ਸੁਪਨ - ਸੁਖ (ਕਵਿਤਾ)

ਗੁਰਪ੍ਰੀਤ ਕੌਰ ਗੈਦੂ    

Email: rightangleindia@gmail.com
Address:
Greece
ਗੁਰਪ੍ਰੀਤ ਕੌਰ ਗੈਦੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਸਾਂ ਮਸਾਂ ਤਾਂ ਬਹੁਤ ਚਿਰਾਂ ਤੋਂ 
ਕੋਈ ਸਾਡੇ ਘਰ ਸੀ ਆਇਆ
ਉੱਠੀ, ਉੱਠ ਕੇ ਚਾਈਂ- ਚਾਈਂ ਮਿਲੀ ਉਹਨਾਂ ਨੂੰ 
ਇੱਕ- ਇੱਕ ਕਰਕੇ ਸਭ ਨੇ ਗਲੇ ਲਗਾਇਆ 

ਮਿਲ ਕੇ ਸਭਨਾਂ ਭੈਣਾਂ ਭਾਈ
ਮੈਨੂੰ ਚਾਹ ਦੀ ਪਿਆਲੀ ਚੇਤੇ ਆਈ
ਉੱਠ ਕੇ ਤੇ ਭੱਜ ਕੇ ਮੈਂ ਚਾਹ ਬਣਾ ਕੇ ਫੁਰਨੇ ਵਿੱਚ ਲੈ ਆਈ

ਖੁਸ਼ੀਆਂ ਖੁਫ਼ੀਆ ਘਰੇ ਸੀ ਆਈਆਂ 
ਨਾ ਉਮੀਦ ਤੇ ਨਾ ਹੀ ਕੋਈ  ਉਡੀਕ  ਸੀ 
ਸਬੱਬ ਨਾਲ ਮੇਰਾ ਜੀ ਲਗਾਵਣ ਆਈਆਂ  

ਨਾ ਕੋਈ ਨੀਂਦਰ ਰੜਕੇ
ਨਾ ਨੈਣ ਤਰਕ ਵਿੱਚ ਫਰਕੇ
ਬਸ ਦੁਆਵਾਂ ਦਾ ਫੁੱਲ ਮਹਿਕੇ 
ਗਮ ਦੇ ਪਾਂਧੀ ਬੱਦਲ ਤਿੜਕੇ 

ਇਹ ਮੈਂ ਕਿਹੜੀ ਦੁਨੀਆਂ ਵਿੱਚ ਸੀ ਆਈ  
ਮਸਤ ਮਲੰਗ ਜਿਹੀ ਮਸਤੀ ਸੀ ਛਾਈ 
ਕਿੱਧਰੇ ਰੋਣਾ ਭੁੱਲ, ਹਾਸਿਆਂ ਦੀ ਟੋਲੀ ਜਿਹੀ ਆਈ 


ਮੈਂ ਖੁਸ਼ੀਆਂ ਖੀਵੇ ਖਿੜਦੇ ਦੇਖੇ 
ਜੁੱਗੜਿਆਂ ਬਾਅਦ ਆਪਣੇ ਦੇਖੇ 
ਮੈਂ ਸਮਝ ਸੋਚ ਕੇ ਹਾਰੀ ਜਾਵਾਂ 
ਕਿਤੇ ਸੋਚ- ਸੋਚ ਕੇ ਟੇਵਾ ਲਾਈ ਜਾਵਾਂ  


ਇਹ ਕਿਹੜੀ ਮਿੱਟੀ ਦੇ ਦੇਸ਼ ਸੀ ਮੈਂ  ਆ ਗਈ 
ਮੈਨੂੰ ਮੇਰੀ ਹੀ ਸਮਝ ਨਹੀਂ ਸੀ ਆ ਰਹੀ 
ਆਪਣੇ ਆਪ ਨੂੰ ਸਮਝਣ ਦੇ ਲਈ ਜਦ ਮੈਂ ਮੈਨੂੰ ਹਲੂਣਿਆ 
ਹੋ ਗਿਆ ਸਭ ਕੁਝ ਸਾਫ ਓਏ ਮਨਾ ਊਣਿਆ 

ਤੂੰ ਕਿੱਥੇ ਫਿਰਦਾ ਸੁਪਨਿਆਂ ਦੀ
ਦੁਨੀਆਂ ਦੇ ਅੰਦਰ 
ਤੂੰ ਤਾਂ ਬਿਲਕੁਲ ਕੱਲ੍ਹਾ ਈ ਰਹਿ ਗਿਆ ਏਂ 
ਬੁੜ -ਬੜਾਇਆ ਅਸਲ ਦੁਨੀਆਂ ਦੇ ਅੰਦਰ 

ਇੱਕ ਮੇਰੇ ਅੰਦਰ ਭਾਂਬੜ ਮੱਚੇ 
ਇੱਕ ਸਿਵੇ ਦੇ ਅੰਦਰ ਮੱਚੇ 
ਬਾਹਰ ਵਾਲਾ ਸ਼ਾਂਤ ਸੀ ਹੋ ਗਿਆ 
ਪਰ ਅੰਦਰ ਵਾਲਾ ਹੋਰ ਡਾਢਾ ਸੀ ਹੋ ਗਿਆ

ਸ਼ਾਂਤ ਕੀਹਨੇ ਕਰਣਾ 
ਮਨ ਸਤਿਗੁਰ ਦੀ ਮਤਿ ਭੁੱਲ ਭੁਲਾ ਗਿਆ 
ਇੱਕ ਸਵਾਲ ਮੈਂ ਮੇਰੇ ਤੇ ਸੀ ਉਠਾ ਲਿਆ
ਪਰ ਕਿੱਥੇ ਸੁਣਦਾ ਜਾ ਜ਼ੋਰ 
ਮੋਹ ਮਾਇਆ ਨੇ ਸੀ ਪਾ ਲਿਆ 
 

ਇੱਕ ਬਾਹਰ ਕਬਰਸਤਾਨ ਹੈ
ਚੁੱਪ- ਚਾਪ ਬਹੁਤ ਕੁਝ ਸੀ ਦਫ਼ਨ 
ਮੇਰੇ ਅੰਦਰ ਵੀ ਇੱਕ ਸ਼ਮਸ਼ਾਨ ਹੈ
 

ਕਬਰੀਂ ਸੁੱਤੇ ਕਦੇ ਨਹੀਓਂ ਬੋਲਦੇ 
ਇਹ ਮਿੱਟੀ 'ਚ ਰਲੇ ਮਿੱਟੀ ਦੇ ਬਾਵੇ 
ਹੁਣ ਦਿਲ ਦੇ ਭੇਤ ਨਹੀਓਂ ਖੋਲ੍ਹਦੇ 
 
ਰੋਂਦੇ ਨੈਣਾਂ ਨੂੰ ਕੋਈ ਜਾ ਕੇ
ਇਹ ਸਭ ਕੁਝ ਬੋਲਦੇ 
ਕਿੱਥੇ ਆਉਂਦੇ ਨੇ ਉਹ, ਜਿਹੜੇ ਅਜਿਹਾ ਜਾਂਵਦੇ ਨੇ
ਐਵੇਂ ਤੇਰੀ ਭਟਕਣ ਨੂੰ ਹੋਰ ਭਟਕਾਵਦੇਂ ਨੇ

 
ਭਲਾ ਹੋਵੇ ਤੇਰਾ ਸੁਪਨਿਆਂ
ਤੂੰ ਸੁਲਤਾਨ ਬਾਦਸ਼ਾਹ 
ਸਦਾ ਰਹੇ ਵਸਦਾ ਤੇਰਾ ਖੇੜਾ
ਤੂੰ ਵਿੱਛੜਿਆਂ ਨੂੰ ਜਦ ਮਿਲਾਵਾਂਦਾ ਏਂ

ਦੁਆਵਾਂ ਵਾਲੀਆਂ ਝੋਲੀਆਂ ਭਰ ਭਰ ਲੈ ਜਾਵੇਂ ਤੂੰ  
ਤੂੰ ਸਭਨਾਂ ਦੇ ਦਿਲਾਂ ਨੂੰ ਭਾਂਵਦਾ ਏਂ।
 
ਤੇਰੀਆਂ ਤੂੰ ਹੀ ਜਾਣੇ 
ਐ ਸੁਪਨਿਆ !
ਤੇਰੀ ਦੁਨੀਆਂ ਕਮਾਲ 
ਮੈਂ ਮਿਲ ਲਈ ਸਭ ਆਪਣਿਆਂ 
ਮੈਂ ਮਿਲ ਲਈ ਸਭ ਆਪਣਿਆਂ !