ਜ਼ਿੰਦਗੀ 'ਚ ਬਦਲਣਾ ਜ਼ਰੂਰੀ ਹੈ (ਲੇਖ )

ਕੈਲਾਸ਼ ਚੰਦਰ ਸ਼ਰਮਾ   

Email: kailashchanderdss@gmail.com
Cell: +91 80540 16816
Address: 459,ਡੀ ਬਲਾਕ,ਰਣਜੀਤ ਐਵੀਨਿਊ,
ਅੰਮ੍ਰਿਤਸਰ India
ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੀਵਨ ਇੱਕ ਸੰਘਰਸ਼ ਹੈ, ਚੁਣੌਤੀਆਂ ਨਾਲ ਭਰਪੂਰ।ਕੌਣ ਕਿਹੋ ਜਿਹੀ ਜ਼ਿੰਦਗੀ ਗੁਜ਼ਾਰਦਾ ਹੈ, ਇਹ ਵਿਅਕਤੀ ਦੀ ਸੋਚ, ਹਿੰਮਤ ਤੇ ਉਤਸ਼ਾਹ 'ਤੇ ਨਿਰਭਰ ਕਰਦਾ ਹੈ।ਜਿਨ੍ਹਾਂ ਲੋਕਾਂ ਨੂੰ ਜ਼ਿੰਦਗੀ ਜਿਊਣ ਦੀ ਜਾਚ ਆ ਜਾਵੇ, ਉਹ ਮੁਸ਼ਕਲਾਂ ਤੋਂ ਨਹੀਂ ਘਬਰਾਉਂਦੇ।ਉਹ ਨਾ ਤਾਂ ਕਦੇ ਉਦਾਸ ਹੁੰਦੇ ਹਨ ਅਤੇ ਨਾ ਹੀ ਕੋਈ ਉਨ੍ਹਾਂ ਨੂੰ ਉਦਾਸ ਕਰ ਸਕਦਾ ਹੈ।ਅਜਿਹੇ ਵਿਅਕਤੀਆਂ ਦੇ ਚਿਹਰੇ 'ਤੇ ਸਦਾ ਖੁਸ਼ੀਆਂ ਦੀ ਇਬਾਰਤ ਲਿਖੀ ਹੁੰਦੀ ਹੈ, ਰੁਕਾਵਟਾਂ ਤੋਂ ਕਦੇ ਨਹੀਂ ਘਬਰਾਉਂਦੇ ਸਗੋਂ ਹੋਰ ਜੋਸ਼ ਨਾਲ ਅੱਗੇ ਵਧਦੇ ਹੋਏ ਹਰ ਚੁਣੌਤੀ ਨੂੰ ਇਕ ਮੌਕੇ ਵਾਂਗ ਲੈਂਦੇ ਹਨ। ਖੁਦ ਨੂੰ ਸਾਬਤ ਕਰਨ ਦਾ ਮੌਕਾ, ਰੁਕਾਵਟਾਂ 'ਤੇ ਜਿੱਤ ਹਾਸਲ ਕਰਨ ਦਾ ਮੌਕਾ, ਜੀਵਨ ਯਾਤਰਾ ਦਾ ਮਜ਼ਾ ਲੈਣ ਦਾ ਮੌਕਾ। ਜਿਹੜੇ ਲੋਕ ਆਪਣੇ ਅੰਦਰ ਇਸ ਤਰ੍ਹਾਂ ਦੀ ਮਨੋਦਸ਼ਾ ਪੈਦਾ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ, ਜੀਵਨ ਦੇ ਹਰ ਖੇਤਰ ਵਿਚ ਸਫਲਤਾ ਉਨ੍ਹਾਂ ਦੇ ਕਦਮ ਚੁੰਮਦੀ ਹੈ।
        ਪ੍ਰਸਿੱਧ ਦਾਸ਼ਨਿਕ ਟਾਲਸਟਾਏ ਦੇ ਕਥਨ ਅਨੁਸਾਰ, " ਮਨੁੱਖ ਸਭ ਤੋਂ ਜ਼ਿਆਦਾ ਤਸੀਹੇ ਆਪਣੇ ਵਿਚਾਰਾਂ ਕਾਰਨ ਹੀ ਭੋਗਦਾ ਹੈ"। ਪਿਛਾਂਹ-ਖਿਚੂ ਰੁਚੀ ਉਨ੍ਹਾਂ ਨੂੰ ਕੁਝ ਕਰਨ ਤੋਂ ਅਸਮਰਥ ਕਰ ਦਿੰਦੀ ਹੈ।ਜ਼ਿੰਦਗੀ ਵਿਚ ਜਿੰਨੀਆਂ ਮਰਜੀ ਮੁਸ਼ਕਲਾਂ ਆ ਜਾਣ ਕਦੇ ਵੀ ਚਿੰਤਾ ਦੀ ਪਰਛਾਈ ਆਪਣੇ ਨਜ਼ਦੀਕ ਨਾ ਆਉਣ ਦਿਓ ਕਿਉਂਕਿ ਚਿੰਤਾ ਕਰਨ ਨਾਲ ਸਥਿਤੀ ਸੁਧਰਦੀ ਨਹੀਂ ਸਗੋਂ ਕਈ ਗੁਣਾਂ ਖਰਾਬ ਹੋ ਜਾਂਦੀ ਹੈ।ਅਜਿਹੇ ਸਮੇਂ ਜੇਕਰ ਅਸੀਂ ਸ਼ਾਂਤ ਰਹਿ ਕੇ ਵਿਚਾਰ ਕਰੀਏ ਤਾਂ ਸਮੱਸਿਆ ਦਾ ਹੱਲ ਮਿਲ ਜਾਂਦਾ ਹੈ।ਜੋ ਵਿਅਕਤੀ ਕਠਿਨਾਈਆਂ ਤੋਂ ਘਬਰਾ ਕੇ ਹਿੰਮਤ ਹਾਰ ਜਾਂਦੇ ਹਨ, ਸਫਲਤਾ ਉਨ੍ਹਾਂ ਤੋਂ ਦੂਰ ਭੱਜ ਜਾਂਦੀ ਹੈ।ਅਕਸਰ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਫਿਕਰਮੰਦ ਰਹਿੰਦੇ ਹਾਂ ਅਤੇ ਇਹ ਭੁੱਲ ਜਾਂਦੇ ਹਾਂ ਕਿ ਸਾਡੇ 'ਤੇ ਪ੍ਰਮਾਤਮਾ ਦੀ ਕਿੰਨੀ ਕ੍ਰਿਪਾ ਹੈ।ਮਿਲਦਾ ਤਾਂ ਜੀਵਨ ਵਿਚ ਸਾਨੂੰ ਬਹੁਤ ਕੁਝ ਹੈ ਪਰ ਗਿਣਤੀ ਕੇਵਲ ਉਨ੍ਹਾਂ ਦੀ ਹੀ ਕਰਦੇ ਹਾਂ ਜੋ ਸਾਨੂੰ ਪ੍ਰਾਪਤ ਨਹੀਂ ਹੋਇਆ।ਜਿਸ ਦਿਨ ਅਸੀਂ ਜੀਵਨ ਵਿਚ ਪ੍ਰਮਾਤਮਾ ਵੱਲੋਂ ਪ੍ਰਾਪਤ ਸੌਗਾਤਾਂ ਨੂੰ ਆਪਣੇ ਵਿਚਾਰਾਂ ਦਾ ਹਿੱਸਾ ਬਣਾ ਲਵਾਂਗੇ ਤਾਂ ਸਾਡੀ ਜ਼ਿੰਦਗੀ ਆਨੰਦ ਨਾਲ ਭਰ ਜਾਵੇਗੀ।ਸਮੁੰਦਰ ਸਭ ਲਈ ਇੱਕੋ ਜਿਹਾ ਹੁੰਦਾ ਹੈ ਪਰ ਕਈ ਲੋਕ ਉਸ ਵਿਚੋਂ ਮੋਤੀ ਲੱਭ ਲੈਂਦੇ ਹਨ, ਕੁਝ ਮੱਛੀਆਂ ਤੇ ਕੁਝ ਕੇਵਲ ਗਿੱਲੀਆਂ ਲੱਤਾਂ ਨਾਲ ਹੀ ਬਾਹਰ ਆ ਜਾਂਦੇ ਹਨ।ਇਸੇ ਤਰ੍ਹਾਂ ਜੀਵਨ ਵਿਚ ਜੋ ਲੋਕ ਹਾਲਾਤਾਂ ਦਾ ਮੁਕਾਬਲਾ ਹਿੰਮਤ ਤੇ ਦਲੇਰੀ ਨਾਲ ਕਰਦੇ ਹੋਏ ਮੰਜ਼ਿਲ ਪ੍ਰਾਪਤੀ ਲਈ ਸਮੇਂ-ਸਮੇਂ 'ਤੇ ਬਦਲਦੇ ਰਹਿੰਦੇ ਹਨ, ਖੁਸ਼ੀਆਂ ਉਨ੍ਹਾਂ ਦੇ ਇਰਦ- ਗਿਰਦ ਹੀ ਰਹਿੰਦੀਆਂ ਹਨ।ਯਾਦ ਰੱਖੋ, ਕੇਵਲ ਪਾਣੀ ਨਾਲ ਨਹਾਉਣ ਵਾਲੇ ਨਹੀਂ ਬਲਕਿ ਪਸੀਨੇ ਨਾਲ ਨਹਾਉਣ ਵਾਲੇ ਹੀ ਦੁਨੀਆਂ ਬਦਲਦੇ ਹਨ।ਬੁਰੇ ਸੰਸਕਾਰ ਦੂਰ ਕਰਨੇ ਹੀ ਪੈਣਗੇ ਤਾਂ ਹੀ ਸੁੱਖ ਤੇ ਆਨੰਦ ਦੀ ਜੋਤ ਜਗਾਈ ਜਾ ਸਕਦੀ ਹੈ।ਇਸ ਲਈ ਜ਼ਿੰਦਗੀ ਨੂੰ ਆਨੰਦ ਨਾਲ ਭਰਨ ਲਈ, ਮਨ ਵਿਚ ਕੁਝ ਸਕਾਰਾਤਮਕ ਵਿਚਾਰ ਪਾਉਂਦੇ ਹੋਏ ਚਿੰਤਨ ਕਰਨ ਦੇ ਨਾਲ ਜੀਵਨ'ਚ ਬਦਲਣ ਦੀ ਕੋਸ਼ਿਸ਼ ਕਰੀਏ।
        ਸਾਡਾ ਮਨ ਇਕ ਬਾਲਟੀ ਵਾਂਗ ਹੈ ਜਿਸ ਵਿਚ ਵਿਕਾਰ ਰੂਪੀ ਕਈ ਛੇਕ ਹਨ।ਇਸ ਲਈ ਸਕਾਰਾਤਮਕ ਵਿਚਾਰਾਂ ਨਾਲ ਇਨ੍ਹਾਂ ਛੇਕਾਂ ਨੂੰ ਬੰਦ ਕਰਦੇ ਹੋਏ ਆਪਣੇ ਮਨ ਨੂੰ ਨਿਰਮਲ ਕਰਨ ਦੀ ਕੋਸ਼ਿਸ਼ ਕਰੋ।ਇਸ ਲਈ ਹਰ ਦਿਨ ਬਦਲਣ ਲਈ ਯਤਨ ਕਰੋ ਕਿਉਂਕਿ ਰੋਜ਼ ਦੀਆਂ ਆਦਤਾਂ 'ਤੇ ਹੀ ਵਿਅਕਤੀ ਦੀ ਸਫਲਤਾ ਨਿਰਭਰ ਕਰਦੀ ਹੈ।ਬੁਰਿਆਈ ਨੂੰ ਵੇਖਣਾ ਅਤੇ ਸੁਣਨਾ ਹੀ ਬੁਰਿਆਈ ਦੀ ਸ਼ੁਰੂਆਤ ਹੈ।ਇਸ ਲਈ ਹਰ ਇਕ 'ਚੋਂ ਚੰਗਾ ਵੇਖਣ ਦੀ ਕੋਸ਼ਿਸ਼ ਕਰੋ।ਦੂਸਰਿਆਂ ਦੇ ਦੋਸ਼ਾਂ ਨੂੰ ਵੇਖਣ ਲਈ ਅੱਖਾਂ  ਬੰਦ ਕਰ ਲਓ ਕਿਉਂਕਿ ਬੁਰੇ ਬੰਦੇ ਵਿਚ ਵੀ ਕੁਝ ਚੰਗੇ ਗੁਣ ਵੀ ਹੁੰਦੇ ਹਨ।ਇਸ ਤਰ੍ਹਾਂ ਕਰਨ ਨਾਲ ਜੀਵਨ ਵਿਚ ਸ਼ਾਂਤੀ ਮਿਲ ਜਾਵੇਗੀ ਜੋ ਸਮੱਸਿਆਵਾਂ ਦੇ ਹੱਲ ਦਾ ਆਧਾਰ ਹੈ। ਸਿਹਤ ਕੇਵਲ ਦਵਾਈਆਂ ਤੋਂ ਹੀ ਨਹੀਂ ਬਲਕਿ ਮਾਨਸਿਕ, ਦਿਲ, ਆਤਮਾ ਦੀ ਸ਼ਾਂਤੀ ਅਤੇ ਹਾਸੇ ਤੇ ਪਿਆਰ ਤੋਂ ਵੀ ਉਪਜਦੀ ਹੈ।ਇਸ ਲਈ ਇਨ੍ਹਾਂ ਦੀ ਪ੍ਰਾਪਤੀ ਵਾਸਤੇ ਆਪਣੇ ਵਿਚਾਰਾਂ ਵਿਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰੋ।ਸਫਲਤਾ, ਪੌੜੀ ਚੜ੍ਹਨ ਵਾਂਗ ਨਹੀਂ ਹੈ ਬਲਕਿ ਪਿਰਾਮਿਡ ਚੜ੍ਹਨ ਵਾਂਗ ਹੈ ਕਿਉਂਕਿ ਜਿਉਂ-ਜਿਉਂ ਅਸੀਂ ਉੱਪਰ ਚੜ੍ਹਦੇ ਹਾਂ ਮੁਕਾਬਲਾ ਵਧਦਾ ਹੀ ਜਾਂਦਾ ਹੈ।ਆਪਣੇ ਇਰਾਦੇ 'ਤੇ ਅਟੱਲ ਰਹੋ।ਕਦੇ ਵੀ ਹਾਰੀ ਜ਼ਿੰਦਗੀ ਵਾਂਗ ਹਾਲਾਤ ਨਾਲ ਸਮਝੌਤਾ ਕਰਨ ਲਈ ਮਜਬੂਰ ਨਾ ਹੋਵੋ।ਜੀਵਨ ਵਿਚ ਕੁਝ ਦਿਨ ਬੁਰੇ ਹੋ ਸਕਦੇ ਹਨ, ਸਾਰੀ ਜ਼ਿੰਦਗੀ ਨਹੀਂ।ਸੁਪਨੇ, ਉਮੀਦਾਂ ਅਤੇ ਇੱਛਾਵਾਂ ਦੇ ਨਾਖੁਨ ਸਮੇਂ-ਸਮੇਂ 'ਤੇ ਕੱਟਦੇ ਰਹੋ ਕਿਉਂਕਿ ਅਕਸਰ ਇਹੀ ਦੁੱਖ ਦਾ ਕਾਰਨ ਬਣਦੇ ਹਨ।ਮਨ ਨੂੰ ਤੰਦਰੁਸਤ ਰੱਖਣ ਲਈ ਦੈਨਿਕ ਜੀਵਨ ਵਿਚ ਸੰਜਮ, ਨਿਯਮ, ਸੰਤੋਖ ਅਤੇ ਮਨ ਨੂੰ ਨਿਯੰਤਰਿਤ ਕਰਨ ਦਾ ਅਭਿਆਸ ਲਗਾਤਾਰ ਕਰਦੇ ਰਹੋ।
        ਜ਼ਿੰਦਗੀ 'ਚ ਖੁਦ ਨੂੰ ਕਿਸੇ ਵੀ ਇਨਸਾਨ ਦਾ ਆਦੀ ਨਾ ਬਣਾਓ ਕਿਉਂਕਿ ਇਨਸਾਨ ਬਹੁਤ ਸਵਾਰਥੀ ਹੈ।ਜਦੋਂ ਤੁਹਾਨੂੰ ਪਸੰਦ ਕਰਦਾ ਹੈ ਤਾਂ ਤੁਹਾਡੀਆਂ ਬੁਰਾਈਆਂ ਵੀ ਭੁੱਲ ਜਾਂਦਾ ਹੈ ਪਰ ਜਦੋਂ ਨਫਰਤ ਕਰਦਾ ਹੈ ਤਾਂ ਤੁਹਾਡੀ ਚੰਗਿਆਈ ਵੀ ਉਸ ਦੇ ਮਨ ਨੂੰ ਨਹੀਂ ਭਾਉਂਦੀ।ਆਪਣੇ ਸਿਰ ਦੀਆਂ ਉਲਝਣਾਂ ਖੁਦ ਹੀ ਸੁਲਝਾ ਲੈਣੀਆਂ ਚਾਹੀਦੀਆਂ ਹਨ।ਕਿਸੇ ਦੇ ਪੈਰਾਂ ਵਿਚ ਡਿਗ ਕੇ ਪ੍ਰਸਿੱਧੀ ਹਾਸਲ ਕਰਨ ਦੀ ਬਜਾਏ ਆਪਣੇ ਪੈਰਾਂ 'ਤੇ ਚੱਲ ਕੇ ਕੁਝ ਬਣਨ ਦੀ ਕੋਸ਼ਿਸ਼ ਕਰੋ।ਕਦੇ ਵੀ ਸੁਣੀਆਂ-ਸੁਣਾਈਆਂ ਗੱਲਾਂ 'ਤੇ ਕਿਸੇ ਬਾਰੇ ਰਾਏ ਨਾ ਬਣਾਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਟਕਰਾਅ ਦਾ ਮਾਹੌਲ ਸਿਰਜਦਾ ਹੈ। ਜਦੋਂ ਅਸੀਂ ਆਪਣੇ ਦਿਮਾਗ ਨਾਲ ਖੁਦ ਨੂੰ ਵੇਖਣਾ ਤੇ ਸੁਣਨਾ ਸਿੱਖ ਜਾਵਾਂਗੇ ਤਾਂ ਸਾਨੂੰ ਕੋਈ ਵੀ ਵਰਗਲਾ ਨਹੀਂ ਸਕਦਾ।ਦੁਸ਼ਮਣਾਂ ਦੀ ਚਾਲ ਅਤੇ ਚਿਹਰਾ ਛੇਤੀ ਸਮਝ ਨਹੀਂ ਆਉਂਦਾ ਕਿਉਂਕਿ ਉਹ ਹਮੇਸ਼ਾਂ ਹਨੇਰੇ ਵਿਚ ਹੀ ਹਮਲਾ ਕਰਦੇ ਹਨ।ਚਾਪਲੂਸਾਂ ਤੇ ਚੁਫੇਰਗੜ੍ਹੀਆਂ ਦੀ ਮਾਨਸਿਕਤਾ ਨੂੰ ਪੜ੍ਹਨਾ ਤੇ ਪਛਾਣਨਾ ਵੀ ਬਹੁਤ ਔਖਾ ਹੁੰਦਾ ਹੈ।ਬੰਦੇ ਨੂੰ ਮਰਵਾਉਂਦੇ ਵੀ ਇਹੀ ਲੋਕ ਹੀ ਹਨ।ਇਸ ਲਈ ਚੰਗੀ ਤਰ੍ਹਾਂ ਘੋਖ ਪੜਤਾਲ ਤੋਂ ਬਾਅਦ ਹੀ ਕਿਸੇ 'ਤੇ ਇਤਬਾਰ ਕਰੋ।ਸਰਲ ਰਹਿਣ ਤੱਕ ਮਨੁੱਖੀ ਜੀਵਨ ਸਹੀ ਅਰਥਾਂ ਵਿਚ ਅਸਲੀ ਬਣਿਆ ਰਹਿੰਦਾ ਹੈ ਤੇ ਇਹੀ ਸਾਡੀ ਜੀਵਨ ਸ਼ੈਲੀ ਹੈ।ਇਸ ਤੋਂ ਵੱਖ ਹੋ ਕੇ ਜੀਵਨ ਸਿਰਫ ਬਤੀਤ ਹੋਣ ਤੱਕ ਹੀ ਸੀਮਤ ਹੋ ਜਾਂਦਾ ਹੈ, ਆਨੰਦਮਈ ਨਹੀਂ ਬਣਦਾ।ਆਪਣੇ ਵਤੀਰੇ ਨੂੰ ਅਸਰਦਾਰ ਬਣਾਉਣ ਲਈ ਸ਼ਬਦਾਂ ਦੀ ਚੋਣ ਹਮੇਸ਼ਾਂ ਸਾਵਧਾਨੀ ਨਾਲ ਕਰੋ ਕਿਉਂਕਿ ਬੋਲੀ ਹੋਈ ਬਾਣੀ ਨੂੰ ਵਾਪਸ ਲਿਆਉਣਾ ਸਾਡੇ ਹੱਥ ਵਿਚ ਨਹੀਂ।ਜੇਕਰ ਕੁਝ ਹਾਲਤਾਂ ਵਿਚ ਕੁਝ ਕਹਿਣ ਨੂੰ ਸ਼ਬਦ ਨਾ ਵੀ ਮਿਲਣ ਤਾਂ ਕੇਵਲ ਮੁਸਕਰਾ ਦਿਓ ਕਿਉਂਕਿ ਗਲਤ ਕਹੇ ਸ਼ਬਦ ਉਲਝਾ ਸਕਦੇ ਹਨ ਪਰ ਮੁਸਕਰਾਹਟ ਸਦਾ ਕਿਸੇ ਸਮੱਸਿਆ ਦਾ ਹੱਲ ਹੀ ਕੱਢਦੀ ਹੈ।ਕਿਸੇ ਵੀ ਵਿਅਕਤੀ ਦੀ ਕਹੀ ਕੋਈ ਗੱਲ ਬੁਰੀ ਲੱਗੇ ਤਾਂ ਨਰਾਜ਼ਗੀ ਨੂੰ ਕੁਝ ਦੇਰ ਚੁਪ ਰਹਿ ਕੇ ਮਿਟਾ ਲਓ ਕਿਉਂਕਿ ਕਈ ਵਾਰ ਚੁੱਪ ਰਹਿਣਾ ਬੁਜ਼ਦਿਲੀ ਨਹੀਂ ਬਲਕਿ ਸਮਝਦਾਰੀ ਅਤੇ ਵਕਤ ਦਾ ਤਕਾਜ਼ਾ ਹੁੰਦਾ ਹੈ।ਗਲਤੀਆਂ 'ਤੇ ਗੱਲ ਕਰਨ ਨਾਲ ਰਿਸ਼ਤੇ ਉਲਝ ਜਾਂਦੇ ਹਨ।ਸਿਆਣੇ ਕਹਿੰਦੇ ਹਨ ਕਿ;" ਆਪਣੇ ਹੱਕਾਂ ਦੀ ਲੜਾਈ ਲੜੋ।ਲੜ ਨਹੀਂ ਸਕਦੇ ਤਾਂ ਬੋਲੋ।ਬੋਲ ਨਹੀਂ ਸਕਦੇ ਤਾਂ ਲਿਖੋ।ਲਿਖ ਨਹੀਂ ਸਕਦੇ ਤਾਂ ਜੋ ਲਿਖ ਅਤੇ ਬੋਲ ਰਿਹਾ ਹੈ, ਉਸ ਨੂੰ ਹੌਂਸਲਾ ਦੇਵੋ।ਇਹ ਵੀ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਉਸ ਦਾ ਮਨੋਬਲ ਤਾਂ ਨਾ ਤੋੜੋ"।ਪਰ ਜ਼ੁਲਮ ਬਰਦਾਸ਼ਤ ਨਾ ਕਰੋ।
         ਜੋ ਮਰਜੀ ਹੋ ਜਾਵੇ, ਕਦੇ ਵੀ ਜੀਵਨ ਦੇ ਦੋ ਤੱਥਾਂ ਨੂੰ ਨਾ ਭੁੱਲੋ, ਇੱਕ ਉਮੀਦ ਤੇ ਦੂਸਰਾ ਵਿਸ਼ਵਾਸ।ਆਪਣੇ ਮਨ ਨੂੰ ਵਰਤਮਾਨ'ਤੇ ਕੇਂਦਰਿਤ ਕਰਨ ਦੀ ਆਦਤ ਪਾਓ ਤੇ ਮੌਜ-ਮਸਤੀ ਨੂੰ ਕਦੇ ਵੀ ਪੈਂਡਿੰਗ ਨਾ ਰੱਖੋ। ਜਿੱਥੇ ਵੀ ਰਹੀਏ, ਉੱਥੌਂ ਦੇ ਅਨੁਸ਼ਾਸਨ ਨੂੰ ਮੰਨੀਏ ਤਾਂ ਕਿ ਦੂਜਿਆਂ ਨੂੰ ਤਕਲੀਫ ਨਾ ਹੋਵੇ।ਜੀਵਨ ਦੇ ਤਿੰਨ ਮਹੱਤਵਪੂਰਨ ਮੰਤਰ ਸਦਾ ਯਾਦ ਰੱਖੋ: ਆਨੰਦ ਵੇਲੇ ਕਿਸੇ ਨੂੰ ਵਚਨ ਨਾ ਦਿਓ, ਗੁੱਸੇ ਵੇਲੇ ਜਵਾਬ ਨਾ ਦਿਓ ਅਤੇ ਦੁੱਖ ਵੇਲੇ ਫੈਸਲਾ ਨਾ ਲਓ ਕਿਉਂਕਿ ਇਸ ਤਰ੍ਹਾਂ ਨਾ ਕਰਨ ਨਾਲ ਬਹੁਤੀ ਵਾਰ ਵਿਅਕਤੀ ਨੂੰ ਪਛਤਾਵਾ ਹੀ ਹੁੰਦਾ ਹੈ।ਇਸ ਲਈ ਜੀਵਨ ਵਿਚ ਕਦੇ ਵੀ ਹਾਰ ਨਾ ਮੰਨਣ, ਜੀਵਨ ਦਾ ਪੂਰਾ ਆਨੰਦ ਲੈਣ ਵਾਲੇ ਸਦਾਬਹਾਰ ਵਿਅਕਤੀ ਬਣਨ ਲਈ ਜ਼ਿੰਦਗੀ ਵਿਚ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਬਦਲਣਾ ਸਿੱਖੋ।