ਜਾਣਾ ਬਾਬਾ ਦੂਰ ਆਪਾਂ ਟਿੱਬਿਆਂ ਤੋਂ ਪਾਰ
ਬੰਨ੍ਹ ਲਵੀਂ ਨਾਲ ਗੰਢੇ, ਰੋਟੀਆਂ ਤੂੰ ਚਾਰ
ਕਹਿੰਦੇ ਉੱਥੇ ਉਤਰੀਆ ਕੁੱਲ ਕਾਇਨਾਤ
ਨੱਚਦੀਏ ਨਾਲੇ ਉੱਥੇ ਗਾਉਂਦੀਆ ਬਹਾਰ
ਕੋਈ ਟਿੱਬਿਆਂ ਦੀ ਰਾਣੀ, ਜਿਹਦੀ ਸੁਣੀ ਸੀ ਕਹਾਣੀ
ਜਿਹੜੀ ਸ਼ੀਸ਼ਿਆਂ ਦੇ ਪਾਣੀ ਨਾਲ ਮੁੱਖ ਧੋਂਦੀਏ
ਉਹਦੇ ਫੁੱਲਾਂ ਦੇ ਨੇ ਵਾਲ, ਉੱਤੇ ਪੱਤੀਆਂ ਦੇ ਜਾਲ
ਸੱਚੀਂ ਲੱਗਦੇ ਕਮਾਲ, ਜਦੋਂ ਮੁਸਕਾਉਂਦੀਏ
ਉਸ ਰਾਣੀ ਨਾਲ ਹੋ ਗਿਆ ਏ ਮੈਨੂੰ ਤਾਂ ਪਿਆਰ
ਜਾਣਾ ਬਾਬਾ ਦੂਰ ਆਪਾਂ ਟਿੱਬਿਆਂ ਤੋਂ ਪਾਰ
ਗੱਲ ਸੁਣ ਨੀਂ ਕਪਾਹੇ, ਇਹਨਾਂ ਟਿੱਬਿਆਂ ਦੀ ਰਾਹੇ
ਕੋਈ ਭੇਜੇ ਚਿੱਠੀ ਸਾਹੇ, ਲਾ ਕੇ ਪੀਲੇ ਰੰਗ ਨੀਂ
ਉੱਥੇ ਜਗਦੇ ਚਿਰਾਗ਼, ਨਾਲੇ ਮਹਿਕਦੇ ਗੁਲਾਬ
ਗਾਉਂਦੇ ਘੋੜੀਆਂ ਸੁਹਾਗ, ਖੁਸ਼ੀ ਅੰਗ ਸੰਗ ਨੀਂ
ਏਹੋ ਜਿਹੀ ਖੁਸ਼ਬੂ ਦਾ ਚੜ੍ਹਿਆ ਖੁਮਾਰ
ਜਾਣਾ ਬਾਬਾ ਦੂਰ ਆਪਾਂ ਟਿੱਬਿਆਂ ਤੋਂ ਪਾਰ
ਸਾਰੇ ਕਹਿਕਸ਼ਾਂ ਦੇ ਤਾਰੇ, ਚੰਨ ਚਾਨਣੀ ਦੇ ਮਾਰੇ
ਗੂੜ੍ਹੀ ਰਾਤ ਦੇ ਸਹਾਰੇ, ਚੱਲ ਆਏ ਹੋਣਗੇ
ਉੱਥੇ ਰਿਸ਼ਮਾਂ ਦੇ ਗੀਤ, ਜਿਹਦੀ ਚੰਨ ਨਾਲ ਪ੍ਰੀਤ
ਗਲ ਚਾਂਦੀ ਦੇ ਤਵੀਤ, ਉਨ੍ਹਾਂ ਪਾਏ ਹੋਣਗੇ
ਦੇਣੋ ਸਾਰੇ ਚਾਅ ਅੱਜ ਉਨ੍ਹਾਂ ਉੱਤੋਂ ਵਾਰ
ਜਾਣਾ ਬਾਬਾ ਦੂਰ ਆਪਾਂ ਟਿੱਬਿਆਂ ਤੋਂ ਪਾਰ
ਪੈਂਡਾ ਲੰਮਾ ਸਾਡਾ ਬਾਬਾ, ਰਾਹ 'ਚ ਆਊਗਾ ਨੀਂ ਢਾਬਾ
ਸਾਡੀ ਉਮਰਾਂ ਦਾ ਦਾਬਾ, ਉੱਤੋਂ ਤਪਦੀ ਜ਼ਮੀਨ
ਗਰਮ ਚੱਲਣ ਹਵਾਵਾਂ, ਰੁੱਖੋਂ ਰੁੱਸੀਆ ਨੇ ਛਾਵਾਂ
ਡੂੰਘੇ ਪਾਣੀ ਦੀਆਂ ਥਾਵਾਂ, ਮੇਰਾ ਕਰਲਾ ਯਕੀਨ
ਪਰ ਰੱਖੀਂ ਜ਼ਰਾ ਜੇਰਾ ਆਪਾਂ ਮੰਨਣੀ ਨੀ ਹਾਰ
ਜਾਣਾ ਬਾਬਾ ਦੂਰ ਆਪਾਂ ਟਿੱਬਿਆਂ ਤੋਂ ਪਾਰ
ਬੰਨ੍ਹ ਲਵੀਂ ਨਾਲ ਗੰਢੇ, ਰੋਟੀਆਂ ਤੂੰ ਚਾਰ
ਕਹਿੰਦੇ ਉੱਥੇ ਉੱਤਰੀਆ ਕੁੱਲ ਕਾਇਨਾਤ
ਨੱਚਦੀਏ ਨਾਲੇ ਉੱਥੇ ਗਾਉਂਦੀਆ ਬਹਾਰ
ਜਾਣਾ ਬਾਬਾ ਦੂਰ ਆਪਾਂ ਟਿੱਬਿਆਂ ਤੋਂ ਪਾਰ