ਬਦਲਾਓ (ਕਵਿਤਾ)

ਸਵਰਨਜੀਤ ਕੌਰ ਗਰੇਵਾਲ( ਡਾ.)   

Email: dr.sawarngrewal@gmail.com
Cell: +91 98726 65229
Address:
Ludhiana India
ਸਵਰਨਜੀਤ ਕੌਰ ਗਰੇਵਾਲ( ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਹੀਂ ਲੋੜ ਮੈਨੂੰ ਕਿ

ਤਾਂਘਦੀ ਰਹਾਂ 

ਤੇਰੇ ਸਾਥ ਨੂੰ !

ਤੈਨੂੰ ਰੁੱਸੇ ਨੂੰ ਮਨਾਉਣ ਲਈ

ਕੱਢਦੀ ਰਹਾਂ ਲਿਲਕੜੀਆਂ !

ਹੁਣ ਨਹੀਂ ਸਹਾਂਗੀ ਮੈਂ......

ਕਿ ਤੂੰ ਦਾਰੂ ਦੀ ਲੋਰ 'ਚ ਟੁੰਨ

ਜਦੋਂ ਚਾਹੇਂ ਸੇਕ ਦੇਵੇਂ ਮੇਰੇ ਹੱਡ

ਤੇ ਜਾਂ ਫਿਰ........

ਭੋਗ ਲਵੇਂ ਮੈਨੂੰ.......

ਇਕ ਨਿਰਜਿੰਦ ਵਸਤ ਵਾਂਗ !

ਨਹੀਂ ਲੋੜ ਮੈਨੂੰ .......

ਕਿ ਤੇਰੀ ਅਣਖ ਦੀ ਖ਼ਾਤਰ

ਝੱਲਦੀ ਰਹਾਂ ਚੁੱਪ-ਚਾਪ.....

ਤੇਰੀ ਦਿੱਤੀ ਹਰ ਸਜ਼ਾ !

ਨਹੀਂ, ਨਹੀਂ, ਨਹੀਂ ਤੇ ਕਦੀ ਨਹੀਂ

ਕਿ ਹਰ ਸਾਲ ਜੰਮੀ ਜਾਵਾਂ

ਬਲੂਰਾਂ ਵਾਂਗ ਬੱਚੇ......

ਕਿਸੇ ਮਸ਼ੀਨ ਵਾਂਗ !

ਬਦਲ ਚੁੱਕੀ ਹਾਂ ਮੈਂ !

ਬਦਲ ਗਈ ਏ

ਮੇਰੀ ਫ਼ਿਤਰਤ !

ਤੂੰ ਨਹੀਂ ਹੋ ਸਕਦਾ

ਮੇਰੀ ਜ਼ਿੰਦਗੀ ਦਾ

ਸੂਤਰਧਾਰ !

ਮੇਰੀ ਜ਼ਿੰਦਗੀ ਹੁਣ

ਆਪਣੀ ਹੈ ਮੇਰੀ !

ਤੇ ਹੁਣ.......

ਇਸ ਦੀ ਕਰਣਧਾਰ ਵੀ ਮੈਂ ਹਾਂ !

ਤੇ ਕਰਮਧਾਰਕ ਵੀ ਮੈਂ ! 

ਤੇਰੀ ਸਿਰਫ਼ ਤੇ ਸਿਰਫ਼ 

ਸਾਥਣ ਹੋ ਸਕਦੀ ਹਾਂ !

ਜੇ ਮਨਜ਼ੂਰ ਹੈ ਤੈਨੂੰ 

ਤਾਂ ਆ ਚੱਲੀਏ

ਕਦਮ ਨਾਲ ਕਦਮ ਮਿਲਾ ਕੇ !!