ਜੀਵਨ ਸੰਘਰਸ਼ ਦੀ ਦਾਸਤਾਨ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ (ਸੰਘਰਸ਼ੀ ਯੋਧਾ ਸੁਖਦੇਵ ਸਿੰਘ ਬੜੀ ) ਸਿਖ ਇਤਿਹਾਸ ਚੋਂ ਗੋਸ਼ਟੀ ਪਰੰਪਰਾ ਦੇ ਅਧਾਰਿਤ ਪ੍ਰਸ਼ੋਨਤਰੀ ਸੈਲੀ ਵਿਚ ਲਿਖੀ ਵਾਰਤਕ ਪੁਸਤਕ ਹੈ । ਬੜੀ ਪਿੰਡ (ਜ਼ਿਲਾ ਸੰਗਰੂਰ ) ਦੇ ਵਾਸੀ ਸੁਖਦੇਵ ਸਿੰਘ ਔਲਖ ਬਹੁਪਖੀ ਲੇਖਕ ਹੈ। ਉਸਦੀਆਂ  ਵੱਖ ਵੱਖ ਵਿਧਾਵਾਂ ਵਿਚ ਲਿਖੀਆਂ ਛੇ  ਕਿਤਾਬਾਂ ਤੇ  ਪੰਜ ਸੰਪਾਦਿਤ ਕਿਤਾਬਾਂ ਸਮੇਤ ਉਸ ਦੀਆਂ ਪੰਜ ਸਾਹਿਤਕ ਕਿਤਾਬਾਂ ਛਪਣ ਹਿਤ ਹਨ । ਸਾਹਿਤਕਾਰ ਤੇਜਾ ਸਿੰਘ ਤਿਲਕ ਦੀ ਭੂਮਿਕਾ (ਸੁਖਦੇਵ ਬਨਾਮ ਸੁਖਦੇਵ )ਵਿਚ ਪ੍ਰਸ਼ੋਨਤਰੀ ਸ਼ੈਲੀ ਵਿਚ ਲਿਖੀਆਂ ਕਿਤਾਬਾਂ ਦਾ ਹਵਾਲਾ ਹੈ । ਨਾਵਲਕਾਰ ਰਾਮ ਸਰੂਪ ਅਣਖੀ ਦੀ ਕਿਤਾਬ ਮੈਂ ਤਾਂ ਬੋਲਾਂਗੀ (ਲੇਖਕਾਂ ਦੀਆਂ ਪਤਨੀਆਂ ਨਾਲ ਕੀਤੀ ਗਲਬਾਤ ) ਦਾ ਵਿਸ਼ੇਸ਼ ਜ਼ਿਕਰ ਹੈ।  ਸੁਖਦੇਵ ਸਿੰਘ ਔਲਖ ਨੇ ਪੁਸਤਕ ਵਿਚ 160 ਸੰਜੀਦਾ ਪ੍ਰਸ਼ਨ ਸੁਖਦੇਵ ਸਿੰਘ ਬੜੀ ਨੂੰ ਕੀਤੇ ਹਨ ।ਜਿਂਨ੍ਹਾਂ ਦੇ ਉਤਰ ਦੋ ਤੋਂ ਚਾਰ ਪੰਨਿਆ ਤਕ ਵੀ ਫੈਲੇ ਹੋਏ ਹਨ । ਸਵਾਲਾਂ ਦਾ ਦਾਇਰਾ ਬਹੁਤ ਵਿਸ਼ਾਲ ਹੈ । ਸੁਖਦੇਵ ਸਿੰਘ ਬੜੀ ਦਾ ਜਨਮ 1942 ਦਾਂ ਹੈ । ਉਹ 38 ਸਾਲ ਪ੍ਰਾਇਮਰੀ ਸਕੂਲ ਅਧਿਆਪਕ ਰਿਹਾ । ਸੱਤ ਪ੍ਰਾਇਮਰੀ ਸਕੂਲਾਂ ਦੀ ਨੌਕਰੀ ਪਿਛੋਂ ਸੈਂਟਰ ਇੰਚਾਰਜ ਅਧਿਆਪਕ ਤੋਂ 2000 ਵਿਚ  ਸੇਵਾ ਮੁਕਤ ਹੋਇਆ । ਇਸ ਸਮੇਂ ਦੌਰਾਨ ਅਧਿਆਪਨ ਦੇ ਨਾਲ ਨਾਲ ਅਧਿਆਪਕ ਯੂਨੀਅਨ ਦਾ ਸੂਬਾ ਪ੍ਰਧਾਂਨ ,ਜ਼ਿਲਾ ਸਕਤਰ ਗੋਰਮਿੰਟ ਇੰਪਲਾਈਜ਼ ਫੈਡਰੇਸ਼ਨ ਦਾ ਚੇਅਰਮੈਨ ,ਹਿੰਦ ਕਮਿਊਨਿਸਟ ਪਾਰਟੀ ਦਾ ਮੈਂਬਰ ਤੇ ਸਰਗਰਮ ਆਗੂ ਰਿਹਾ ਹੈ  ।  ਕਈ ਲੋਕ ਲਹਿਰਾਂ ਦੀ ਉਸ ਨੇ ਅਗਵਾਈ ਕੀਤੀ । 2017 ਤੋਂ   ਲੋਕ ਮੰਚ ਪੰਜਾਬ ਦਾ ਸੂਬਾ ਪ੍ਰਧਾਂਨ  ਹੈ ।ਉਸ ਦੇ ਪਰਿਵਾਰ ਵਿਚ ਉਚ ਸਿਖਿਆ ਪ੍ਰਾਪਤ ਦੋ ਧੀਆਂ ਤੇ ਇਕ ਪੁੱਤਰ ਹੈ । ਨੂੰਹ ਮਨਪ੍ਰੀਤ ਕੌਰ ਪੋਤਰੀ ਤੇ ਇਕ ਪੋਤਰਾ ਹੈ । ਸੁਖਦੇਵ ਸਿੰਘ ਬੜੀ ਨੇ ਜ਼ਿੰਦਗੀ ਦੇ ਕਈ  ਰੰਗ ਵੇਖੇ ਹਨ  । ਸਵਾਲ ਕਰਤਾ ਨੇ ਸੁਖਦੇਵ ਸਿੰਘ ਬੜੀ ਨੂੰ ਘੋਖਵੀਂ ਨਜ਼ਰ ਨਾਲ ਤਿੱਖੇ ਸਵਾਲ ਕੀਤੇ ਹਨ । 
ਸਵਾਲਾਂ ਨੂੰ ਕੋਈ ਲੜੀ ਨੰਬਰ ਨਹੀਂ ਦਿਤੇ  ਗਏ ਨਾ ਹੀ ਕੋਈ ਕਾਂਡ ਹਨ । ਇਸ ਲਿਹਾਜ਼ ਨਾਲ ਪੁਸਤਕ ਦਾ ਨਿਵੇਕਲਾ ਰੰਗ ਰੂਪ ਹੈ ।  ਪੰਨਾ 100 ਤੱਕ 125 ਸਵਾਲ ਹਨ ।  ਅੰਤਮ ਤੋਂ ਪਹਿਲਾਂ ਸਿਰਲੇਖ ਦੇ ਕੇ ਅਗੇ 35 ਸਵਾਲ ਹਨ । ਇਹ ਸਵਾਲ ਜ਼ਿਆਦਾ ਤਰ ਸਿਆਸੀ ਗਤੀਵਿਧੀਆਂ ਬਾਰੇ ਹਨ ।   ਪੁਸਤਕ ਪੰਜਾਬ ਦੇ ਸਿਆਸੀ ਹਾਲਾਤ ਦੀ ਅਹਿਮ ਦਸਤਾਵੇਜ਼ ਹੈ । ਜਿਸ ਵਿਚ ਪੰਜਾਬ ਦੇ ਕਾਲੇ ਦਿਨਾਂ ਦਾ ਜ਼ਿਕਰ ਹੈ। ਕਈ ਸ਼ਾਲ ਪੰਜਾਬ ਅਤਿਵਾਦ ਦੀ ਲਪੇਟ ਵਿਚ ਖੂਨੀ ਦੌਰ ਦਾ ਸ਼ਿਕਾਰ ਰਿਹਾ ਹੈ ।  ਸੁਖਦੇਵ ਸਿੰਘ ਬੜੀ ਨਿਜੀ ਤੌਰ ਤੇ ਇਸ ਦਾ ਸ਼ਿਕਾਰ ਬਣਿਆ । ਕੁਝ ਸ਼ਵਾਲ ਅਤਿਵਾਦ ਸਮੇਂ ਦੀਆਂ ਤਲਖੀਆਂ ਦੀ ਤਸਵੀਰ ਹਨ । ਇਸ ਦੇ ਨਾਲ ਪੰਜਾਬ ਦਾ ਕਪੂਰੀ ਮੋਰਚਾ ,ਚੰਡੀਗੜ੍ਹ ਦਾ ਮਸਲਾ ,ਪਾਣੀਆਂ ਦੇ ਮਸਲੇ ,ਸੰਨ 1992 ਦੀਆਂ ਪੰਜਾਬ ਵਿਧਾਂਨ ਸਭਾ ਚੋਣਾਂ ,ਹਰਕਿਸ਼ਨ ਸਿੰਘ ਸੁਰਜੀਤ ਨਾਲ ਨੇੜਤਾ , ਸੀ ਪੀ ਐਮ ਪਾਰਟੀ ਨੂੰ ਅਲਵਿਦਾ ਕਹਿਣੀ ਤੇ ਪਾਰਟੀ ਵਿਚ ਪੁਨਰਵਾਪਸੀ , ਸੰਗਰੂਰ ਦੀ ਲੋਕ ਸਭਾ ਚੋਣ , ਦੇਸ਼ ਵੀਚ ਲਗੀ ਐਮਰਜੈਂਸੀ ,ਸੋਵੀਅਤ ਸੰਘ ਦਾ ਟੁਟਣਾ  ਤਰਕਸ਼ੀਲਤਾ ਤੇ ਧਾਰਮਿਕਤਾ ,ਸਾਥੀ ਕਾਮਰੇਡਾਂ ਦਾ ਮੋਹ ਪਿਆਰ ,ਨਕਸਲਵਾਦੀ ਲਹਿਰ ,ਪੰਜਾਬੀ ਸੂਬੇ ਦੀ ਮੰਗ ਪਿਛੇ ਤਰਕ ,ਤੇ ਹੋਰ ਬਹੁਤ ਕੁਝ ਪੁਸਤਕ ਵਿਚ ਹੈ । ਪੰਜਾਬ ਵਿਚ ਮੁਲਾਜ਼ਮਾਂ ਦੀ 8 ਫਰਵਰੀ ,1978 ਦੀ ਹੜਤਾਲ ਬਾਰੇ ਸੁਖਦੇਵ ਸਿੰਘ ਬੜੀ ਦਾ ਵਿਚਾਰ ਹੈ ਕਿ ਇਸ ਹੜਤਾਲ ਨੇ ਮੁਲਾਜ਼ਮ ਲਹਿਰ ਦਾ ਬਹੁਤ ਨੁਕਸਾਨ ਕੀਤਾ । ਕਿਉਂ ਕਿ ਇਸ ਹੜਤਾਲ ਨੇ ਮੁਲਾਜ਼ਮਾਂ ਵਿਚ ਫੁੱਟ ਪਾ ਦਿਤੀ ਸੀ ।  ਪੁਸਤਕ ਵਿਚ ਸੁਖਦੇਵ ਸਿੰਘ ਬੜੀ ਦੀਆਂ ਪਰਿਵਾਰਕ ਤੇ ਹੋਰ ਗਤੀਵਿਧੀਆਂ ਦੀਆਂ 12 ਰੰਗਦਾਰ ਤਸਵੀਰਾਂ ਹਨ ।  ਜੀਵਨ ਸੰਘਰਸ਼ ਦਾ ਸੰਦੇਸ਼ ਦਿੰਦੀ ਸੋਹਣੀ ਦਿੱਖ ਵਾਲੀ ਪੁਸਤਕ ਪੜ੍ਹਨ ਵਾਲੀ ਹੈ ।