ਦਿਨ ਦਿਆਂ ਸੂਰਜਾਂ ਤਪਾਇਆ ਧਰਤ ਨੂੰ ।
ਠਾਰ ਪਾਈ ਹਿੱਕ ਚੰਨ ਲਾਇਆ ਧਰਤ ਨੂੰ ।
ਅੱਗ ਦੇ ਤੀਰ ਲੂੰਹਦੇ ਜਾਣ ਸੀਨਾ ਚੀਰਦੇ,
ਰਿਸ਼ਮਾਂ ਨੇ ਮਰਹਮ ਲਾਇਆ ਧਰਤ ਨੂੰ ।
ਲੈ ਗਿਓਂ ਨਿਚੋੜ ਜੋ ਜ਼ਮਾਨਾ ਏਸ ਜਿੰਦ ਤੋਂ,
ਛੁਹ ਜ਼ਰਖ਼ੇਜ਼ ਆ ਬਣਾਇਆ ਧਰਤ ਨੂੰ ।
ਲਫ਼ਜ਼ਾਂ ਦੀ ਸੂਲਾਂ ਕੱਢ ਲਈ ਜਾਨ ਸਾਰੀ ਸੀ,
ਜ਼ਮਜ਼ਮ ਬੋਲਾਂ ਹੈ ਜਿਆਇਆ ਧਰਤ ਨੂੰ ।
ਹੇਰਵੇ ਲੋਚਾਂ ਮਿਹਣੇ ਤਾਂਘਾਂ ਸਭ ਮੁੱਕੀਆਂ,
ਸੋਹਣਿਆਂ ਦਰਸ ਵਿਖਾਇਆ ਧਰਤ ਨੂੰ ।
ਜੁਗਾਂ ਦੀ ਗੁਆਚੀ ਕੁਰਲਾਂਦੀ ਕਦੇ ਕੂਕਦੀ,
ਆਣ ਸੰਗ ਅੰਬਰਾਂ ਮਿਲਾਇਆ ਧਰਤ ਨੂੰ ।
ਕਮਲੀ ਹੈ ਹੋਈ ਖੀਵੀ ਭੁੱਲ ਜਗ ਨੱਚਦੀ,
ਖ਼ਬਰੇ ਕੰਵਲ ਕੀ ਥਿਆਇਆ ਧਰਤ ਨੂੰ ।