ਦਵਿੰਦਰ ਦਮਨ ਦਾ ਨਾਟਕ ਸਾਖੀ
(ਖ਼ਬਰਸਾਰ)
ਬੀਤੇ ਦਿਨੀਂ ਪ੍ਰਸਿੱਧ ਨਾਟਕਕਾਰ ਅਤੇ ਰੰਗ ਕਰਮੀ ਦਵਿੰਦਰ ਦਮਨ ਦਾ ਨਾਟਕ ਛੈਬੋ ਕਾਲਜ ਹੇਵਰਡ ਵਿਖੇ ਖੇਡਿਆ ਗਿਆ। ਇਸ ਨਾਟਕ ਦੇ ਪ੍ਰੋਡਿਊਸਰ ਗੋਲਡਨ ਪੰਜਾਬ ਕਲੱਬ ਦੇ ਗੁਰਸ਼ਰਨ ਸੇਖੋਂ ਅਤੇ ਗਿੰਨੀ ਬੇਦੀ ਲਾਅ ਪੀ ਸੀ ਬਹੁਤ ਥੋੜ੍ਹੇ ਸਮੇਂ ਵਿਚ ਇਸ ਨਾਟਕ ਨੂੰ ਸਫ਼ਲਤਾ ਪ੍ਰਦਾਨ ਕਰਨ ਲਈ ਵਧਾਈ ਦਾ ਹੱਕਦਾਰ ਹਨ। ਇਸ ਨਾਟਕ ਦੇ ਸ਼ੁਰੂ ਵਿਚ ਸ਼ਕਤੀ ਮਾਣਕ ਨੇ ਮੰਚ ਸੰਭਾਲਦੇ ਸਮੂਹ ਸਪਾਂਸਰਾਂ ਦਾ ਧੰਨਵਾਦ ਕੀਤਾ। ਹਰਸਿਮਰਨ ਸਿੰਘ ਦੀ ਪਲੇਠੀ ਪੁਸਤਕ 'ਬੇਰੀਆਂ ਦੇ ਬੇਰ' ਪਰਦੇਸ ਟਾਈਮਜ਼ ਦੇ ਸੰਪਾਦਕ ਬਲਬੀਰ ਸਿੰਘ ਐਮ ਏ ਅਤੇ ਸਾਂਝਾ ਟੀ ਵੀ ਦੀ ਹੋਸਟ ਬਲਜਿੰਦਰ ਕੌਰ ਵਲੋਂ ਲੋਕ ਅਰਪਿਤ ਕੀਤੀ ਗਈ। ਇਸ ਉਪਰੰਤ ਲਾਜ ਨੀਲਮ ਸੈਣੀ ਨੇ ਨਾਟਕ 'ਸਾਖੀ' ਦੀ ਜਾਣ -ਪਛਾਣ ਕਰਵਾਉਂਦੇ ਕਿਹਾ ਕਿ ਦਵਿੰਦਰ ਦਮਨ ਇਕ ਨਾਟਕਕਾਰ ਹੀ ਨਹੀਂ ਸਗੋਂ ਇਕ ਰੰਗ ਕਰਮੀ ਵੀ ਹੈ। ਇਸ ਨੇ ਹੁਣ ਤੱਕ ਇਤਿਹਾਸਕ. ਰਾਜਨੀਤਕ ਅਤੇ ਸਮਾਜਿਕ ਵਿਰੋਧਾਂ ਨੂੰ ਇਸ ਤਰ੍ਹਾਂ ਦੀ ਨਾਟਕੀ ਟੱਕਰ ਨਾਲ ਪੇਸ਼ ਕੀਤਾ ਹੈ ਕਿ ਲੋਕਾਂ ਦੀ ਰ੍ਹੂਹ ਝਿੰਜੋੜੀ ਜਾਂਦੀ ਹੈ ਅਤੇ ਸਰਕਾਰਾਂ ਨੂੰ ਸਿੰਘਾਸਣ ਡੋਲਦੇ ਨਜ਼ਰ ਆਉਣ ਲੱਗਦੇ ਹਨ। ਦਵਿੰਦਰ ਦਮਨ ਜੇ ਕਰ ਚਾਹੁੰਦਾ ਤਾਂ ਸਰਕਾਰ ਦਾ ਕਹਿਣਾ ਮੰਨ ਕੇ ਕਿਸੇ ਡਾਇਰੈਕਟਰ ਦੀ ਪੋਸਟ ਤੇ ਲੱਗਾ ਹੁੰਦਾ ਪਰ ਉਸਨੇ ਲੋਕਾਂ ਅਤੇ ਰੰਗ ਮੰਚ ਨਾਲ ਵਫ਼ਾ ਕਰਕੇ ਸੱਚੇ ਤੇ ਸੁੱਚੇ ਲੇਖਕ ਹੋਣ ਦਾ ਸਬੂਤ ਦਿੱਤਾ ਹੈ।
ਇਸ ਉਪਰੰਤ ਸ੍ਰੀ ਗੁਰੁ ਨਾਨਕ ਦੇਵ ਜੀ ਦੇ ੫੫੦ ਸਾਲਾ ਜਨਮ ਦਿਨ ਨੂੰ ਸਮਰਪਣ ਨਾਟਕ 'ਸਾਖੀ' ਸ਼ੁਰੂ ਹੋਇਆ।ਬਾਬੇ ਨਾਨਕ ਦੇ ਫਲਸਫਾ ਕੀ ਕਹਿੰਦਾ ਹੈ ਅਤੇ ਸਾਡੀ ਸੋਚ ਅੱਜ ਕਿੱਥੇ ਖੜ੍ਹੀ ਹੈ? ਅਸੀਂ ਰਸਮੀ ਚਿੰਨ੍ਹਾਂ ਤੇ ਕੁਰਬਾਨ ਜਾਂਦੇ ਹਾਂ ਪਰ ਡੇਰਾਵਾਦ ਪ੍ਰਧਾਨ ਕਿਉਂ? ਇਨ੍ਹਾਂ ਸਵਾਲਾਂ ਦੇ ਸਨਮੁਖ ਨਾਟਕ ਸਾਖੀ ਅਸਲ ਵਿਚ ਇਸ ਯੁੱਗ ਦੀ ਸਾਖੀ ਸੀ। ਇਸ ਸਾਖੀ ਵਿਚ ਸੂਤਰ ਧਾਰ ਮਰਦਾਨੇ ਦੀ ਰੂਹ ਦੇ ਰੂਪ ਵਿਚ ਦਵਿੰਦਰ ਦਮਨ ਜੀ ਚਿੱਟੀ ਪੁਸ਼ਾਕ ਵਿਚ ਇਹ ਸੋਚਣ ਲਈ ਮਜਬੂਰ ਕਰ ਰਹੇ ਸਨ ਕਿ ਮਰਦਾਨਾ ਇਸ ਤਰ੍ਹਾਂ ਦਾ ਹੋਵੇਗਾ। ਨਾਟਕ ਸਾਖੀ ਦੀ ਕਹਾਣੀ ਇਕ ਮੱਧ ਵਰਗੀ ਕਿਸਾਨ ਦੇ ਪਰਿਵਾਰ ਦੁਆਲੇ ਘੁੰਮਦੀ ਰਹੀ।ਜਿਸ ਵਿਚ ਕਰਜ਼ੇ ਦਾ ਸਤਇਆ ਕਿਸਾਨ ਖੁਦਕਸ਼ੀ ਕਰਨ ਲਈ ਤਿਆਰ ਸੀ।ਨਾਟਕ ਦੀ ਹਰ ਕੜੀ ਤੋਂ ਬਾਅਦ ਦਰਸ਼ਕ ਤਾੜੀਆਂ ਵਜਾਉਣ ਲਈ ਮਜਬੂਰ ਸਨ। ਨਾਟਕ ਪੰਜਾਬੀ ਸਿਸਟਮ ਦੀ ਮੂੰਹ ਬੋਲਦੀ ਤਸਵੀਰ ਹੀ ਨਹੀਂ ਸੀ ਸਗੋਂ ਚਿੱਟੇ ਦੇ ਵਪਾਰ ਵਿਚ ਸ਼ਰੇਆਮ ਐਮ. ਐਲ. ਏ ਦਾ ਹੱਥ ਹੋਣਾ ਅਤੇ ਉਸੇ ਵਲੋਂ ਕਿਸਾਨ ਦੇ ਬੇਟੇ ਨੂੰ ਪਹਿਲਾਂ ਧੰਦੇ ਲਾਉਣਾ ਤੇ ਫਿਰ ਜੇਲ੍ਹ ਭਿਜਵਾਉਣਾ ਸਿਸਟਮ ਦੇ ਮੂੰਹ ਤੇ ਕਰਾਰੀ ਚਪੇੜ ਵੀ ਸੀ। ਪੁਲਿਸ ਵਲੋਂ ਬੇਰੁਜਗਾਰਾਂ ਤੇ ਲਾਠੀ ਚਾਰਜ ਅਤੇ ਡੇਰੇ ਅਤੇ ਗੁਰੂ ਘਰਾਂ ਅੰਦਰ ਹੋ ਰਹੀਆਂ ਧਾਂਦਲੀਆਂ ਨੂੰ ਬੇਬਾਕੀ ਅਤੇ ਨਿਧੜਕਤਾ ਨਾਲ ਬਿਆਨਦਾ ਹੋਇਆ ਆਪਣੇ ਹੱਕ ਸੱਚ ਲਈ ਲੜਨ ਦਾ ਸੁਨੇਹਾ ਦੇਣ ਵਿਚ ਇਹ ਨਾਟਕ ਪੂਰੀ ਤਰ੍ਹਾਂ ਕਾਮਯਾਬ ਹੋਇਆ। ਨਾਟਕ ਦੀ ਸਫ਼ਲਤਾ ਇਹ ਵੀ ਸੀ ਕਿ ਨਾਟਕ ਖਤਮ ਹੋਣ ਤੋਂ ਬਾਅਦ ਵੀ ਹਾਲ ਵਿਚ ਬੈਠਾ ਕੋਈ ਦਰਸ਼ਕ ਉੱਠ ਕੇ ਨਹੀਂ ਗਿਆ। ਇਸ ਨਾਟਕ ਵਿਚ ਕਿਸਾਨ ਦੇ ਰੋਲ ਵਿਚ ਸ਼ਾਨ ਸੇਖੋਂ ਅਤੇ ਉਸਦੀ ਪਤਨੀ ਦੇ ਰੂਪ ਵਿਚ ਹਰਜੀਤ ਜੀਤੀ ਦੀ ਭੂਮਿਕਾ ਪ੍ਰਮੁੱਖ ਅਤੇ ਅਹਿਮ ਸੀ। ਇਸ ਤੋਂ ਇਲਾਵਾ ਕਿਸਾਨ ਦੀ ਬੇਟੀ-ਅਨੂਪ ਕੌਰ, ਕਿਸਾਨ ਦਾ ਬੇਟਾ ਸੁਖਮਨ-ਹਰਸਿਮਰਨ ਸਿੰਘ, ਕਿਸਾਨ ਦਾ ਬੇਟਾ ਸ਼ਿੰਦਾ-ਦਲਜੀਤ ਸੇਖੋਂ , ਮੁਣਸ਼ੀ-ਮਨਜੀਤ ਗੁਰਦਾਸਪੁਰੀ, ਸਿਪਾਹੀ-ਮਾਸਟਰ ਰਿੰਕੂ, ਸਰਪੰਚ-ਅਵਤਾਰ ਸਿੰਘ, ਪੰਚ-ਗੁਰਨੇਕ ਸਿੰਘ ਲਾਲੀ ਆਪਣੇ ਰੋਲ ਵਿਚ ਖਰੇ ਉੱਤਰੇ।ਸੁਲਤਾਨ ਅਖਤਰ ਦਾ ਪਰਦੇ ਪਿੱਛੇ ਗੁਰਬਾਣੀ ਗਾਇਨ ਪੂਰੇ ਹਾਲ ਨੂੰ ਊਰਜਾਮਈ ਕਰਦਾ ਹੋਇਆ ਅਗੰਮੀ ਸੁਰ ਪ੍ਰਦਾਨ ਕਰ ਰਿਹਾ ਸੀ। ਇਸ ਨਾਟਕ ਦੇ ਅਰਗੇਨਾਈਜ਼ਰਜ਼ ਵਿਚ ਪਰਮਜੀਤ ਰਾਣਾ, ਜਿਮੀ ਸ਼ਰਮਾ, ਵਿਕਰਮਜੀਤ ਸਿੰਘ ਮੁਲਤਾਨੀ ਅਤੇ ਹੈਰੀ ਗਰੇਵਾਲ ਸਨ, ਲਾਈਟ ਪ੍ਰਬੰਧ ਵਿਵੇਕ ਪੋਪਲੀ ਅਤੇ ਫੋਟੋਗ੍ਰਾਫੀ ਜਸਵੀਰ ਭੰਵਰਾ ਦੀ ਸੀ।