ਸਭ ਰੰਗ

  •    ਆਪਣੇ ਸਹਾਰੇ ਜੀਓ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਧਰਮ ਅਤੇ ਦਲਿੱਦਰ / ਗੁਰਨਾਮ ਸਿੰਘ ਸੀਤਲ (ਲੇਖ )
  •    ਬਾਰਿ ਪਰਾਇਐ ਬੈਸਣਾ / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਅੱਗ ਦੀ ਮਾਰ ਅਤੇ ਨਵੇਂ ਵਰ੍ਹੇ ਦੇ ਜਸ਼ਨ / ਮਿੰਟੂ ਬਰਾੜ (ਲੇਖ )
  •    ਬਜ਼ੁਰਗ ਬਣੋ ਬੁੱਢੇ ਨਹੀਂ / ਕੈਲਾਸ਼ ਚੰਦਰ ਸ਼ਰਮਾ (ਲੇਖ )
  •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
  •    ਕੰਮ ਹੀ ਪੂਜਾ ਹੈ / ਜਸਕਰਨ ਲੰਡੇ (ਲੇਖ )
  •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
  •    ਹਸਪਤਾਲ ਬਣਗੇ ਲੁੱਟ ਅਤੇ ਅਣਗਹਿਲੀ ਦਾ ਘਰ / ਹਾਕਮ ਸਿੰਘ ਮੀਤ (ਲੇਖ )
  •    ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ) / ਜਸਵੀਰ ਸ਼ਰਮਾ ਦੱਦਾਹੂਰ (ਪੁਸਤਕ ਪੜਚੋਲ )
  •    ਸਫਰਨਾਮਾ-ਕੰਨਿਆਂ ਕੁਮਾਰੀ ਤੱਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਘਮੰਡ ਤਿਆਗੋ ਤੇ ਪਿਆਰ-ਮੁਹੱਬਤ ਨਾਲ ਜੀਓ / ਮਨਜੀਤ ਤਿਆਗੀ (ਲੇਖ )
  • ਬਜ਼ੁਰਗ ਬਣੋ ਬੁੱਢੇ ਨਹੀਂ (ਲੇਖ )

    ਕੈਲਾਸ਼ ਚੰਦਰ ਸ਼ਰਮਾ   

    Email: kailashchanderdss@gmail.com
    Cell: +91 80540 16816
    Address: 459,ਡੀ ਬਲਾਕ,ਰਣਜੀਤ ਐਵੀਨਿਊ,
    ਅੰਮ੍ਰਿਤਸਰ India
    ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਜ਼ਿੰਦਗੀ ਦੇ ਉੱਚੇ ਨੀਵੇਂ ਧਰਾਤਲ ਨੂੰ ਤਹਿ ਕਰਦਿਆਂ, ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਕਾਫੀ ਹੱਦ ਤੱਕ ਸੁਰਖਰੂ ਹੋਣ ਤੋਂ ਬਾਅਦ, ਵਿਅਕਤੀ ਜੀਵਨ ਦੀ ਇਕ ਅਜਿਹੀ ਅਵਸਥਾ ਵਿਚ ਦਾਖਲ ਹੁੰਦਾ ਹੈ ਜਿੱਥੇ ਪਹੁੰਚ ਕੇ ਉਸ ਨੂੰ ਸਕੂਨ ਅਤੇ ਸੁਰੱਖਿਆ ਦੀ ਤਾਲਾਸ਼ ਹੁੰਦੀ ਹੈ।ਇਹ ਅਵਸਥਾ ਬੁਢਾਪੇ ਦੀ ਹੁੰਦੀ ਹੈ।ਅਕਸਰ ਇਹ ਸਮਝਿਆ ਜਾਂਦਾ ਹੈ ਕਿ ਇਸ ਅਵਸਥਾ ਵਿਚ ਪਹੁੰਚਦਿਆਂ ਵਿਅਕਤੀ ਕੋਲ ਜ਼ਿੰਦਗੀ ਦੇ ਤਜਰਬਿਆਂ ਦੀ ਕਾਫੀ ਪੂੰਜੀ ਜਮ੍ਹਾਂ ਹੋ ਜਾਣ ਕਾਰਨ ਉਹ ਵਧੇਰੇ ਸਹਿਣਸ਼ੀਲ, ਆਪਣੇ ਬੋਲਾਂ ਨਾਲ ਦੂਸਰਿਆਂ ਨੂੰ ਮਾਨਸਿਕ ਸਕੂਨ ਦੇਣ ਅਤੇ ਉਨ੍ਹਾਂ ਦੀ ਹਰ ਸਮੱਸਿਆ ਦਾ ਸਮਾਧਾਨ ਕਰਨ ਲਈ ਪਰਪੱਕ ਹੋ ਜਾਂਦਾ ਹੈ।ਬਜ਼ੁਰਗ ਅਤੇ ਬੁੱਢਾ, ਬੁਢਾਪੇ ਦੀ ਹੀ ਅਵਸਥਾ ਹੈ ਪਰ ਫਿਰ ਵੀ ਇਨ੍ਹਾਂ ਵਿਚ ਉਸੇ ਤਰ੍ਹਾਂ ਦਾ ਅੰਤਰ ਹੈ ਜਿਵੇਂ ਕਿਸੇ ਵਿਅਕਤੀ ਨੂੰ ਜਾਨਵਰ ਕਿਹਾ ਜਾਵੇ ਤਾਂ ਉਹ ਬੁਰਾ ਮਹਿਸੂਸ ਕਰਦਾ ਹੈ ਪਰ ਜੇਕਰ ਸ਼ੇਰ ਕਿਹਾ ਜਾਵੇ ਤਾਂ ਮੁਸਕਾਨ ਉਸ ਦੇ ਚਿਹਰੇ 'ਤੇ ਆਪਣੀ ਹੋਂਦ ਵਿਖਾ ਦਿੰਦੀ ਹੈ।ਵੇਖਣ ਵਿਚ ਅਕਸਰ ਆਉਂਦਾ ਹੈ ਕਿ ਕਈ ਵਿਅਕਤੀ ਇਸ ਅਵਸਥਾ ਤੱਕ ਪਹੁੰਚ ਕੇ ਵੀ ਆਪਣੇ ਨਿਭਾਏ ਜਾਣ ਵਾਲੇ ਕਿਰਦਾਰਾਂ ਤੋਂ ਜ਼ਿੰਮੇਵਾਰ ਦਿਖਾਈ ਨਹੀਂ ਦਿੰਦੇ।ਅਜਿਹੇ ਲੋਕਾਂ ਬਾਰੇ ਇਹੀ ਸੁਣਨ ਨੂੰ ਮਿਲਦਾ ਹੈ ਕਿ ਇਸ ਨੂੰ ਤਾਂ ਧੁੱਪੇ ਹੀ ਧੌਲੇ ਆਏ ਹਨ।  
            ਬੁਢਾਪੇ ਦੀ ਅਵਸਥਾ ਵਿਚ ਵਿਅਕਤੀ ਨੂੰ ਬਜ਼ੁਰਗ ਕਹਿ ਕੇ ਸਤਿਕਾਰਿਆ ਜਾਂਦਾ ਹੈ ਪਰ ਜੋ ਵਿਅਕਤੀ ਇਸ ਅਵਸਥਾ ਵਿਚ ਨਿਭਾਏ ਜਾਣ ਵਾਲੇ ਕਿਰਦਾਰਾਂ ਦੀਆਂ ਨਿਸ਼ਾਨੀਆਂ ਤੋਂ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਨੂੰ ਬੁੱਢੇ ਹੀ ਕਿਹਾ ਜਾਂਦਾ ਹੈ।ਅਜਿਹੇ ਬੁੱਢੇ ਲੋਕ ਇਸ ਉਮਰ ਵਿਚ ਵੀ ਆਪਣੇ ਪਰਿਵਾਰ ਦੇ ਜੀਆਂ ਨਾਲ ਤਾਲਮੇਲ ਬਣਾਉਣ ਵਿਚ ਅਸਮਰਥ ਹੁੰਦੇ ਹਨ ਜਿਸ ਕਰਕੇ ਉਨ੍ਹਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ।ਇਸ ਲਈ ਲੋੜ ਹੈ, ਇਸ ਅਵਸਥਾ ਵਿਚ ਬੱਚਿਆਂ ਦੀ ਸੋਚ ਦੇ ਹਾਣੀ ਬਣਦੇ ਹੋਏ, ਆਪਣੀਆਂ ਪ੍ਰਾਪਤੀਆਂ ਦਾ ਢੰਡੋਰਾ ਪਿੱਟਣ ਦੀ ਬਜਾਏ, ਬੱਚਿਆਂ ਦੀਆਂ ਤਰੱਕੀਆਂ 'ਤੇ ਖੁਸ਼ ਹੁੰਦੇ ਹੋਏ, ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਤਾਂ ਹੀ ਬਜ਼ੁਰਗਾਂ ਵਾਲਾ ਸਤਿਕਾਰ ਪਾ ਸਕਦੇ ਹਾਂ।ਗੁਣਾਂ ਦੇ ਸਹਾਰੇ ਹੀ ਵਿਅਕਤੀ ਸਫਲ ਹੋ ਸਕਦਾ ਹੈ ਅਤੇ ਵਿਵੇਕ ਤੇ ਨਿਮਰਤਾ ਨਾਲ ਸਿਖਰ ਨੂੰ ਛੂਹ ਜਾਂਦਾ ਹੈ।ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਨਵੇਂ ਬਦਲਦੇ ਜ਼ਮਾਨੇ ਅਨੁਸਾਰ ਬੱਚਿਆਂ ਦੀ ਸਮਰਥਾ ਅਤੇ ਸਮਝ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ।ਖਾਹ-ਮਖਾਹ ਉਨ੍ਹਾਂ ਦੇ ਕੰਮਾਂ ਵਿਚ ਦਖਲ ਦੇਣ ਵਾਲੇ ਲੋਕ ਬੁੱਢੇ ਹੀ ਰਹਿ ਜਾਂਦੇ ਹਨ ਬਜ਼ੁਰਗ ਨਹੀਂ ਬਣਦੇ।ਬੱਚਿਆਂ ਨੂੰ ਆਪਣਾ ਜੀਵਨ ਜਿਊਣ ਦਿਓ ਅਤੇ ਤੁਸੀਂ ਆਪਣਾ ਜੀਵਨ ਜੀਓ ਤਾਂ ਹੀ ਬਜ਼ੁਰਗਾਂ ਵਾਲਾ ਸਤਿਕਾਰ ਮਿਲ ਸਕਦਾ ਹੈ।
             ਮਨੁੱਖੀ ਮਨ ਦੇ ਧਰਾਤਲ 'ਤੇ ਅਕਸਰ ਵਿਕਾਰ ਪੁੰਗਰਦੇ ਹਨ ਜੋ ਉਨ੍ਹਾਂ ਦਾ ਪੂਰਨ ਵਿਕਾਸ ਨਹੀਂ ਹੋਣ ਦਿੰਦੇ।ਇਨ੍ਹਾਂ ਦਾ ਨਿਰਾਕਰਣ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।ਜੋ ਵਿਅਕਤੀ ਬੁਢਾਪੇ ਦੀ ਅਵਸਥਾ ਵਿਚ ਪਹੁੰਚ ਕੇ ਵੀ ਇਨ੍ਹਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ ਉਹ ਬੁੱਢੇ ਹੀ ਹੁੰਦੇ ਹਨ।ਅਜਿਹੇ ਵਿਅਕਤੀ ਆਪਣੇ ਜੀਆਂ ਵਿਚ ਵੀ ਵਿਸ਼ਵਾਸ ਦੀ ਗੰਢ ਨੂੰ ਮਜਬੂਤ ਨਹੀਂ ਰੱਖ ਸਕਦੇ ਜੋ ਉਨ੍ਹਾਂ ਲਈ ਘਾਤਕ ਸਿੱਧ ਹੁੰਦਾ ਹੈ।ਅਜਿਹੇ ਵਿਅਕਤੀਆਂ ਦੇ ਮਨ ਵਿਚ ਅਜੇ ਵੀ ਇੰਨੀਆਂ ਉਮੀਦਾਂ ਪਲਦੀਆਂ ਰਹਿੰਦੀਆਂ ਹਨ ਕਿ ਉਹ ਇਕਾਗਰ ਹੋਣ ਵਿਚ ਨਾਕਾਮ ਰਹਿੰਦੇ ਹਨ ਜਿਸ ਕਰਕੇ ਪਰਿਵਾਰ ਦੇ ਜੀਆਂ ਦੀ ਆਲੋਚਨਾ ਅਤੇ ਨਿੰਦਾ ਕਰਦੇ ਰਹਿਣ ਕਾਰਨ ਬਣਦੇ ਸਨਮਾਨ ਤੋਂ ਵਾਂਝੇ ਰਹਿ ਜਾਂਦੇ ਹਨ।ਆਤਮ-ਸੰਜਮ ਦੀ ਕਮੀ ਕਾਰਨ ਆਪਣੀ ਪ੍ਰਤਿਭਾ ਗੁਆ ਬੈਠਦੇ ਹਨ ਅਤੇ ਨਦੀ ਦੇ ਵਗਦੇ ਵਹਾਅ ਦੀ ਤਰ੍ਹਾਂ ਇਸ ਅਵਸਥਾ ਵਿਚ ਵੀ ਅਨੇਕਾਂ ਔਕੜਾਂ ਦਾ ਸਾਹਮਣਾ ਕਰਦੇ ਰਹਿੰਦੇ ਹਨ।ਉਹ ਮਹਿਸੂਸ ਕਰਨ ਲੱਗ ਪੈਂਦੇ ਹਨ ਕਿ ਹੁਣ ਬੇਕਾਰ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਜੀਵਨ ਕਿਸੇ ਕੰਮ ਦਾ ਨਹੀਂ ਰਿਹਾ।ਆਪਣੇ-ਆਪ ਨੂੰ ਦੂਜਿਆਂ ਤੋਂ ਵੱਧ ਸਿਆਣਾ ਅਤੇ ਦੂਜੇ ਨੂੰ ਹੀਣਾ ਸਮਝਦੇ ਹੋਏ ਪਰਿਵਾਰ ਦੇ ਜੀਆਂ ਅਤੇ ਰਿਸ਼ਤੇਦਾਰਾਂ ਦੀ ਬੁਰਿਆਈ ਕਰੀ ਜਾਣਾ ਉਨ੍ਹਾਂ ਨੂੰ ਬਜ਼ੁਰਗ ਨਹੀਂ ਬਣਨ ਦਿੰਦਾ।ਚੰਗੀ ਸੋਚ ਵਾਲੇ ਮਨੁੱਖ ਉਮਰ ਦੇ ਹਰ ਪੜਾਅ 'ਤੇ ਚੰਗਾ ਹੀ ਸੋਚਦੇ ਹਨ।ਸੰਜਮ, ਨਿਯਮ, ਸਬਰ-ਸੰਤੋਖ, ਸਕਾਰਾਤਮਕ ਸੋਚ ਅਤੇ ਮਨ ਨੂੰ ਨਿਯੰਤਰਣ ਕਰਨ ਵਾਲੇ ਵਿਅਕਤੀ ਬਜ਼ੁਰਗ ਹੁੰਦੇ ਹਨ।ਅਜਿਹੇ ਲੋਕਾਂ ਵਿਚ ਪਵਿਤਰਤਾ, ਦ੍ਰਿੜ੍ਹਤਾ ਅਤੇ ਉੱਦਮ ਵਾਲੇ ਗੁਣ ਕਦੇ ਵੀ ਆਪਣੀ ਹੋਂਦ ਨਹੀਂ ਗੁਆਉਂਦੇ।ਇਸੇ ਕਾਰਨ ਗੂੜ੍ਹ ਹਨੇਰਿਆਂ ਵਾਂਗ ਕਦੇ ਨਾ ਮੁੱਕਣ ਵਾਲੀ ਭਟਕਣ ਵੀ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੀ।
                ਜ਼ਿੰਦਗੀ ਦੀ ਤ੍ਰਾਸਦੀ ਹੈ ਕਿ ਅਸੀਂ ਬੁੱਢੇ ਜਲਦੀ ਹੋ ਜਾਂਦੇ ਹਾਂ ਪਰ ਸਿਆਣੇ ਦੇਰ ਨਾਲ ਬਣਦੇ ਹਾਂ।ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਨੁੱਖ ਦੇ ਦੁੱਖਾਂ-ਸੁੱਖਾਂ ਦੀ ਸਾਥੀ ਉਸ ਦੀ ਆਪਣੀ ਔਲਾਦ ਹੀ ਹੁੰਦੀ ਹੈ ਅਤੇ ਸਾਡਾ ਕੰਮ ਉਨ੍ਹਾਂ ਲਈ ਰਾਹ ਦਸੇਰਾ ਬਣਨਾ ਹੈ।ਮੋਮਬੱਤੀ ਕਦੇ ਵੀ ਨਹੀਂ ਬੋਲਦੀ ਪਰ ਉਸ ਦੀ ਰੋਸ਼ਨੀ ਹੀ ਉਸ ਦੀ ਪਹਿਚਾਣ ਦੱਸ ਦਿੰਦੀ ਹੈ।ਇਸੇ ਤਰ੍ਹਾਂ ਚੁੱਪ ਰਹਿ ਕੇ ਆਪਣੇ ਵਿਵਹਾਰ ਰਾਹੀਂ ਹੀ ਆਪਣੇ ਬਜ਼ੁਰਗ ਹੋਣ ਦਾ ਅਹਿਸਾਸ ਦੂਜਿਆਂ ਤੱਕ ਜਾਣ ਦਿਓ।ਦੂਜਿਆਂ ਵੱਲੋਂ ਕੀਤੀ ਕੇਅਰ ਨੂੰ ਖੁਲ੍ਹਦਿਲੀ ਨਾਲ ਪ੍ਰਵਾਨ ਕਰਦੇ ਹੋਏ ਉਨ੍ਹਾਂ ਦੀ ਪ੍ਰਸ਼ੰਸਾ ਕਰੋ।ਆਪਣੀ ਆਲੋਚਨਾ ਸੁਣ ਕੇ ਕਦੇ ਨਾ ਭੜਕੋ ਬਲਕਿ ਬਰਦਾਸ਼ਤ ਕਰੋ।ਦੋਗਲਾਪਣ ਨਾ ਰੱਖੋ।ਇਸ ਨਾਲ ਸ਼ਾਂਤੀ ਅਤੇ ਅੰਦਰੂਨੀ ਤਾਲਮੇਲ ਰੱਖਣਾ ਮੁਸ਼ਕਲ ਹੋ ਜਾਂਦਾ ਹੈ ਜਿਸ ਕਾਰਨ ਨਿਰਾਸ਼ਾ ਮਿਲਦੀ ਹੈ।ਇਸ ਅਵਸਥਾ ਵਿਚ ਖੁਦ ਦੇ ਆਚਰਣ ਰਾਹੀਂ ਸਮਾਜ ਵਿਚ ਇਮਾਨਦਾਰੀ, ਨਿਯਮ-ਪਾਲਣ ਅਤੇ ਕਦਰਾਂ-ਕੀਮਤਾਂ ਸਥਾਪਤ ਕਰਨ ਦੀ ਕੋਸ਼ਿਸ਼ ਕਰੋ।ਨਿਮਰ ਬਣ ਕੇ ਰਹੋ।ਚੰਗਾ ਯਾਦ ਰੱਖੋ ਅਤੇ ਬੁਰਾ ਭੁੱਲ ਜਾਓ।ਦੂਸਰੇ ਕਿਸੇ ਵੀ ਨਜ਼ਰੀਏ ਨਾਲ ਵੇਖਦੇ ਹੋਣ, ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਜੀਓ ਕਿ ਉਨ੍ਹਾਂ 'ਤੇ ਪ੍ਰਭਾਵ ਪਾਇਆ ਜਾ ਸਕੇ।ਆਪਣੀ ਸ਼ਖਸੀਅਤ ਵਿਚ ਗਹਿਰਾਈ ਅਤੇ ਵਿਚਾਰਾਂ ਵਿਚ ਸ਼ੁੱਧਤਾ ਬਣਾਈ ਰੱਖੋ।ਕਦੇ ਵੀ ਆਪਣੀਆਂ ਜੜ੍ਹਾਂ ਨਾਲੋਂ ਨਾ ਟੁੱਟੋ।ਇਨਸਾਨ ਉਦੋਂ ਬੁਰੀ ਤਰ੍ਹਾਂ ਹਾਰ ਜਾਂਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਜਿਨ੍ਹਾਂ ਨੂੰ ਤੁਸੀਂ ਸਭ ਕੁਝ ਮੰਨਦੇ ਹੋ ਉਨ੍ਹਾਂ ਲਈ ਤੁਸੀਂ ਕੁਝ ਵੀ ਨਹੀਂ ਹੋ।ਜੇਕਰ ਆਪਣਿਆਂ ਦੇ ਨਜ਼ਦੀਕ ਰਹਿਣਾ ਹੈ ਤਾਂ ਖਾਮੋਸ਼ ਰਹੋ ਅਤੇ ਜੇਕਰ ਆਪਣਿਆਂ ਨੂੰ ਨਜ਼ਦੀਕ ਰੱਖਣਾ ਹੈ ਤਾਂ ਕੋਈ ਵੀ ਗੱਲ ਦਿਲ 'ਤੇ ਨਾ ਲਗਾਓ।   ਹਾਸਾ ਤਣਾਅ ਨੂੰ ਖਤਮ ਕਰਦਾ ਹੈ ਅਤੇ ਮੁਸਕਾਨ ਨਾਲ ਖੁਸ਼ੀ ਮਿਲਦੀ ਹੈ।ਇਸ ਲਈ ਇਸ ਅਵਸਥਾ ਵਿਚ ਖੁਸ਼ ਰਹਿਣ ਦੀ ਆਦਤ ਪਾ ਲਓ।ਸਿਆਣੇ ਕਹਿੰਦੇ ਹਨ ਕਿ "ਖੁਸ਼ੀ ਦੇ ਵਿਚਾਰ ਉਨ੍ਹਾਂ ਤਰੇਲ ਦੀਆਂ ਬੂੰਦਾਂ ਵਰਗੇ ਹੁੰਦੇ ਹਨ ਜੋ ਸਾਡੇ ਤਣਾਅ ਨੂੰ ਖਤਮ ਕਰਦੇ ਹੋਏ ਦੁੱਖਾਂ ਨੂੰ ਧੋ ਦਿੰਦੇ ਹਨ"।ਇਸ ਲਈ ਖੁਸ਼ ਰਹਿਣਾ ਸਿੱਖੋ।
              ਕਹਿੰਦੇ ਹਨ ਕਿ ਇਕ ਬਜ਼ੁਰਗ ਜੋੜਾ ਬੁਢਾਪੇ ਦੀ ਅਵਸਥਾ ਵਿਚ ਵੀ ਬਹੁਤ ਖੁਸ਼ ਰਹਿੰਦਾ ਸੀ।ਕਿਸੇ ਨਿਰਾਸ਼ ਰਹਿਣ ਵਾਲੇ ਬਜ਼ੁਰਗ ਨੇ ਉਨ੍ਹਾਂ ਕੋਲੋਂ ਖੁਸ਼ ਰਹਿਣ ਦਾ ਭੇਦ ਜਾਣਨਾ ਚਾਹਿਆ।ਬਜ਼ੁਰਗ ਨੇ ਉੱਤਰ ਦਿੱਤਾ ਕਿ ਜੀਵਨ ਦੇ ਇਸ ਮੋੜ 'ਤੇ ਇਕੋ ਨੀਤੀ ਅਪਣਾਈ ਹੈ ਕਿ ਦੂਜਿਆਂ ਤੋਂ ਜ਼ਿਆਦਾ ਆਸ ਨਾ ਰੱਖੋ ਅਤੇ ਜੋ ਮਿਲੇ ਉਸ ਵਿਚ ਸੰਤੁਸ਼ਟ ਰਹੋ।ਮੈਂ ਤੇ ਮੇਰੀ ਪਤਨੀ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਆਪਣੇ ਬੇਟਿਆਂ-ਨੂੰਹਾਂ ਨੂੰ ਸੌਂਪ ਕੇ ਬੇਫਿਕਰੀ ਨਾਲ ਰਹਿੰਦੇ ਹਾਂ।ਹੁਣ ਉਹ ਜੋ ਕਹਿੰਦੇ ਹਨ, ਉਹ ਅਸੀਂ ਕਰ ਦਿੰਦੇ ਹਾਂ ਅਤੇ ਜੋ ਕੁਝ ਵੀ ਖੁਆਉਂਦੇ ਹਨ, ਖਾ ਲੈਂਦੇ ਹਾਂ।ਆਪਣੇ ਪੋਤਰੇ-ਪੋਤਰੀਆਂ ਨਾਲ ਹੱਸਦੇ-ਖੇਡਦੇ ਰਹਿੰਦੇ ਹਾਂ।ਸਾਡੇ ਬੱਚੇ ਜਦੋਂ ਕੋਈ ਭੁੱਲ ਕਰਦੇ ਹਨ ਤਾਂ ਵੀ ਅਸੀਂ ਚੁੱਪ ਰਹਿੰਦੇ ਹਾਂ।ਅਸੀਂ ਉਨ੍ਹਾਂ ਦੇ ਕਿਸੇ ਕੰਮ ਵਿਚ ਵੀ ਅੜਿੱਕਾ ਨਹੀਂ ਬਣਦੇ। ਜਦੋਂ ਕਦੇ ਉਹ ਸਾਡੇ ਕੋਲ ਸਲਾਹ-ਮਸ਼ਵਰੇ ਲਈ ਆਉਂਦੇ ਹਨ ਤਾਂ ਅਸੀਂ ਆਪਣੇ ਜੀਵਨ ਦੇ ਸਾਰੇ ਤਜ਼ਰਬੇ ਉਨ੍ਹਾਂ ਸਾਹਮਣੇ ਰੱਖਦਿਆਂ ਉਨ੍ਹਾਂ ਵੱਲੋਂ ਕੀਤੀ ਗਈ ਭੁੱਲ ਨਾਲ ਪੈਦਾ ਮਾੜੇ ਨਤੀਜਿਆਂ ਪ੍ਰਤੀ ਸੁਚੇਤ ਕਰ ਦਿੰਦੇ ਹਾਂ।ਹੁਣ ਉਹ ਸਾਡੀ ਸਲਾਹ 'ਤੇ ਕਿੰਨਾ ਅਮਲ ਕਰਦੇ ਹਨ ਜਾਂ ਨਹੀਂ ਕਰਦੇ ਉਹ ਦੇਖਣਾ ਅਤੇ ਆਪਣਾ ਮਨ ਦੁਖੀ ਕਰਨਾ ਸਾਡਾ ਕੰਮ ਨਹੀਂ।ਉਹ ਸਾਡੀਆਂ ਹਦਾਇਤਾਂ ਅਨੁਸਾਰ ਜ਼ਰੂਰ ਚੱਲਣ, ਇਹ ਸਾਡੀ ਇੱਛਾ ਨਹੀਂ ਹੁੰਦੀ।ਸਲਾਹ ਦੇਣ ਤੋਂ ਬਾਅਦ ਵੀ ਜੇ ਉਹ ਭੁੱਲ ਕਰਦੇ ਹਨ ਤਾਂ ਅਸੀਂ ਫਿਕਰ ਨਹੀਂ ਕਰਦੇ।ਉਸ 'ਤੇ ਵੀ ਜੇ ਉਹ ਮੁੜ ਸਾਡੇ ਕੋਲ ਆਉਂਦੇ ਹਨ ਤਾਂ ਅਸੀਂ ਫਿਰ ਨੇਕ ਸਲਾਹ ਦੇ ਕੇ ਉਨ੍ਹਾਂ ਨੂੰ ਵਿਦਾ ਕਰਦੇ ਹਾਂ।ਇਹੀ ਸਾਡੇ ਖੁਸ਼ ਰਹਿਣ ਦਾ ਕਾਰਨ ਹੈ"।
                ਇਸ ਲਈ ਦੋਸਤੇ, ਬੁਢਾਪੇ ਦੀ ਅਵਸਥਾ ਵਿਚ ਪਹੁੰਚ ਕੇ ਆਪਣੇ-ਆਪ ਨੂੰ ਖੁਸ਼ ਰੱਖਣ, ਪਰਿਵਾਰ ਵਿਚ ਰਾਤ ਦੀ ਰਾਣੀ ਵਾਂਗ ਮਹਿਕਾਂ ਖਿਲਾਰਣ ਅਤੇ ਆਨੰਦਿਤ ਰਹਿਣ ਲਈ, ਆਪਣੇ ਵਿਚ ਲੋੜੀਂਦੀਆਂ ਤਬਦੀਲੀਆਂ ਲਿਆ ਕੇ ਬਜ਼ੁਰਗ ਅਖਵਾਈਏ, ਬੁੱਢੇ ਨਹੀਂ।