ਅਨੇਕਾਂ ਕਲਾਵਾਂ ਦਾ ਸੁਮੇਲ ਬਲਬੀਰ ਸਿੰਘ ਬੱਬੀ
(ਲੇਖ )
ਉਸ ਪਰਵਿੱਦਗਾਰ ਨੇ ਜਦੋਂ ਵਡਮੁੱਲੀਆਂ ਦਾਤਾਂ ਵੰਡਣੀਆਂ ਹੋਣ ਤਾਂ ਅਨੇਕਾਂ ਇਨਸਾਨਾਂ ਦੀ ਝੋਲੀ ਸੌਗਾਤਾਂ ਨਾਲ ਭਰ ਦਿੰਦਾ ਹੈ ਇਹ ਸੌਗਾਤਾਂ ਤਾਂ ਹੀ ਮਿਲਦੀਆਂ ਹਨ ਜੇ ਇਨ੍ਹਾਂ ਪ੍ਰਤੀ ਖਿੱਚ ਅਤੇ ਅਤੇ ਕੁਝ ਕਰਨ ਦਾ ਜਜ਼ਬਾ ਕਿਸੇ ਵਿੱਚ ਹੋਵੇ।ਇਨ੍ਹਾਂ ਸੌਗਾਤਾਂ ਨੂੰ ਰੱਬੀ ਕਲਾਵਾਂ ਸਮਝ ਕੇ ਸਮਾਜ ਵਿੱਚ ਵੰਡਣਾ ਵੀ ਕਿੱਸੇ ਹੀ ਇਨਸਾਨ ਦੇ ਹਿੱਸੇ ਆਉਂਦਾ ਹੈ।ਮੈਂ ਪਾਠਕਾਂ ਦੇ ਨਾਲ ਅਨੇਕਾਂ ਕਲਾਵਾਂ ਦੇ ਸੁਮੇਲ ਨਾਲ ਸਬੰਧ ਰੱਖਣ ਵਾਲੇ ਸ਼ਖਸ ਬਲਬੀਰ ਸਿੰਘ ਬੱਬੀ ਦੀ ਗੱਲ ਕਰ ਰਿਹਾ ਹਾਂ।ਜਿਸ ਨੇ ਇੱਕ ਨਹੀਂ ਅਨੇਕਾਂ ਖੇਤਰਾਂ ਵਿੱਚ ਮੱਲਾਂ ਮਾਰ ਕੇ ਆਪਣੀ ਵਧੀਆ ਹਾਜ਼ਰੀ ਲਵਾਈ ਤੇ ਲਵਾ ਰਿਹਾ ਹੈ।
ਅੱਜ ਤੋਂ ਤਕਰੀਬਨ ਚਾਲੀ ਵਰ੍ਹੇ ਪਹਿਲਾਂ ਬਲਬੀਰ ਸਿੰਘ ਬੱਬੀ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਗੁਰੂ ਕੀ ਨਗਰੀ ਮਾਛੀਵਾੜਾ ਨੇੜਲੇ ਪਿੰਡ ਤੱਖਰਾਂ ਵਿਖੇ ਪਿਤਾ ਹਰਪਾਲ ਸਿੰਘ ਫੌਜੀ ਅਤੇ ਮਾਤਾ ਹਰਜਿੰਦਰ ਕੌਰ ਦੇ ਘਰ ਹੋਇਆ।ਵੱਡੀ ਭੈਣ ਬਲਜੀਤ ਕੌਰ ਤੇ ਭਰਾ ਬਲਵਿੰਦਰ ਸਿੰਘ ਦੋਵਾਂ ਤੋਂ ਛੋਟਾ ਹੈ ਬੱਬੀ।ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਉਸ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਤੇ ਲੁਧਿਆਣਾ ਕਾਲਜ ਤੋਂ ਸਿੱਖਿਆ ਲਈ।ਘਰ ਵਿੱਚ ਧਾਰਮਿਕ ਮਾਹੌਲ ਸੀ ਸੋ ਕੁਦਰਤੀ ਹੀ ਧਾਰਮਿਕ ਰੰਗ ਚੜ੍ਹਿਆ।ਪਿੰਡ ਦੇ ਸਕੂਲ ਵਿੱਚ ਮਾਸਟਰ ਕੇਸਰ ਸਿੰਘ ਅਤੇ ਗੁਪਤਾ ਜੀ ਨੇ ਸਕੂਲ ਦੀ ਸਭਾ ਵਿਚ ਹੀ ਪਛਾਨਣਾ ਸ਼ੁਰੂ ਕੀਤਾ।ਬੱਬੀ ਜਿੱਥੇ ਪੜ੍ਹਨ ਵਿੱਚ ਹੁਸ਼ਿਆਰ ਸੀ ਉੱਥੇ ਬਾਲ ਸਭਾ ਵਿੱਚ ਵੀ ਵੱਜਦਾ ਰਿਹਾ।ਸਮਰਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖਲਾ ਲਿਆ ਪ੍ਰਿੰਸੀਪਲ ਜਗਤਾਰ ਸਿੰਘ ਖੱਟੜਾ ਮਾਸਟਰ ਨਿਰਭੈ ਸਿੰਘ ਪਰਮਿੰਦਰ ਸਿੰਘ ਤੇ ਮੈਡਮ ਧਾਲੀਵਾਲ ਨੇ ਹੱਲਾਸ਼ੇਰੀ ਦਿੱਤੀ।ਇੱਥੋਂ ਹੀ ਬੱਬੀ ਯੁਵਕ ਸੇਵਾਵਾਂ ਨਾਲ ਜੁੜਿਆ ਸਭ ਤੋਂ ਪਹਿਲਾਂ ਐੱਨ ਐੱਸ ਐੱਸ ਦੇ ਕੈਂਪ ਵਿੱਚ ਹਰ ਵੰਨਗੀ ਗੀਤ ਭੰਗੜਾ ਲੈਕਚਰ ਆਦਿ ਵਿੱਚ ਹਿੱਸਾ ਲਿਆ ਇਸ ਕੈਂਪ ਵਿੱਚ ਜਿੱਥੇ ਸਮਰਾਲਾ ਸਕੂਲ ਟਾਪਰ ਰਿਹਾ ਉੱਥੇ ਬੱਬੀ ਨੇ ਵੀ ਕਈ ਇਨਾਮ ਜਿੱਤ ਕੇ ਆਪਣੀ ਪੁੰਗਰਦੀ ਹੋਈ ਕਲਾ ਨੂੰ ਹੋਰ ਸ਼ਿੰਗਾਰਿਆ।
ਲੁਧਿਆਣਾ ਵਿਖੇ ਕਾਲਜ ਵੱਲੋਂ ਪੰਜਾਬੀ ਭਵਨ ਵਿੱਚ ਪ੍ਰੋਗਰਾਮ ਸਮੇਂ ਆਪ ਜੀ ਦਾ ਮੇਲ ਜਗਦੇਵ ਸਿੰਘ ਜੱਸੋਵਾਲ ਜੀ ਨਾਲ ਹੋਇਆ।ਪੰਜਾਬੀ ਭਵਨ ਵਿੱਚ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਬੱਬੀ ਨੇ ਦਰੀਆਂ ਵਿਛਾਈਆਂ ਤੇ ਕਲਾਕਾਰਾਂ ਨੇੜੇ ਹੋਇਆ।ਉਸ ਸਮੇਂ ਮਾਹੌਲ ਜ਼ਿਆਦਾ ਧਾਰਮਿਕ ਹੋਣ ਕਾਰਨ ਬੱਬੀ ਭਾਈ ਹਰੀ ਸਿੰਘ ਗਿੱਲ ਸਿਹੋੜੇ ਵਾਲਿਆਂ ਦੇ ਢਾਡੀ ਜਥੇ ਵਿੱਚ ਸ਼ਾਮਲ ਹੋ ਕੇ ਢਾਡੀ ਕਲਾ ਦਾ ਗਿਆਨ ਪ੍ਰਾਪਤ ਕਰ ਧਰਮ ਪ੍ਰਚਾਰ ਵਿੱਚ ਵਧੀਆ ਵਿਚਰਦਾ ਰਿਹਾ।ਇਹ ਜੱਥਾ ਰੇਡੀਓ ਟੀਵੀ ਤੋਂ ਪ੍ਰਮਾਣਿਤ ਹੋਣ ਕਾਰਨ ਬੱਬੀ ਨੇ ਜੱਥੇ ਨਾਲ ਬਹੁਤ ਪ੍ਰੋਗਰਾਮ ਕੀਤੇ।ਇੱਥੋਂ ਹੀ ਬਲਬੀਰ ਬੱਬੀ ਨੂੰ ਗਾਇਕੀ ਦੀ ਚੇਟਕ ਵੀ ਲੱਗੀ।ਉਸ ਵੇਲੇ ਦੇ ਅਨੇਕਾਂ ਨਾਮੀ ਕਲਾਕਾਰਾਂ ਨਾਲ ਬੱਬੀ ਨੇ ਮੰਚ ਸੰਚਾਲਕ ਦੀ ਡਿਊਟੀ ਨਿਭਾਈ ਤੇ ਗਾਇਕੀ ਅੰਦਰ ਪੈਰ ਰੱਖਿਆ ਪਰ ਜਦੋਂ ਸ਼ੁਰੂਆਤ ਸਮੇਂ ਵਿੱਚ ਗਾਇਕੀ ਗਲਤ ਹੋਣ ਲੱਗੀ ਤਾਂ ਬਬੀ ਨੇ ਧਾਰਮਿਕ ਪਾਸੇ ਹੀ ਗਾਇਆ।
ਸਮਰਾਲਾ ਇਲਾਕੇ ਦੀ ਉੱਘੀ ਸਾਹਿਤਕ ਹਸਤੀ ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ ਤੋਂ ਥਾਪੜਾ ਲੈ ਬੱਬੀ ਨੇ ਕਲਮ ਫੜੀ ਅਤੇ ਸਾਹਿਤਕ ਪਾਸੇ ਬੜੇ ਚਾਅ ਨਾਲ ਕੰਮ ਕੀਤਾ ਅਤੇ ਕਰ ਰਿਹਾ ਹੈ।ਬਾਲ ਗੀਤ ਮਿੰਨੀ ਕਹਾਣੀ ਕਹਾਣੀ ਸਮਾਜਿਕ ਧਾਰਮਿਕ ਲੇਖ ਪ੍ਰਸਤਾਵਾਂ ਅਤੇ ਤੁਰੰਤ ਮਸਲਿਆਂ ਉੱਤੇ ਬੱਬੀ ਦੀ ਕਲਮ ਨੇ ਸ਼ਾਨਦਾਰ ਲਿਖਿਆ ਪੰਜਾਬੀ ਤੇ ਹਰ ਅਖ਼ਬਾਰ ਅਤੇ ਰਸਾਲੇ ਵਿੱਚ ਬੱਬੀ ਦੀ ਹਾਜ਼ਰੀ ਅਕਸਰ ਲੱਗਦੀ ਰਹਿੰਦੀ ਹੈ।ਖਾਸ ਕਾਰ ਤੁਰੰਤ ਮਸਲੇ ਤੇ ਲਿਖੇ ਕਾਵਿ ਵਿਅੰਗ ਬਹੁਤ ਪਸੰਦ ਕੀਤੇ ਜਾਂਦੇ ਹਨ।ਬੱਬੀ ਅਨੇਕਾਂ ਵਿਧਾਵਾਂ ਉੱਤੇ ਕਲਮ ਤਾਂ ਚਲਾ ਹੀ ਰਿਹਾ ਹੈ ਖਾਸ ਕਰ ਗਲਤ ਤੇ ਲੱਚਰ ਗਾਇਕੀ ਦੇ ਵਿਰੋਧ ਵਿੱਚ ਉਸ ਨੇ ਕਮਾਲ ਲਿਖਿਆ ਹੈ।ਨਵੇਂ ਸ਼ੁਰੂ ਹੋਏ ਜ਼ੁਲਮ ਤੇਜ਼ਾਬ,ਤੇਜ਼ਾਬ ਪੀੜਤ ਲੜਕੀਆਂ ਦੀ ਨਰਕ ਭਰੀ ਜ਼ਿੰਦਗੀ ਨੂੰ ਨੇੜੇ ਹੋ ਕੇ ਦੇਖਿਆ ਅਤੇ ਉਨ੍ਹਾਂ ਨਾਲ ਵਿਚਰ ਕੇ ਉਨ੍ਹਾਂ ਦੇ ਦਰਦ ਨੂੰ ਕਲਮ ਰਾਹੀਂ ਬਿਆਨ ਕਰਕੇ ਅਖ਼ਬਾਰਾਂ ਰਸਾਲੇ ਅਤੇ ਹੋਰ ਸਾਧਨਾਂ ਰਾਹੀਂ ਲਿਖ ਕੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਆਮ ਲੋਕਾਂ ਨੂੰ ਦੱਸਿਆ।ਕੁਝ ਦਾਨੀ ਅਤੇ ਦੁੱਖ ਸਮਝਣ ਵਾਲੇ ਸੱਜਣਾਂ ਨੇ ਤੇਜ਼ਾਬ ਪੀੜਤ ਲੜਕੀਆਂ ਲਈ ਬੱਬੀ ਰਾਹੀਂ ਫੰਡ ਇਕੱਤਰ ਕਰਕੇ ਉਨ੍ਹਾਂ ਤੱਕ ਪੁੱਜਦਾ ਕੀਤਾ।ਮੇਰੀ ਨਜ਼ਰ ਵਿੱਚ ਤਾਂ ਇੱਕ ਲੇਖਕ ਦਾ ਦੁਖੀ ਬੰਦਿਆਂ ਨਾਲ ਖੜ੍ਹ ਕੇ ਮਦਦ ਕਰਨਾ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ।ਪੰਜਾਬੀ ਗਾਇਕੀ ਵਿੱਚ ਗ਼ਲਤ ਚੀਜ਼ਾਂ ਦਾ ਵਿਰੋਧ ਕਰ ਰਹੀ ਸੰਸਥਾ ਇੰਟਰਨੈਸ਼ਨਲ ਸੱਭਿਆਚਾਰਕ ਚੇਤਨਾ ਮੰਚ ਵੈਨਕੂਵਰ ਦੀ ਪੰਜਾਬ ਇਕਾਈ ਦੀ ਸੇਵਾ ਵੀ ਬੱਬੀ ਨਿਭਾਅ ਰਿਹਾ ਹੈ ਤੇ ਗ਼ਲਤ ਗੀਤਾਂ ਵਿਰੁੱਧ ਲਾਮਬੰਦੀ ਵੀ ਕਰਦਾ ਆ ਰਿਹਾ ਹੈ।ਇੰਟਰ ਨੈਸ਼ਨਲ ਰੇਡੀਓ ਚੰਨ ਪ੍ਰਦੇਸੀ ਦੇ ਪੰਜਾਬੀ ਗਇਕੀ ਵਾਲੇ ਟਾਕ ਸ਼ੋਅ ਵਿੱਚ ਬੱਬੀ ਅਕਸਰ ਹੀ ਲੈਕਚਰ ਦੇ ਹਾਜ਼ਰੀ ਲਗਾਉਂਦਾ ਹੈ।ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਇੱਕ ਸ਼ਾਨਦਾਰ ਕਿਤਾਬ ਊੜਾ ਅਤੇ ਜੂੜਾ ਪਾ ਕੇ ਸਾਹਿਤ ਦੀ ਸੇਵਾ ਕਰ ਰਿਹਾ ਹੈ।ਹਰ ਸਾਲ ਨਵੇਂ ਵਰ੍ਹੇ ਦੀ ਆਮਦ ਉੱਤੇ ਬਲਬੀਰ ਬੱਬੀ ਦੀ ਵਿਅੰਗ ਕਰਦੀ ਨਵੇਂ ਸਾਲ ਦੀ ਵਧਾਈ ਵੀ ਚਰਚਾ ਵਿੱਚ ਰਹਿੰਦੀ ਹੈ।
ਆਮ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਵੀ ਇਨਸਾਨ ਉੱਤੇ ਮਾੜਾ ਸਮਾਂ ਆਉਂਦਾ ਹੈ ਤਾਂ ਪਤਾ ਹੀ ਨਹੀਂ ਲੱਗਦਾ ਇਸੇ ਤਰ੍ਹਾਂ ਦੇ ਦਰਦ ਵੀ ਸਾਂਭੀ ਬੈਠਾ ਹੈ ਬੱਬੀ।ਵੱਡੇ ਭਰਾ ਬਲਵਿੰਦਰ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ।2008ਵਿੱਚ ਵਿਦੇਸ਼ੀ ਧਰਤੀ ਦੁਬਈ ਵਿੱਚ ਧਾਰਮਿਕ ਟੂਰ ਤੇ ਗਏ ਬਲਬੀਰ ਬੱਬੀ ਦਾ ਉੱਥੇ ਬਹੁਤ ਗੰਭੀਰ ਐਕਸੀਡੈਂਟ ਹੋ ਗਿਆ ਅਤੇ ਰੀੜ ਦੀ ਹੱਡੀ ਤੇ ਚੋਖੀ ਸੱਟ ਲੱਗੀ।ਇਸ ਇਲਾਜ ਲਈ ਲੰਮਾ ਸਮਾਂ ਬੱਬੀ ਜੂਝਦਾ ਰਿਹਾ ਹੌਲੀ ਹੌਲੀ ਥੋੜ੍ਹਾ ਸਥਿਰ ਹੋਇਆ।ਇਸ ਦੁੱਖ ਦੀ ਘੜੀ ਵਿੱਚ ਵੀ ਬੱਬੀ ਨੇ ਕਲਮ ਦਾ ਸਾਥ ਨਾ ਛੱਡਿਆ। ਇਸ ਸਮੇਂ ਵੀ ਬੱਬੀ ਨਾਲ ਜੁੜੇ ਸਾਹਿਤਕ ਪ੍ਰੇਮੀ ਸੱਜਣਾਂ ਨੇ ਉਸ ਦੀ ਮਦਦ ਕੀਤੀ।ਇਲਾਕੇ ਦੀਆਂ ਸਾਹਿਤ ਸਭਾਵਾਂ ਵਿੱਚ ਬੱਬੀ ਨਿਰੰਤਰ ਹਾਜ਼ਰੀ ਭਰਦਾ ਹੈ ਅਤੇ ਉਸ ਨੇ ਪੱਤਰਕਾਰੀ ਵਿੱਚ ਵੀ ਹਿੱਸਾ ਲਿਆ।ਸਾਹਿਤਕ ਘਾਲਣਾ ਨੂੰ ਵੇਖਦੇ ਹੋਏ ਸਾਹਿਤ ਸਭਾ ਭੈਣੀ ਸਾਹਿਬ ਸਾਹਿਤ ਸਭਾ ਸਮਰਾਲਾ ਪੰਜਾਬੀ ਸੱਥ ਅਤੇ ਚੰਨ ਪ੍ਰਦੇਸੀ ਰੇਡੀਓ ਵੱਲੋਂ ਸਨਮਾਨ ਮਿਲਿਆ।ਕਾਲਜ ਸਮੇਂ ਤੋਂ ਰੈੱਡ ਕਰਾਸ ਅਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਨਾਲ ਜੋੜ ਕੇ ਅਨੇਕਾਂ ਵਾਰ ਬੱਬੀ ਖ਼ੂਨਦਾਨ ਕਰ ਚੁੱਕਿਆ ਹੈ ਤੇ ਕਰ ਰਿਹਾ ਹੈ।
ਮੈਨੂੰ ਬਲਬੀਰ ਸਿੰਘ ਬੱਬੀ ਦੀ ਇੱਕ ਗੱਲ ਬਹੁਤ ਪਸੰਦ ਆ ਰਹੀ ਹੈ ਕਿ ਉਹ ਸਾਹਿਤਕ ਖੇਤਰ ਵਿੱਚ ਨਵੇਂ ਕਲਮਕਾਰਾਂ ਦੀ ਅੱਗੇ ਵਧਣ ਵਿੱਚ ਬਹੁਤ ਮਦਦ ਕਰ ਰਿਹਾ ਹੈ।ਉਨ੍ਹਾਂ ਦੀਆਂ ਰਚਨਾਵਾਂ ਨੂੰ ਸੋਧ ਕੇ ਅਖਬਾਰਾਂ ਰਸਾਲਿਆਂ ਜਾਂ ਹੋਰ ਸਾਧਨਾਂ ਤੱਕ ਛਪਣ ਲਈ ਭੇਜਦਾ ਹੈ।ਕਿਸੇ ਵੀ ਲੇਖਕ ਦੀ ਰਚਨਾ ਜਦੋਂ ਛੱਪ ਕੇ ਆਉਂਦੀ ਹੈ ਤਾਂ ਉਸ ਨੂੰ ਹਰ ਹੀਲੇ ਪਾਠਕਾਂ ਲੇਖਕਾਂ ਤੱਕ ਪੁੱਜਦੀ ਕਰਨਾ ਬੱਬੀ ਦਾ ਸ਼ੌਕ ਹੈ।ਮੈਂ ਇਸ ਗੱਲ ਦਾ ਗਵਾਹ ਹਾਂ ਕਿਉਂਕਿ ਮੇਰੀ ਰਚਨਾ ਦਾ ਕਈ ਵਾਰ ਮੈਨੂੰ ਪਤਾ ਨਹੀਂ ਲੱਗਦਾ ਕੇ ਕਿੱਥੇ ਛਪੀ ਹੈ ਹੋਰਨਾਂ ਵਾਂਗ ਕਈ ਵਾਰ ਬੱਬੀ ਹੀ ਮੈਨੂੰ ਮੇਰੀ ਰਚਨਾ ਦੀ ਜਾਣਕਾਰੀ ਭੇਜਦਾ ਹੈ।ਇਹ ਗੁਣ ਅੱਜ ਕੱਲ੍ਹ ਸਾਹਿਤਕ ਖੇਤਰ ਵਿੱਚ ਨਹੀਂ ਰਿਹਾ ਪਰ ਬੱਬੀ ਖੁਸ਼ ਹੋ ਕੇ ਨਿਭਾਅ ਰਿਹਾ ਹੈ।ਇਹ ਤਾਂ ਸਨ ਕੁੱਝ ਗੱਲਾਂ ਬਾਤਾਂ ਜੋ ਬਲਬੀਰ ਬੱਬੀ ਦੀਆਂ ਮੈਨੂੰ ਪਤਾ ਸਨ ਪਰ ਉਸ ਦੀਆਂ ਪ੍ਰਾਪਤੀਆਂ ਹੋਰ ਵੀ ਬਹੁਤ ਹਨ ਜਿਨ੍ਹਾਂ ਬਾਰੇ ਲਿਖਣਾ ਮੁਸ਼ਕਿਲ ਹੈ।
ਬਲਬੀਰ ਸਿੰਘ ਬੱਬੀ ਜੀਵਨ ਸਾਥਣ ਗੁਰਦੀਪ ਕੌਰ ਬੇਟਾ ਅੰਮ੍ਰਿਤ ਸਿੰਘ ਬੇਟੀ ਸੰਦੀਪ ਅਤੇ ਮਾਤਾ ਪਿਤਾ ਨਾਲ ਤੰਗੀਆਂ ਤੁਰਸ਼ੀਆਂ ਵਿੱਚ ਵੀ ਵਧੀਆ ਦਿਨ ਕਟੀ ਕਰਦਾ ਬੁਲੰਦ ਹੌਸਲੇ ਨਾਲ ਸਾਹਿਤ ਦੀ ਸੇਵਾ ਕਰਦਾ ਅੱਗੇ ਵੱਧਦਾ ਜਾ ਰਿਹਾ ਹੈ ਉਸ ਦੀ ਕਲਮ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਸਾਹਿਤਕ ਮਹਿਕਾਂ ਵੰਡਦੀ ਹੋਈ ਨਵੀਆਂ ਗੱਲਾਂ ਕਰਦੀ ਰਹੇ ਸਾਨੂੰ ਸਦਾ ਬੱਬੀ ਉੱਤੇ ਮਾਣ ਰਹੇ।