ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ ਦਾ ਜਨਮ 12 ਜੁਲਾਈ 1979 ਨੂੰ ਜਿਲ੍ਹਾ ਅੰਮ੍ਰਿਤਸਰ ਸਾਹਿਬ, ਅੱਜਕੱਲ ਜਿਲ੍ਹਾ ਤਰਨਤਾਰਨ ਦੇ ਪ੍ਰਸਿੱਧ ਪਿੰਡ ਕਸੇਲ ਵਿਖੇ ਮਾਤਾ ਜਾਗੀਰ ਕੌਰ ਦੀ ਕੁੱਖੋਂ ਪਿਤਾ ਗੁਰਦੀਪ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਹੋਇਆ। ਇਸ ਪਿੰਡ ਦੇ ਅਨੇਕ ਮਰਜੀਵੜੇ ਗਦਰ ਲਹਿਰ ਤੇ ਕ੍ਰਾਂਤੀਕਾਰੀ ਲਹਿਰ ਲਈ ਕੁਰਬਾਨ ਹੋਏ। ਪ੍ਰਸਿੱਧ ਸਾਹਿਤਕਾਰ ਪ੍ਰੋ. ਕਿਰਪਾਲ ਸਿੰਘ ਕਸੇਲ ਵੀ ਏਸੇ ਪਿੰਡ ਦੇ ਹਨ। ਕਵੀਸ਼ਰ ਗੁਰਸੇਵਕ ਸਿੰਘ ਦਾ ਬਚਪਨ ਵੀ ਏਸੇ ਪਿੰਡ ਵਿੱਚ ਬੀਤਿਆ। ਪੰਜਵੀਂ ਤੱਕ ਪੜ੍ਹਾਈ ਪਿੰਡ ਕਸੇਲ ਦੇ ਪ੍ਰਾਇਮਰੀ ਸਕੂਲ ਵਿਖੇ ਹੀ ਕੀਤੀ। ਸੰਨ 1990 ਦੇ ਕਰੀਬ ਪੰਜਾਬ ਦੇ ਵੱਖ–ਵੱਖ ਇਲਾਕਿਆਂ ਜਿਵੇਂ ਮਾਝਾ, ਮਾਲਵਾ, ਦੁਆਬਾ ਵਿਖੇ ਕਵੀਸ਼ਰੀ ਦਾ ਬਹੁਤ ਜੋਰ ਸੀ। ਮਾਝੇ ਵਿੱਚ ਕਵੀਸ਼ਰ ਜੋਗਾ ਸਿੰਘ ਜੋਗੀ, ਕਵੀਸ਼ਰ ਜਰਨੈਲ ਸਿੰਘ ਸਭਰਾ, ਕਵੀਸ਼ਰ ਨਿਰਮਲ ਸਿੰਘ ਚੋਹਲਾ, ਕਵੀਸ਼ਰ ਮੇਜਰ ਸਿੰਘ ਅਤੇ ਹੋਰ ਕਵੀਸ਼ਰ ਜਿੰਨਾਂ ਨੇ ਆਪਣੇ–ਆਪਣੇ ਇਲਾਕਿਆਂ 'ਚ ਕਵੀਸ਼ਰੀ ਕਲਾ ਨੂੰ ਪ੍ਰਫੁਲਿਤ ਕੀਤਾ, ਉਹਨਾਂ 'ਚ ਬਾਬੂ ਰਜਬ ਅਲੀ ਸਾਹੋਕੇ, ਕਰਨੈਲ ਸਿੰਘ ਪਾਰਸ ਰਾਮੂੰਵਾਲੀਏ ਤੇ ਹੋਰ ਪ੍ਰਸਿੱਧ ਕਵੀਸ਼ਰਾਂ ਦੇ ਨਾਮ ਆਉਂਦੇ ਹਨ, ਇਨਾਂ ਕਵੀਸ਼ਰੀ ਜਥਿਆਂ ਦੀ ਕਵੀਸ਼ਰੀ ਤੋਂ ਗੁਰਸੇਵਕ ਸਿੰਘ ਕਵੀਸ਼ਰ ਪ੍ਰਭਾਵਿਤ ਸੀ। ਪਿੰਡ ਕਸੇਲ ਵਿਖੇ ਸਾਲਾਨਾ ਮੇਲਾ ਲੱਗਦਾ ਸੀ ਜੋ ਕਿ ਹੁਣ ਵੀ ਤਿੰਨ ਦਿਨ ਵਿਸ਼ਾਲ ਸੰਗਤ ਦੇ ਇਕੱਠ ਨਾਲ ਭਰਦਾ ਹੈ, ਉਸ ਮੇਲੇ ਵਿੱਚ ਕਵੀਸ਼ਰ ਗੁਰਸੇਵਕ ਸਿੰਘ ਤਕਰੀਬਨ 14 ਕੁ ਸਾਲ ਦੀ ਉਮਰ ਵਿੱਚ ਕਵੀਸ਼ਰੀ ਸੁਣਦੇ ਰਹੇ ਤੇ ਮਨ ਵਿੱਚ ਵਿਚਾਰ ਆਉਣੇ ਕਿ ਮੈਂ ਵੀ ਇਹਨਾਂ ਵਰਗਾ ਕਵੀਸ਼ਰ ਬਣਾ। ਤੁਰੇ ਜਾਂਦਿਆ ਬੈਠਦਿਆਂ, ਉਠਦਿਆਂ ਅਨੇਕਾਂ ਕਵੀਸ਼ਰਾਂ ਦੀਆਂ ਕਵੀਸ਼ਰੀ ਕਵਿਤਾਵਾਂ ਮੂੰਹ ਵਿੱਚ ਗੁਣ ਗੁਣਾਉਣੀਆਂ ਕਵੀਸ਼ਰ ਗੁਰਸੇਵਕ ਸਿੰਘ ਦਾ ਸੁਭਾਅ ਬਣ ਚੁੱਕਾ ਸੀ ਤੇ ਕਵੀਸ਼ਰੀ ਦਾ ਅੰਤਾਂ ਦਾ ਸ਼ੌਂਕ ਸੀ। ਸਮੇਂ ਨੇ ਗੇੜ ਮਾਰਿਆ, ਸੰਨ 1994–95 ਵਿਚ ਗੁਰਸੇਵਕ ਸਿੰਘ ਨੂੰ ਆਪਣਾ ਪਿੰਡ ਕੁੱਝ ਕਾਰਨਾਂ ਕਰਕੇ ਛੱਡਣਾ ਪਿਆ ਤੇ ਸਾਰੇ ਸਮਾਨ ਸਮੇਤ ਘਰ ਨੂੰ ਜੰਦਰਾ ਲਗਾ ਕੇ ਲੁਧਿਆਣੇ ਜਿਲ੍ਹੇ ਵਿੱਚ ਪੈਂਦੇ ਪਿੰਡ ਸ੍ਰੀ ਭੈਣੀ ਸਾਹਿਬ ਵਿਖੇ ਪਰਿਵਾਰ ਸਮੇਤ ਰਹਿਣ ਲੱਗੇ। ਏਥੇ ਆ ਕੇ ਪਿੰਡ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਖੇ 10+2 ਤੱਕ ਪੜ੍ਹਾਈ ਕੀਤੀ। ਪਰ ਕਵੀਸ਼ਰੀ ਦਾ ਸ਼ੌਂਕ ਮਨ ਵਿੱਚ ਓਸੇ ਤਰ੍ਹਾਂ ਹੀ ਪ੍ਰਫੁੱਲਿਤ ਰਿਹਾ। ਸਕੂਲ ਵਿੱਚ ਪੜ੍ਹਦਿਆਂ ਕਈ ਵਾਰ ਗੀਤ ਗਾਉਣ ਦਾ ਮੌਕਾ ਮਿਲਣਾ, ਪੰਜਾਬੀ ਅਖਬਾਰ, ਪੰਜਾਬੀ ਮੈਗਜ਼ੀਨ, ਪੰਜਾਬੀ ਪੁਸਤਕਾਂ ਪੜ੍ਹਨ ਦਾ ਗੁਰਸੇਵਕ ਸਿੰਘ ਨੂੰ ਬਹੁਤ ਸ਼ੌਂਕ ਰਿਹਾ ਤੇ ਹੈ। ਸੰਨ 1997–98 ਵਿੱਚ ਕਵੀਸ਼ਰ ਗੁਰਸੇਵਕ ਸਿੰਘ ਨੇ ਪਹਿਲੀ ਕਵਿਤਾ 'ਤੀਰ ਬਿਰਹਾ ਦੇ ਜਾਣ ਨਾ ਸਹਾਰੇ' ਲਿਖੀ ਤੇ ਉਸਨੂੰ ਮੂੰਹ ਵਿੱਚ ਹਮੇਸ਼ਾਂ ਗੁਣ ਗੁਣਾਉਂਦੇ ਰਹਿਣਾ। ਸੰਨ 1998–99 ਵਿੱਚ ਕਵੀਸ਼ਰੀ ਕਲਾ ਦੇ ਮਹਾਨ ਉਸਤਾਦ ਕਵੀਸ਼ਰ ਜੀਵਨ ਸਿੰਘ ਜੀ ਨਾਲ ਕਵੀਸ਼ਰ ਗੁਰਸੇਵਕ ਸਿੰਘ ਹੁਣਾਂ ਦਾ ਮਿਲਾਪ ਹੋਇਆ। ਜਿਸਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਕਵੀਸ਼ਰ ਨੂੰ ਕਵੀਸ਼ਰ ਗੁਰਸੇਵਕ ਸਿੰਘ ਨੇ ਆਪਣਾ ਉਸਤਾਦ ਧਾਰਨ ਕੀਤਾ ਤੇ ਉਨ੍ਹਾਂ ਤੋਂ ਕਵੀਸ਼ਰੀ ਲਿਖਣ ਗਾਉਣ ਦੀਆਂ ਬਾਰੀਕੀਆਂ ਸਿੱਖੀਆਂ। ਸੰਨ 2000 ਦੇ ਕਰੀਬ ਕਵੀਸ਼ਰ ਗੁਰਸੇਵਕ ਸਿੰਘ ਨੇ ਆਪਣੇ ਨਾਲ ਇਕ ਸਾਥੀ ਕਵੀ ਸੁਰਿੰਦਰ ਸਿੰਘ ਛਿੰਦਾ ਨੂੰ ਗਾਉਣ ਵਾਸਤੇ ਤਿਆਰ ਕੀਤਾ ਤੇ ਦੋਵੇਂ ਜਾਣੇ ਕਵੀਸ਼ਰੀ ਗਾਉਣ ਲੱਗੇ। ਹੌਲੀ–ਹੌਲੀ ਕਵੀਸ਼ਰ ਗੁਰਸੇਵਕ ਸਿੰਘ ਆਪਣੇ ਪ੍ਰਸੰਗ ਲਿਖਣ ਲੱਗ ਪਏ ਤੇ ਫੇਰ ਜਥੇ ਦੇ ਮੋਢੀ ਬਣੇ। ਥੋੜ੍ਹੇ ਕੁ ਸਮੇਂ ਵਿੱਚ ਗੁਰਸੇਵਕ ਸਿੰਘ ਨੇ ਲਗਨ ਤੇ ਮਿਹਨਤ ਸਦਕਾ ਆਪਣਾ ਨਾਂਅ ਚੋਣਵੇਂ ਕਵੀਸ਼ਰਾਂ ਵਿਚ ਸ਼ਾਮਲ ਕਰਵਾ ਲਿਆ। ਕਵੀਸ਼ਰ ਗੁਰਸੇਵਕ ਸਿੰਘ ਨਾਲ ਵੱਖ–ਵੱਖ ਸਮਿਆਂ ਵਿਚ ਵੱਖ–ਵੱਖ ਗਾਉਣ ਵਾਲੇ ਸਾਥੀਆਂ ਨੇ ਸਾਥ ਦਿੱਤਾ, ਜਿਨ੍ਹਾਂ 'ਚ ਸੁਰਿੰਦਰ ਸਿੰਘ ਛਿੰਦਾ, ਮੁਖਤਿਆਰ ਸਿੰਘ ਸ਼ੌਂਕੀ, ਗੁਰਦੇਵ ਸਿੰਘ ਪ੍ਰੇਮੀ, ਸਿਮਰਨਜੀਤ ਸਿੰਘ ਮਾਨ, ਗੁਰਜੀਤ ਸਿੰਘ ਪੱਪੂ ਤੇ ਹੋਰ ਸਾਥੀਆਂ ਦੇ ਨਾਮ ਜਿਕਰਯੋਗ ਹਨ। ਵਰਤਮਾਨ ਸਮੇਂ ਵਿਚ ਕਵੀਸ਼ਰ ਗੁਰਸੇਵਕ ਸਿੰਘ ਨਾਲ ਕਵੀ ਜਰਨੈਲ ਸਿੰਘ ਰਾੜਾ, ਕਵੀ ਮੱਲ ਸਿੰਘ ਮੱਲ, ਕਵੀ ਗੁਰਮੀਤ ਸਿੰਘ ਗੋਲਡੀ ਸਵੱਈਏ ਵਜੋਂ ਸਾਥ ਦੇ ਰਹੇ ਹਨ। ਕਵੀਸ਼ਰ ਗੁਰਸੇਵਕ ਸਿੰਘ ਨੇ ਧਾਰਮਿਕ, ਸਮਾਜਿਕ, ਸਾਹਿਤਕ ਹਰ ਪੱਖ ਤੋਂ ਕਲਮ ਅਜਮਾਈ ਕੀਤੀ। ਜਿਵੇਂ ਕਿ ਕਵੀਸ਼ਰੀ ਛੰਦਾਂ–ਬੰਦੀ ਵਿੱਚ ਕੋਰੜਾ, ਝੋਕ, ਝੰਡੀ ਝੋਕ, ਦਵੱਈਆ, ਦੋਤਾਰਾ, ਕਮਾਨੀ, ਡਬਲ ਕਮਾਨੀ, ਡਿਓੁੜ, ਡਬਲ ਡਿਉੜ, ਗੀਤ ਕੋਰੜਾ, ਲਹਿਰੀਆ, ਬੰਬ ਛੰਦ, ਕਲੀ, ਬਹੱਤਰ ਕਲਾ ਛੰਦ ਆਦਿ ਵੰਨਗੀਆਂ ਦੇ ਛੰਦ ਲਿਖੇ ਤੇ ਲਿਖ ਰਿਹਾ ਹੈ। ਸਾਹਿਤਕ ਪੱਖੋਂ ਕਵੀਸ਼ਰ ਗੁਰਸੇਵਕ ਸਿੰਘ ਨੇ ਗੀਤ, ਕਵਿਤਾ, ਮਿੰਨੀ ਕਹਾਣੀ, ਲੇਖ, ਖੁੱਲੀ ਕਵਿਤਾ ਆਦਿਕ ਵੰਨਗੀਆਂ ਤੇ ਕਲਮ ਅਜਮਾਈ ਕੀਤੀ ਹੈ। ਇਸ ਤੋਂ ਇਲਾਵਾ ਕਵੀਸ਼ਰ ਗੁਰਸੇਵਕ ਸਿੰਘ ਦੀਆਂ ਆਡੀਓ ਕੈਸਿਟਾਂ 'ਬਾਲਾ ਰਾਏ ਰੁਸਤਮ ਰਾਏ, ਡੱਲੇ ਦੀ ਪਰਖ, ਸਿਫਤਾਂ ਗੁਰ ਜਗਜੀਤ ਦੀਆਂ, ਰਿਕਾਰਡ ਹੋਈਆਂ ਹਨ। ਗੁਰਸੇਵਕ ਸਿੰਘ ਦੀਆਂ ਦੋ ਪੁਸਤਕਾਂ 'ਪੂਰਨ ਭਗਤ ਦਾ ਕਿੱਸਾ, ਮਹਾਰਾਜਾ ਰਣਜੀਤ ਸਿੰਘ ਦੀ ਮੌਤ' ਛਪ ਕੇ ਪਾਠਕਾਂ ਦੇ ਹੱਥਾਂ ਵਿਚ ਪਹੁੰਚ ਚੁੱਕੀਆਂ ਹਨ ਤੇ ਭਰਪੁਰ ਹੁੰਗਾਰਾ ਪ੍ਰਾਪਤ ਕਰ ਚੁੱਕੀਆਂ ਹਨ। ਇਸ ਤੋਂ ਇਲਾਵਾ ਕਵਿਤਾ, ਕਹਾਣੀਆਂ, ਗੀਤ, ਲੇਖ ਆਦਿਕ ਕਈ ਮੈਗਜ਼ੀਨਾਂ ਤੇ ਪੰਜਾਬੀ ਨਿਊਜ ਪੇਪਰਾਂ 'ਚ ਛਪ ਚੁੱਕੇ ਹਨ। ਕਵੀਸ਼ਰ ਗੁਰਸੇਵਕ ਸਿੰਘ ਨੇ ਆਪਣੇ ਜਥੇ ਸਮੇਤ ਅਫਰੀਕਾ, ਤਨਜਾਨੀਆਂ, ਦਾਰਾਸਲਾਮ, ਦੁਬਈ, ਸਿੰਘਾਪੁਰ, ਮਲੇਸ਼ੀਆ, ਥਾਈਲੈਂਡ ਆਦਿ ਵਿਦੇਸ਼ਾਂ ਵਿਚ ਵੀ ਆਪਣੀ ਕਵੀਸ਼ਰੀ ਕਲਾ ਦੀ ਧਾਕ ਜਮਾਈ ਹੈ। ਕਵੀਸ਼ਰ ਗੁਰਸੇਵਕ ਸਿੰਘ ਨੇ ਅਨੇਕਾਂ ਸ਼ਗਿਰਦ ਪੈਦਾ ਕੀਤੇ ਜਿਨ੍ਹਾਂ ਵਿਚ ਤਰਨ ਸਿੰਘ ਬੱਲ, ਗੁਰਮੀਤ ਸਿੰਘ ਗੋਲਡੀ, ਸਰਬਜੀਤ ਸਿੰਘ ਛੱਬਾ, ਦਲਜੀਤ ਸਿੰਘ ਬਿੱਲਾ, ਵਰਿੰਦਰ ਸਿੰਘ, ਵੀਰ ਸਿੰਘ, ਹਰਸ਼ਦੀਪ ਸਿੰਘ ਹਰਸ਼, ਜਸਵੀਰ ਸਿੰਘ ਵਿੱਕੀ, ਰਾਜਾ ਸਿੰਘ, ਤਰਲੋਚਨ ਸਿੰਘ, ਸ਼ਾਮ ਸਿੰਘ ਆਦਿ ਪ੍ਰਮੁੱਖ ਹਨ। ਕਵੀਸ਼ਰ ਗੁਰਸੇਵਕ ਸਿੰਘ ਨੇ ਹੁਣ ਤੱਕ ਤਕਰੀਬਨ 82 ਦੇ ਕਰੀਬ ਪ੍ਰਸੰਗ ਲਿਖੇ ਹਨ। ਜਿੰਨ੍ਹਾਂ ਵਿਚ ਭਾਈ ਤਾਰੂ ਸਿੰਘ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਬਾਬਾ ਬੋਤਾ ਸਿੰਘ ਗਰਜਾ ਸਿੰਘ, ਮੱਸਾ ਰੰਘੜ, ਸ਼ਹੀਦ ਭਗਤ ਸਿੰਘ, ਤਾਰਾ ਸਿੰਘ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਜਨਮ ਸ੍ਰੀ ਗੁਰੂ ਨਾਨਕ ਦੇਵ ਜੀ, ਭਗਤ ਰਵੀਦਾਸ ਜੀ, ਮਹਾਰਾਜਾ ਰਣਜੀਤ ਸਿੰਘ ਦੀ ਮੌਤ, ਪੂਰਨ ਭਗਤ, ਬੰਦਾ ਸਿੰਘ ਬਹਾਦਰ, ਸਰਹਿੰਦ ਫਤਿਹ, ਗੁਰੂ ਅਮਰਦਾਸ, ਦਾਰਾ ਸ਼ਿਕੋਹ, ਭਾਈ ਗੋਪਾਲ, ਭਗਤ ਸੋਦਾਮਾ, ਮੀਰਾਂ ਬਾਈ ਆਦਿ ਬਹੁਤ ਮਕਬੂਲ ਹੋਏ ਹਨ। ਕਵੀਸ਼ਰੀ ਦੇ ਨਾਲ –ਨਾਲ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ ਨੇ ਆਪਣੇ ਗੁਰੂਦੇਵ ਸ੍ਹੀ ਸਤਿਗੁਰੂ ਜਗਜੀਤ ਸਿੰਘ ਤੋਂ ਅਸ਼ੀਰਬਾਦ ਲੈ ਕੇ ਸੰਨ 2011 ਵਿਚ ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦਾ ਗਠਨ ਕੀਤਾ। ਜਿਸ ਦੇ ਉਹ ਤਕਰੀਬਨ 2011 ਤੋਂ ਲੈ ਕੇ ਹੁਦ ਤੱਕ ਮੁੱਖ ਸੇਵਾਦਾਰ ਚੱਲੇ ਆ ਰਹੇ ਹਨ। ਇਸ ਸਮੇਂ ਦੌਰਾਨ ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਨੇ ਅਨੇਕਾਂ ਲੇਖਕਾਂ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ। ਅਨੇਕਾਂ ਸਾਹਿਤਕ ਪ੍ਰੋਗਰਾਮਾਂ ਦੀ ਸਿਰਜਣਾ ਕੀਤੀ ਤੇ ਇਕ ਸਾਲਾਨਾ ਸਨਮਾਨ ਸਮਾਗਮ ਆਰੰਭ ਕੀਤਾ ਜਿਸ ਵਿਚ ਹਰੇਕ ਸਾਲ 8 ਲੇਖਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅਜੋਕੇ ਸਮੇਂ ਵਿੱਚ ਕਵੀਸ਼ਰ ਆਪਣੇ ਪਰੀਵਾਰ ਸਮੇਤ ਨਾਮਧਾਰੀ ਪੰਥ ਦੇ ਮੌਜੂਦਾ ਮੁਖੀ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਸਰਪ੍ਰਸਤੀ ਹੇਠ ਸ੍ਰੀ ਭੈਣੀ ਸਾਹਿਬ ਵਿਖੇ ਹੀ ਰਹਿ ਰਿਹਾ ਹੈ ਤੇ ਸਮਾਜ ਭਲਾਈ ਦੇ ਕੰਮਾਂ ਵਿਚ ਤੱਤਪਰ ਹੈ। ਅਸੀਂ ਕਵੀਸ਼ਰ ਗੁਰਸੇਵਕ ਸਿੰਘ ਦੀ ਲੰਮੀ ਉਮਰ ਦੀ ਕਾਮਨਾਂ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਏਸੇ ਤਰ੍ਹਾਂ ਹੀ ਲੋਕਾਂ ਦੀ ਕਲਮ ਰਾਹੀਂ ਤੇ ਕਵੀਸ਼ਰੀ ਕਲਾ ਰਾਹੀਂ ਸੇਵਾ ਕਰਦੇ ਰਹਿਣ।