ਰੁੱਖਾਂ ਦੀ ਕੀ ਦੇਣ ਸੁਣਾਵਾਂ,
ਇਹ ਤਾਂ ਇਸ ਧਰਤੀ ਦਾ ਪਰਛਾਵਾਂ,
ਰੁੱਖ ਥੱਲੇ ਮੈਂ ਜਦ ਮੰਜ਼ਾ ਡਾਵਾਂ,
ਚੁਣ-ਚੁਣ ਸ਼ਬਦ ਕਵਿਤਾ ਬਣਾਵਾਂ,
ਰੁੱਖ ਤਾਂ ਮੇਰੇ ਅਸਲੀ ਮਿੱਤਰ,
ਕੁਦਰਤ ਦਾ ਇਹ ਸੋਹਣਾ ਚਿੱਤਰ,
ਇਹ ਤਾਂ ਮੇਰੇ ਸਾਹਾਂ ਦਾ ਸਹਾਰੇ,
ਧਰਤੀ ਤੇ ਖੁਸ਼ੀਆਂ ਮਹਿਕਾਂ ਖਿਲਾਰੇ,
ਰੁੱਖਾਂ ਦੇ ਨਾਲ ਹੱਸਾਂ ਗਾਵਾਂ,
ਰੁੱਖਾਂ ਦੀ ਛਾਂ ਵਾਂਗ ਹੈ ਮਾਵਾਂ,
ਇਹ ਦੇਵਣ ਫਲ ਵੱਖਰੇ-ਵੱਖਰੇ,
ਮਿੱਠੇ,ਨਰਮ ਤੇ ਅੱਕਰੇ-ਅੱਕਰੇ,
ਦਵਾਈਆਂ ਲਈ ਇਹ ਕੰਮ ਆਵਣ,
ਗੂੰਦ,ਬਰੋਜਾ,ਕਾਗਜ ਵੀ ਬਣਾਵਣ,
ਰੁੱਖਾਂ ਤੇ ਮੇਰੀ ਧੀਅ ਪੀਂਘਾਂ ਪਾਂਉਦੀ,
ਰੁੱਖ ਤੇ ਕੋਇਲ ਕੂਕਦੀ ਗਾਉਂਦੀ,
ਸਭ ਜੀਵਾਂ ਦਾ ਰਹਿਣ-ਬਸੇਰਾ,
ਇਹ ਨਾ ਕਰਦੇ ਤੇਰਾ ਮੇਰਾ,
ਇਹਨਾਂ ਦੇ ਨਾਲ ਜੱਚਦੇ ਵਿਹੜੇ,
ਰੁੱਖ ਤਾਂ ਮੇਰੇ ਸਕੇ ਸਹੇੜੇ,
ਬੱਦਲਾਂ ਤੋਂ ਮੀਂਹ ਖੋਹ ਖੋਹ ਲਿਆਵਣ,
ਮਿੱਟੀ ਨੂੰ ਹੜ੍ਹਨੋ ਬਚਾਵਣ,
ਗਰਮੀ ਸਰਦੀ ਖੁਦ ਤੇ ਜਰਦੇ,
ਬੰਦੇ ਲਈ ਇਹ ਕੀ ਕੀ ਨਹੀਂ ਕਰਦੇ,
ਜਨਮ ਤੋਂ ਮਰਨ ਤੱਕ ਸਾਥ ਨਿਭਾਉਂਦੇ
ਫਿਰ ਕਿਉਂ ਨਹੀਂ ਅਸੀ ਰੁੱਖ ਲਗਾਉਂਦੇ!