ਬੜਾ ਪਿਆਰਾ ਰਿਸ਼ਤਾ ਮਾਸੀ,
ਕਰਦੀ ਬੜਾ ਪਿਆਰ ਏ ਮੈਂਨੂੰ।
ਐਪਰ ਮਾਂ ਦੀ ਗੋਦੀ ਵਰਗਾ,
ਚੜ੍ਹਦਾ ਨਹੀਂ ਖੁਮਾਰ ਏ ਮੈਂਨੂੰ।
ਮਿੱਠੀਆਂ ਮਿਠੀਆਂ ਗੱਲਾਂ ਕਰਦੀ,
ਲਾਡ ਲਡਾਵੇ ਸ਼ਹਿਰੀ ਮਾਸੀ।
ਬਾਪੂ ਦੇ ਘਰ ਡੇਰਾ ਲਾ ਲਏ,
ਲਗਦੀ ਹੈ ਫਿਰ ਜ਼ਹਿਰੀ ਮਾਸੀ।
ਮਾਸੀ ਨੂੰ ਵੀ ਪਿਆਰ ਕਰਾਂ ਮੈਂ,
ਮਾਸੀ ਦਾ ਸਤਿਕਾਰ ਕਰਾਂ ਮੈਂ,
ਮਾਂ ਤੇ ਆ ਕੇ ਰੋਹਬ ਜਮਾਵੇ,
ਇਹ ਕਿੱਦਾਂ ਸਵੀਕਾਰ ਕਰਾਂ ਮੈਂ?
ਮਾਸੀ ਹੀ ਕਿਉਂ? ਚਾਚੀ, ਤਾਈ,
ਭੂਆ ਨਾਲ ਵੀ ਰਿਸ਼ਤਾ ਮੇਰਾ,
ਮਾਂ ਦੇ ਕਾਰਨ ਸਾਰੇ ਰਿਸ਼ਤੇ,
ਮਾਂ ਦਾ ਰਿਸ਼ਤਾ ਬੜਾ ਡੂੰਘੇਰਾ।
ਹਰ ਮਾਤਾ ਨੂੰ ਹੱਸ ਬੁਲਾਵਾਂ,
ਦੁੱਖ ਸੁੱਖ ਅਪਣੀ ਮਾਂ ਸੰਗ ਫੋਲਾਂ,
ਕਿਸੇ ਬਿਗਾਨੇ ਪਿੱਛੇ ਲੱਗ ਕੇ,
ਮਾਂ ਦੀ ਪੱਤ ਕਦੇ ਨਾ ਰੋਲ਼ਾਂ।
ਮਾਸੀ ਮਾਸੀ ਕੂਕਣ ਵਾਲਿਓ,
ਮਾਸੀ ਆਪਣੇ ਥਾਂ ਹੈ ਹੁੰਦੀ,
ਜਿਸ ਦੀ ਕੁੱਖੋਂ ਜਨਮ ਲਿਆ ਹੈ,
'ਦੀਸ਼' ਸਕੀ ਉਹ ਮਾਂ ਹੈ ਹੁੰਦੀ।