ਵਿਆਹ ਨਾਲ ਜੁੜੀ ਸਾਹਿ ਚਿੱਠੀ
(ਲੇਖ )
ਪੰਜਾਬੀ ਸੱਭਿਆਚਾਰ ਵਿਰਸੇ ਨਾਲ ਜੁੜੀਆਂ ਅਨੇਕਾਂ ਹੀ ਰਸਮਾਂ ਦੀਆਂ ਆਪੋ ਆਪਣੀਆਂ ਮਹੱਬਤਾਂ ਹਨ। ਵਿਆਹ ਨਾਲ ਅਨੇਕਾਂ ਹੀ ਖੁਸ਼ੀ ਭਰੀਆਂ ਰਸਮਾਂ ਜੁੜੀਆਂ ਹੋਈਆਂ ਹਨ। ਅੱਜ ਭਾਵੇਂ ਨਵੇਂ ਜ਼ਮਾਨੇ ਨੇ ਕੁਝ ਰਸਮਾਂ ਪੂਰੀ ਤਰਾਂ ਸਾਥੋਂ ਖੋਹ ਲਈਆਂ ਹਨ ਪਰ ਜਦ ਕਦੇ ਪੁਰਾਣੇ ਬਜ਼ੁਰਗਾਂ ਜਾਂ ਜਿਨ੍ਹਾਂ ਨੇ ਇਹ ਰਸਮਾਂ ਆਪਣੇ ਹੱਥੀ ਹੰਢਾਈਆਂ ਹਨ ਜਦ ਉਹ ਗੱਲਾਂ ਕਰਦੇ ਹਨ ਤਾਂ ਅੱਜ ਕੱਲ ਨਵੀਂ ਪੀੜੀ ਨੂੰ ਬੜਾ ਅਚੰਭਾ ਜਿਹਾ ਲੱਗਦਾ ਹੈ। ਕਈ ਵਾਰ ਤਾਂ ਨਵੀਂ ਪੀੜੀ ਦੇ ਮੁੰਡੇ ਕੁੜੀਆਂ ਆਪਣੇ ਬਜ਼ੁਰਗਾਂ ਜਾਂ ਹੋਰ ਆਸੇ ਪਾਸੇ ਦੇ ਲੋਕਾਂ ਤੋਂ ਇਹਨਾਂ ਰਸਮਾਂ ਬਾਰੇ ਪੁੱਛਦੇ ਹਨ ਤਾਂ ਹੈਰਾਨ ਹੋ ਜਾਂਦੇ ਹਨ ਕਿ ਉਸ ਸਮੇ ਏਨੀਆਂ ਰਸਮਾਂ ਹੁੰਦੀਆਂ ਸਨ। ਅੱਜਕੱਲ ਦੀ ਨੌਜਵਾਨ ਪੀੜੀ ਨੂੰ ਇਹ ਦੱਸਣਾ ਵੀ ਜਰੂਰੀ ਹੈ ਕਿ ਸਾਡਾ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸਾ ਬੜਾ ਅਮੀਰ ਵਿਰਸਾ ਸੀ ਪਰ ਅੱਜ ਉਹ ਟੁੱਟ ਚੁੱਕਾ ਹੈ। ਅੱਜ ਵਿਰਸੇ ਵਿੱਚੋਂ ਬਹੁਤ ਸਾਰੀਆਂ ਰਸਮਾਂ ਅਲੋਪ ਹੋ ਗਈਆਂ ਹਨ ਅਤੇ ਕੁਝ ਅਲੋਪ ਹੋਣ ਤੇ ਕੰਢੇ ਤੇ ਹਨ। ਜੇ ਅਸੀਂ ਅੱਜ ਵੀ ਨਾ ਸਮਝੇ ਤੇ ਅਸੀਂ ਆਪਣੇ ਪੁਰਾਤਨ ਸੱਭਿਆਚਾਰ ਦੀ ਸੰਭਾਲ ਨਾ ਕੀਤੀ ਤਾਂ ਸਭ ਕੁਝ ਖਤਮ ਹੋ ਜਾਵੇਗਾ। ਦਸ ਦਸ ਦਿਨਾਂ ਵਿੱਚ ਹੋਣ ਵਾਲੇ ਵਿਆਹ ਅੱਜ ਦੋ ਤਿੰਨ ਘੰਟਿਆਂ ਦੇ ਰਹਿ ਗਏ ਹਨ। ਰਿਸ਼ਤੇਦਾਰੀਆਂ ਟੁੱਟ ਰਹੀਆਂ ਹਨ, ਮੋਹ ਮਹੱਬਤ ਸਭ ਖਤਮ ਹੋ ਗਿਆ ਹੈ। ਜਿਥੇ ਸਾਡੇ ਵਿਆਹਾਂ ਨਾਲ ਬਹੁਤ ਸਾਰੀਆਂ ਰਸਮਾਂ ਜੁੜੀਆਂ ਹੋਈਆਂ ਸਨ ਉਥੇ ਇੱਕ ਰਸਮ ਹੁੰਦੀ ਸੀ ਸਾਹਿ ਚਿੱਠੀ ਦੀ।
ਕੁੜੀ ਦੇ ਵਿਆਹ ਤੋਂ ਵੀਹ ਪੱਚੀ ਦਿਨ ਪਹਿਲਾਂ ਇੱਕ ਕੋਰੇ ਕਾਗਜ ਤੇ ਘਰ ਦੇ ਕਿਸੇ ਪੜੇ ਲਿਖੇ ਜਾਂ ਪਿੰਡ ਵਿੱਚੋਂ ਕਿਸੇ ਪੜੇ ਲਿਖੇ ਨੂੰ ਘਰ ਵਿੱਚ ਸੱਦ ਕੇ ਸਾਹਿ ਚਿੱਠੀ ਲਿਖਵਾਈ ਜਾਂਦੀ ਸੀ। ਕੋਰੇ ਕਾਗਜ ਦੀ ਹਿੱਕ ਤੇ ਕਲਮ ਜਾਂ ਪੈੱਨ ਨਾਲ ਬੜੇ ਹੀ ਪਿਆਰ, ਸਤਿਕਾਰ ਤੇ ਚਾਅ ਮਲਾਰ ਨਾਲ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਲਿਖੀ ਜਾਂਦੀ । ਲਿਖਣ ਵਾਲੇ ਰਾਜੀ ਖੁਸ਼ੀ ਹਨ ਤੇ ਪੜਨ ਵਾਲੇ ਵੀ ਪ੍ਰਮਾਤਮਾਂ ਦੀ ਕਿਰਪਾ ਨਾਲ ਰਾਜੀ ਖੁਸ਼ੀ ਹੋਣਗੇ। ।
ਲਿਖਤੁਮ ਫਲਾਣਾ ਸਿੰਘ, ਅੱਗੇ ਸਮਾਚਾਰ ਇਹ ਹੈ ਕਿ ਸਾਡੇ ਪਰਿਵਾਰ ਵੱਲੋਂ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜੰਞ ਦੇ ਗਿਆਰਾਂ ਬੰਦੇ ਲੈ ਕੇ ਆਉਣਾ, ਸਮੇਂ ਨਾਲ ਬਰਾਤ ਦਾ ਢੁਕਾਅ ਕਰਨਾ ਤਾਂ ਕਿ ਬਾਰਾਂ ਵੱਜਣ ਤੋਂ ਪਹਿਲਾਂ ਪਹਿਲਾ ਅਨੰਦ ਕਾਰਜ ਹੋ ਜਾਣ। ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਤਾਂ ਕਿ ਅਸੀਂ ਆਪ ਜੀ ਦੀ ਟਹਿਲ ਸੇਵਾ ਕਰ ਸਕੀਏ ।ਪੜਨ, ਸੁਨਣ ਤੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਬਾਲ ਬੱਚਿਆਂ ਨੂੰ ਪਿਆਰ
ਉਡੀਕ ਵਾਣ
ਸਮੂਹ ਪਰਿਵਾਰ
ਇਸ ਤਰਾਂ ਸਾਹਿ ਚਿੱਠੀ ਨੂੰ ਲਿਖ ਕੇ ਉਸ ਨੂੰ ਸ਼ਗਨਾਂ ਦਾ ਖੱਟਾ ਰੰਗ ਲਾਇਆ ਜਾਂਦਾ ਸੀ ਜਾਂ ਉਸ ਕਾਗਜ ਨੂੰ ਤਹਿ ਕਰਕੇ ਉੱਪਰ ਮੌਲੀ ਬੰਨ ਦਿੱਤੀ ਜਾਂਦੀ ਤੇ ਵਿਚੋਲੇ ਨੂੰ ਫੜਾ ਦਿੱਤੀ ਜਾਂਦੀ ਮੁੰਡੇ ਵਾਲਿਆਂ ਦੇ ਘਰ ਭੇਜ ਦਿੱਤੀ ਜਾਂਦੀ। ਸਾਹਿ ਚਿੱਠੀ ਲਿਖਣ ਵੇਲੇ ਕੁਝ ਨਜਦੀਕੀ ਰਿਸ਼ਤੇਦਾਰ, ਸ਼ਰੀਕੇ ਤੇ ਆਂਢ ਗੁਆਂਢ ਦੇ ਜੀਅ ਵੀ ਸੱਦ ਲਏ ਜਾਂਦੇ। ਸਾਰਿਆ ਨੂੰ ਖੁਸ਼ੀ ਖੁਸ਼ੀ ਰੋਟੀ ਪਾਣੀ, ਚਾਹ ਪਾਣੀ ਪਿਆਇਆ ਜਾਂਦਾ ਤੇ ਲਿਖਣ ਵਾਲੇ ਨੂੰ ਵਿਸ਼ੇਸ਼ ਤੋਰ ਤੇ ਸ਼ਗਨ ਦਿੱਤਾ ਜਾਂਦਾ ਸੀ।
ਜਦ ਇਹ ਸਾਹਿ ਚਿੱਠੀ ਕੁੜੀ ਵਾਲਿਆਂ ਦੇ ਘਰੋਂ ਵਿਚੋਲਾ ਲੈ ਕੇ ਟਾਂਗੇ ਜਾਂ ਬੱਸ ਤੇ ਮੁੰਡੇ ਵਾਲਿਆਂ ਦੇ ਘਰ ਲੈ ਕੇ ਆਉਂਦਾ ਸੀ ਤਾਂ ਇਥੇ ਵੀ ਸਾਰਾ ਘਰ ਖੁਸ਼ੀਆਂ ਨਾਲ ਭਰ ਜਾਂਦਾ। ਜਦ ਸਾਹਿ ਚਿੱਠੀ ਲੈ ਕੇ ਵਿਚੋਲਾ ਬਾਰਹਲੇ ਦਰਵਾਜੇ ਕੋਲ ਪਹੁੰਚਦਾ ਸੀ ਤਾਂ ਮੁੰਡੇ ਵਾਲਿਆਂ ਵਲੋਂ ਤੇਲ ਚੋਇਆ ਜਾਂਦਾ, ਖੁਸ਼ੀ ਨਾਲ ਸਵਾਗਤ ਕੀਤਾ ਜਾਂਦਾ ਤੇ ਫਿਰ ਵਿਚੋਲੇ ਨੂੰ ਆਦਰ ਮਾਣ ਸਤਿਕਾਰ ਨਾਲ ਬਿਠਾਇਆ ਜਾਂਦਾ। ਚਾਹ ਪਾਣੀ ਪਿਆਉਣ ਤੋਂ ਬਾਅਦ ਸਾਹਿ ਚਿੱਠੀ ਨੂੰ ਪੜਿਆ ਜਾਂਦਾ। ਇੱਥੇ ਵੀ ਮੁੰਡੇ ਵਾਲਿਆਂ ਦੇ ਘਰ ਨਜਦੀਕੀ ਰਿਸ਼ਤੇਦਾਰ, ਸ਼ਰੀਕਾਂ ਤੇ ਆਂਢ ਗੁਆਂਢ ਜੁੜ ਜਾਂਦਾ। ਘਰ ਵਿੱਚੋਂ ਪੜਿਆ ਜੀਅ ਜਾਂ ਫਿਰ ਪਿੰਡ ਵਿੱਚੋਂ ਕਿਸੇ ਪੜੇ ਲਿਖੇ ਨੂੰ ਸੱਦ ਕੇ ਸਾਰੇ ਪਰਿਵਾਰ ਵਿੱਚ ਬੈਠ ਕੇ ਸਾਹਿ ਚਿੱਠੀ ਪੜੀ ਜਾਂਦੀ। ਚਿੱਠੀ ਪੜ ਕੇ ਸੁਣਾਉਣ ਵਾਲੇ ਦਾ ਖਾਸ ਤੋਰ ਤੇ ਮੂੰਹ ਮਿੱਠਾ ਕਰਵਾਇਆ ਜਾਂਦਾ ਅਤੇ ਸ਼ਗਨ ਵੀ ਦਿੱਤਾ ਜਾਂਦਾ, ਚਿੱਠੀ ਪੜਨ ਸਾਰ ਘਰ ਵਿੱਚ ਖੁਸ਼ੀ ਦਾ ਮਹੌਲ ਹੋ ਜਾਂਦਾ।
ਜਿਸ ਦਿਨ ਮੁੰਡੇ ਵਾਲਿਆਂ ਦੇ ਘਰ ਇਹ ਸਾਹਿ ਚਿੱਠੀ ਪਹੁੰਚ ਜਾਂਦੀ ਉਸ ਦਿਨ ਤੋਂ ਮੁੰਡੇ ਨੂੰ ਸਾਹਿ ਬੱਧਾ ਕਹਿਣ ਲੱਗ ਪੈਂਦੇ। ਮੁੰਡੇ ਦਾ ਘਰੋਂ ਆਉਣਾ ਜਾਣਾ ਵੀ ਬੰਦ ਹੋ ਜਾਂਦਾ। ਦੂਜੇ ਪਿੰਡ, ਸ਼ਹਿਰ ਜਾਂ ਰਿਸਤੇਦਾਰੀ ਵਿੱਚ ਉਹ ਨਾ ਜਾ ਸਕਦਾ, ਇੱਥੋਂ ਤੱਕ ਕੇ ਕੰਮ ਕਾਰ ਵੀ ਬਹੁਤਾ ਨਾ ਕਰਦਾ ਤੇ ਨਾ ਹੀ ਘਰਦੇ ਉਸ ਨੂੰ ਕਰਨ ਦੇਂਦੇ। ਉਸ ਦੇ ਗੁੱਟ ਤੇ ਮੌਲੀ ਬੰਨ ਦਿੱਤੀ ਜਾਂਦੀ, ਸਾਹਿ ਚਿੱਠੀ ਨੂੰ ਪੜਨ ਤੋਂ ਬਾਅਦ ਬੜੇ ਪਿਆਰ ਨਾਲ ਸੰਭਾਲ ਕੇ ਰੱਖ ਲਿਆ ਜਾਂਦਾ।
ਅੱਜਕੱਲ ਸਾਹਿ ਚਿੱਠੀ ਦਾ ਬਹੁਤਾ ਰਿਵਾਜ ਨਹੀ ਰਿਹਾ ਜੇ ਕਿਤੇ ਮਾੜਾ ਮੋਟਾ ਹੈ ਵੀ ਤਾਂ ਸਭ ਵਖਾਵਾ ਹੀ ਹੈ ਬਜ਼ਾਰ ਤੋਂ ਲਿਖੀਆਂ ਲਿਖਾਈਆਂ ਸਾਹਿ ਚਿੱਠੀਆਂ ਮਿਲ ਜਾਂਦੀਆਂ ਹਨ ਉਹ ਵੀ ਮਹਿੰਗੇ ਮੁੱਲ ਦੀਆਂ, ਉਨ੍ਹਾਂ ਵਿੱਚ ਨਾ ਤਾਂ ਪਿਆਰ, ਨਾ ਮੋਹ, ਨਾ ਮਹੱਬਤ, ਨਾ ਰਿਸ਼ਤਿਆਂ ਦਾ ਨਿੱਘ, ਨਾ ਪਰਿਵਾਰਾਂ ਦੀ ਸਾਂਝ, ਨਾ ਉਹ ਖੁਸ਼ੀਆਂ ਤੇ ਨਾ ਉਹ ਹਾਸੇ, ਸਭ ਕੁਝ ਅਲੋਪ ਹੋ ਗਿਆ ਹੈ ਪਰ ਜੇ ਖੁਸ਼ਬੋ ਲੈਣੀ ਹੋਵੇ ਤਾਂ ਉਹ ਸੱਜਰੇ ਅਸਲੀ ਫੁੱਲਾਂ ਵਿੱਚੋਂ ਹੀ ਆਉਂਦੀ ਹੈ, ਬਨਾਉਟੀ ਫੁੱਲਾਂ ਵਿੱਚੋਂ ਕਦੇ ਵੀ ਖੁਸ਼ਬੋ ਨਹੀ ਆਂਉਦੀ ਸੋ ਆਸ ਕਰਦੇ ਹਾਂ ਸਾਡੇ ਵਿਆਹਾਂ ਦੇ ਨਾਲ, ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਰਸਮਾਂ ਜਿਊਂਦੀਆਂ ਰਹਿਣ ਤੇ ਅਸੀਂ ਇਨਾਂ ਨਾਲ ਖੁਸ਼ੀਆਂ ਮਾਣਦੇ ਰਹੀਏ।