ਤੁਹਾਨੂੰ ਕੀ ਲੱਗਦਾ ?
(ਮਿੰਨੀ ਕਹਾਣੀ)
ਰੋਜ਼ ਦੀ ਤਰ੍ਹਾਂ ਕਾਲਜ ਖਤਮ ਹੋਇਆ ਤਾਂ ਪ੍ਰੀਤ ਬੱਸ ਵਿੱਚ ਆ ਬੈਠੀ। ਇੱਕ ਪੰਜਾਹ ਕੁ ਸਾਲ ਦਾ ਚਿੱਟ- ਦਾੜ੍ਹੀਆ ਬੰਦਾ ਉਸ ਦੇ ਨਾਲ ਵਾਲੀ ਸੀਟ ਤੇ ਆ ਬੈਠਾ ।ਪ੍ਰੀਤ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ। ਥੋੜ੍ਹੀ ਦੇਰ ਬਾਅਦ ਉਸ ਨੂੰ ਕੂਹਣੀ ਦੀ ਚੁਭਨ ਮਹਿਸੂਸ ਹੋਈ। ਉਸ ਨੇ ਅੱਗੇ ਹੋ ਕੇ ਵੇਖਿਆ ਉਹ ਬੰਦਾ ਜਾਣ ਬੁੱਝ ਕੇ ਸੀਟ ਮਗਰ ਲੱਗੇ ਹੱਥੇ ਨੂੰ ਫੜ ਬਾਹਾਂ ਫੈਲਾਈ ਬੈਠਾ ਸੀ ।ਜਿਸ ਕਾਰਨ ਕੂਹਣੀ ਪ੍ਰੀਤ ਨੂੰ ਚੁਭ ਰਹੀ ਸੀ। ਜਦੋਂ ਪ੍ਰੀਤ ਉਸ ਵੱਲ ਕੌੜਾ ਜਿਹਾ ਵੇਖਦੀ ਤਾਂ ਸਿੱਧਾ ਹੋ ਜਾਂਦਾ।ਥੋੜ੍ਹੀ ਦੇਰ ਬਾਅਦ ਫੇਰ ਉਹੀ।ਇਸ ਵਾਰ ਪ੍ਰੀਤ ਬੋਲੀ ,"ਬਾਊ ਜੀ ,ਤੁਹਾਨੂੰ ਕੀ ਲੱਗਦਾ ਕਿ ਕਿਸੇ ਬੰਦੇ ਨੂੰ ਕਿੰਨੀ ਕੁ ਉਮਰ ਵਿੱਚ ਅਕਲ ਆ ਜਾਂਦੀ ਹੈ "?ਪ੍ਰੀਤ ਦਾ ਸਵਾਲ ਸੁਣ ਪਹਿਲਾਂ ਤਾਂ ਉਹ ਹੱਕਾ-ਬੱਕਾ ਜਿਹਾ ਹੋ ਗਿਆ। ਆਪਣੇ ਆਪ ਨੂੰ ਸੰਭਾਲਦਾ ਹੋਇਆ ਬੋਲਿਆ," ਭਾਈ ਤੀਹ ਕੁ ਸਾਲ ਤੱਕ ਆ ਈ ਜਾਂਦੀ ਏ ਅਕਲ ਪਰ ਅੱਜ ਕੱਲ੍ਹ ਤਾਂ ਨਿੱਕੇ-ਨਿੱਕੇ ਨਿਆਣੇ ਮਾਨ ਨੀ "।"ਅੱਛਾ" ਪ੍ਰੀਤ ਨੇ ਕਿਹਾ ,ਪਰ ਮੈਨੂੰ ਤਾਂ ਲੱਗਦਾ ਕਿ ਕਿਸੇ-ਕਿਸੇ ਨੂੰ ਸਾਰੀ ਉਮਰ ਅਕਲ ਨਹੀਂ ਆਉਂਦੀ ।ਦਾੜ੍ਹੀ ਵੀ ਚਿੱਟੀ ਹੋ ਜਾਵੇ ਚਾਹੇ। ਨਾ ਬੈਠਣ ਦਾ ਨਾ ਖੜਨ ਦਾ ਪਤਾ , ਨਾ ਉਮਰ ਦਾ ਕੋਈ ਲੁਹ-ਲਿਹਾਜ਼ ।ਤੁਹਾਨੂੰ ਕੀ ਲੱਗਦਾ ਕੀ ਇਦਾ ਨਹੀਂ ?ਹੁਣ ਉਹ ਸਮਝ ਗਿਆ ਕਿ ਪ੍ਰੀਤ ਕਿੱਥੇ ਬੋਲ ਰਹੀ ਹੈ ।ਅਗਲੇ ਹੀ ਪਲ ਉਹ ਨਿੰਮੋਝੂਣਾ ਜਿਹਾ ਹੋਇਆ ਉੱਥੋਂ ਉੱਠ ਅੱਗੇ ਡਰਾਈਵਰ ਕੋਲ ਜਾ ਬੈਠਾ ।