ਚਿੜੀਆ ਮੇਰੇ ਪੰਜਾਬ ਦੀਆ
(ਕਵਿਤਾ)
ਨੀ ਚਿੜੀਉ ਤੁਸੀ ਸਾਡੇ ਘਰ ਵਿੱਚ, ਕਿੰਨੀ ਰੋਣਕ ਲਾਉਦੀਆਂ ਸੀ
ਕੱਚੇ ਘਰਾ ਦੀਆ ਛੱਤਾ ਦੇ ਵਿਚ, ਜਦੋ ਆਲਣੇ ਪਾਉਦੀਆਂ ਸੀ
ਤੀਲਾ ਤੀਲਾ ਕਰ ਕੇ ਕੱਠਾ,ਆਪਣਾ ਘਰ ਬਣਾਉਦੀਆਂ ਸੀ
ਆਪਣਾ ਘਰ ਬਣਾ ਕੇ ਤੇ ਤੁਸੀ,
ਸਾਡਾ ਘਰ ਸਜਾਉਦੀਆਂ ਸੀ
ਆਡੇ ਦੇ ਕੇ ਵਿੱਚ ਆਲਣੇ, ਦੋਵੇ ਸੀ ਤੁਸੀ ਰਾਖੀ ਕਰਦੇ
ਉਝ ਵੀ ਸੀ ਇਕ ਦੂਜੇ ਦੇ ਤੁਸੀ , ਸਾਹਾ ਵਿਚ ਸਾਹ ਭਰਦੇ
ਆਂਡਿਆਂ ਵਿਚੋ ਬੱਚੇ ਨਿਕਲੇ,
ਲਾਲੀ ਚਿਹਰੇ ਉੱਤੇ
ਪੂਰੀ ਸੀ ਨਿਗਰਾਨੀ ਕਰਦੇ ਕਦੇ ਭੋਰਾ ਨਾ ਉੱਕੇ
ਚੁੰਝਾਂ ਭਰ ਭਰ ਲਿਆ ਕੇ ਚੋਗਾ,
ਬੱਚਿਆ ਤਾਈ ਖਵਾਉਦੇ
ਆਪਣੀ ਭਾਸ਼ਾ ਵਿੱਚ ਜ਼ਿੰਦਗੀ ਦਾ,
ਸੀ ਮਤਲਬ ਸਮਝਾਉਦੇ
ਕਈ ਵਾਰ ਡਿੱਗ ਪੈਦਾ ਬੱਚਾ, ਚੁੱਕ ਆਲਣੇ ਪਾਇਆ
ਡਿੱਗ ਕੇ ਜਿੰਦਗੀ ਬਣਦੀ,
ਆਪਣੇ ਬੱਚਿਆ ਨੂੰ ਸਮਝਾਇਆ
ਭਾਵੇ ਕੇ ਤੁਸੀ ਇਹ ਬੱਚਿਆ ਦੀ,
ਖਾਣੀ ਨਹੀ ਕਮਾਈ
ਪਰ ਫਿਰ ਵੀ ਤੁਸੀ ਰੀਤ ਨਿਭਾਉਦੇ, ਕੁਦਰਤ ਜੋ ਬਣਾਈ
ਜਦ ਕਦੇ ਸੀ ਨਜਰ ਮਾਰਦਾ, ਮੈ ਸੀ ਉੱਠਦਾ ਬਹਿੰਦਾ
ਸੱਚ ਪੁੱਛੋ ਤਾ ਉਸ ਵੇਲੇ ,ਮੇਰਾ ਜੀ ਸੀ ਲੱਗਾ ਰਹਿੰਦਾ
ਜਦ ਤੁਹਾਡੇ ਬੱਚੇ ਚਿੜੀਉ,
ਨਵੀ ਉਡਾਰੀ ਭਰਦੇ ,
ਦੋਵੇ ਜਣੇ ਤੁਸੀ ਪਾਸੇ ਖੜ ਕੇ ਸੀ ਨਿਗਰਾਨੀ ਕਰਦੇ
ਮਾਫ ਕਰੋ ਨੀ ਚਿੜੀਉ ਸਾਡੀ, ਮੱਤ ਗਈ ਏ ਮਾਰੀ
ਕੋਠੀਆਂ ਪਾ ਕੇ ਰੁੱਖਾਂ ਤਾਈਂ, ਫੇਰ ਬੈਠੇ ਆ ਆਰੀ
ਤੁਹਾਡੀ ਉਹ ਚਚੋਲੜ ਚਿੜੀਉ, ਕੰਨਾ ਦੇ ਵਿੱਚ ਪੈਦੀ
ਸੁਪਨੇ ਦੇ ਵਿੱਚ ਛੱਤ ਕੋਠੇ ਦੀ, ਅੱਜ ਵੀ ਦਿਸਦੀ ਰਹਿਦੀ
ਚਿੜੀਉ ਨੀ ਤੁਸੀ ਕੁੜੀਆ ਵਾਗੂ,
ਜਾਦੀਆਂ ਮਾਰ ਉਡਾਰੀ
ਜਾ ਉਸੇ ਹੀ ਦੇਸ਼ ਵਸਦੀਆਂ ,ਜਿੱਥੇ ਚੋਗ ਖਲਾਰੀ
ਕਿਥੋ ਲੱਭ ਲਿਆਵਾ ਹੁਣ ਮੈ, ਤੁਹਾਡੀ ਮਿੱਠੀ ਬੋਲੀ
ਨਾ ਕੋਈ ਤੁਹਾਡੀ ਡਾਰ ਹੈ ਦਿਸਦੀ, ਨਾ ਕੋਈ ਦਿਸਦੀ ਟੋਲੀ
ਮਤਲਬ ਖੋਰ ਮਨੁੱਖ ਹੋ ਗਿਆ
ਬੀਜ ਰਿਹਾ ਏ ਜਹਿਰਾਂ
ਗੰਦਲੇ ਵਾਤਾਵਰਣ ਚੋ ਪੰਛੀ, ਕਦੋ ਬਣਾਉਦੇ ਠਹਿਰਾਂ
ਨਕਲੀ ਜਿਹੇ ਬਣਾ ਕੇ ਆਲਣੇ, ਕੰਧਾ ਉਤੇ ਟੰਗੇ,
ਤੁਹਾਨੂੰ ਵੀ ਨੇ ਆਲਸ ਦੇਦੇ, ਆਪ ਆਲਸੀ ਬੰਦੇ
ਗੁਲਾਮੀ ਵਾਲਾ ਆਖੇ ਬੂਟਾ, ਪੰਛੀ ਰੁੱਖ ਬਚਾਉ
ਚਿੜੀਆਂ ਪੰਜਾਬ ਮੇਰੇ ਦੀਆਂ, ਇੱਕ ਵਾਰੀ ਮੋੜ ਲਿਆਉ