ਨਵਾਂ ਸਾਲ ਲੈ ਆਵੈ ਪਿਆਰ (ਕਵਿਤਾ)

ਪ੍ਰਵੀਨ ਸ਼ਰਮਾ   

Email: er.parveen2008@gmail.com
Cell: +91 94161 68044
Address: ਰਾਉਕੇ ਕਲਾਂ, ਏਲਨਾਬਾਦ
ਸਿਰਸਾ India
ਪ੍ਰਵੀਨ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

ਲੰਘਿਆ ਵੀਹ ਸੌ ਉਨੀਂ  ਵੀਹ ਸੌ ਵੀਹ ਚੜ ਆਇਆ ਏ
ਛੰਦ ਨਵਾਂ  ਇੱਕ ਰਚਕੇ  ਮੈਂ ਨਵੇਂ  ਸਾਲ ਤੇ  ਪਾਇਆ ਏ ,  
ਲੱਖ ਲੱਖ  ਵਾਰ ਵਧਾਈ  ਹਰ ਇੱਕ  ਮਿੱਤਰ ਪਿਆਰੇ ਨੂੰ 
ਇਹ  ਨਵਾਂ ਸਾਲ  ਲੈ ਆਵੈ , ਪਿਆਰ ਤੇ  ਭਾਈਚਾਰੇ ਨੂੰ ।

ਖੁਸ਼ੀਆਂ  ਭਰਿਆ ਦਾਤਾ  ਇਹ ਸਭਨਾਂ  ਲਈ ਸਾਲ ਰਹੇ
ਤੇਰੀ  ਰਹਿਮਤ  ਸਦਕਾ   ਸਭਦਾ  ਚੰਗਾ ਈਂ  ਹਾਲ  ਰਹੇ , 
ਖੁਸ਼ਹਾਲ  ਰੱਖੀਂ  ਹਰ ਪਿੰਡ  ਸ਼ਹਿਰ  ਤੇ  ਦੇਸ਼  ਹਮਾਰੇ ਨੂੰ 
ਇਹ  ਨਵਾਂ ਸਾਲ  ਲੈ ਆਵੈ , ਪਿਆਰ ਤੇ  ਭਾਈਚਾਰੇ ਨੂੰ ।

ਨਾ  ਮੋਢਿਆਂ   ਉੱਤੇ   ਭਾਰ  ਚੁਕਾਈ  ਗੱਭਰੂ   ਪੁੱਤਾਂ  ਦੇ 
ਸੁਹਾਗ ਕਿਸੇ  ਦਾ ਖੋਹ ਨਾ  ਲਈ ਵਿੱਚ  ਜੋਬਨ ਰੁੱਤਾਂ ਦੇ , 
ਬਖਸ਼ੀ ਉਮਰਾਂ  ਲੰਮੀਆਂ  ਹਰ  ਇੱਕ  ਅੱਖ  ਦੇ ਤਾਰੇ ਨੂੰ 
ਇਹ  ਨਵਾਂ ਸਾਲ  ਲੈ ਆਵੈ , ਪਿਆਰ ਤੇ  ਭਾਈਚਾਰੇ ਨੂੰ ।

ਨਾਹੀਂ ਜਾਨ ਕਿਸੇ ਦੀ  ਜਾਵੇ ਕੀਮਤੀ  ਬਿਨਾਂ ਇਲਾਜ ਦੇ 
ਏਸ  ਨਵੇਂ   ਸਾਲ  ਤੇ   ਲਾਈਏ  ਬੂਟੇ   ਨਵੇਂ  ਸਮਾਜ  ਦੇ , 
ਮਿਲੇ ਸੁਖ  ਸਹੁਲਤ ਚੰਗੀ  ਹਰ  ਇੱਕ ਦੁੱਖੀ  ਬੇਚਾਰੇ ਨੂੰ 
ਇਹ  ਨਵਾਂ ਸਾਲ  ਲੈ ਆਵੈ , ਪਿਆਰ ਤੇ  ਭਾਈਚਾਰੇ ਨੂੰ ।

ਵਰਸੈ ਮੀਂਹ ਦੀ ਰਹਿਮਤ  ਹਰ ਇੱਕ ਖੇਤ ਬਗੀਚੇ ਬਾੜੀ 
ਚੰਗੀਆਂ  ਹੋਵਣ ਫ਼ਸਲਾਂ  ਸਭ ਦੀ ਚੰਗੀ ਸਾਉਣੀ ਹਾੜੀ , 
ਨਾਲੇ  ਕਰ ਦੋ  ਪਾਣੀ  ਮਿੱਠਾ  ਸਭ  ਬੋਰਾਂ  ਦੇ  ਖਾਰੇ  ਨੂੰ 
ਇਹ  ਨਵਾਂ ਸਾਲ  ਲੈ ਆਵੈ , ਪਿਆਰ ਤੇ  ਭਾਈਚਾਰੇ ਨੂੰ ।

ਇਸ ਨਵੇਂ ਸਾਲ ਵਿੱਚ  ਕਰੇ ਨਾ ਖੁਦਕੁਸ਼ੀ ਕਿਸਾਨ ਕੋਈ
ਮਿਲ  ਜਾਏ  ਮੁਕਤੀ  ਕਰਜੇ   ਤੋਂ  ਦੇਵੇ  ਨਾ  ਜਾਨ ਕੋਈ , 
ਉਹਦੇ ਚੜ੍ਹਨ  ਦੇਈਂ ਨਾ ਰੱਬਾ ਸਿਰ  ਤੇ ਕਰਜੇ  ਭਾਰੇ ਨੂੰ 
ਇਹ  ਨਵਾਂ ਸਾਲ  ਲੈ ਆਵੈ , ਪਿਆਰ ਤੇ  ਭਾਈਚਾਰੇ ਨੂੰ ।

ਚੰਗੀ  ਹੋਵੇ  ਸਿੱਖਿਆ  ਸਿਹਤ ਚੰਗੇ  ਸੋਚ  ਵਿਚਾਰ ਜੀ
ਨਾ  ਭੁੱਲੇ   ਕੋਈ  ਵਿਰਸਾ  ਆਪਣਾ  ਸੱਭਿਆਚਾਰ  ਜੀ , 
ਜੜ੍ਹਾਂ  ਵੱਢਣ   ਤੋਂ  ਰੋਕੀ  ਚੱਲ  ਪਏ  ਪੱਛਮੀ  ਆਰੇ  ਨੂੰ
ਇਹ  ਨਵਾਂ ਸਾਲ  ਲੈ ਆਵੈ , ਪਿਆਰ ਤੇ  ਭਾਈਚਾਰੇ ਨੂੰ ।

ਏਥੇ  ਭਾਈਚਾਰਾ  ਕੌਮੀ   ਏਕਤਾ  ਬਣੀ  ਰਹੇ  ਸਭ  ਦੀ
ਹਰ  ਇੱਕ ਦੇ  ਵਿੱਚ  ਜਗਦੀ  ਇੱਕੋ  ਜੋਤੀ  ਹੈ  ਰੱਬ ਦੀ , 
ਸਭ  ਇੱਕ  ਅੱਖ  ਨਾਲ  ਤੱਕਣ  ਮੰਦਰ  ਗੁਰੂਦੁਆਰੇ ਨੂੰ
ਇਹ  ਨਵਾਂ ਸਾਲ  ਲੈ ਆਵੈ , ਪਿਆਰ ਤੇ  ਭਾਈਚਾਰੇ ਨੂੰ ।

ਨਵੇਂ ਸਾਲ ਵਿੱਚ ਆਪਾਂ  ਅੰਧ ਅਗਿਆਨ ਮਿਟਾਉਣਾ ਹੈ 
ਹਿੰਦੂ ਮੋਮਨ ਸਿੱਖ ਇਸਾਈ ਇੱਕ ਦਾ ਪਾਠ ਪੜਾਉਣਾ ਹੈ , 
ਭਾਈ ਫੇਰ  ਮਿਲਾਂਗੇ  ਜਾਕੇ  ਜਗ ਦੇ  ਸਿਰਜਣਹਾਰੇ ਨੂੰ 
ਇਹ  ਨਵਾਂ ਸਾਲ  ਲੈ ਆਵੈ , ਪਿਆਰ ਤੇ  ਭਾਈਚਾਰੇ ਨੂੰ ।

ਦਾਤਾ  ਏਸ  ਸਾਲ ਵੀ  ਬਖਸ਼ੀ  ਖੁਲ੍ਹੇ ਸ਼ਬਦ  ਭੰਡਾਰ ਜੀ
ਸ਼ਰਮਾ  ਛੰਦ  ਸੁਣਾਕੇ   ਕਰਦੂ  ਹਿਰਦੈ  ਠੰਡੇ  ਠਾਰ ਜੀ , 
ਪਰ  ਨੱਥ  ਰੱਖੀ   ਤੂੰ  ਪਾਕੇ   ਏਸੇ   ਬਲਦ  ਹੰਕਾਰੇ  ਨੂੰ
ਇਹ  ਨਵਾਂ ਸਾਲ  ਲੈ ਆਵੈ , ਪਿਆਰ ਤੇ  ਭਾਈਚਾਰੇ ਨੂੰ