ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ)
(ਪੁਸਤਕ ਪੜਚੋਲ )
ਸੂਰਜਾਂ ਦੇ ਵਾਰਿਸ (ਕਾਵਿ-ਸੰਗ੍ਰਹਿ)
ਪ੍ਰਕਾਸ਼ਨ: ਸੂਰਜਾਂ ਦੇ ਵਾਰਿਸ (ਭਿੰਡਰ ਬਠਿੰਡਾ)
ਸੰਪਾਦਕ: ਗੁਰਪ੍ਰੀਤ ਥਿੰਦ,ਗਗਨ ਹਰਸ਼
ਗੁਰਪ੍ਰੀਤ ਸਿੰਘ ਥਿੰਦ ਸਾਹਿਤਕ ਹਲਕਿਆਂ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ।ਜਿਸ ਨੇ ਆਪਣੀ ਲੇਖਣੀ ਦੇ ਨਾਲ ਨਾਲ ਹੋਰਨਾਂ ਬਹੁਤ ਸਾਰੀਆਂ ਕਲਮਾਂ ਨੂੰ ਇਕ ਧਾਗੇ ਵਿੱਚ ਪਰੋ ਕੇ ਵਿਲੱਖਣ ਕਾਰਜ ਕਰਨ ਦਾ ਨਿਵੇਕਲਾ ਯਤਨ ਕੀਤਾ ਹੈ। ਇਸੇ ਤਹਿਤ ਹੀ ਆਪਣੇ ਪ੍ਰਕਾਸ਼ਨ ਦੇ ਨਾਮ ਤੇ ਹੀ ਇਕ ਕਾਵਿ-ਸੰਗ੍ਰਹਿ ਨੂੰ ਛਾਪਣ ਦਾ ਉਪਰਾਲਾ ਕਰਕੇ ਉਸ ਵਿੱਚ ਕਰੀਬ ਇਕ ਸੌ ਸੱਤ ਕਵੀਆਂ ਦੀਆਂ ਕਵਿਤਾਵਾਂ ਗ਼ਜ਼ਲਾਂ ਨੂੰ ਸੰਗ੍ਰਹਿ ਕਰਕੇ ਇਕ ਸੌ ਬਵੰਜਾ ਪੇਜ ਦਾ ਇਕ ਯਾਦਗਾਰੀ ਤੋਹਫ਼ਾ ਨੁਮਾ ਪੁਸਤਕ ਨੂੰ ਪਾਠਕਾਂ ਦੇ ਰੂਬਰੂ ਕੀਤਾ ਹੈ
ਜਿਨਾਂ ਐਸੀਆਂ ਪੁਸਤਕਾਂ ਨੂੰ ਪੜ੍ਹਨਾ ਸੁਖਾਲਾ ਹੁੰਦਾ ਹੈ ਓਨਾ ਹੀ ਇਕੱਲੇ ਇਕੱਲੇ ਕਵੀ ਤੋਂ ਕਵਿਤਾਵਾਂ ਇਕੱਠੀਆਂ ਕਰਨੀਆਂ, ਓਨਾਂ ਨਾਲ ਫੋਨ ਤੇ ਸੰਪਰਕ ਕਰਕੇ ਰਾਬਤਾ ਬਣਾਉਂਣ ਦਾ ਕਾਰਜ ਬਹੁਤ ਔਖਾ ਹੁੰਦਾ ਹੈ,ਜੋ ਕਿ ਸੰਜਮ ਮਿਠਤੁ ਤੇ ਹਲੀਮੀ ਨਾਲ ਹੀ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਬਿਨਾਂ ਸ਼ੱਕ ਗੁਰਪ੍ਰੀਤ ਨੇ ਸੰਜਮ ਤੋਂ ਕੰਮ ਲੈਂਦਿਆਂ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਚੰਗੇ ਕਵੀਆਂ ਦੀ ਚੋਣ ਹੀ ਕੀਤੀ ਹੈ।ਕਿਉਂਕਿ ਇਹ ਪੁਸਤਕ ਦਾਸ ਨੂੰ ਉਚੇਚੇ ਤੌਰ ਤੇ ਗੁਰਪ੍ਰੀਤ ਖੁਦ ਮੁਕਤਸਰ ਘਰ ਆ ਦੇ ਕੇ ਗਿਆ, ਜਿਵੇਂ ਜਿਵੇਂ ਇਸ ਪੁਸਤਕ ਦੀਆਂ ਰਚਨਾਵਾਂ ਨੂੰ ਪੜ੍ਹਿਆ ਤਾਂ ਇਸ ਵਿੱਚ ਹਰ ਵੰਨਗੀ ਦੀਆਂ ਰਚਨਾਵਾਂ ਪੜ੍ਹਨ ਨੂੰ ਮਿਲੀਆਂ। ਅਜੋਕੇ ਸਮਿਆਂ ਦੀ ਗੱਲ, ਮਾਨਵੀ ਜੀਵਨ, ਰਿਸ਼ਤਿਆਂ ਦੀ ਬਾਤ, ਆਰਥਿਕ, ਸਮਾਜਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ ਦੀ ਗੱਲ ਕਰਦੀਆਂ ਬਹੁਤ ਹੀ ਮਿਆਰੀ ਰਚਨਾਵਾਂ ਨਾਲ ਸ਼ਿੰਗਾਰੀ ਹੋਈ ਇਹ ਪੁਸਤਕ ਇਕ ਅਨੋਖੀ ਅਤੇ ਅਨਮੋਲ ਦਸਤਾਵੇਜ਼ ਹੈ। ਨਿੰਦਰ ਘੁਗਿਆਣਵੀ ਤੇ ਜਸਵੀਰ ਰਾਣਾ ਨੂੰ ਸਪਰਪਿਤ ਕਰਕੇ ਗੁਰਪ੍ਰੀਤ ਨੇ ਜੇ ਕਹਿ ਲਈਏ ਕਿ ਇਸ ਪੁਸਤਕ ਨੂੰ ਸਾਂਭਣਯੋਗ ਦਸਤਾਵੇਜ਼ ਪੇਸ਼ ਕੀਤਾ ਹੈ ਤਾਂ ਮੇਰੇ ਖਿਆਲ ਅਨੁਸਾਰ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਸਾਹਿਤਕ ਹਲਕਿਆਂ ਵਿੱਚ ਇਹ ਦੋਵੇਂ ਸਤਿਕਾਰਿਤ ਨਾਮ ਹਨ।
ਜੇਕਰ ਇਸ ਵਿਚਲੀਆਂ ਰਚਨਾਵਾਂ ਦੀ ਗੱਲ ਕਰੀਏ ਤਾਂ ਗੁਰਭਜਨ ਗਿੱਲ ਦੀ ਰਚਨਾ ਵਿਚ“ਨਾਇਕ ਲੱਭਦਾ ਨਹੀਂ, ਖਲਨਾਇਕਾਂ ਦੀਆਂ ਹੋੜਾਂ“ਅਜਬ ਸਰਕਸ ਵੇਖਦਿਆਂ ਨਾਮੀ ਕਵਿਤਾ ਵਿਚ, ਤੇ ਦੂਸਰੀ“ਦਰਦਨਾਮਾ“ਕਵਿਤਾ ਅਜੋਕੇ ਸਮਾਜ ਦੀ ਤ੍ਰਾਸਦੀ ਪੇਸ਼ ਕਰਦੀਆਂ ਹਨ। ਸੁਲੱਖਣ ਸਰਹੱਦੀ ਜੀ ਦਾ“ਨਿਊਯਾਰਕ ਸੋਨੇ ਦੇ ਡਾਲਰ“ਵਿਦੇਸ਼ਾਂ ਦੀ ਗੱਲ ਕਰਦੀ ਬਹੁਤ ਭਾਵਪੂਰਤ ਰਚਨਾ ਹੈ। ਪਲਵਿੰਦਰ ਬਾਸੀ ਦੀ ਕਵਿਤਾ“ਕਣ ਕਣ ਦੇ ਵਿਚਕਾਰ ਹੈ ਨਾਨਕ।ਜੀਵਨ ਦਾ ਵਿਸਥਾਰ ਹੈ ਨਾਨਕ।“ਹੱਕ ਸੱਚ ਦੀ ਗੱਲ ਕਰਦੀ ਸ਼ਾਹਕਾਰ ਰਚਨਾ ਹੈ। ਪ੍ਰਿਤਪਾਲ ਟਿਵਾਣਾ ਦੀ ਕਵਿਤਾ“ਕੌੜਾ ਸੱਚ“ਚ ਕੌਈ ਨਾ ਸਾਡੇ ਬਾਰੇ ਸੋਚੇ ਕੋਈ ਨਾ ਫਰਜ਼ ਉਤਾਰ ਰਿਹਾ, ਆਪਣੇ ਨਾਮ ਤੇ ਬਿਲਕੁਲ ਖਰੀ ਉਤਰਦੀ ਹੈ ਕਿ ਅਜੋਕੇ ਸਮੇਂ ਵਿੱਚ ਟਾਈਮ ਦੀ ਕਮੀ ਦੀ ਬਾਖ਼ੂਬੀ ਬਿਆਨ ਕਰਦੀ ਰਚਨਾ ਹੈ।ਰਵੀ ਆਲਮ ਸ਼ਾਹ ਦੀ ਕਿਸਾਨ ਨਾਮੀ ਕਵਿਤਾ“ਭੁੱਖਾ ਰਹਿਕੇ ਆਪ ਢਿੱਡ ਪਾਲਦਾ ਜਹਾਨ ਦਾ“ਕਿਰਸਾਨੀ ਦੀ ਅਜੋਕੀ ਤ੍ਰਾਸਦੀ ਨੂੰ ਬਿਆਨਦੀ ਰਚਨਾ ਲੂੰ ਕੰਡੇ ਖੜ੍ਹੇ ਕਰਨ ਵਾਲੀ ਰਚਨਾ ਹੈ।ਦੀਪ ਗਿੱਲ ਦੀ“ਤੇਰੇ ਚੇਤਿਆਂ ਚ ਨੱਚੇ ਸੁਰਖ਼ਾਬ ਵੇ, ਤੇਰੇ ਹਾਸਿਆਂ ਚ ਹੱਸਦਾ ਪੰਜਾਬ ਦੇ“ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦੀ ਵਧੀਆ ਰਚਨਾ ਹੈ। ਜਿੰਦਗੀ ਦੇ ਦਰਦ ਚੋ ਸਰਬਜੀਤ ਦੀ ਰਚਨਾ“ਵਸਦੇ ਰਹਿਣ ਪ੍ਰਾਹੁਣੇ ਸਾਡੇ ਦਿਲ ਵਾਲੇ“ਬ੍ਰਿਹਾ ਦੀ ਬਾਤ ਪਾਉਂਦੀ ਕਵਿਤਾ ਹੈ। ਲਖਵਿੰਦਰ ਮੁਤਾਬਿਕ ਦੀ ਕਵਿਤਾ“ਜੋ ਅੱਜ ਤਖਤਾਂ ਤੇ ਟੰਗੇ ਹੋਏ ਨੇ,ਵਰਕੇ ਇਹ ਖੂਨ ਵਿਚ ਰੰਗੇ ਹੋਏ ਨੇ“ਅਜੋਕੇ ਹਾਲਾਤਾਂ ਦੀ ਗੱਲ ਕਰਦੀ ਕਵਿਤਾ ਬਹੁਤ ਦਿਲ ਨੂੰ ਟੁੰਬਦੀ ਹੈ। ਗੁਲਸ਼ਨ ਪੰਧੂ ਦੀ ਕੁੜੀਆਂ ਤੇ ਲਿਖੀ ਕਵਿਤਾ“ਜ਼ਾਲਮ ਕਹਿਣ ਬਲਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆ“ਬਿਲਕੁਲ ਤਰਲੋਚਨ ਲੋਚੀ ਦੀ ਕਵਿਤਾ ਵਾਂਗ ਬਹੁਤ ਹੀ ਵੈਰਾਗ ਮਈ ਕਵਿਤਾ ਹੈ। ਜ਼ਹਿਰ ਨਾਮੀ ਕਵਿਤਾ ਦੇ ਰਚੇਤਾ ਰਾਜੇਸ਼ ਬੱਬੀ ਨੇ ਵੀ ਬਾਖੂਬੀ ਪੇਸ਼ਕਾਰੀ ਕਰਦਿਆਂ ਕਿਹਾ ਹੈ ਕਿ“ਹੁੰਦੀਆਂ ਸੀ ਕਦੇ ਸਿਫ਼ਤਾਂ ਜਿਵੇਂ ਫੁੱਲ ਗੁਲਾਬ ਦੀਆਂ, ਏਦਾਂ ਈ ਸਿਫ਼ਤਾਂ ਹੁੰਦੀਆਂ ਸੀ ਮੇਰੇ ਦੇਸ਼ ਪੰਜਾਬ ਦੀਆਂ“ਪੁਰਾਤਨ ਪੰਜਾਬ ਦੀ ਬਾਤ ਪਾਈ ਹੈ ਜਦੋਂ ਰੰਗਲਾ ਪੰਜਾਬ ਘੁੱਗ ਵਸਦਾ ਸੀ।ਚੰਨ ਕਸੌਲੀ ਦੀ ਰਚਨਾ“ਮੈਂ ਚੇਤੇ ਕਰਕੇ ਆਪਣਾ ਬਚਪਨ ਨੀਰ ਵਹਾਵਾਂ,ਵੇਚ ਜਵਾਨੀ ਮਿਲ ਜਾਵੇ ਤਾਂ ਬਚਪਨ ਮੋੜ ਲਿਆਵਾਂ“ਆਪਣੇ ਹੀ ਨਹੀਂ ਬਲਕਿ ਹਰ ਪੜ੍ਹਨ ਵਾਲੇ ਨੂੰ ਬਚਪਨ ਯਾਦ ਕਰਵਿਉਣ ਵਾਲੀ ਕਵਿਤਾ ਦੀ ਬਾਕਮਾਲ ਰਚਨਾ ਪੇਸ਼ ਕੀਤੀ ਹੈ। ਜਗਦੇਵ ਘੁੰਗਰਾਲੀ ਦੀ“ਜਾਨ ਨੂੰ ਖਤਰਾ“ਅਜੋਕੇ ਮਾੜੇ ਸਮਿਆਂ ਦੀ ਗੱਲ ਕਰਦੀ ਵਧੀਆ ਕਵਿਤਾ ਹੈ। ਸ਼ੇਰੂ ਤਿੰਨਾਂ ਅਬੋਹਰ ਦੀ ਰਚਨਾ“ਕਰਲੈ ਪਿਆਰ ਪੈਂਤੀ ਅੱਖਰਾਂ ਦੇ ਨਾਲ“ਪੰਜਾਬੀ ਮਾਂ ਬੋਲੀ ਦੀ ਗੱਲ ਕਰਦੀ ਵਧੀਆ ਰਚਨਾ ਹੈ। ਬਿੰਦਰ ਜਾਨ-ਏ-ਸਾਹਿਤ ਦੀ ਕਵਿਤਾ“ਹਾਊਸ ਵਾਈਫ“ਵਿੱਚ ਅਜੋਕੀ ਇਸਤਰੀ ਦੀ ਬਾਖ਼ੂਬੀ ਤਰਜਮਾਨੀ ਕਰਦੀ ਹੈ ਕਿ ਸੱਭ ਨੂੰ ਰੋਟੀ ਖਵਾ ਕੇ ਕਦੇ ਕਦੇ ਉਸਦੇ ਹਿੱਸੇ ਬੇਹੀ ਤੇ ਬਾਸੀ ਰੋਟੀ ਆਉਂਦੀ ਹੈ ਤੇ ਓਸੇ ਨਾਲ ਹੀ ਸਬਰ ਕਰ ਲੈਂਦੀ ਹੈ। ਅਜੋਕੇ ਅਗਾਂਹਵਧੂ ਜ਼ਮਾਨੇ ਦੀ ਤੇ ਫੇਸਬੁੱਕ ਦੀ ਗੱਲ ਕਰਦੀ ਹੈ ਵਿੱਕੀ ਸੰਤਪੁਰੀਏ ਦੀ ਕਵਿਤਾ, ਦਲਜੀਤ ਰਾਏ ਕਾਲੀਆ ਦੀ ਗ਼ਜ਼ਲ“ਤਾਜ ਮਹਿਲ ਦੀ ਸੁੰਦਰਤਾ ਦਾ ਕਰਦੇ ਸੱਭ ਪ੍ਰਚਾਰ,ਅੱਟਣ ਪੈ ਗੲੇ ਹੱਥਾਂ ਤੇ ਪਰ ਕੋਈ ਨੀ ਲੈਂਦਾ ਸਾਰ“ਅਜੋਕੇ ਕਾਮੇ ਦੀ ਬਾਤ ਪਾਉਂਦੀ ਹੈ।ਇਹ ਤਾਂ ਦਾਸ ਨੇ ਕੁੱਝ ਕੁ ਰਚਨਾਵਾਂ ਦਾ ਹਵਾਲਾ ਹੀ ਦਿੱਤਾ ਹੈ।
ਜੇਕਰ ਸਮੁੱਚੀ ਪੁਸਤਕ ਦੀ ਗੱਲ ਕਰੀਏ ਤਾਂ ਹਰ ਵੰਨਗੀ ਹਰ ਕਿਸਮ ਦੀ ਕਵਿਤਾ ਗ਼ਜ਼ਲ ਰਚਨਾ ਇਸ ਪੁਸਤਕ ਵਿਚ ਸ਼ਾਮਿਲ ਕਰਨ ਲਈ ਗੁਰਪ੍ਰੀਤ ਥਿੰਦ ਤੇ ਗਗਨ ਹਰਸ਼ ਦਾ ਧੰਨਵਾਦ ਕਰਨਾ ਵੀ ਬਣਦਾ ਹੈ। ਦੋਸਤੋ ਆਪਣੀ ਹੀ ਇਕ ਪੁਸਤਕ ਛਪਵਾਉਣੀ ਹੋਵੇ ਤਾਂ ਵੀ ਹਰ ਇਕ ਲੇਖਕ ਸੋਚ ਸਮਝ ਕੇ ਕਦਮ ਪੁੱਟਦਾ ਹੈ। ਇਤਨੇ ਸਾਰੇ ਲੇਖਕਾਂ ਤੋਂ ਰਚਨਾਵਾਂ ਇਕੱਠੀਆ ਕਰਨੀਆਂ ਕਿਤਾਬ ਛਾਪਣੀ ਫਿਰ ਓਨਾਂ ਨੂੰ ਪਹੂੰਚਦੀ ਕਰਨੀ ਬਹੁਤ ਕਠਿਨ ਤੇ ਮਿਹਨਤ ਵਾਲਾ ਕਾਰਜ ਹੈ।ਜਿਸ ਨੂੰ ਇਨ੍ਹਾਂ ਦੋਹਾਂ ਦੋਸਤਾਂ ਨੇ ਬਾਖੂਬੀ ਪੇਸ਼ਕਾਰੀ ਕਰਦਿਆਂ ਨਿਭਾਇਆ ਹੈ।
ਸਾਹਿਤਕ ਹਲਕਿਆਂ ਵਿੱਚ ਇਸ ਕਾਵਿ-ਸੰਗ੍ਰਹਿ ਨੂੰ ਜੀ ਆਇਆਂ ਕਹਿਣਾ ਬਣਦਾ ਹੈ ਤੇ ਦਾਸ ਸਾਹਿਤ ਨਾਲ ਪਿਆਰ ਸਤਿਕਾਰ ਕਰਨ ਵਾਲੇ ਸਾਰੇ ਹੀ ਸਾਹਿਤ ਪ੍ਰੇਮੀਆਂ ਨੂੰ ਇਸ ਪੁਸਤਕ“ਸੂਰਜਾਂ ਦੇ ਵਾਰਿਸ“ਨੂੰ ਪੜ੍ਹਨ ਦਾ ਅਨੁਰੋਧ ਕਰਦਾ ਹੈ ਤੇ ਨਾਲ ਹੀ ਇਨ੍ਹਾਂ ਦੋਵਾਂ ਸਾਹਿਤਕਾਰਾਂ ਨੂੰ ਇਹਨਾਂ ਦੇ ਇਸ ਜੋਖ਼ਮ ਭਰੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਵਧਾਈ ਵੀ ਦਿੰਦਾ ਹੈ।