ਇਸ਼ਕ ਤੇਰੇ ਨੂੰ ਨਤਮਸਤਕ ਪ੍ਰਨਾਮ!
ਇਸ਼ਕ ਤੇਰੇ ਨੂੰ ਚੇਤੇ ਕਰੀਏ,
ਸੁਬਹ-ਦੁਪਹਿਰੇ-ਸ਼ਾਮ…………!
ਇਸ਼ਕ ਤੇਰੇ ਨੇ ਦਿੱਤੀਆਂ ਸਾਨੂੰ,
ਪੀੜਾਂ ਪਹਿਨਣ ਖਾਣ ਲਈ।
ਇਸ਼ਕ ਤੇਰੇ ਨੇ ਵੰਡੀਆਂ,
ਗ਼ਮ ਦੀਆਂ ਖੇਡਾਂ ਜੀ ਪ੍ਰਚਾਣ ਲਈ।
ਇਸ਼ਕ ਤੇਰੇ ਨੇ ਟੰਗੀ ਸਾਡੀ-
ਸੂਲੀ ਉੱਤੇ ਜਾਨ!
ਇਸ਼ਕ ਤੇਰੇ ਨੂੰ ਨਤਮਸਤਕ ਪ੍ਰਨਾਮ!
ਇਸ਼ਕ ਤੇਰੇ ਨੂੰ ਚੇਤੇ ਕਰੀਏ,
ਸੁਬਹ-ਦੁਪਹਿਰੇ-ਸ਼ਾਮ…………!
ਇਸ਼ਕ ਤੇਰੇ ਨੇ ਦਿੱਤੇ ਸਾਨੂੰ,
ਵਾਅਦੇ ਕੋਰੇ ਝੂਠੇ।
ਵਾਅਦਿਆਂ ਦੇ ਵਿੱਚੋਂ ਜਿੰਦ ਅਸਾਡੀ,
ਫਾਂਸੀ ਉੱਤੇ ਝੂਟੇ।
ਫਿਰ ਵੀ ਇਸ ਫਾਂਸੀ ਦੇ ਵਿੱਚੋਂ,
ਮਿਲਦਾ ਬੜਾ ਅਰਾਮ!
ਇਸ਼ਕ ਤੇਰੇ ਨੂੰ ਨਤਮਸਤਕ ਪ੍ਰਨਾਮ!
ਇਸ਼ਕ ਤੇਰੇ ਨੂੰ ਚੇਤੇ ਕਰੀਏ,
ਸੁਬਹ-ਦੁਪਹਿਰੇ-ਸ਼ਾਮ…………!
ਇਸ਼ਕ ਤੇਰੇ ਨੇ ਅੱਥਰੂ ਦਿੱਤੇ,
ਯਾਦਾਂ ਦਾ ਮੂੰਹ ਧੋਣ ਲਈ।
ਜਾਂ ਫਿਰ ਤੈਨੂੰ ਚੇਤੇ ਕਰ-ਕਰ,
ਅੱਧੀ ਰਾਤੀਂ ਰੋਣ ਲਈ।
ਇਸ਼ਕ ਤੇਰੇ ਦੇ ਹੱਥੋਂ ਹੋਇਆ,
ਸਾਡਾ ਇਸ਼ਕ ਨੀਲਾਮ!
ਇਸ਼ਕ ਤੇਰੇ ਨੂੰ ਨਤਮਸਤਕ ਪ੍ਰਨਾਮ!
ਇਸ਼ਕ ਤੇਰੇ ਨੂੰ ਚੇਤੇ ਕਰੀਏ,
ਸੁਬਹ-ਦੁਪਹਿਰੇ-ਸ਼ਾਮ…………!
ਇਸ਼ਕ ਤੇਰੇ ਨੇ ਬੇਖੁਦ ਕੀਤਾ,
ਹੋਏ ਅਸੀਂ ਦੀਵਾਨੇ।
ਇਸ਼ਕ ਤੇਰੇ ਦੀ ਸਰਿਤਾ ਅੰਦਰ,
ਬੀਤਣ ਲੱਖ ਜ਼ਮਾਨੇ।
ਹੁਣ ਨਾ ਹਾੜਾ ਇਸ਼ਕ ਤੇਰੇ ਦੀ,
ਤਪਦੀ ਮੁੱਕੇ ਸ਼ਾਮ!
ਇਸ਼ਕ ਤੇਰੇ ਨੂੰ ਨਤਮਸਤਕ ਪ੍ਰਨਾਮ!
ਇਸ਼ਕ ਤੇਰੇ ਨੂੰ ਚੇਤੇ ਕਰੀਏ,
ਸੁਬਹ-ਦੁਪਹਿਰੇ-ਸ਼ਾਮ…………!
ਇਸ਼ਕ ਤੇਰੇ ਵਿੱਚ ਜੀਵਨ ਸਾਡਾ,
ਵਾਂਗ ਫਕੀਰਾਂ ਹੋਵੇ।
ਇਸ਼ਕ ਤੇਰੇ ਦੀ ਜਪੀਏ ਮਾਲਾ,
ਮਨ ਹੱਸੇ ਜਾਂ ਰੋਵੇ।
ਇਸ਼ਕ ਤੇਰੇ ਵਿੱਚ ਬੀਤੇ ਸਾਡੀ,
ਰਹਿੰਦੀ ਉਮਰ ਤਮਾਮ!
ਇਸ਼ਕ ਤੇਰੇ ਨੂੰ ਨਤਮਸਤਕ ਪ੍ਰਨਾਮ!
ਇਸ਼ਕ ਤੇਰੇ ਨੂੰ ਚੇਤੇ ਕਰੀਏ,
ਸੁਬਹ-ਦੁਪਹਿਰੇ-ਸ਼ਾਮ…………!
ਇਸ਼ਕ ਤੇਰੇ ਦਾ ਕੀੜਾ,
ਸਾਡੇ ਮਨ ਵਿੱਚੋਂ ਨਾ ਜਾਵੇ।
ਨਾ ਹੀ ਸਾਡਾ ਮਨ ਚਿੱਤ ਡੋਲੇ,
ਰੂਹ ਨਾ ਕੋਈ ਭਟਕਾਵੇ।
ਇਸ਼ਕ ਤੇਰਾ ਹੀ ਬਣ ਜਾਏ ਸਾਡਾ,
ਇੱਕ ਦਾਰੂ ਦਾ ਜਾਮ!
ਇਸ਼ਕ ਤੇਰੇ ਨੂੰ ਨਤਮਸਤਕ ਪ੍ਰਨਾਮ!
ਇਸ਼ਕ ਤੇਰੇ ਨੂੰ ਚੇਤੇ ਕਰੀਏ,
ਸੁਬਹ-ਦੁਪਹਿਰੇ-ਸ਼ਾਮ…………!