ਗਰੀਬੀ ਤੇ ਅਨਪੜ੍ਹਤਾ ਦੀ ਸੰਤਾਪ ਦੀ ਪੇਸ਼ਕਾਰੀ ਨਾਵਲ ਮੁਕਤੀ
(ਪੁਸਤਕ ਪੜਚੋਲ )
ਨਾਵਲ ਵਿਚ ਗਲ ਚ ਬਗਲੀ ਪਾਈ ਫਟੇ ਪੁਰਾਣੇ ਕਪੜਿਆਂ ਵਿਚ ਕਬਾੜ ਕੱਠਾ ਕਰਨ ਵਾਲੀ ਔਰਤ ਦੇ ਦੁਖਾਂ ਦੀ ਦਾਸਤਾਨ ਹੈ । ਮੁਖ ਪਾਤਰ ਕੰਤੀ ਹੈ । ਮਾਂ ਨਾਲ ਨਿੱਕੀ ਹੁੰਦੀ ਨੇ ਗਲੀਆਂ ਦਾ ਕਬਾੜ ਬਗਲੀ ਚ ਪਾਉਣਾ ਸ਼ੁਰੂ ਕਰ ਦਿਤਾ । ਮਾਂ ਵੀ ਇਹੋ ਕੰਮ ਕਰਦੀ ਸੀ । ਬਾਪ ਨਸ਼ਈ ਸੀ ਵਿਹਲਾ ਰਹਿੰਦਾ ਸੀ । ਕੰਤੀ ਨੇ ਨਸ਼ਈ ਬਾਪ ਨੂੰ ਮਰਦੇ ਅਖੀਂ ਵੇਖਿਆ ਸੀ ।ਉਹ ਕੰਮ ਵਿਚ ਰੁਝੀ ਪਤਨੀ ਦੀ ਵੀ ਕੁਟਮਾਰ ਕਰਦਾ ਸੀ । ਕੰਤੀ ਲਈ ਉਹ ਮਾਂ ਨੂੰ ਕੁਟਣ ਵਾਲਾ ਬਾਪ ਸੀ ।ਜਦੋੰ ਮਰਿਆ ਤਾਂ ਚੰਗਾ ਹੋਇਆ ਸ਼ਬਦ ਸੁਭਾਂਵਿਕ ਮੂੰ ਹ ਚੋਂ ਨਿਕਲੇ। ਕਿਉਂਕਿ ਉਹ ਮਾਂ ਨੂੰ ਮਾਰਿਆ ਕਰਦਾ ਸੀ । ਸਮੇਂ ਪਿਛੋਂ ਕੰਤੀ ਜਵਾਨ ਹੋ ਗਈ ।ਰੂਪ ਸੋਹਣਾ ਸੀ । ਲੋਕ ਹੁਸਨ ਤੇ ਮਰਨ ਲਗੇ ।ਮਾਂ ਉਸਨੂੰ ਰੋਕਦੀ । ਉਹ ਸਖੀਆਂ ਸਹੇਲੀਆਂ ਨਾਲ ਚਲੀ ਜਾਂਦੀ । ਮਨਚਲੇ ਮੁੰਡਿਆਂ ਦਾ ਮੁਕਾਬਲਾ ਕਰਨ ਲਗੀ । ਸੁਭਾਅ ਵਿਚ ਤਲਖੀ ਆ ਗਈ । ਹਰੇਕ ਦੁਪਹਿਰ ਦੂਰ ਨਲਕੇ ਤੋਂ ਪਾਣੀ ਭਰਨ ਜਾਂਦੀ । ਸਵੇਰ ਸ਼ਾਂਮ ਬਗਲੀ ਲੈ ਤੁਰਦੀ ।ਪਾਣੀ ਭਰਦੀ ਵੇਖ ਸਾਹਮਣੇ ਝੁਗੀ ਚੋਂ ਤੋਤੀ ਨਿਕਲਦਾ । ਖੁਰਪੇ ਨਾਲ ਘਾਂਹ ਤੋੜਦਾ । ਕੰਤੀ ਨਾਲ ਅਖਾਂ ਚਾਰ ਹੋ ਗਈਆ । ਛੇੜਛਾਂੜ ਕਰਦਾ । ਗਲੀਂ ਬਾਤੀਂ ਕਹਿੰਦਾ ਮੈਂ ਤਾਂ ਵਿਹਲਾ ਹਾਂ। ਨਸ਼ੇ ਵੀ ਕਰਦਾ ਸੀ । ਪਰ ਕੰਤੀ ਨੂੰ ਗਲਾ ਵਲੋਂ ਤਾਂ ਪਸੰਦ ਸੀ ਪਰ ਵਿਹਲਾ ਰਹਿਣਾ ਚੰਗਾ ਨਹੀਂ ਸੀ ਲਗਦਾ । ਤੋਤੀ ਨੂੰ ਵੇਖ ਬਾਪ ਯਾਂਦ ਆ ਗਿਆ । ਤੋਤੀ ਨੇ ਦਿਹਾੜੀ ਤੇ ਜਾਣ ਦਾ ਕਿਹਾ। ਨਸ਼ੇ ਵੀ ਛਡ ਦਿਤੇ । ਪਰ ਇਹ ਨਿਰੋਲ ਵਿਖਾਵਾ ਸੀ । ਉਸਦੀਆਂ ਕਾਮੀ ਅੱਖਾਂ ਮੌਕੇ ਦੀ ਤਾਕ ਵਿਚ ਸਨ ।ਕੰਤੀ ਦੇ ਪਿਛੇ ਰੁਪਏ ਦੇ ਕੇ ਮੁੰਡੇ ਲਾ ਦਿਤੇ । ਇਕ ਦਿਨ ਮਿਥੀ ਯੋਜਨਾ ਨਾਲ ਕੰਤੀ ਨੂੰ ਮੁੰਡਿਆਂ ਨੇ ਰਸਤੇ ਵਿਚ ਘੇਰ ਲਿਆ । ਕੰਤੀ ਨੇ ਮੁਕਾਬਲਾ ਕੀਤਾ । ਨਾਲ ਸਖੀਆਂ ਵੀ ਸੀ । ਉਧਰੋਂ ਕਿਧਰੋਂ ਤੋਤੀ ਨੇ ਮੁੰਡਿਆਂ ਕੋਲੋ ਕੰਤੀ ਨੂੰ ਛਡਾਉਣ ਦਾ ਢੋੰਗ ਰਚਿਆ । ਪਹਿਲਾਂ ਤਾਂ ਕੰਤੀ ਨੇ ਤੋਤੀ ਦਾ ਧੰਨਵਾਦ ਕੀਤਾ ।ਪਰ ਪਿਛੋਂ ਸਾਰੀ ਗਲ ਪਤਾ ਲਗਣ ਤੇ ਤੋਤੀ ਨੂੰ ਨਫਰਤ ਕਰਨ ਲਗੀ । ਤੇ ਇਕ ਦੁਪਹਿਰ ਪਾਣੀ ਲੈਣ ਜਾਂਦੀ ਨੂੰ ਤੋਤੀ ਨੇ ਜਬਰਦਸਤੀ ਝੁਗੀ ਵਿਚ ਲਿਜਾ ਕੇ ਜਬਰ ਜਨਾਹ ਦੀ ਕੌਸ਼ਿਸ਼ ਕੀਤੀ ।ਖਿਚ ਧੂਹ ਵਿਚ ਕੰਤੀ ਦੀ ਕਮੀਜ਼ ਫਟ ਗਈ । ਘਰ ਆਈ । ਮਾਂ ਨੇ ਕੋਸਿਆ । ਮਾਂ ਨੂੰ ਜਵਾਨ ਧੀ ਦੀ ਚਿੰਤਾ ਹੋ ਗਈ ।
ਨਾਵਲ ਕਾਰ ਨੇ ਕਹਾਣੀ ਨੂੰ ਮੌਕਾ ਮੇਲ ਅਨੁਸਾਰ ਤੋਰਿਆ ਹੈ । ਇਕ ਜਵਾਨ ਤੇ ਮਿਹਨਤੀ ਪਾਤਰ ਹੈ ਬੱਲੂ । ਉਸਦਾ ਕਿਰਦਾਰ ਨਾਵਲ ਚ ਮਿਹਨਤੀ ਸ਼ਖਸ ਵਾਲਾ ਹੈ । ਚਾਰ ਪੰਜ ਕਿਸ਼ਤਾਂ ਵਿਚ ਉਸਦਾ ਜ਼ਿਕਰ ਹੈ । ਸੇਠ ਕੋਲ ਕੰਮ ਕਰਦਾ ਹੈ । ਅਣਖੀ ਹੈ । ਸੇਠ ਦਾ ਕੰਮ ਕਰਕੇ ਦਿਲ ਜਿਤ ਲੈਂਦਾ ਹੈ । ਸੇਠ ਦੇ ਪੁਤਰ ਨਾਲ ਲੜ ਪੈਂਦਾ ਹੈ ।ਕੰਮ ਛਡ ਦਿੰਦਾ ਹੈ । ਚਾਹ ਦੀ ਦੁਕਾਨ ਤੇ ਬਜ਼ੁਰਗ ਨਾਲ ਕੰਮ ਤੇ ਲਗ ਜਾਂਦਾ ਹੈ ।ਬਜ਼ੁਰਗ ਦੀ ਮੌਤ ਪਿਛੋਂ ਦੁਕਾਨ ਸੰਭਾਂਲਦਾ ਹੈ ਪਰ ਕਮੇਟੀ ਵਲੋਂ ਨਜ਼ਾਇਜ਼ ਕਬਜ਼ੇ ਤਹਿਤ ਦੁਕਾਨ ਚੁਕ ਦਿਤੀ ਜਾਂਦੀ ਹੈ । ਵਿਹਲਾ ਹੋ ਜਾਂਦਾ ਹੈ । ਇਸ ਪਾਤਰ ਨਾਲ ਮਾਂ ਕੰਤੀ ਦਾ ਵਿਆਹ ਕਰ ਦਿੰਦੀ ਹੈ ਤੇ ਸੁਰਖਰੂ ਹੋ ਜਾਂਦੀ ਹੈ ।ਪਰ ਕੰਤੀੰ ਲਈ ਦੁਖ ਅਜੇ ਬਾਕੀ ਹਨ । ਘਰ ਧੀ ਜਨਮ ਲੈਂਦੀ ਹੈ । ੳਹ ਵੀ ਮਾਂ ਵਾੰਗ ਬਗਲੀ ਲੈ ਤੁਰਦੀ ਹੈ । ਇਕ ਦਿਨ ਲਕੜੀ ਦੀਆਂ ਬੱਲੀਆਂ ਚੁਕਦਾ ਬੱਲੂ ਮਾਰਿਆ ਜਾਂਦਾ ਹੈ । ਕੰਤੀ ਵਿਧਵਾ ਹੋ ਜਾਂਦੀ ਹੈ ।ਇਕ ਗਰੀਬੀ ਦੂਸਰਾ ਸੰਤਾਪ ਵਿਧਵਾ ।ਧੀ ਦੀ ਮਾਂ । ਧੀ ਲਾਡੋ ਸਮਾਨ ਕਠਾ ਕਰਦੀ ਗੰਗਾ ਦਰਿਆ ਵਿਚ ਪਾਣੀ ਦੀਆਂ ਛਲਾਂ ਨਾਲ ਰੁੜ੍ਹ ਜਾਂਦੀ ਹੈ ।ਦੁਖਾਂ ਤੇ ਦੁਖ । ਕੰਤੀ ਵਿਧਵਾ ਹੋ ਕੇ ਫਿਰ ਧੀ ਵੀ ਗੁਆ ਬੈਠਦੀ ਹੈ । ਜ਼ਿੰਦਗੀ ਨੂੰ ਧਕਾ ਦਿੰਦੀ ਹੈ ।ਇਕ ਪੰਡਿਤ ਦੇ ਘਰ ਕੰਮ ਕਰਦੀ ਹੈ ।ਧੀ ਸੁਪਨਿਆਂ ਵਿਚ ਆਉਂਦੀ ਹੈ। ਕੰਤੀ ਦੀ ਮਾਨਸਿਕਤਾ ਟੁਟ ਜਾਂਦੀ ਹੈ । ਪੰਡਿਤ ਧੀ ਦੀ ਗਤੀ ਕਰਾਉਣ ਦੇ ਬਹਾਨੇ ਸ਼ੋਸ਼ਣ ਕਰਦਾ ਹੈ । ਦੁਖੀ ਹੋ ਕੇ ਪੰਡਿਤ ਦਾ ਮੁਕਾਬਲਾ ਕਰਦੀ ਹੈ ।ਤੇ ਸੌ ਰੁਪਏ ਦਾ ਨੋਟ ਜੋ ਪੰਡਿਤ ਨੂੰ ਧੀ ਦੀ ਗਤੀ ਕਰਾਉਣ ਲਈ ਦੇਣਾ ਸੀ । ਉਹ ਨੋਟ ਲੈਕੇ ਗੰਗਾ ਮਈਆਂ ਨੂੰ ਦੇ ਦਿੰਦੀ ਹੈ ਤੇ ਧੀ ਦੀ ਆਤਮਿਕ ਸ਼ਾੰਤੀ ਆਥਵਾ ਮੁਕਤੀ ਲਈ ਦੁਆ ਕਰਦੀ ਹੈ । ਨਾਵਲ ਕਾਰ ਚਾਹੁੰਦਾ ਹੈ ਕਿ ਗਰੀਬੀ ਤੋਂ ਮੁਕਤੀ ਮਿਲੇ । ਅੰਧਵਿਸ਼ਾਵਾਸ਼ ਤੋਂ ਮੁਕਤੀ ਮਿਲੇ । ਕਈ ਪੰਨਿਆਂ ਤੇ ਲੇਖਕ ਨੇ ਇਸ ਬਾਰੇ ਸਿਧਾ ਸਪਾਟ ਲਿਖਿਆ ਹੈ । ਤਰਕਸ਼ੀਲਤਾ ਦਾ ਪ੍ਰਗਟਾਵਾ ਕੀਤਾ ਹੈ । ਨਾਵਲ ਬਾਰੇ ਸਾਹਿਤਕਾਰ ਬਨਾਰਸੀ ਦਾਸ ਸ਼ਾਂਸਤਰੀ ,ਨਵਰਾਹੀ ਘੁਗਿਆਣਵੀ ਤੇ ਪਾਲ ਸਿੰਘ ਪਾਲ ਨੇ ਸਾਰਥਿਕ ਵਿਚਾਰ ਲਿਖੇ ਹਨ । ਮੌਕਾ ਮੇਲ ,ਦਿਲਚਸਪ ਬਿਰਤਾਂਤ, ਕਥਾਂ ਰਸ , ਢੁਕਵੇਂ ਪਾਤਰੀ ਸੰਵਾਦ, ਸੁਚਜੀ ਗੋਂਦ, ਸਮਾਜ ਦੇ ਦੁਖੀ ਪਾਤਰਾਂ ਦੀ ਧਿਰ ਬਨਣ ਜਿਹੇ ਮੀਰੀ ਗੁਣਾ ਵਾਲਾ ਨਾਵਲ ਪਾਠਕਾਂ ਦੇ ਪੜ੍ਹਨ ਵਾਲਾ ਹੈ । ਵਧੀਆ ਦਿੱਖ ਵਾਲੇ 112 ਪੰਨਿਆ ਦੇ ਨਾਵਲ ਦੇ 23 ਕਾਂਡ ਹਨ ਤੇ ਕੀਮਤ 150 ਰੁਪਏ ਹੈ ।