗਿਆ-ਠੱਗਿਆ
ਮਹਿਸੂਸਦੀ ਖੁਦ ਨੂੰ
ਨਿਕਲ ਪਈ ਸੀ
ਉਸੇ ਦਿਨ ,
ਜਿਊਣ ਦਾ ਇਰਾਦਾ ਕਰਕੇ ।
ਹੁਣ ਤੂੰ ਜਦ ਵੀ ਆਵੀਂ ,
ਤਾਂ .......
ਇੰਤਜ਼ਾਰ ਕਰੀਂ ,
ਮੇਰੇ ਸਫ਼ਰ ਤੋਂ ਮੁੜ ਆਉਣ ਦਾ ।
ਰਸਤਾ ਵੇਖੀਂ ,
ਔਸੀਆਂ ਪਾਵੀਂ,
ਗਿਣ -ਗਿਣ ਪਹਿਰ ਲੰਘਾਵੀਂ,
ਤੇ ਜਾਣੀ ,
ਜਾਣੀ ਕੀ ਹੁੰਦਾ ਹੈ ਇਹ ਇੰਤਜ਼ਾਰ?
ਤੇ ਕੀ ਹੁੰਦੀ ਏ ਇਹਦੀ ਚੀਸ ?
ਇਸ ਚੀਸ ਦੇ ਭਰੀ ਹਰਜਾਨੇ ,
ਬੈਠ ਕੇ ਸੋਚੀ
ਆਰਾਮ ਨਾਲ ਬਹਾਨੇ,
ਮੈਨੂੰ ਸੁਣਾਉਣ ਲਈ ।
ਬੜੀ ਵਾਰ ਮਨਾਇਆ,
ਮੈਂ ਤੈਨੂੰ ਸੱਜਣਾ ।
ਇਸ ਵਾਰ ਤਿਆਰ ਰਹੀ ਤੂੰ,
ਮੈਨੂੰ ਮਨਾਉਣ ਲਈ ।
ਜੇ ਸੱਚੀ ਚਾਹੁੰਦਾ ਮੈਨੂੰ ,
ਨਹੀਂ ਤਾਂ .......
ਕੋਈ ਗੱਲ ਨਹੀਂ ।
ਤੂੰ ਤੁਰ ਜਾਵੀਂ,
ਫਿਰ ਸਫ਼ਰ ਤੇ।
ਮੈਂ ਫਿਰ ਇੰਤਜ਼ਾਰ ਕਰਾਂਗੀ,
ਤੇਰੇ ਆਉਣ ਦਾ ,
ਮੈਨੂੰ ਮਨਾਉਣ ਦਾ ।
ਜਾਂ ਫਿਰ ਕੀ ਪਤਾ ?
ਮੈਂ ਵੀ ਨਿਕਲ ਤੁਰਾਂ
ਫਿਰ ਕਿਸੇ ਨਵੇਂ ਸਫ਼ਰ ਤੇ …