ਨੀਂ ਮੈਂ ਚੰਬੇ ਦੀ ਪਹਾੜੀ ਜਿਹਾ ਨੂਰ ਤੱਕਿਆ
ਕੱਲ੍ਹ ਛੱਲੀਆਂ ਦੇ ਵਿਹੜੇ 'ਚ ਹਜ਼ੂਰ ਤੱਕਿਆ
ਅਲਸੀ ਦੇ ਉਹਲੇ ਬੈਠਾ ਹੀਰ ਪੜ੍ਹੀ ਜਾਂਵਦਾ
ਆਪ ਚੂਰੀ ਖਾਵੇ ਨਾਲੇ ਘੁੱਗੀਆਂ ਨੂੰ ਪਾਂਵਦਾ
ਸੱਚੀ ਸਾਂਵਲਾ ਜਿਹਾ ਮੈਂ ਘੂਰ ਘੂਰ ਤੱਕਿਆ
ਕੱਲ੍ਹ ਛੱਲੀਆਂ ਦੇ ਵਿਹੜੇ 'ਚ ਹਜ਼ੂਰ ਤੱਕਿਆ
ਟਾਹਲੀ ਦਿਆਂ ਪੱਤਿਆਂ 'ਤੇ ਨਾਂ ਮੇਰਾ ਲਿਖਦਾ
ਮੱਕੀ ਦਿਆਂ ਦਾਣਿਆਂ ਤੋਂ ਹੱਸਣਾ ਸੀ ਸਿਖਦਾ
ਸੋਹਣੇ ਮੁੱਖੜੇ 'ਤੇ ਅੰਬੀਆਂ ਦਾ ਬੂਰ ਤੱਕਿਆ
ਕੱਲ੍ਹ ਛੱਲੀਆਂ ਦੇ ਵਿਹੜੇ 'ਚ ਹਜ਼ੂਰ ਤੱਕਿਆ
ਪੱਤੀਆਂ ਗੁਲਾਬ ਦੀਆਂ ਲਾਵੇ ਜਦ ਬੁੱਲ੍ਹਾਂ ਨੂੰ
ਸੰਗ ਜਿਹੀ ਲੱਗੇ ਉਦੋਂ ਸਰ੍ਹੋਂਆਂ ਦੇ ਫੁੱਲਾਂ ਨੂੰ
ਦਿਲ ਆਪਣਾ ਮੈਂ ਆਪਣੇ ਤੋਂ ਦੂਰ ਤੱਕਿਆ
ਕੱਲ੍ਹ ਛੱਲੀਆਂ ਦੇ ਵਿਹੜੇ 'ਚ ਹਜ਼ੂਰ ਤੱਕਿਆ
ਲੰਘ ਕੇ ਕਮਾਦ ਜਦੋਂ ਨੇੜੇ ਸਾਡੇ ਆ ਗਿਆ
ਸੁਰਮਾ ਮੁਹੱਬਤਾਂ ਦਾ ਨੈਣਾਂ ਵਿੱਚ ਪਾ ਗਿਆ
ਮਿੱਠੇ ਬੋਲਾਂ ਵਿੱਚੋਂ ਸ਼ਹਿਰ ਮੈਂ ਕਸੂਰ ਤੱਕਿਆ
ਕੱਲ੍ਹ ਛੱਲੀਆਂ ਦੇ ਵਿਹੜੇ 'ਚ ਹਜ਼ੂਰ ਤੱਕਿਆ
ਨੀਂ ਮੈਂ ਚੰਬੇ ਦੀ ਪਹਾੜੀ ਜਿਹਾ ਨੂਰ ਤੱਕਿਆ