ਤੇਰੀ ਸਿੱਖਿਆ ਭੁੱਲ ਕੇ ਭਟਕਦੇ ਹਾਂ,
ਕਰੀਂ ਮਿਹਰ ਮੁੜ ਕੇ ਫੇਰਾ ਪਾ ਬਾਬਾ।
ਸਤਿਨਾਮ ਦਾ ਚੱਕਰ ਚਲਾ ਮੁੜ ਕੇ,
ਸਾਨੂੰ ਭੁੱਲਿਆਂ ਮਾਰਗ ਦਿਖਾ ਬਾਬਾ।
੧.ਤੂ ਤਾਂ ਇੱਕ ਅਕਾਲ ਦੀ ਦੱਸ ਪਾਈ,
ਅਸੀਂ ਸੈਂਕੜੇ ਰੱਬ ਧਿਆ ਲਏ ਨੇ।
ਪੱਗਾਂ ਗੋਲ਼, ਚੋਲ਼ੇ ਲੰਮੇ,ਹੱਥ ਮਾਲਾ,
ਭਗਤੀ ਕਰਨ ਲਈ ਭੋਰੇ ਬਣਾ ਲਏ ਨੇ।
ਕਿਹਾ ਸ਼ਬਦ ਚੋਂ ਲੱਭੋ ਨਿਰੰਕਾਰ ਤਾਈਂ,
ਅੱਗੇ ਦੇਹੀ ਦੇ ਮੱਥੇ ਘਸਾ ਲਏ ਨੇ।
ਬਿਖੜੇ ਰਾਹਾਂ ਦੇ ਕੰਡੇ ਤੂ ਮਿੱਧਦਾ ਰਿਹਾ,
ਪੱਥਰ ਡੇਰੇ ਵਿੱਚ ਅਸੀਂ ਲਗਵਾ ਲਏ ਨੇ।
ਸ਼ਬਦ-ਬਾਣ ਦੇ ਸ਼ਸ਼ਤਰ ਸਜਾ ਕੇ ਤੇ,
ਰੱਖਿਆ ਕਰਨ ਦੀ ਜਾਚ ਸਿਖਾ ਬਾਬਾ।
ਸਤਿਨਾਮ ਦਾ ਚੱਕਰ ਚਲਾ ਕੇ ਤੇ………।
੨.ਪ੍ਰਭੂ-ਨਾਮ ਦੀ ਸਿਫ਼ਤ-ਸਲਾਹ ਦਿੱਤੀ,
ਕਿਹਾ ਸਭ ਤੋਂ ਉੱਚੀ ਖੁਮਾਰੀ ਇਹ ਤਾਂ।
ਸੁਰਤਿ-ਸ਼ਬਦ ਦੇ ਨਾਲ ਜਦ ਇੱਕ ਹੋ ਜਾਏ,
ਲਾਹਵੇ ਮੈਲ਼ ਵਿਕਾਰਾਂ ਦੀ ਸਾਰੀ ਇਹ ਤਾਂ।
ਅਸੀਂ ‘ਦਾਰੂ’ ਦੀ ਬੋਤਲ ਤੇ ਡੁੱਲ੍ਹ ਗਏ ਹਾਂ,
ਲੱਭੀ ਚੰਦਰੀ ਨਵੀਂ ਬਿਮਾਰੀ ਇਹ ਤਾਂ।
ਫੁੱਲਾਂ ਨਾਲ ਜੋ ਟਹਿਕਣੀ ਮਹਿਕਣੀ ਸੀ,
ਭਰੀ ਕੰਡਿਆਂ ਨਾਲ ਕਿਆਰੀ ਇਹ ਤਾਂ।
ਹੋਛੇ ਰਸਾਂ ਦੇ ਵਿੱਚ ਨਾ ਖਚਤ ਹੋਈਏ,
ਨਾਮ-ਰਸ ਦੀ ਪਿਆਸ ਜਗਾ ਬਾਬਾ।
ਸਤਿਨਾਮ ਦਾ ਚੱਕਰ ਚਲਾ ਮੁੜ ਕੇ…..।
੩.ਸੱਚਾ ਤੀਰਥ ਤੂ ਸ਼ਬਦ-ਵੀਚਾਰ ਦੱਸਿਆ,
ਕੀਤੀ ਅਸੀਂ ਨਾ ਕਦੇ ਵੀਚਾਰ ਦਾਤਾ।
ਤੀਰਥ ਨ੍ਹਾਉਣ ਨੂੰ ਹੀ ਵੱਡਾ ਪੁੰਨ ਮੰਨਿਆ,
ਤੁਰੇ ਤੀਰਥੀਂ ਸਣੇ ਪਰਿਵਾਰ ਦਾਤਾ।
ਭਰਮ-ਭੇਖ ਨੂੰ ਕਿਹਾ ਪਾਖੰਡ ਸੀ ਤੂ,
ਅਸੀਂ ਛੱਡੇ ਇਹ ਬਚਨ ਵਿਸਾਰ ਦਾਤਾ।
ਬਣੇ ਕਰਮ-ਕਾਂਡੀ ਭਗਵੇਂ ਭੇਖ ਵਾਲੇ,
ਇਹੀਓ ਬਣੇ ਨੇ ਸਾਡੇ ਸੰਸਕਾਰ ਦਾਤਾ।
ਵਿਗੜ ਚੁੱਕੇ ਹਾਂ ਭਾਵੇਂ ਪਰ ਹਾਂ ਤੇਰੇ,
ਵਿਵੇਕ-ਦਾਨ ਸਾਡੀ ਝੋਲੀ ਪਾ ਬਾਬਾ।
ਸਤਿਨਾਮ ਦਾ ਚੱਕਰ ਚਲਾ ਕੇ ਤੇ…….।
੪.ਭੁੱਖੇ ਸਾਧਾਂ ਨੂੰ ਭੋਜਨ ਛਕਾ ਕੇ ਤੇ,
ਸੱਚੇ ਸੌਦੇ ਦਾ ਤੂ ਸੀ ਵਾਪਾਰ ਕੀਤਾ।
ਅਸੀਂ ਰੱਜਿਆਂ ਤਾਈਂ ਰਜਾਂਵਦੇ ਹਾਂ,
ਲੰਗਰ ਸ਼ਬਦ ਦਾ ਖੂਬ ਪਰਚਾਰ ਕੀਤਾ।
ਲੋੜਵੰਦ ਤੇ ਭੁੱਖਾ ਪਛਾਣਿਆ ਨਾ,
ਵੱਡਾ ਲੰਗਰ ਦਾ ਨਿੱਤ ਆਕਾਰ ਕੀਤਾ।
ਮਲਕ ਭਾਗੋਆਂ ਵਾਂਗ ਹਾਂ ਭੋਜ ਕਰਦੇ,
ਭਾਈ ਲਾਲੋ ਨੂੰ ਨਹੀਂ ਪਿਆਰ ਕੀਤਾ।
ਕਿਹਾ ਬਾਣੀ ਦਾ ਹੂ-ਬ-ਹੂ ਮੰਨ ਲਈਏ,
ਦਾਨ ਅਕਲ ਨਾਲ ਕਰਨਾ ਸਿਖਾ ਬਾਬਾ।
ਸਤਿਨਾਮ ਦਾ ਚੱਕਰ ਚਲਾ ਮੁੜ ਕੇ..।
5.ਹਾਲ਼ੀ ਮਨ ਬਣਾ,ਤਨ ਖੇਤ ਅੰਦਰ,
“ਬੀਜ ਨਾਮ ਬੀਜੋ”ਤੂ ਸਿਖਾਇਆ ਏ।
ਉੱਦਮ ਪਾਣੀ ਦੇ ਨਾਲ ਹੀ ਸਿੰਜਣਾ ਇਹ,
ਪੱਧਰਾ ਨਾਲ ਸੰਤੋਖ ਕਰਾਇਆ ਏ।
ਨਿਰਮਲ ਭਉ ਦੇ ਨਾਲ ਇਹ ਬੀਜ ਜੰਮੇ,
ਐਸੇ ਹਿਰਦੇ ਲਈ ਸੀਸ ਨਿਵਾਇਆ ਏ।
ਜਿਸ ਮਾਇਆ ਨੇ ਕਦੇ ਨਹੀਂ ਨਾਲ ਜਾਣਾ,
ਅਸੀਂ ਉਹਦੇ ਨਾਲ ਮੋਹ ਵਧਾਇਆ ਏ।
ਸੱਚ-ਬੀਜ ਲਈ ਭੂਮੀ ਤਿਆਰ ਹੋਵੇ,
ਨੀਵਾਂ ਮਨ,ਮੱਤ ਉੱਚੀ ਕਰਾ ਬਾਬਾ।
ਸਤਿਨਾਮ ਦਾ ਚੱਕਰ ਚਲਾ ਮੁੜ ਕੇ…..।
੬.ਜਾਤਾਂ ਮਜ਼ਹਬਾਂ ਦੇ ਵਿਤਕਰੇ ਵਿੱਚ ਪੈ ਕੇ
ਧੜੇ ਲਏ ਨੇ ਅਸੀਂ ਬਣਾ ਕਾਫ਼ੀ।
ਤੇਰੇ ਨਾਮ ਦੇ ਉੱਤੇ ਵਾਪਾਰ ਕਰੀਏ,
ਨਿਰਮਲ ਪੰਥ ਵਿੱਚ ਵੰਡੀਆਂ ਪਾ ਕਾਫ਼ੀ।
ਬਾਣੀ,ਨਾਮ ਤੇ ਅੰਮ੍ਰਿਤ ਵੀ ਵੱਖਰੇ ਨੇ,
ਕਰੀਏ ਬਹਿਸਾਂ ਤੇ ਵਧੇ ਤਣਾਅ ਕਾਫ਼ੀ।
“ਬਾਣੀ,ਗੁਰੂ ਤੇ ਨਾਮ”ਸੀ ਇੱਕ ਦਾਤਾ,
ਸਾਨੂੰ ਵੱਖਰੀ ਹੋਂਦ ਦਾ ਚਾਅ ਕਾਫ਼ੀ।
ਇੱਕੋ ਸੂਤ ਦੇ ਵਿੱਚ ਪਰੋ ਮੁੜ ਕੇ,
ਲੜ ਇੱਕ ਦਾ ਫੇਰ ਫੜਾ ਬਾਬਾ।
ਸਤਿਨਾਮ ਦਾ ਚੱਕਰ ਚਲਾ ਮੁੜ ਕੇ….।