ਸਭ ਰੰਗ

  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
  •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
  •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
  •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
  •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
  •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
  •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
  •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
  •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  • ਜ਼ੂਮ-ਗਰੁਪ ਮਾਸਿਕ ਬੈਠਕ (ਖ਼ਬਰਸਾਰ)


    ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ ਮਾਸਿਕ ਬੈਠਕ ਜ਼ੂਮ ਸਾਧਨ ਦੁਆਰਾ ਆਯੋਜਿਤ ਕੀਤੀ ਗਈ, ਜਿਸ ਦਾ ਮੁੱਖ ਥੀਮ ਕੋਰੋਨਾ ਸੰਤਾਪ ਨੂੰ ਹਰ ਕੋਣ ਤੋਂ ਵੰਗਾਰਨ ਦੇ ਸੰਕਲਪ ਵਿਚ ਕੇਂਦਰਿਤ ਰਿਹਾ।ਇਹ ਬੈਠਕ ਆਪੋ ਆਪਣੇ ਗ੍ਰਹਿ-ਅਸਥਾਨਾਂ ਤੋਂ ਬੜੇ ਹੁਲਾਸ ਨਾਲ ਕਾਰਜਸ਼ੀਲ ਰਹੀ ਜਿਸ ਵਿਚ ਅੰਮ੍ਰਿਤਸਰ ਤੋਂ ਚਰਨਜੀਤ ਸਿੰਘ ਪੰਨੂ ਅਤੇ ਕੈਨੇਡਾ ਤੋਂ ਸ.ਪਿਆਰਾ ਸਿੰਘ ਕੁੱਦੋਵਾਲ ਤੇ ਸੁਰਜੀਤ ਕੌਰ ਵਿਸ਼ੇਸ਼ ਕਰ ਕੇ ਸ਼ਾਮਿਲ ਹੋਏ।ਕੋਰੋਨਾ ਵਾਇਰਸ ਜਹੀ ਨਾਪਾਕ,ਸਰਵਨਾਸ਼ੀ, ਮੋਹਲਕ ਅਤੇ ਗਾਇਬਾਨਾ ਬਿਮਾਰੀ ਕਾਰਨ ਦੁਨੀਆਂ ਭਰ ਵਿਚ ਤਕਰੀਬਨ ਦੋ ਲੱਖ ਵਿਛੁੜ ਗਈਆਂ ਮਾਸੂਮ ਜਿੰਦਾਂ ਦੀ ਆਤਿਮਕ ਸ਼ਾਂਤੀ ਲਈ ਇਕ ਮਿੰਟ ਦਾ ਮੋਨ ਧਾਰਿਆ ਗਿਆ।


    ਬੈਠਕ ਦਾ ਆਰੰਭ ਗੁਰਦੇਵ ਸਿੰਘ ਘਣਗਸ ਨੇ ਸ਼ਬਦ,"ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ "  ਦੇ ਸੁਰਮਈ ਗਾਇਨ ਨਾਲ ਕੀਤਾ ।ਇਸ ਬੈਠਕ ਨੂੰ ਦਿਸ਼ਾ ਬੱਧ ਕਰਦਿਆਂ ਸੁਰਿੰਦਰ ਸੀਰਤ ਨੇ ' ਕੋਰੋਨਾ-ਅਗ਼ਜ਼ਲ' "ਆਓ ਮਿਲ ਕਰੀਏ ਅਰਦਾਸ / ਸਰਬੱਤ ਨੂੰ ਜੋ ਆਏ ਰਾਸ" ਨਾਲ, ਆਪੋ ਆਪਣੇ ਘਰਾਂ'ਚ ਬੈਠੇ ਸਾਹਿਤਕਾਰਾਂ ਨਾਲ ਸਾਂਝ ਪਵਾਈ।ਇਸ ਬੈਠਕ ਦੇ ਸੰਚਾਲਨ ਲਈ ਜਗਜੀਤ ਨੌਸ਼ਹਿਰਵੀ ਨੂੰ ਕਾਰਜ ਸੌਂਪਿਆ ਗਿਆ।ਜਗਜੀਤ ਨੇ ਜਿੱਥੇ ਜ਼ੂਮ ਮੀਟਿੰਗ ਦੀ ਪ੍ਰਾਪਤੀ ਬਾਰੇ ਰੌਸ਼ਨੀ ਪਾਈ ਉੱਥੇ ਹੀ ਇਕ ਜ਼ਗ਼ਲ ਸੰਗ੍ਰਿਹ, 'ਬਰਫ਼ ਦਾ ਸੂਰਜ-ਲੇਖਕ ਜਸਪਾਲ ਘਈ' , ਵਿਚੋਂ ਮੌਕੇ ਸਿਰ ਸ਼ਿਅਰ ਵੀ ਸੁਣਾਏ ਜਿੰਨਾ ਵਿਚ ਇਕ ਕਮਾਲ ਦਾ ਸ਼ਿਅਰ ਵੇਖੋ, 'ਚਹਿਕਦਾ,ਕਿਲਕਾਰਦਾ ਬੱਚਾ ਮਿਰੇ ਹੱਥਾਂ'ਚ ਹੈ / ਕਿਉਂ ਇਬਾਦਤ ਮੈਂ ਕਰਾਂ,ਅਲ੍ਹਾ ਮਿਰੇ ਹੱਥਾਂ'ਚ ਹੈ '।ਇਸ ਕਵੀ ਦਰਬਾਰ ਦਾ ਪ੍ਰਥਮ ਲੇਖਕ, ਚਰਨਜੀਤ ਸਿੰਘ ਪੰਨੂ ਸੀ। ਉਸਦੀ ਕਵਿਤਾ ਅੰਮ੍ਰਿਤਸਰ ਵਿਖੇ ਹਢਾਏ ਜਾ ਰਹੇ ਮਹੌਲ ਤੋਂ ਪ੍ਰਭਾਵਿਤ ਹੈ। ' ਕੇਹੋ ਜੇਹੇ ਆਏ ਦਿਨ/ ਦਹਿਸ਼ਤ ਵਿੱਚ ਲੰਘਾਏ ਦਿਨ// ਕੋਰੋਨਾ ਉੱਗੂ ਹਰ ਥਾਂ ਹਾਵੀ/ਅੰਦਰ ਬਾਹਰ ਬਠਾਏ ਦਿਨ।' ਇਹਨਾਂ ਤੋਂ ਬਾਅਦ ਅਮਰਜੀਤ ਪੰਨੂ ਨੇ ਹਾਜ਼ਰੀ ਭਰਦਿਆਂ ਅਜੋਕੇ ਕਾਲ ਤੋਂ ਬਚਣ ਲਈ ਸੰਜੀਦਗੀ ਪ੍ਰਗਟਾਈ ਅਤੇ ਦੱਸਿਆ ਕਿ ਆਪ ਅਜੇਹੀਆਂ ਜ਼ੂਮ ਮੀਟਿੰਗਾਂ ਨੂੰ ਆਪਣੀ ਇੰਗਲਿਸ਼-ਸੰਸਥਾ ਨਾਲ ਸੰਚਾਲਿਤ ਕਰਨ ਵਿਚ ਰੁੱਝੇ ਹੋਏ ਹਨ।ਜਗਜੀਤ ਨੇ ਜ਼ੂਮ ਮੀਟਿੰਗ ਬਾਰੇ ਦੱਸਦਿਆਂ ਕਿਹਾ ਕਿ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਵੀਡੀਓ ਸਾਧਨ ਹੋਵੇ, ਇਹ ਫੋਨ ਤੇ ਵੀ ਜੋੜਿਆ ਜਾ ਸਕਦਾ ਏ। ਇਸੇ ਕਾਰਨ ਤਾਰਾ ਸਾਗਰ ਵੀ ਸਾਡੇ ਨਾਲ ਫੋਨ-ਸਾਧਨ ਰਾਹੀਂ ਜੁੜ ਸਕੇ। ਸਾਗਰ ਨੇ ਪਹਿਲੇ ਸੈਸ਼ਨ ਵਿਚ ਕੋਰੋਨਾ ਲਈ ਚੀਨ ਨੂੰ ਦੋਸ਼ੀ ਠਹਿਰਾਇਆ ਅਤੇ ਦੂਜੇ ਸੈਸ਼ਨ ਵਿਚ ਇਕ ਕ੍ਰਾਂਤੀ ਗੀਤ ਨਾਲ ਹਾਜ਼ਰੀ ਭਰੀ।ਇਸ ਦੌਰ ਦਾ ਅਗਲਾ ਸ਼ਾਇਰ ਕੁਲਵਿੰਦਰ ਸੀ।ਪਹਿਲੇ ਦੌਰ ਵਿਚ ਕੁਲਵਿੰਦਰ ਨੇ ਇਕ ਨਵੀਂ ਗ਼ਜ਼ਲ ਕਹੀ, 'ਪੈਰਾਂ ਹੇਠਾਂ ਧਰਤੀ ਕੰਬੇ/ ਕੰਬਣ ਤਾਰੇ ਉੱਤੇ //ਕਿਹੜੇ ਰੁੱਖ ਨੇ ਚੜ੍ਹਨਾ ਹੈ ਅੱਜ ਕਿਹੜੇ ਆਰੇ ਉੱਤੇ' ਅਤੇ ਦੂਜੇ ਦੌਰ ਵਿਚ ਗ਼ਜ਼ਲ ਦਾ ਮਤਲਾ ਸੀ, 'ਰਾਤ ਭਰ ਅੰਬਰ'ਚ ਜੋ ਚਮਕਣ ਸਿਤਾਰੇ , ਸੋਚਦਾ ਹਾਂ/ਅੰਤ ਨੂੰ ਇਹ ਰੇਤ ਹੋ ਜਾਵਣਗੇ ਸਾਰੇ, ਸੋਚਦਾ ਹਾਂ।' ਇਸ ਮਗਰੋਂ ਗੁਰਦੇਵ ਸਿੰਘ ਘਣਗਸ ਨੇ ਇਕ ਕੀਨੀਆ ਦੇ ਸ਼ਾਇਰ ਦਾ ਕਲਾਮ ਅਨੁਵਾਦ ਕਰ ਕੇ ਸੁਣਾਇਆ, 'ਪਿਆਰੀ ਕੋਰੋਨਾ, ਤੇਰਾ ਕੀਨੀਆ ਵਿਚ ਸਵਾਗਤ ਹੈ/ …ਅਸੀਂ ਤੇਰੀਆਂ ਵਰਗੀਆਂ ਚੀਜ਼ਾਂ ਤੋਂ ਨਹੀਂ ਮਰਦੇ/…ਸਾਡੇ ਲਈ ਤਾਂ ਹਰ ਦਿਨ, ਮੌਤ ਤੋਂ ਨਿਕਲਣ ਵਾਲੀ ਗੱਲ ਹੈ..' ਜਿਸ ਨੇ ਸਾਰਿਆਂ ਵਲੋਂ ਭਰਪੂਰ ਦਾਦ ਖੱਟੀ।ਇਹਨਾਂ ਮਗਰੋਂ ਦਾਅਵਤੇ-ਕਲਾਮ ਐਸ਼ ਜੀ ਨੂੰ ਦਿੱਤੀ ਗਈ।ਉਹਨਾਂ ਨੇ ਪਹਿਲੇ ਦੌਰ ਵਿਚ ਕਵਿਤਾ,  'ਕੁੱਤਿਆ ਕਰੋਨਿਆ ਤੂੰ ਕਿੱਥੋਂ ਆ ਗਿਆ ' ਅਤੇ ਦੂਜੇ ਦੌਰ ਵਿਚ, 'ਮੈਂ ਕੋਰੋਨਾ ਹਾਂ ' ਕਵਿਤਾ ਨਾਲ ਹੱਥ ਅਜ਼ਮਾਈ ਕੀਤੀ।ਲਾਜ ਨੀਲਮ ਸੈਣੀ ਨੇ ਪਹਿਲੇ ਦੌਰ ਵਿਚ ਅਨੁਵਾਨ, 'ਮਾਰੂ ਉਡਾਣ' ਹਿੱਤ, ਆਧੁਨਿਕ ਜੀਵਨ ਸ਼ੈਲੀ ਤੇ ਕਟਾਖਸ਼ ਵਿਚ ਕਵਿਤਾ ਕਹੀ ਅਤੇ ਦੂਜੇ ਦੌਰ ਵਿਚ ਕਵਿਤਾ, 'ਅਜ ਕਲ੍ਹ ਮੈਂ ਜੋ ਮੈਂ ਨਹੀਂ ਹਾਂ' ਇਕ ਚਿੰਤਨ ਮਈ ਕਵਿਤਾ ਦਾ ਪਾਠ ਕੀਤਾ।ਗੁਲਸ਼ਨ ਦਿਆਲ ਜੋ ਹਾਜ਼ਰ ਹੋ ਕੇ ਵੀ ਹਾਜ਼ਰ ਨਹੀਂ ਸਨ ਦੀ ਕਵਿਤਾ ਸੁਖਵਿੰਦਰ ਕੰਬੋਜ ਨੇ ਉਹਨਾਂ ਦੀ ਕਾਵਿ ਪੁਸਤਕ   'ਗਜਰ' ਚੋਂ ਪੜ੍ਹ ਸੁਣਾਈ ਜੋ ਗੁਰੁ ਨਾਨਕ ਦੇਵ ਜੀ ਨੂੰ ਇਕ ਅਨੂਠੀ ਕਾਵਿ ਸ਼ੈਲੀ ਵਿਚ ਸੰਬੋਧਿਤ ਹੈ।ਕੰਬੋਜ ਨੇ ਆਪਣੀ ਇਕ ਪੁਰਾਣੀ ਕਵਿਤਾ, 'ਹਾaੇਮੈ ਰਾਹੀਂ ਲੇਖਕ ਸ਼੍ਰੇਣੀ ਨੂੰ ਸੰਬੋਧਿਤ ਹੁੰਦੇ ਕਿਹਾ , 'ਉਹ ਆਂਉਦੇ ਨੇ ਆਪਣੇ, ਆਪਣੀ ਹਾਉਮੈਦੇ ਘੋੜੇ ਤੇ ਸਵਾਰ/ ਕਿਸ ਦਾ ਡਰ ਹੈ ਸਾਨੂੰ ਕਿ ਸਾਡੀਆਂ ਕਵਿਤਾਵਾਂ ਵੀ ਨੇ ਏਨੀਆਂ ਬੌਣੀਆਂ' ਅਤੇ ਦੂਜੀ ਕਵਿਤਾ, 'ਕੁਲੰਬਸ ਦਾ ਵਰਤਮਾਨ' ਨਾਲ ਸੁਸ਼ਕਤ ਹਾਜ਼ਰੀ ਭਰੀ।ਮਗਰੋਂ ਜਗਜੀਤ ਨੇ ਕਵੀ ਦਰਬਾਰ ਨੂੰ ਅਗਾਂਹ ਤੋਰਨ ਤੋਂ ਪਹਿਲਾਂ ਆਪਣੀ ਸੱਜਰੀ ਕਵਿਤਾ, ਰਾਹੀਂ ਇਹ ਦਰਸਾਉਣ ਦੀ ਗੱਲ ਕੀਤੀ ਕਿ ਜਿੱਥੇ ਕੋਰੋਨਾ ਕਾਰਨ ਅਸੀਂ ਘਰਾਂ ਦੀ ਕੈਦ ਭੁਗਤ ਰਹੇ ਹਾਂ ਉੱਥੇ ਬੱਚੇ ਆਨੰਦ ਮਾਣ ਰਹੇ ਹਨ। ਕਵਿਤਾ ਵਿਚ ਜਦ ਬੱਚੇ ਨੂੰ ਇਸ ਦਾ ਪਤਾ ਚਲਦਾ ਹੈ ਕਿ ਕੋਰੋਨਾ ਬਸ ਜਲਦੀ ਹੀ ਖਤਮ ਹੋ ਜਾਏਗਾ ਤਾਂ ਬੱਚੇ ਦੇ ਮੁਖ ਤੇ ਉਦਾਸੀ ਛਾ ਜਾਂਦੀ ਹੈ।ਇਸ ਕਵੀ ਦਰਬਾਰ ਦੀ ਮਹੱਤਤਾ ਇਸ ਵਿਚ ਵੀ ਨਿਹੱਤ ਹੈ ਕਿ ਕੈਨੇਡਾ ਵਿਖੇ ਆਪਣੇ ਘਰ ਵਿਚ ਵਿਪਸਾ ਨਾਲ ਜੁੜ ਬੈਠੀ ਸੁਰਜੀਤ ਕੌਰ ਨੇ ਇਕ ਬਹੁਤ ਹੀ ਗੰਭੀਰ ਕਵਿਤਾ, 'ਮੇਰੀ ਕਾਇਆ' ਨਾਲ ਸਾਂਝ ਪਵਾਈ।ਉਸ ਦੀ ਇਕ ਪੰਗਤੀ ਹੈ, "ਸਾਹਾਂ ਦੇ ਬੂਹੇ ਤੇ ਖੜੀ ਕਾਇਆ / ਕਾਲ ਦਾ ਕਾਸਾ ਲੈ / ਮੁਕਤੀ ਦੀ ਦਾਤ ਮੰਗਦੀ ਹੈ " ਅਤੇ ਨਾਲ ਹੀ ,  'ਮੇਰੇ ਨਾਲ ਚਾਹ ਪੀਓਗੇ !' ਜਿਹੀ ਕਵਿਤਾ ਨਾਲ ਚਾਹ ਦੀ ਓਨ-ਲਾਇਨ ਇਨਵੀਟੇਸ਼ਨ ਵੀ ਦੇ ਜਾਂਦੀ ਹੈ।ਇਸੇ ਮਹੌਲ ਨੂੰ ਅੱਗੇ ਤੋਰਦੇ ਹੋਏ ਪਿਆਰਾ ਸਿੰਘ ਕੁੱਦੋਵਾਲ ਜਲਵਾਗੀਰ ਹੋ ਨਿਬੜਦੇ ਹਨ। ਉਹਨਾਂ ਵਲੋਂ ਪਹਿਲਾਂ ਤਾਂ , 'ਨਵੀਂ ਕਰਮਚਾਰੀ ' ਇਕ ਕਾਰਪੋਰੇਟ ਮੌਡਰਨ-ਗਰਲ ਸਬੰਧੀ ਰੌਚਿਕਤਾ ਪੈਦਾ ਕੀਤੀ ਗਈ ਅਤੇ ਫਿਰ ਕਲਾਸਿਕਲ ਤਰੱਨਮ ਵਿਚ ਇਕ ਗ਼ਜ਼ਲ ਨਾਲ ਵਾਤਾਵਰਨ ਰੰਗੀਨ ਕਰ ਦਿੱਤਾ।ਮਤਲਾ ਸੀ, 'ਤੇਰੇ ਘਰ ਤੋਂ ਦੂਰ ਜਦੋਂ ਦਾ ਹੋਇਆ ਹਾਂ / ਲੋਕਾਂ ਲਈ ਹਾਂ ਜੀਂਦਾ ਪਰ ਮੈਂ ਮੋਇਆ ਹਾਂ ।' ਦੂਜੇ ਦੌਰ ਵਿਚ ਵੀ ਪਿਆਰਾ ਜੀ ਨੇ ਇਕ ਮਧੁਰਤਾ ਵਿੰਨੀ ਤਾਨ ਵਿਚ ਗ਼ਜ਼ਲ ਕਹੀ, 'ਮੈਂ ਤੇ ਮੇਰੀ ਤਨਹਾਈ…'। ਸੁਰਿੰਦਰ ਸੀਰਤ ਨੇ ਪਹਿਲੇ ਤਾਂ ਤਰੱਨਮ ਵਿਚ , ਗ਼ਜ਼ਲ, 'ਐ ਜ਼ਿੰਦਗੀ ਤੂੰ ਦਰਿਆ, ਗ਼ਮ ਤੇ ਖ਼ੁਸ਼ੀ ਕਿਨਾਰੇ / ਤੁਰਦੇ ਨੇ ਸਭ ਇਕੱਠੇ, ਇਕ ਦੂਜੇ ਦੇ ਸਹਾਰੇ' ਅਤੇ ਫਿਰ ਤਹਿਤੁਲ ਵਿਚ ਗ਼ਜ਼ਲ ਦਾ ਮਤਲਾ ਸੀ, ' ਉਲਝਨਾਂ, ਪਛਤਾਵਿਆਂ ਦਾ ਕੁਝ ਤਾਂ ਹਾਸਿਲ ਚਾਹੀਦੈ/ ਮੂਰਛਿਤ ਅਹਿਸਾਸ ਅੰਦਰ ਧੜਕਦਾ ਦਿਲ ਚਾਹੀਦੈ।' ਅੰਤ ਵਿਚ ਵਿਪਸਾ ਦੇ ਸੰਬੰਧ ਵਿਚ ਵਿਚਾਰ ਵਟਾਂਦਰਾ ਹੋਇਆ ਅਤੇ ਬਹੁਤ ਸਾਰੇ ਫੈਸਲੇ ਲਏ ਗਏ, ਜੋ ਸਮੇਂ ਸਿਰ ਸਾਂਝੇ ਕੀਤੇ ਜਾਣਗੇ। ਵਿਪਸਾ ਵਲੋਂ ਸਭਨਾਂ ਮੈਂਬਰਾਂ ਪ੍ਰਤੀ ਬੇਨਤੀ ਹੈ ਕਿ ਮਈ ਮਹੀਨੇ ਦੀ ਜ਼ੂਮ ਮੀਟਿੰਗ ਵਿਚ ਸ਼ਾਮਿਲ ਹੋ ਕੇ ਸਾਹਿਤਕ ਛੋਹਾਂ ਦਾ ਆਨੰਦ ਮਾਣੋ।ਸਮੇਂ ਸਿਰ ਸੂਚਨਾ ਭੇਜ ਦਿੱਤੀ ਜਾਏਗੀ।ਹਾਜ਼ਰ ਹੋਏ ਸਾਰੇ ਸਾਹਿਤਕਾਰਾਂ ਦਾ ਹਾਰਦਿਕ ਧੰਨਵਾਦ।

    ਸੁਰਿੰਦਰ ਸੀਰਤ (ਪ੍ਰਧਾਨ-ਵਿਪਸਾ)
    ਸੁਰਿੰਦਰ ਸੀਰਤ (ਪ੍ਰਧਾਨ-ਵਿਪਸਾ