'ਅਮਲਤਾਸ ਦੇ ਪੱਤੇ' ਦੀਆਂ ਚੋਣਵੀਆਂ ਗ਼ਜ਼ਲਾਂ ਦਾ ਗਾ ਿਨ (ਖ਼ਬਰਸਾਰ)


ਲੁਧਿਆਣਾ -- ਪੰਜਾਬੀ ਸੱਭਿਆਚਾਰ ਅਕਾਦਮੀ ਲੁਧਿਆਣਾ ਵੱਲੋਂ ਇਸ਼ਮੀਤ ਸਿੰਘ ਮਿਊਜ਼ਿਕ ਇਸਟੀਚਿਊਟ ਲੁਧਿਆਣਾ ਦੇ ਸਹਿਯੋਗ ਨਾਲ  ਡਾ ਸਨਸੇਵਕ ਦੇ ਗ਼ਜ਼ਲ ਸੰਗ੍ਰਹਿ 'ਅਮਲਤਾਸ ਦੇ ਪੱਤੇ' ਦੀਆਂ ਚੋਣਵੀਆਂ ਗ਼ਜ਼ਲਾਂ ਦੇ ਗਾਇਨ ਦਾ ਆਯੋਜਨ ਕੀਤਾ ਗਿਆ, ਜਿਸ ਦਾ ਸੰਯੋਜਨ ਡਾ ਦੀਪਕਾ ਧੀਰ, ਕੁਲਦੀਪ ਚਿਰਾਗ ਅਤੇ ਡਾ ਕੁਲਵਿੰਦਰ ਕੌਰ ਮਿਨਹਾਸ ਨੇ ਕੀਤਾ। ਇਹ ਸਾਰਾ ਸਮਾਗਮ ਸ਼੍ਰੀਮਤੀ ਅੰਮ੍ਰਿਤਾ ਸੇਵਕ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸੀ।  ਪ੍ਰਧਾਨਗੀ ਮੰਡਲ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ ਮਨਜੀਤ ਸਿੰਘ ਕੰਗ, ਰਾਜਾ ਨਰਿੰਦਰ ਸਿੰਘ, ਇਸ਼ਮੀਤ ਸਿੰਘ ਮਿਊਜ਼ਿਕ ਇਸਟੀਚਿਊਟ ਦੇ ਡਾਇਰੈਕਟਰ ਡਾ ਚਰਨਕਮਲ ਸਿੰਘ, ਪੰਜਾਬੀ ਸਾਹਿਤ ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ, ਪੰਜਾਬੀ ਸੱਭਿਆਚਾਰ ਅਕਾਦਮੀ ਦੇ ਚੇਅਰਮੈਨ ਡਾ ਸਨ ਸੇਵਕ ਅਤੇ ਪ੍ਰਧਾਨ ਡਾ ਮਹਿੰਦਰ ਕੌਰ ਗਰੇਵਾਲ ਨੇ ਸ਼ਿਰਕਤ ਕੀਤੀ।  ਇਸ ਮੌਤੇ ਤੇ ਡਾ ਸਨ ਸੇਵਕ ਦੀ ਹਿੰਦੀ ਪੁਸਤਕ 'ਮਾਲਨ ਔਰ ਫੁਲਵਾੜੀ' ਲੋਕ ਅਰਪਣ ਕੀਤੀ ਗਈ।

ਡਾ ਕੰਗ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ 'ਅੱਜ ਦੀ ਸ਼ਾਮ ਅੰਮ੍ਰਿਤਾ ਸੇਵਕ  ਦੇ ਨਾਮ'। ਡਾ ਸੇਵਕ ਨੇ ਆਪਣੀਆਂ ਗ਼ਜ਼ਲਾਂ ਰਾਹੀਂ ਆਪਣੀ ਮਹਿਬੂਬਾ ਨੂੰ ਸਿਜਦਾ ਕੀਤਾ ਹੈ।
ਰਾਜਾ ਨਰਿੰਦਰ ਸਿੰਘ ਨੇ ਕਿਹਾ ਕਿ ਉਰਦੂ ਗ਼ਜ਼ਲਾਂ ਦਾ ਗਾਇਨ ਤਾਂ ਸੁਣਿਆ ਸੀ, ਪਰ ਪੰਜਾਬੀ ਗ਼ਜ਼ਲਾਂ ਦਾ ਆਨੰਦ ਅੱਜ ਪਹਿਲੀ ਵਾਰ ਮਾਣਿਆ ਹੈ।
ਡਾ ਚਰਨਕਮਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਪੰਜਾਬੀ ਗ਼ਜ਼ਲਾਂ ਦਾ ਗਾਇਨ ਕਰਵਾ ਕਿ ਅਸੀਂ ਬੜਾ ਫ਼ਖ਼ਰ ਮਹਿਸੂਸ ਕਰਦੇ ਹਾਂ ਕਿ ਪੰਜਾਬ ਮਾਂ ਬੋਲੀ ਦੇ ਪ੍ਰਚਾਰ ਤੇ ਪਸਾਰ ਵਿਚ ਯੋਗਦਾਨ ਪਾਇਆ ਹੈ ਅਤੇ ਪਾਉਂਦੇ ਰਹਾਂਗੇ।
ਡਾ ਗਰੇਵਾਲ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਅਕਾਦਮੀ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਪੰਜਾਬੀ ਗ਼ਜ਼ਲਾਂ ਦਾ ਗਾਇਨ ਕਰਵਾਇਆ ਹੈ, ਉਹ ਵੀ ਇਸ਼ਮੀਤ ਸਿੰਘ ਮਿਊਜ਼ਿਕ ਇਸਟੀਚਿਊਟ ਦੇ ਸਹਿਯੋਗ ਨਾਲ।
ਡਾ ਸੇਵਕ ਭਾਵੁਕ ਹੋ ਗਏ ਸਨ ਉਸ ਸਮੇਂ ਜਦੋਂ ਸ੍ਰੀਮਤੀ ਸੇਵਕ, 'ਕਸ਼ਮੀਰ ਦੀ ਕਲੀ' ਨੂੰ ਸਿਰਧਾਂਜਲੀ ਦੇ ਰਹੇ ਸਨ।
ਗ਼ਜ਼ਲਾਂ ਗਾਇਨ ਕਰਨ ਵਾਲਿਆਂ ਵਿਚ ਪਰਦੀਪ ਸ਼ਰਮਾ (ਮੇਰੇ ਘਰ ਜਦ ਵੀ ਫੇਰਾ ਪਾਇਆ ਹੈ ਮੈਨੂੰ ਮੁੜ ਕੇ ਘਰ ਦਾ ਚੇਤਾ ਆਇਆ ਹੈ)। ਗੁਰਮੀਤ ਸਿੰਘ (ਜਦ ਵੀ ਅੱਜ ਦਾ ਖ਼ਿਆਲ ਕਰਦਾ ਹਾਂ ਰੋਜ਼ ਜੀਦਾਂ ਹਾਂ ਰੋਜ਼ ਮਰਦਾ ਹਾਂ), ਦੀਪਕ ਜੀ (ਇਹ ਵੀ ਕੀ ਮਜ਼ਬੂਰੀ ਏ ਦੂਰ ਨਹੀਂ ਫਿਰ ਵੀ ਦੂਰੀ ਏ), ਜਸਵੰਤ (ਇਸ਼ਕ ਆਖਦਾ ਏ ਤੇਰਾ ਕੱਖ ਰਹਿਣ ਵੀ ਨਹੀਂ ਦੇਣਾ), ਤਰਨ ਸੁਗੰਧਾ (ਯਾਦ ਤੇਰੀ ਜਦੋਂ ਵੀ ਆਈ ਹੈ, ਕਿੰਨਾ ਪਿਆਰਾ ਮੌਸਮ ਸੀ ਜੋ ਆਇਆ ਵੀ ਔਰ ਬੀਤ ਗਿਆ, ਮੇਰੇ ਸਫ਼ਰ ਦੇ ਅੰਤ ਦਾ ਕੋਈ ਪਤਾ ਨਹੀਂ ਹੈ) ਆਦਿ ਨੇ ਪੰਜਾਬੀ ਗ਼ਜ਼ਲਾਂ ਦਾ ਗਾਇਨ ਕਰਕੇ ਸਰੋਤਿਆਂ ਨੂੰ ਮੰਤ-ਮੁਗਧ ਕਰ ਦਿੱਤਾ।
ਿਸ ਮੌਕੇ 'ਤੇ ਬਹੁਤ ਸਾਰੇ ਵਿਦਵਾਨ, ਬੁੱਧੀਜੀਵੀ ਜਿਵੇਂ ਮਲਕੀਤ ਸਿੰਘ ਔਲਖ, ਦਲਵੀਰ ਸਿੰਘ ਲੁਧਿਆਣਵੀ, ਰਘਬੀਰ ਸਿੰਘ ਸੰਧੂ, ਗੁਰਸ਼ਰਨ ਸਿੰਘ ਨਰੂਲਾ, ਡਾ ਅਮਰਜੀਤ ਸਿੰਘ, ਮਨਜੀਤ ਸਿੰਘ ਲਾਂਬਾ, ਇਜ: ਡੀ ਐਮ ਸਿੰਘ, ਡਾ ਗੁਰਚਰਨ ਕੌਰ ਕੋਚਰ, ਡਾ ਸੁਖਵਿੰਦਰ ਆਦਿ ਦੇ ਇਲਾਵਾ ਵੱਡੀ ਗਿਣਤੀ ਵਿਚ ਸਰੋਤੇ ਹਾਜ਼ਿਰ ਸਨ।