ਮੀਟਿੰਗਾਂ (ਮਿੰਨੀ ਕਹਾਣੀ)

ਬਲਵਿੰਦਰ ਸਿੰਘ ਭੁੱਲਰ   

Email: bhullarbti@gmail.com
Cell: +91 98882 75913
Address: ਭੁੱਲਰ ਹਾਊਸ ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ India
ਬਲਵਿੰਦਰ ਸਿੰਘ ਭੁੱਲਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਵੇਂ ਆਏ ਐੱਸ ਐੱਸ ਪੀ ਨੇ ਥਾਨੇ ਦਾ ਦੌਰਾ ਕਰਨ ਦਾ ਪ੍ਰੋਗਰਾਮ ਤਹਿ ਕਰਦਿਆਂ ਥਾਨਾ ਮੁਖੀ ਨੂੰ ਹਦਾਇਤ ਕੀਤੀ ਕਿ ਸੋਮਵਾਰ ਵਾਲੇ ਦਿਨ ਥਾਨੇ ਨਾਲ ਸਬੰਧਤ ਬਦਮਾਸ ਅਪਰਾਧੀ  ਬੁਲਾਏ ਜਾਣ ਉਹਨਾਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਉਸਤੋਂ ਬਾਅਦ ਪਤਵੰਤੇ ਵਿਅਕਤੀਆਂ ਨੂੰ ਸੱਦਾ ਭੇਜਿਆ ਜਾਵੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਸੁਝਾਅ ਲਏ ਜਾਣਗੇ।
ਮਿਥੇ ਸਮੇਂ ਤੇ ਐੱਸ ਐੱਸ ਪੀ ਸਾਹਿਬ ਪਹੁੰਚ ਗਏ, ਥਾਨੇ ਦੇ ਵਿਹੜੇ ਵਿੱਚ ਵਿਛਾਈਆਂ ਦਰੀਆਂ ਤੇ ਅਪਰਾਧੀ ਕਿਸਮ ਦੇ ਲੋਕ ਬੈਠੇ ਸਨ, ਮੂਹਰੇ ਕੁਰਸੀ ਡਾਹੀ ਹੋਈ ਸੀ। ਐੱਸ ਐੱਸ ਪੀ ਸਾਹਿਬ ਕੁਰਸੀ ਤੇ ਸਸੋਭਤ ਹੋਏ ਅਤੇ ਕਹਿਣ ਲੱਗੇ,''ਮੈਂ ਇਸ ਥਾਨੇ ਦੇ ਖੇਤਰ ਵਿੱਚ ਸਾਂਤੀ ਦੇਖਣੀ ਚਾਹੁੰਦਾ ਹਾਂ, ਆਪਣੇ ਆਪ ਅਪਰਾਧਿਕ ਕੰਮਾਂ ਤੋਂ ਪਾਸਾ ਵੱਟ ਲਓ, ਜੇਕਰ ਕਿਸੇ ਨੇ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਪਣਾ ਭਾਸ਼ਣ ਖਤਮ ਕਰਨ ਉਪਰੰਤ ਐੱਸ ਐੱਸ ਪੀ ਸਾਹਿਬ ਖਾਣਾ ਖਾਣ ਚਲੇ ਗਏ ਅਤੇ ਦੁਜੀ ਮੀਟਿੰਗ ਲਈ ਪ੍ਰਬੰਧ ਸੁਰੂ ਕਰ ਦਿੱਤੇ ਗਏ।
ਐੱਸ ਐੱਸ ਪੀ ਸਾਹਿਬ ਮੁੜ ਆਏ ਤਾਂ ਦਰੀਆਂ ਚੁੱਕ ਕੇ ਕੁਰਸੀਆਂ ਡਾਹ ਦਿੱਤੀਆਂ ਗਈਆਂ ਸਨ, ਜੋ ਖਚਾਖਚ ਭਰੀਆਂ ਹੋਈਆਂ ਸਨ। ਐੱਸ ਐੱਸ ਪੀ ਸਾਹਿਬ ਸਾਹਮਣੇ ਪਈ ਕੁਰਸੀ ਤੇ ਬੈਠ ਕੇ ਸੁਝਾਅ ਮੰਗਣ ਹੀ ਲੱਗੇ ਸਨ, ਕਿ ਸਾਹਮਣੇ ਬੈਠੇ ਲੋਕਾਂ ਵਿੱਚ ਵਧੇਰੇ ਚਿਹਰੇ ਉਹ ਦਿਖਾਈ ਦਿੱਤੇ ਜੋ ਪਹਿਲੀ ਮੀਟਿੰਗ 'ਚ ਦਰੀਆਂ ਤੇ ਬੈਠੇ ਸਨ। ਉਹਨਾਂ ਥਾਨਾ ਮੁਖੀ ਨੂੰ ਆਪਣੇ ਪਾਸ ਬੁਲਾ ਕੇ ਪੁੱਛਿਆ ਕਿ ਇਹ ਕੀ ਮਾਜਰਾ ਹੈ ਉਹੀ ਬੰਦੇ ਅਪਰਾਧੀਆਂ ਵਿੱਚ ਸਾਮਲ ਸਨ ਅਤੇ ਉਹੀ ਹੁਣ ਪਤਵੰਤੇ ਸੱਜਣਾ ਵਿੱਚ ਬੈਠੇ ਹਨ।
''ਜਨਾਬ ਇਹ ਲੋਕ ਪੰਚ ਸਰਪੰਚ ਜਾਂ ਸਿਆਸੀ ਪਾਰਟੀਆਂ ਦੇ ਅਹੁਦੇਦਾਰ ਹਨ, ਜਿਹਨਾਂ ਨੂੰ ਪਤਵੰਤੇ ਵਿਅਕਤੀ ਕਿਹਾ ਜਾਂਦਾ ਹੈ, ਪਰ ਇਹਨਾਂ ਲੋਕਾਂ ਤੇ ਜਮੀਨਾਂ ਪਲਾਟਾਂ ਤੇ ਕਬਜੇ ਕਰਨ, ਦਾਜ ਦਹੇਜ ਮੰਗਣ, ਕੁੱਟਮਾਰ ਲੁੱਟਮਾਰ ਕਰਨ, ਬੂਥਾਂ ਤੇ ਕਬਜੇ ਕਰਨ ਵਰਗੇ ਮੁਕੱਦਮੇ ਦਰਜ ਹਨ, ਇਸ ਲਈ ਇਹੀ ਲੋਕ ਅਪਰਾਧੀ ਮੰਨੇ ਜਾਂਦੇ ਹਨ।'' ਥਾਨਾ ਮੁਖੀ ਨੇ ਅਸਲੀਅਤ ਪੇਸ ਕੀਤੀ ਤਾਂ ਐੱਸ ਐੱਸ ਪੀ ਸੋਚਾਂ ਵਿੱਚ ਡੁੱਬ ਗਿਆ।