ਓਏ ਕੀ ਹਵਾਵਾਂ ਵਗੀਆਂ,
ਰੱਬਾ!ਤੈਂ ਆਹ ਕਿਹੜੀਆਂ ਰੁੱਤਾਂ ਛੱਡੀਆਂ?
ਨਾ ਪਹਿਲਾਂ ਵਾਂਗਰ ਵਾਜੇ-ਵੱਜੇ ਆ।
ਨਾ ਦੁਲਹੇ ਬਹੁਤੇ ਫੱਬੇ ਆ।
ਨਾ ਗੀਤ ਸੁਹਾਗ ਦੇ ਗਾਉੰਦੀਆਂ,ਢੋਲਕੀਆਂ ਹੀ ਵੱਜੀਆਂ।
ਓਏ ਕੀ ਹਵਾਵਾਂ ਵਗੀਆਂ,
ਰੱਬਾ! ਤੈਂ ਆਹ ਕਿਹੜੀਆਂ ਰੁੱਤਾਂ ਛੱਡੀਆਂ?
ਨਾ ਤੰਬੂ ਖੇਤੀ ਗੱਡੇ ਆ।
ਨਾ ਦਾਤੀ ਘੁੰਗਰੂ ਲੱਗੇ ਆ।
ਨਾ ਬਹੁਤਿਆਂ ਹੱਥੀਂ ਕਣਕਾਂ ਵੱਢੀਆਂ।
ਓਏ ਕੀ ਹਵਾਵਾਂ ਵਗੀਆਂ,
ਰੱਬਾ!ਤੈਂ ਆਹ ਕਿਹੜੀਆਂ ਰੁੱਤਾਂ ਛੱਡੀਆਂ?
ਨਾ ਡੈੱਕ ਟਰੈਕਟਰਾਂ ਵੱਜੇ ਆ।
ਨਾ ਜੱਟ ਮੰਡੀਆਂ 'ਚ ਬਹੁਤੇ ਗੱਜੇ ਆ।
ਰੁਕ ਗਈਆਂ ਸਭ ਬੱਸਾਂ-ਗੱਡੀਆਂ।
ਓਏ ਕੀ ਹਵਾਵਾਂ ਵਗੀਆਂ,
ਰੱਬਾ! ਤੈਂ ਆਹ ਕਿਹੜੀਆਂ ਰੁੱਤਾਂ ਛੱਡੀਆਂ?
ਨਾ ਸਜ ਕੋਈ ਮੁਟਿਆਰ ਪੇਕੀ ਆਵੇ ਜੀ।
ਨਾ ਹੀ ਕੋਈ ਗੱਭਰੂ ਲੈ ਮੁੱਛ ਕੁੰਡੀ ਸਹੁਰੀ ਜਾਵੇ ਜੀ।
ਚੁੱਪ-ਚਪੀਤੇ ਬੈਠੀਆਂ ਘਰਾਂ 'ਚ ਸਭ ਨੇ ਨੱਢੀਆਂ।
ਓਏ ਕੀ ਹਵਾਵਾਂ ਵਗੀਆਂ,
ਰੱਬਾ! ਤੈਂ ਆਹ ਕਿਹੜੀਆਂ ਰੁੱਤਾਂ ਛੱਡੀਆਂ?
ਨਾ ਪਈ 'ਵਿਸਾਖੀ' ਮੇਲੇ ਲੁੱਡੀ ਜੀ।
ਨਾ ਚਾੜ੍ਹੀ ਕਿਸੇ ਅਸਮਾਨੀ ਗੁੱਡੀ ਜੀ।
ਗਈਆਂ ਨੇ ਸਭ ਮਹਿਫ਼ਲਾਂ ਹੀ ਦੱਬੀਆਂ।
ਓਏ ਕੀ ਹਵਾਵਾਂ ਵਗੀਆਂ,
ਰੱਬਾ! ਤੈਂ ਆਹ ਕਿਹੜੀਆਂ ਰੁੱਤਾਂ ਛੱਡੀਆਂ?
ਤੂੰ ਨਦਿਰ ਮਿਹਰ ਦੀ ਕਰ ਸਾਈਆ।
ਚਾਰ-ਚੁਫੇਰਾ ਮੁੜ ਰੌਣਕ ਨਾਲ ਭਰ ਸਾਈਆ।
ਅਸਾਂ ਤਾਂ ਤੇਰੇ ਅੱਗੇ ਲੇਲੜੀਆਂ ਨੇ ਕੱਢੀਆਂ।
ਓਏ ਕੀ ਹਵਾਵਾਂ ਵਗੀਆਂ,
ਰੱਬਾ!ਤੈਂ ਆ ਕਿਹੜੀਆਂ ਰੁੱਤਾਂ ਛੱਡੀਆਂ?