ਦੂਰ-ਦੂਰ ਨਾ ਜਾਵੋ ਚਿੜੀਓ।
ਵਾਪਸ ਘਰ ਨੂੰ ਆਵੋ ਚੜੀਓ।
ਬਾਝ ਤੁਹਾਡੇ ਜੀਅ ਨਾ ਲੱਗੇ,
ਦਰਸ਼ਨ-ਦੀਦ ਕਰਾਵੋ ਚਿੜੀਓ।
ਚੇਤਿਆਂ ਦੇ ਵਿੱਚ ਵੱਸ ਗਈਆਂ ਹੋ,
ਮੁੜ ਆਪਣੇ ਘਰ ਆਵੋ ਚਿੜੀਓ।
ਆਣ ਘਰਾਂ ਦੇ ਬਹੋ ਬਨੇਰੀਂ,
ਚੀਂ-ਚੀਂ ਸ਼ੋਰ ਮਚਾਵੋ ਚਿੜੀਓ।
ਘਰ ਦੇ ਬਾਰ ਉਡੀਕਣ ਥੋਨੂੰ,
ਆਵੋ ਫੇਰੀ ਪਾਵੋ ਚਿੜੀਓ।
ਕੌਣ ਦੇਸ ਨੂੰ ਤੁਰ ਗਈਆਂ ਹੋ,
ਨਾ ਹੁਣ ਵਤਨ ਭੁਲਾਵੋ ਚਿੜੀਓ।
ਚਿੜ-ਚਿੜ ਕਰਕੇ ਚੀਕ-ਚਿਹਾੜਾ,
ਪਿੰਡੀਂ-ਸ਼ਹਿਰੀਂ ਪਾਵੋ ਚਿੜੀਓ।
ਹੁਣ ਨਾ ਕਦੀ ਗੁਲੇਲਾਂ ਮਾਰੂੰ,
ਭਾਵੇਂ ਕਸਮ ਪਵਾ ਲਓ ਚਿੜੀਓ।
ਦਾਣਾ-ਪਾਣੀ ਖੂਬ ਦਿਆਂਗੇ,
ਘੁਰਨੇ ਆਣ ਬਣਾ ਲਓ ਚਿੜੀਓ।
ਖ਼ਾਬਾਂ ਦੇ ਵਿੱਚ ਵਸ ਗਈਆਂ ਹੋ,
ਸੱਚੀਂ ਵੀ ਆ ਜਾਵੋ ਚਿੜੀਓ।
ਪੀੜ-ਪੀੜ ਹੈ ਹਿਰਦਾ ਹੋਇਆ,
ਦਿਲ ਦੀ ਪੀੜ ਮਿਟਾਵੋ ਚਿੜੀਓ।
ਟਾਵਰ ਵੱਸੋਂ ਬਾਹਰੇ ਹੋ ਗਏ,
ਬਚ-ਬਚਾਅ ਕੇ ਆਵੋ ਚਿੜੀਓ।
ਇਹ ਛੱਡਣ ਹੁਣ ਜ਼ਹਿਰੀ ਕਿਰਨਾ,
ਇਨ੍ਹਾਂ ਤੋਂ ਭੈਅ ਖਾਵੋ ਚਿੜੀਓ।
ਚੀਂ-ਚੀਂ ਕਰਦੇ ਬੋਟਾਂ ਦੇ ਮੂੰਹ,
ਦਾਣਾ ਦੁਣਕਾ ਪਾਵੋ ਚਿੜੀਓ।
ਚੰਗਾ ਥੋਡਾ ਆਉਣਾ ਲੱਗੂ ,
ਆ ਕੇ ਡੇਰੇ ਲਾਵੋ ਚਿੜੀਓ।