ਕਰੋਨਾ ਦਾ ਸ਼ੁਕਰ ਕਰੋ
ਜਿਸਨੇ ਮਨੁੱਖਤਾ ਨੂੰ ਸਾਹ ਦਿਤਾ ਹੈ
ਕੁਦਰਤੀ ਸੋਮਿਆਂ ਨੂੰ
ਭਰਪੂਰ ਹੋਣ ਦਾ ਰਾਹ ਦਿਤਾ ਹੈ।
ਵਣਜ ਘੱਟ ਰਿਹਾ ਹੈ,
ਖਣਿਜ ਵੱਧ ਰਿਹਾ ਹੈ
ਅਸੀਂ ਤਾਂ ਖੋਹ ਖੋਹ ਖਾਇਆ
ਧਰਤੀ ਨੂੰ ਰੁਆਇਆ
ਲੋੜ ਤੋਂ ਵੱਧ ਪਾਣੀ ਬਹਾਇਆ
ਹੁਣ ਸਭ ਭਰਪੂਰ ਹੋਣਗੇ।
ਕਰੋਨਾ ਦਾ ਸ਼ੁਕਰ ਕਰੋ।
ਨਦੀਆਂ ਸੁਖੀ ਹਨ, ਸਮੁੰਦਰ ਸ਼ਾਂਤ ਹੈ
ਵਾਤਾਵਰਣ ਮੁੜ ਸੁਰਜੀਤ ਹੋਇਆ ਹੈ।
ਮਨੁੱਖਤਾ ਨੂੰ ਇਕ ਸਦੀ ਹੋਰ ਮਿਲ ਗਈ
ਇਸ ਦਾ ਸ਼ੁਕਰ ਕਰੋ
ਕਰੋਨਾ ਦਾ ਸ਼ੁਕਰ ਕਰੋ।
ਪੰਛੀ ਚਹਿਕ ਰਹੇ ਨੇ,
ਟਟੀਰੀ ਬੋਲਦੀ ਹੈ
ਅੱਜ ਪਿੰਡਾਂ ਵਰਗੀ ਸ਼ੁੱਧ ਹਵਾ
ਸ਼ਹਿਰਾਂ ਵੱਲ ਮੁੜ ਆਈ ਹੈ
ਕਰੋਨਾ ਦਾ ਸ਼ੁਕਰ ਕਰੋ।
ਘਰ ਕੀ ਹੈ, ਘਰ ਵਿਚ ਕੀ ਹੈ
ਇਹ ਲੋਕਾਂ ਨੇ ਹੈ ਜਾਣ ਲਿਆ
ਕੀ ਆਪਣੇ ਕੀ ਬਗਾਨੇ
ਇਹ ਵੀ ਜਗ ਨੇ ਪਹਿਚਾਣ ਲਿਆ।
ਕਰੋਨਾ ਦਾ ਸ਼ੁਕਰ ਕਰੋ।
ਰੂਹ ਨੂੰ ਰਸਤਾ ਅੱਖਾਂ ਚੋਂ ਜਾਂਦਾ
ਹੱਥਾਂ ਵਿਚ ਤਾਂ ਬਿਮਾਰੀ ਹੈ
ਤਨ ਨਾ ਦੇਖੋ ਮਨ ਵਿਚ ਝਾਕੋ
ਇਹ ਵੱਡੀ ਫ਼ਨਕਾਰੀ ਹੈ।
ਫ਼ਨਕਾਰੀ ਸਿੱਖਣ ਦਾ ਜਤਨ ਕਰੋ
ਕਰੋਨਾ ਦਾ ਸ਼ੁਕਰ ਕਰੋ।
ਕਿੰਨਾ ਫਜ਼ੂਲ ਸੀ
ਹਾਰਨ 'ਤੇ ਹਾਰਨ ਮਾਰਨਾ
ਜਾਂ ਲਾਲ ਬੱਤੀ ਜੰਪ ਕਰਨਾ
ਹੁਣ ਮਨ ਆਪਣੇ ਵੱਲ ਜਾਣ ਲੱਗਾ ਹੈ
ਸ਼ਾਂਤੀ ਦੀ ਭਾਲ ਸੌਖੀ ਲਗਦੀ ਹੈ।
ਕਰੋਨਾ ਦਾ ਸ਼ੁਕਰ ਕਰੋ।
ਮਨੁੱਖ-ਮਨੁੱਖ ਦੇ ਨੇੜੇ
ਆਇਆ, ਨਾ ਆਇਆ
ਪਰ ਰੱਬ ਦੇ ਨੇੜੇ ਜ਼ਰੂਰ ਆਇਆ ਹੈ,
ਇਸ ਦਾ ਸ਼ੁਕਰ ਕਰੋ
ਕਰੋਨਾ ਦਾ ਸ਼ੁਕਰ ਕਰੋ।
ਬਾਬੇ ਵੇਹਲੇ ਹੋ ਕੇ ਬਹਿ ਗਏ
ਗੁਰਦਵਾਰੇ ਵਿਚ ਭੀੜ ਨਹੀਂ
ਰੱਬ ਨਹੀਂ ਵਸਦਾ ਮੰਦਿਰ ਮਸਜਿਦ
ਇਹ ਉਸਨੇ ਸਮਝਾ ਦਿੱਤਾ ਹੈ
ਹੁਣ ਤਾਂ ਸਮਝੋ ਪਿਆਰੇ ਵੀਰੋ
ਘਰ ਬਹਿ ਕੇ ਵੀ, ਉਹ ਓਹੀ ਹੈ
ਮਨ ਵਿਚ ਹੀ ਉਸਨੂੰ ਯਾਦ ਕਰੋ
ਕਰੋਨਾ ਦਾ ਸ਼ੁਕਰ ਕਰੋ।