ਆਓ ਪੁੱਤਰੋ ਕਿਵੇਂ ਆਏ ਹੋ…?
ਤਾਈ ਜੀ, ਇਹ ਆਦਮੀ ਆਪਣੇ ਨੇੜਲੇ ਸ਼ਹਿਰ ਦੇ ਵੱਖ-ਵੱਖ ਪਿੰਡਾਂ ਤੋਂ ਹਨ ਅਤੇ ਬਿਰਧ ਆਸ਼ਰਮ ਲਈ ਉਗਰਾਹੀ ਕਰਨ ਵਾਸਤੇ ਆਏ ਹਨ (ਲੰਬੜਾਂ ਦੇ ਮੁੰਡੇ ਨੇ ਤਾਈ ਨਿਹਾਲੀ ਨੂੰ ਸੰਬੋਧਨ ਕਰਦਿਆਂ ਕਿਹਾ)।
ਵੇ ਪੁੱਤ ਤੇਰੇ ਸਦਕੇ ਜਾਵਾਂ… ਸਮਾਜ ਸੇਵੀ ਕੰਮ ਤਾਂ ਵੱਧ ਤੋਂ ਵੱਧ ਕਰਨੇ ਚਾਹੀਦੇ ਨੇ, ਨਾਲੇ ਉਗਰਾਹੀ ਤਾਂ ਲੈ ਜਾਵੋ ਭਾਵੇਂ ਸੌ ਵਾਰੀ… ਪਰ ਜੇ ਮੈਂ ਕੋਈ ਗੱਲ ਕਹਾਂ… ਤਾਂ ਤੁਸੀਂ ਗੁੱਸਾ ਤਾਂ ਨਹੀ ਕਰਦੇ…?
ਨਹੀਂ ਮਾਤਾ ਜੀ…।
ਵੇ ਪੁੱਤਰੋ ਗੱਲ ਇਹ ਐ, ਕਿ ਸਾਡੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਦੇ ਰੋਜ਼ਾਨਾ ਜਹਾਜ਼ ਭਰ-ਭਰ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ। ਹਰੇਕ ਪ੍ਰੀਵਾਰ ਦੇ ਇੱਕ ਜਾਂ ਦੋ ਹੀ ਬੱਚੇ ਹਨ। ਬੱਚਿਆਂ ਵੱਲੋਂ ਉਚੇਰੀ ਪੜ੍ਹਾਈ ਨਾ ਕਰਨ ਕਰਕੇ ਵੱਡੇ ਸਕੂਲ-ਕਾਲਜ ਬੰਦ ਹੁੰਦੇ ਜਾ ਰਹੇ ਨੇ, ਬੱਚਿਆਂ ਦੀਆਂ ਸਾਡੇ ਨਾਲੋਂ ਦਿਨੋ-ਦਿਨ ਸਾਂਝਾ ਟੁੱਟਦੀਆਂ ਜਾ ਰਹੀਆਂ ਹਨ, ਆਉਣ ਵਾਲੇ ਕੁਝ ਹੀ ਸਮੇਂ 'ਚ ਚਿੰਤਾਂ ਦਾ ਵਿਸ਼ਾ ਇਹ ਵੀ ਐ, ਕਿ ਜਿਹੜੇ ਬੱਚੇ ਵਿਦੇਸ਼ ਚਲੇ ਗਏ, ਉਨ੍ਹਾਂ ਬੱਚਿਆਂ ਨੇ ਆਪਣੇ ਬੱਚਿਆਂ ਦੀ ਪੈਦਾਇਸ਼ ਵੀ ਵਿਦੇਸ਼ਾਂ 'ਚ ਕਰ ਲੈਣੀਂ ਐ, ਸਾਡੇ ਦੇਸ਼ 'ਚ ਨਵੀਂ ਪਨੀਰੀ ਵੀ ਘਾਟ ਜਾਣੀ ਐ, ਪਿੱਛੇ ਰਹਿ ਜਾਣੇ ਨੇ ਸਾਡੇ ਵਰਗੇ ਬੁੱਢੇ-ਠੇਰੇ ਜਾਂ ਅਨਪੜ੍ਹ ਲੋਕ ਜਾਂ ਉਹ ਲੋਕ ਜੋ ਕਿਸੇ ਕਾਰਨ ਵਿਦੇਸ਼ਾਂ 'ਚ ਨਹੀਂ ਜਾ ਸਕਣਗੇ ਜਾਂ ਫਿਰ ਅਮਲੀ ਤੇ ਨਸ਼ੇੜੀ… ਤੇ ਫਿਰ ਹੁਣ ਨਵੇਂ ਬਿਰਧ ਆਸ਼ਰਮ ਬਣਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਘਰ-ਘਰ ਹੀ ਬਿਰਧ ਆਸ਼ਰਮ ਬਣੀਂ ਜਾ ਰਹੇ ਨੇ…। ਦਿਨੋ-ਦਿਨ ਸਾਡੇ ਧੰਦੇ ਵੀ ਤਾਂ ਚੌਪਟ ਹੁੰਦੇ ਜਾ ਰਹੇ ਨੇ ਤੇ ਅਰਬਾਂ-ਖਰਬਾਂ ਦੀਆਂ ਰਕਮਾਂ ਵਿਦੇਸ਼ਾਂ ਵਾਲੇ ਖਿੱਚੀ ਜਾਂਦੇ ਨੇ।ਸਾਡੇ ਦੇਸ਼ ਦੇ ਜੰਗਲ ਰਾਜ ਸਿਸਟਮ ਨੂੰ ਦੇਖ ਕੇ ਹਰੇਕ ਇਨਸਾਨ ਦੀ ਸੋਚ ਹੈ ਕਿ ਉਸਦਾ ਚਾਹੇ, ਗਹਿਣਾ-ਗੱਟਾ ,ਜ਼ਮੀਨ-ਜਾਇਦਾਦ ਵਿੱਕ ਜਾਵੇ। ਪਰ ਉਸਦੀ ਔਲਾਦ ਵਿਦੇਸ਼ਾਂ 'ਚ ਪਹੁੰਚ ਜਾਵੇ, ਹੁਣ ਤੁਸੀਂ ਹੀ ਦੱਸੋ ਕਿ ਕੀ ਹੋਣਾਂ ਚਾਹੀਦੈ, ਆਹ ਮੇਰਾ ਘਰ ਦੇਖ ਲਓ, ਕਿਸੇ ਬਿਰਧ ਆਸ਼ਰਮ ਤੋਂ ਘੱਟ ਨਹੀਂ ਹੈ। ਇੱਕ ਪੋਤਰਾ ਸੀ ਜੋ ਦੋ ਸਾਲ ਪਹਿਲਾਂ ਵਿਦੇਸ਼ ਚਲਾ ਗਿਆ ਤੇ ੬ ਮਹੀਨੇ ਹੋ ਗਏ ਉਸਦੇ ਮਗਰ ਹੀ ਮੇਰੇ ਨੂੰਹ-ਪੁੱਤ ਚਲੇ ਗਏ ਨੇ।ਕਈ ਘਰਾਂ ਨੂੰ ਜ਼ਿੰਦਰੇ ਲੱਗੇ ਪਏ ਨੇ, ਜਿੱਥੇ ਕਬੂਤਰ ਬੋਲਦੇ ਨੇ ਕਬੂਤਰ, ਧਰਮ ਨਾਲ ਵਿਛੋੜੇ ਦੀਆਂ ਢਿੱਡ ਚੋਂ ਲਪਟਾਂ ਨਿਕਲਦੀਆਂ ਨੇ ਲਪਟਾਂ, ਐਨਾ ਆਖਦਿਆਂ ਤਾਈ ਨਿਹਾਲੀ ਦੀ ਭੁੱਬ ਨਿਕਲ ਗਈ ਤੇ ਸਾਉਣ ਦੀ ਝੜੀ ਵਾਂਗ ਅੱਖਾਂ ਚੋਂ ਤਰਿੱਪ-ਤਰਿੱਪ ਹੰਝੂ ਵਗਣੇ ਸ਼ੁਰੂ ਹੋ ਗਏ।