ਜਿਸ ਦੇ ਰਾਜ 'ਚ ਮਿਲਦੀ ਨਹੀਂ ਉਸ ਨੂੰ ਰੋਟੀ ਖਾਣੇ ਨੂੰ,
ਕਾਮਾ ਕਿਉਂ ਫਿਰ ਸੀਸ ਝੁਕਾਏ ਉਸ ਹਾਕਮ ਕਾਣੇ ਨੂੰ?
ਇਹ ਕੀ ਪੁੱਠਾ ਚੱਕਰ ਚੱਲ ਪਿਆ ਦੇਸ਼ ਅਸਾਡੇ ਵਿੱਚ,
ਕਿਰਸਾਨ ਤਰਸਦਾ ਇੱਥੇ ਅੰਨ ਦੇ ਦਾਣੇ ਦਾਣੇ ਨੂੰ।
ਉਸ ਨੂੰ ਕੁਝ ਚਿਰ ਮਿਲ ਕੇ ਪਤਾ ਲੱਗੂ ਯਾਰੋ, ਉਹ ਕੀ ਹੈ?
ਐਵੇਂ ਨਾ ਵੱਡਾ ਸਮਝੋ ਤੱਕ ਕੇ ਉਸ ਦੇ ਬਾਣੇ ਨੂੰ।
ਸੱਭ ਦੇ ਦਿਲਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ 'ਜੋੜੀ'ਨੇ,
ਦਿਲ ਨਹੀਂ ਕਰਦਾ ਸੁਣਨੇ ਨੂੰ ਤੇਰੇ ਪਿਆਰ ਦੇ ਗਾਣੇ ਨੂੰ।
ਸੱਭ ਕੁਝ ਨਿੱਜੀ ਹੱਥਾਂ ਦੇ ਵਿੱਚ ਦੇ ਕੇ,ਵਿਹਲੇ ਹੋ ਕੇ,
'ਜੋੜੀ'ਚਾਹੁੰਦੀ ਹੈ ਯਾਰੋ, ਗੰਗਾ ਜਾ ਕੇ ਨ੍ਹਾਣੇ ਨੂੰ।
'ਜੋੜੀ'ਨੂੰ ਸਬਕ ਸਿਖਾਣ ਦਾ ਮਨ ਲੋਕ ਬਣਾ ਚੁੱਕੇ ਨੇ,
ਹੁਣ ਬਹੁਤਾ ਚਿਰ ਨਹੀਂ ਰਹਿੰਦਾ ਯਾਰੋ, ਵੋਟਾਂ ਆਣੇ ਨੂੰ।