ਜੋਰਾ ਸਿੰਘ ਮੰਡੇਰ ਦੇ ਨਾਵਲ ਤੇ ਹੋਈ ਵਿਚਾਰ ਚਰਚਾ
(ਖ਼ਬਰਸਾਰ)
ਵਿਨਪੈਗ -- ਸਾਡੀ ਪੰਜਾਬੀ ਸੱਥ ਵਿਨੀਪੈਗ ਵਲੋਂ ਟੈਂਪਲਟਨ ਐਂਬਰ ਟਰੇਲ ਕਮਿਉਨਿਟੀ ਸਕੂਲ ਵਿਖੇ ਬਜ਼ੁਰਗ ਪੰਜਾਬੀ ਲੇਖਕ ਜੋਰਾ ਸਿੰਘ ਮੰਡੇਰ ਦੇ ਪਲੇਠੇ ਪੰਜਾਬੀ ਨਾਵਲ ਪਿੰਡ ਦੀ ਮਿੱਟੀ ਤੇ ਵਿਚਾਰ ਚਰਚਾ ਕੀਤੀ ਗਈ। ਜਿਲ੍ਹਾ ਸੰਗਰੂਰ ਦੇ ਪਿੰਡ ਉਪਲੀ ਦੇ ਜੰਮਪਲ ਜੋਰਾ ਸਿੰਘ ਮੰਡੇਰ ਦੀ ਇਹ ਸਤਵੀਂ ਪੁਸਤਕ ਅਤੇ ਪਹਿਲਾ ਨਾਵਲ ਹੈ। ਇਸ ਤੋਂ ਪਹਿਲਾਂ ਉਹਨਾਂ ਪੰਜ ਕਾਵਿ ਪੁਸਤਕਾਂ ਅਤੇ ਇਕ ਅਮਰੀਕਾ ਸਫਰਨਾਮਾ ਲਿਖਿਆ ਹੈ।ਵਿਚਾਰ ਚਰਚਾ ਵਿਚ ਸੱਭ ਤੋਂ ਪਹਿਲਾਂ ਬਹੋਨਾ( ਮੋਗਾ) ਦੇ ਜੰਮਪਲ ਕਾਮਰੇਡ ਕਰਮਜੀਤ ਗਿੱਲ ਨੇ ਕਿਹਾ ਕਿ ਪਿੰਡ ਦੀ ਮਿੱਟੀ ਨਾਵਲ ਰਾਹੀਂ ਜੋਰਾ ਸਿੰਘ ਮੰਡੇਰ ਨੇ ਪੇਂਡੂ ਜੀਵਨ ਦੀ ਤਸਵੀਰ ਪੇਸ਼ ਕਰਨ ਦਾ ਯਤਨ ਕੀਤਾ ਹੈ। ਪਰ ਨਾਵਲ ਦਾ ਕੋਈ ਉਦੇਸ਼ ਨਾ ਹੋਣ ਅਤੇ ਇਸ ਵਿਚ ਰੌਚਕਿਤਾ ਦੀ ਘਾਟ ਕਾਰਨ ਇਹ ਪਾਠਕ ਵਿਚ ਪੜ੍ਹਣ ਦੀ ਦਿਲਚਸਪੀ ਪੈਦਾ ਕਰਨ ਵਿਚ ਪੂਰਾ ਕਾਮਯਾਬ ਨਹੀਂ ਹੁੰਦਾ। ਉਹਨਾਂ ਕਿਹਾ ਕਿ ਲੇਖਕ ਦਾ ਕੋਈ ਨਜ਼ਰੀਆ ( ਦ੍ਰਿਸ਼ਟੀਕੋਨ) ਜਰੂਰ ਹੋਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਦ੍ਰਿਸ਼ਟੀ ਤਾਂ ਪਸ਼ੂਆਂ ਜਨੌਰਾਂ ਕੋਲ ਵੀ ਹੁੰਦੀ ਹੈ ਪਰ ਦ੍ਰਿਸ਼ਟੀਕੋਨ ਸਿਰਫ ਮਨੁੱਖ ਕੋਲ ਹੁੰਦਾ ਹੈ। ਲੇਖਕ ਦ੍ਰਿਸ਼ਟੀਕੋਨ ਕਾਰਨ ਹੀ ਆਮ ਲੋਕਾਂ ਤੋਂ ਅੱਗੇ ਹੁੰਦਾ ਹੈ। ਜੇ ਲੇਖਕ ਭੀੜ ਤੋਂ ਵੱਖਰਾ ਨਜ਼ਰ ਨਹੀਂ ਆ ਰਿਹਾ ਤਾਂ ਸਮਝ ਲਓ ਕਿ ਇਸ ਕੋਲ ਆਪਣਾ ਕੋਈ ਨਜ਼ਰੀਆ ਹੀ ਨਹੀਂ। ਮਾ : ਹਰਚਰਨ ਸਿੰਘ ਨੇ ਕਿਹਾ ਕਿ ਨਾਵਲ ਦੀ ਪੇਂਡੂ ਬੋਲੀ ਅਤੇ ਪਾਤਰ ਪਾਠਕ ਨੂੰ ਆਪਣੇ ਵੱਲ ਆਕਰਸ਼ਤ ਤਾਂ ਕਰਦੇ ਹਨ ਪਰ ਇਹ ਬਹੁਤ ਪੁਰਾਣੇ ਸਮਿਆਂ ਦੀ ਤਸਵੀਰ ਪੇਸ਼ ਕਰਦਾ ਹੈ ਜਦੋਂ ਕਿ ਅੱਜ ਜ਼ਮਾਨਾ ਬਹੁਤ ਅੱਗੇ ਲੰਘ ਚੁੱਕਾ ਹੈ।
ਉਹਨਾਂ ਕਿਹਾ ਕਿ ਇਸ ਦੁਨੀਆਂ ਵਿਚ ਕੋਈ ਵੀ ਆਖਰੀ ਸੱਚ ਨਹੀਂ ਹੁੰਦਾ, ਸਿਰਫ ਪਰਿਵਰਤਣ ਹੀ ਸੱਚ ਹੈ ਅਤੇ ਲੇਖਕ ਨੂੰ ਸਮੇਂ ਦੇ ਇਸ ਪਰਿਵਰਤਣ ਨੂੰ ਸਮਝ ਕੇ ਹੀ ਵਕਤ ਦੇ ਹਾਣ ਦਾ ਬਨਣਾ ਚਾਹੀਦਾ ਹੈ। ਦਿਸ਼ਾਹੀਣ ਕਿਤਾਬ ਲਿਖ ਕੇ ਸਾਹਿਤਕ ਪਰਦੂਸ਼ਣ ਫੈਲਾਉਣ ਨਾਲੋਂ ਤਾਂ ਬਿਹਤਰ ਹੈ ਕਿ ਲੇਖਕ ਨਾ ਹੀ ਲਿਖੇ।ਉਹਨਾਂ ਕਿਹਾ ਕਿ ਕਾਗਜ਼ ਰੁੱਖਾਂ ਨੂੰ ਕੱਟ ਕੇ ਹੀ ਬਣਦਾ ਹੈ,ਇਸ ਲਈ ਬਿਨਾ ਮਕਸਦ ਕਿਤਾਬ ਛਪਵਾ ਕੇ ਅਸੀਂ ਸਮਾਜਿਕ ਅਤੇ ਮਾਨਸਿਕ ਪਰਦੂਸ਼ਣ ਹੀ ਫੈਲਾਉਂਦੇ ਹਾ। ਗ਼ਮਦੂਰ ਸਿੰਘ ਵਿਰਕ ਨੇ ਕਿਹਾ ਨਾਵਲ ਵਿਚ ਪਾਤਰ ਬਹੁਤ ਜਿਆਦਾ ਹਨ ਅਤੇ ਕਹਾਣੀ ਪੂਰੀ ਗੁੰਦਵੀਂ ਨਹੀਂ ਬਣ ਸਕੀ । ਫਿਰ ਵੀ ਲੇਖਕ ਪੁਰਾਣੇ ਸਮੇਂ ਦੀਆਂ ਰਹੁ ਰੀਤਾਂ ਦਾ ਵਰਨਣ ਕਰਨ ਵਿਚ ਕਾਮਯਾਬ ਰਿਹਾ ਹੈ। ਉਹਨਾਂ ਕਿਹਾ ਕਿ ਨਾਵਲ ਵਿਚ ਕਾਮਾਗਾਟਾ ਮਾਰੂ ਦੇ ਗਦਰੀ ਬਾਬੇ ਸ਼ਬਦ ਵਰਤਿਆ ਗਿਆ ਹੈ ਜਦੋਂ ਕਿ ਕਾਮਾਗਾਟਾ ਮਾਰੂ ਜਹਾਜ ਦੇ 376 ਮੁਸਾਫਿਰ ਸਿਰਫ ਰੋਜ਼ਗਾਰ ਲੱਭਣ ਦੀ ਖਾਤਿਰ ਹੀ ਕੈਨੇਡਾ ਦੀ ਧਰਤੀ ਵੱਲ ਆਏ ਸਨ ਪਰ ਦੋ ਮਹੀਨੇ ਦੀ ਖੱਜ਼ਲ ਖੁਆਰੀ ਬਾਦ ਜਹਾਜ ਵਾਪਸ ਕਰ ਦਿੱਤਾ ਗਿਆ । ਕੱਲਕੱਤੇ ਬਜਬੱਜਘਾਟ ਤੇ ਖੂਨੀ ਸਾਕਾ ਵਾਪਰ ਗਿਆ ਅਤੇ ਪੁਲਿਸ ਫਾਇਰੰਗ ਵਿਚ 22 ਮੁਸਾਫਿਰ ਮਾਰੇ ਗਏ।ਅਮਰਜੀਤ ਢਿੱਲੋਂ ਨੇ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ ਵਿਚ ਲੇਖਕਾਂ ਨੂੰ ਪੁਰਾਣੇ ਰਸਮ ਰਿਵਾਜ ਤਿਆਗ ਕੇ ਮੌਜੂਦ ਸਮੇਂ ਅਨੁਸਾਰ ਹੀ ਲਿਖਣਾ ਚਾਹੀਦਾ ਹੈ। ਸੱਭਿਆਚਾਰ ਕੋਈ ਸਦੀਵੀ ਨਹੀਂ ਹੁੰਦਾ ਕਿ ਇਸ ਨੂੰ ਸਾਂਭ ਕੇ ਰੱਖ ਲਿਆ ਜਾਵੇ ਇਹ ਸਮੇਂ ਦੇ ਨਾਲ ਨਾਲ ਬਦਲਦਾ ਹੈ।( ਅੱਜ ਦੇ ਸਮੇਂ ਵਿਚ ਘਗਰੇ ਫੁਲਕਾਰੀਆਂ ਗਈਆਂ ਦੇ ਰੋਣੇ ਨਹੀਂ ਸੋਭਦੇ। )ਜੇ ਇਸ ਵਿਚ ਖੜੋਤ ਆ ਜਾਵੇ ਤਾਂ ਸੱਭਿਆਚਾਰ ਵੀ ਬੁਸਬੁਸਾ ਹੋ ਕੇ ਸੜਿਹਾਂਦ ਮਾਰਨ ਲੱਗ ਜਾਂਦਾ ਹੈ। ਅੱਜ ਕੱਲ੍ਹ ਵਿਗਿਆਨਕ ਕਸੱਵਟੀ ਤੇ ਪੂਰੀ ਉਤਰਨ ਵਾਲੀ ਲਿਖਤ ਹੀ ਸਦੀਵੀ ਹੋ ਸਕਦੀ ਹੈ।ਲੇਖਕ ਨੂੰ ਸਿਰਫ ਕਿਤਾਬਾਂ ਦੀ ਗਿਣਤੀ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ ਸਗੋਂ ਉਸਨੂੰ ਗਿਣਤਾਮਕ ਪੱਖ ਤਿਆਗ ਕੇ ਗੁਣਨਾਮਿਕ ਪੱਖ ਅਪਨਾਉਣਾ ਚਾਹੀਦਾ ਹੈ। ਉਸਨੂੰ ਪ੍ਰਾਪਤ ਯਥਾਰਥ ਨੂੰ ਇੱਛਤ ਯਥਾਰਥ ਵਿਚ ਬਦਲਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਇੱਛਤ ਯਥਾਰਥ ਹਮੇਸ਼ਾ ਰੂੜੀਵਾਦੀ ਰਹੁ-ਰੀਤਾਂ ਤਿਆਗ ਕੇ ਅਤੇ ਵਿਗਿਆਨਕ ਸੋਚ ਅਪਣਾ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਪਿੰਡ ਰਣਸੀਂਹ ਕਿਆਂ ਦੇ ਮਾ: ਬਲਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਪਾਠਕਾਂ ਦੀ ਘਾਟ ਦਾ ਰੌਲਾ ਉਹ ਹੀ ਲੋਕ ਪਾਉਂਦੇ ਹਨ ਜਿਹਨਾਂ ਦੀ ਲਿਖਤ ਵਿਚ ਜਾਨ ਨਹੀਂ ਹੁੰਦੀ। ਚੰਗੀਆਂ ਅਤੇ ਸੇਧ ਦੇਣ ਵਾਲੀਆਂ ਕਿਤਾਬਾਂ ਦੇ ਪਾਠਕ ਅੱਜ ਵੀ ਬਹੁਤ ਹਨ। ਇਸ ਦੀ ਮਿਸਾਲ ਗੁਰਦਿਆਲ ਸਿੰਘ ਅਤੇ ਬਲਦੇਵ ਸਿੰਘ ਸੜਕਨਾਮਾ ਦੇ ਨਾਵਲਾਂ ਦੀ ਵਿਕਰੀ ਸਾਡੇ ਸਾਹਮਣੇ ਹੈ। ਸੁਲਤਾਨਪੁਰ ਲੋਧੀ ( ਕਪੂਰਥਲਾ) ਤੋਂ ਆਏ ਜਸਵੰਤ ਸਿੰਘ ਕੌੜਾ ਨੇ ਕਿਹਾ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਹਰ ਪੜ੍ਹਣ ਵਾਲੇ ਨੂੰ ਇਸ ਚੋਂ ਆਪਣਾ ਚਿਹਰਾ ਨਜ਼ਰ ਆਉਣਾ ਚਾਹੀਦਾ ਹੈ। ਜੇ ਕੋਈ ਕਿਤਾਬ ਤੁਹਾਨੂੰ ਜ਼ਿੰਦਗੀ ਜੀਣ ਦਾ ਨਵਾਂ ਉਤਸ਼ਾਹ ਨਹੀਂ ਦਿੰਦੀ ਤਾਂ ਉਸ ਕਿਤਾਬ ਨੂੰ ਜੰਮਣ ਪੀੜਾਂ ਸਹਿਣ ਤੋਂ ਪਹਿਲਾਂ ਹੀ ਮਰ ਜਾਣਾ ਚਾਹੀਦਾ ਹੈ। ਅਖੀਰ ਵਿਚ ਸ਼੍ਰੀ ਬਲਦੇਵ ਸਿੰਘ ਖੋਸਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੜ੍ਹਣ ਵਾਸਤੇ ਸਮਾਂ ਜਰੂਰ ਕੱਢਣਾ ਚਾਹੀਦਾ ਹੈ। ਚੰਗੀਆਂ ਪੁਸਤਕਾਂ ਸਾਨੂੰ ਵਧੀਆ ਜੀਵਨ ਜਾਚ ਸਿਖਾਉਂਦੀਆਂ ਹਨ।ਅਸੀਂ ਤਾਸ਼ ਖੇਡ ਕੇ ਵਕਤ ਕਤਲ ਤਾਂ ਜਰੂਰ ਕਰਦੇ ਹਾਂ ਪਰ ਵਕਤ ਦਾ ਸਦਉਪਯੋਗ ਸਿਰਫ ਕਿਤਾਬਾਂ ਰਸਾਲੇ ਪੜ੍ਹ ਕੇ ਹੀ ਹੋ ਸਕਦਾ ਹੈ। ਇਸ ਨਾਲ ਸਾਡੇ ਗਿਆਨ ਵਿਚ ਵੀ ਵਾਧਾ ਹੁੰਦਾ ਹੈ ,ਨਹੀਂ ਤਾਂ ਫਿਰ ਅਸੀਂ ਸਾਰੀ ਉਮਰ ਖੂਹ ਦੇ ਡੱਡੂ ਬਣ ਕੇ ਹੀ ਗੁਜ਼ਾਰ ਦਿੰਦੇ ਹਾਂ। ਉਹਨਾਂ ਦੱਸਿਆ ਕਿ ਵਿਨੀਪੈਗ ਦੀ ਪਾਈਪ ਲਾਈਨ ਤੇ ਬਣੇ ਗੁਰਦਵਾਰਾ ਸਿੱਖ ਸੁਸਾਇਟੀ ਵਿਚ ਬਹੁਤ ਵੱਡੀ ਲਾਇਬ੍ਰੇਰੀ ਹੈ ਅਤੇ ਹਰ ਵਿਸ਼ੇ ਨਾਲ ਸਬੰਧਿਤ ਕਿਤਾਬਾਂ ਮਿਲਦੀਆਂ ਹਨ। ਇਸ ਲਾਇਬ੍ਰੇਰੀ ਦੇ ਮੈਂਬਰ ਬਣ ਕੇ ਸਾਰਿਆਂ ਨੂੰ ਪੁਸਤਕਾਂ ਪੜ੍ਹਣ ਲਈ ਵਕਤ ਕੱਢਣ ਚਾਹੀਦਾ ਹੈ। ਅੰਤ ਵਿਚ ਨਾਵਲ ਪਿੰਡ ਦੀ ਮਿੱਟੀ ਦੇ ਲੇਖਕ ਜੋਰਾ ਸਿੰਘ ਮੰਡੇਰ ਨੇ ਚਰਚਾ ਵਿਚ ਹਿੱਸਾ ਲੈਣ ਵਾਲੇ ਸਾਰੇ ਲੇਖਕਾਂ-ਪਾਠਕਾਂ ਦਾ ਧੰਨਵਾਦ ਕਰਿਦਆਂ ਕਿਹਾ ਕਿ ਉਹ ਅਗਲੇ ਨਾਵਲ ਵਿਚ ਇਹਨਾਂ ਗੱਲਾਂ ਦਾ ਖਿਆਲ ਰੱਖਣਗੇ ਅਤੇ ਆਪਣਾ ਕੋਈ ਉਦੇਸ਼ ਮਿੱਥ ਕੇ ਨਵਾਂ ਨਾਵਲ ਲਿਖਣਗੇ। ਇਸ ਚਰਚਾ ਵਿਚ ਹੋਰਨਾਂ ਤੋਂ ਇਲਾਵਾ ਡਾ: ਜਗਦੀਪ ਸਿੰਘ ਸ਼ੇਖ ਚੱਕ,ਪ੍ਰੀਤਮ ਸਿੰਘ ਦੋਰਾਹਾ,ਪਰਜੀਤ ਸਿੰਘ ਸਿਧੂ ਅਤੇ ਭਾਗ ਮੱਲ ਸ਼ਰਮਾ ਨੇ ਵੀ ਭਾਗ ਲਿਆ।
ਅਮਰਜੀਤ ਢਿੱਲੋਂ ਦਬੜ੍ਹੀਖਾਨਾ
ਅਮਰਜੀਤ ਢਿੱਲੋਂ ਦਬੜ੍ਹੀਖਾਨਾ)