ਰਿਸ਼ਤਾ ਕਰ ਕੇ ਪੱਕਾ
ਚਿਰਾਂ ਤੋਂ ਚੱਲਦੀ ਗੱਲਬਾਤ
ਅੱਜ ਮੁਕਾ ਦਿੱਤੀ ਗਈ ।
ਭਰੇ ਪੰਡਾਲ ਵਿੱਚ
ਲੈ ਸਭ ਦੀ ਸਹਿਮਤੀ
ਪੰਡਤ ਸਨਮੁੱਖ ਰਸਮ
ਵਿਆਹ ਦੀ ਨਿਭਾ ਦਿੱਤੀ ਗਈ।
ਕਸ਼ਮੀਰੋ ਕੁੜੀ
ਭਾਰਤ ਨਾਮ ਦੇ ਲੜਕੇ ਦੇ
ਲੜ ਲਾ ਦਿੱਤੀ ਗਈ ।
ਕੱਲੀਕਾਰੀ ਘਿਰੀ ਵਿੱਚ
ਸੈਂਕੜੇ ਬਰਾਤੀਆਂ
ਸਹੀ ਸਲਾਮਤ ਘਰ ਸਹੁਰੇ
ਪਹੁੰਚਾ ਦਿੱਤੀ ਗਈ।
ਜਿੱਥੇ ਰੱਖ ਕੇ ਪਹਿਰਾ
ਸੱਸਾਂ- ਨਣਦਾਂ ਗੱਲ ਆਪਣੀ
ਮਨ ਉਹਦੇ ਜਚਾ ਦਿੱਤੀ ਗਈ ।
ਖੋਹ ਕੇ ਆਜ਼ਾਦੀ ਉਹਦੀ
ਪਲੋਸ ਕੇ ਨਾਲ ਪਿਆਰ
ਨਿਯਮਾਵਲੀ ਆਪਣੇ ਘਰ ਦੀ
ਹੱਥ ਉਹਦੇ ਥਮਾ ਦਿੱਤੀ ਗਈ ।
ਉਸ ਚੋਂ ਉਸ ਨੂੰ ਮਨਫੀ ਕਰਕੇ
ਅਰਧਨਰ ਦੀ ਅਰਧਾਗਣੀ ਬਣਾ
ਹੋਂਦ ਸੁੰਤਤਰ ਮਿਟਾ ਦਿੱਤੀ ਗਈ ।
ਚੰਗਾ ਹੋਇਆ ਜਾਂ ਮਾੜਾ
ਸਮਾਂ ਦੱਸੇਗਾ ਜਾਂ ਕੋਈ ਪਾੜਾ
ਮਾਮਲਾ ਨਰਮ ਤੇ ਚਰਚਾ ਗਰਮ ਹੈ
ਕਿ ਧਾਰਾ 370 ਹਟਾ ਦਿੱਤੀ ਗਈ ।
ਹਾਂ ਜੀ ਹਾਂ ....
ਕਸ਼ਮੀਰੋ ਕੁੜੀ
ਭਾਰਤ ਨਾਂ ਦੇ ਲੜਕੇ
ਨਾਲ ਵਿਆਹ ਦਿੱਤੀ ਗਈ ।