ਉਹ ਵੇਲਾ ਤੇ ਇਹ ਵੇਲਾ
(ਕਵਿਤਾ)
ਨਾ ਕੋਈ ਫ਼ਿਕਰ ਨਾ ਫਾਕਾ ਸੀ।
ਬਚਪਨ ਭੂੰਡ-ਪਟਾਕਾ ਸੀ।
ਰੋਜ਼ ਦੁੜੰਗੇ ਲਾਉਂਦੇ ਸਾਂ।
ਪਿੰਡ ਦੀਆਂ ਗਲੀਆਂ ਗਾਹੁੰਦੇ ਸਾਂ।
ਹਸਦੇ ਮਸਤੀ ਕਰਦੇ ਸਾਂ।
ਸੂਏ-ਛੱਪੜੀਂ ਤਰਦੇ ਸਾਂ।
ਮੱਝਾਂ ਉੱਤੇ ਬਹਿੰਦੇ ਸਾਂ।
ਬਹਿ-ਬਹਿ ਝੂਟੇ ਲੈਂਦੇ ਸਾਂ।
ਘਾਹ ਖੋਤਣ ਵੀ ਜਾਂਦੇ ਸਾਂ।
ਪੰਡਾਂ ਚੁੱਕ ਲਿਆਂਦੇ ਸਾਂ।
ਪੱਠੇ ਕੁਤਰਾ ਕਰਦੇ ਸਾਂ।
ਮੱਝਾਂ ਮੂਹਰੇ ਧਰਦੇ ਸਾਂ।
ਦਾਣੇ ਅਸੀਂ ਭਨਾਉਂਦੇ ਸਾਂ।
ਭੱਠੀ 'ਤੇ ਬਹਿ ਗਾਉਂਦੇ ਸਾਂ।
ਬਹਿ ਢੋਲੇ ਦੀਆਂ ਲਾਉਂਦੇ ਸਾਂ।
ਗੀਤ ਪਿਆਰ ਦੇ ਗਾਉਂਦੇ ਸਾਂ।
……
ਬੁੱਢੀ ਜਿਹੀ ਭਠਿਆਰੀ ਸੀ।
ਲਗਦੀ ਬੜੀ ਪਿਆਰੀ ਸੀ।
ਮੱਕੀ ਅਸੀਂ ਭੁਨਾ ਲੈਦੇ।
ਖਿੱਲਾਂ ਬੋਝੇ ਪਾ ਲੈਂਦੇ।
ਕਣਕ ਭੁਨਾ ਕੇ ਗੁੜ ਪਾਉਂਦੇ।
ਮਿੱਠੇ ਦਾਣੇ ਮਨ-ਭਾਉਂਦੇ।
ਸਾਗ ਸਰੋਂ ਦਾ ਮਿੱਸੀ ਰੋਟੀ।
ਪੀਂਦੇ ਸਾਂ ਲੱਸੀ ਦੀ ਲੋਟੀ।
ਕਦੇ-ਕਦੇ ਚਟਣੀ ਤੇ ਲੱਸੀ।
ਰੋਟੀ ਜਾਂਦੀ ਅੰਦਰ ਨੱਸੀ।
ਮੋਟਾ-ਠੁੱਲ੍ਹਾ ਖਾਂਦੇ ਸਾਂ।
ਜੀਵਨ ਖੂਬ ਬਿਤਾਂਦੇ ਸਾਂ।
ਪਿੰਡੋਂ ਹੀ ਸਵਾਂਦੇ ਸਾਂ।
ਸਾਦ-ਮੁਰਾਦਾ ਪਾਂਦੇ ਸਾਂ।
ਨਾ ਜੀਵਨ ਵਿੱਚ ਆਕੜ ਸੀ।
ਫਿਰ ਵੀ ਜੀਵਨ ਧਾਕੜ ਸੀ।
ਪਿਪਲਾਂ-ਬੋਹੜਾਂ ਦੇ ਉੱਤੇ।
ਖੇਡਣ ਜਾਂਦੇ ਹਰ ਰੁੱਤੇ।
ਪਿਪਲੀਂ ਪੀਂਘਾਂ ਪਾਉਂਦੇ ਸਾਂ।
ਅੰਬਰਾਂ ਤੱਕ ਚੜ੍ਹਾਉਂਦੇ ਸਾਂ।
ਰਲਕੇ ਬਣਦੇ "ਟੋਲੀ" ਸਾਂ।
ਕਹਿੰਦੇ ਮਿੱਠੀ ਬੋਲੀ ਸਾਂ।
ਇੱਕ-ਦੂਜੇ ਨੂੰ ਚਾਹੁੰਦੇ ਸਾਂ।
ਸੱਚਾ ਪਿਆਰ ਵਿਖਾਉਂਦੇ ਸਾਂ।
ਨਾ ਹੀ ਕੋਈ ਲੜਾਈ ਸੀ।
ਸਾਰੇ ਭਾਈ-ਭਾਈ ਸੀ।
ਰੁੱਸੇ ਤਾਈਂ ਮਨਾਉਂਦੇ ਸਾਂ।
ਹੱਸ-ਹੱਸ ਅਸੀਂ ਬੁਲਾਉਂਦੇ ਸਾਂ।
ਨਾ ਹੀ ਚੋਭਾਂ ਲਾਉਂਦੇ ਸਾਂ।
ਸਭਨਾਂ ਦੇ ਕੰਮ ਆਉਂਦੇ ਸਾਂ।
ਮੇਲੇ-ਛਿੰਝਾਂ ਵੇਖਣ ਜਾਂਦੇ।
ਕਿੱਸੇ ਵੀ ਖਰੀਦ ਲਿਆਂਦੇ।
ਜਾ ਹੁੰਦੇ ਖਾ-ਪੀ ਕੇ ਵਿਹਲੇ।
ਬਹਿ ਬੈਠਕ ਤ੍ਰਿਕਾਲਾਂ ਵੇਲੇ।
ਸੱਸੀਆਂ-ਹੀਰਾਂ ਪੜ੍ਹ-ਪੜ੍ਹ ਗਾਉਂਦੇ।
ਪੜ੍ਹ ਕੇ ਹੋਰਾਂ ਤਾਈਂ ਸੁਣਾਉਂਦੇ।
ਮਸਤ ਹੋਏ ਢੋਲੇ ਦੀਆਂ ਲਾਉਂਦੇ।
ਇੱਕ ਦੂਜੇ ਦਾ ਦਿਲ ਪਰਚਾਉਂਦੇ।
ਦਾਦੀਆਂ ਕੋਲੇ ਬਹਿੰਦੇ ਸਾਂ।
ਕਹੋ ਕਹਾਣੀ-ਕਹਿੰਦੇ ਸਾਂ।
ਦਾਦੀ ਬਾਤਾਂ ਪਾਉਂਦੀ ਸੀ।
ਸਾਡਾ ਦਿਲ ਪ੍ਰਚਾਉਂਦੀ ਸੀ।
ਅਸੀਂ ਹੁੰਗਾਰਾ ਭਰਦੇ ਸਾਂ।
ਦਾਦੀ ਦਾ ਦਿਲ ਹਰਦੇ ਸਾਂ।
ਬਾਤਾਂ ਸੁਣਦੇ ਸੌਂ ਜਾਂਦੇ।
ਸੁਪਨਿਆਂ ਦੇ ਵਿੱਚ ਖੋ ਜਾਂਦੇ।
ਸੁਬ੍ਹਾ-ਸਵੇਰੇ ਉਠਦੇ ਸਾਂ।
ਦਾਤਣ ਕਿਕਰੋਂ ਮੁਛਦੇ ਸਾਂ।
ਫਿਰ ਸੈਰਾਂ ਨੂੰ ਜਾਂਦੇ ਸਾਂ।
ਮੌਜਾਂ ਖੂਬ ਮਨਾਂਦੇ ਸਾਂ।
ਖੇਤਾਂ ਦੇ ਵਿੱਚ ਘੁੰਮਦੇ ਸਾਂ।
ਫਸਲਾਂ ਦਾ ਮੂੰਹ ਚੁਮਦੇ ਸਾਂ।
ਜੀਵਨ ਇੱਕ ਤਰਾਨਾ ਸੀ।
ਹਰ ਦਿਨ ਬੜਾ ਸੁਹਾਨਾ ਸੀ
ਮੀਹਾਂ ਵਿੱਚ ਨਹਾਉਂਦੇ ਸਾਂ।
ਨੱਚਦੇ ਸਾਂ ਨਾਲੇ ਗਾਉਂਦੇ ਸਾਂ।
ਧੁੱਪਾਂ ਵਿੱਚ ਦੁਪਿਹਰੇ ਹੀ।
ਦਿੰਦੇ ਫਿਰਦੇ ਪਹਿਰੇ ਸੀ।
ਜੀਵਨ ਬੜਾ ਨਿਰਾਲਾ ਸੀ।
ਯਾਰੋ ਕਰਮਾਂ ਵਾਲਾ ਸੀ।
ਜਦੋਂ ਦਿਵਾਲੀ ਆਉਂਦੀ ਸੀ।
ਮਨ ਨੂੰ ਖੁਸ਼ੀ ਪੁਚਾaੁਂਦੀ ਸੀ
ਖੂਬ ਸਫਾਈਆਂ ਕਰਦੇ ਸਾਂ।
ਘਰ ਸਾਰਾ ਰੰਗ ਧਰਦੇ ਸਾਂ।
ਲੋਹੜੀ ਵੀ ਮਨਾਦੇ ਸਾਂ।
ਪਾਥੀਆਂ ਖੂਭ ਜਲਾਂਦੇ ਸਾਂ।
ਤਿਲ ਲੋਹੜੀ ਵਿੱਚ ਪਾਉਂਦੇ ਸਾਂ।
ਦੁੱਲਾ-ਭੱਟੀ ਗਾਉਦੇ ਸਾਂ।
ਰਿਉੜੀ-ਗੱਚਕ-ਮੂੰਗਫਲੀ।
ਗੁੜ ਵੀ ਖਾਂਦੇ ਡਲੀ-ਡਲੀ।
ਹੋਲੀ ਅਸੀਂ ਮਨਾਂਦੇ ਸਾਂ।
ਹਸ-ਹਸ ਰੰਗ ਲਗਾਂਦੇ ਸਾਂ।
ਮਸਤੀ ਮਿੱਟੀ-ਗਾਰੇ ਦੀ।
ਪਾਣੀ ਭਰੇ ਗੁਬਾਰੇ ਦੀ।
ਪਏ ਬੁਸ਼ਾਰਾਂ ਪਾਉਂਦੇ ਸਾਂ।
ਰਲ ਮਿਲ ਝੂਮਰ ਪਾਉਂਦੇ ਸਾਂ।
ਬੰਟੇ ਖੇਡਣ ਤੁਰਦੇ ਸਾਂ।
ਸਾਂਮਾ ਨੂੰ ਘਰ ਮੁੜਦੇ ਸਾਂ।
ਇਹ ਸੱਚੇ ਤਿਉਹਾਰਾਂ ਦੀ।
ਰੁੱਤ ਸੀ ਇੱਕ ਪਿਆਰਾਂ ਦੀ।
ਪਰ ਅੱਜ ਯੁੱਗ ਹੀ ਬਦਲ ਗਿਆ।
ਕਿੰਨਾ ਅੱਗੇ ਨਿਕਲ ਗਿਆ।
ਸਭ ਕੁਝ ਪਿੱਛੇ ਰਹਿ ਚੱਲਿਆ।
ਕਾਢਾਂ ਨੇ ਸਭ ਕੁਝ ਮੱਲਿਆ।
ਨਾ ਉਹ ਖੂਹ ਤੇ ਖੇਤ ਰਹੇ।
ਨਾ ਫੱਗਣ ਤੇ ਚੇਤ ਰਹੇ।
ਹੁਣ ਤਾਂ ਜੂਨ-ਜੁਲਾਈਆਂ ਨੇ।
ਮਾਡਲ ਹੋਈਆਂ ਮਾਈਆਂ ਨੇ।
ਨਾ ਦਾਦੀ ਦੀਆਂ ਬਾਤਾਂ ਨੇ।
ਹੋਰ ਤਰ੍ਹਾਂ ਦੀਆਂ ਰਾਤਾਂ ਨੇ।
ਨਵੇਂ ਮਾਡਰਨ ਬਾਬੇ ਨੇ।
ਕਰਦੇ ਕੰਮ ਖਰਾਬੇ ਨੇ।
ਧੀਆਂ ਨੂੰ ਢਿੱਡਾਂ ਅੰਦਰ।
ਮਾਰੀ ਜਾਂਦੇ ਨੇ ਖੰਜਰ।
ਸ਼ਰਮ ਹਯਾ ਸਭ ਮਰ ਚੱਲਿਆ।
ਦੱਖਾਂ ਨੇ ਚੁੱਲ੍ਹਾ ਮੱਲਿਆ।
ਹੁਣ ਤਾਂ ਬੰਬ ਧਮਾਕੇ ਨੇ।
ਵੰਡੇ ਗਏ ਇਲਾਕੇ ਨੇ।
ਉਗਰਵਾਦ ਦੀ ਬੋਲੀ ਹੈ।
ਗੱਲ-ਗੱਲ ਤੇ ਗੋਲੀ ਹੈ।
ਥਾਂ-ਥਾਂ ਘੋਰ ਲੜਾਈਆਂ ਨੇ।
ਮੁੱਕੀਆਂ ਸਭ ਸਚਾਈਆਂ ਨੇ।
ਚੋਰੀ ਯਾਰੀ ਠੱਗੀ ਆ।
'ਵਾ ਪੁੱਠੀ ਹੀ ਵੱਗੀ ਆ।
ਪੀੜਾਂ ਹੀ ਪੀੜਾਂ ਪੱਲੇ।
ਫਿਰਦੇ ਹਾਂ ਕੱਲੇ-ਕੱਲੇ।
ਨਕਲੀ ਹਾਸਾ ਹੱਸਦੇ ਹਾਂ।
ਦੌਲਤ ਪਿੱਛੇ ਨੱਸਦੇ ਹਾਂ।
ਚਿੰਤਾ ਕਰਦੇ ਮਾਪੇ ਨੇ।
ਰੁੱਸੇ ਰਹਿੰਦੇ ਕਾਕੇ ਨੇ।
ਬੀਬੀ ਆਖੇ ਲੱਗਦੀ ਨਹੀਂ।
ਮਾਡਲ ਬਣਨੋ ਹਟਦੀ ਨਹੀਂ।
ਹੋਰ ਤਰ੍ਹਾਂ ਦੇ ਪਹਿਰਾਵੇ।
ਕੌਣ ਕਿਸੇ ਨੂੰ ਸਮਝਾਵੇ।
ਪਰਿਵਾਰਾਂ ਵਿੱਚ ਦਰਾਰਾਂ ਨੇ।
ਇਹ ਕਿਹੋ ਜਿਹੀਆਂ ਮਾਰਾਂ ਨੇ।
ਥਾਂ-ਥਾਂ ਦਾਰੂ ਅੱਡੇ ਨੇ।
ਸਦਾ ਸ਼ਰਾਬੀ ਨੱਢੇ ਨੇ।
ਰੁਲ ਗਏ ਮੁੰਡੇ ਦੇਸੀ ਨੇ।
ਸਾਰੇ ਨਸ਼ੇ ਬਿਦੇਸ਼ੀ ਨੇ।
ਖਾਣ-ਪਾਣ ਹੀ ਬਦਲ ਗਿਆ।
ਬਚਪਨ ਹੱਥੋਂ ਨਿਕਲ ਗਿਆ।
ਹੁਣ ਤਾਂ ਬਚਪਨ ਹੋਰ-ਹੋਰ।
ਸਮੇਂ ਦੀ ਨਵੀਓਂ ਤੋਰ ਤੋਰ।
ਸਮੇਂ ਦੀ ਨਵੀਓਂ ਤੋਰ ਤੋਰ।