ਸ਼ਾਂਤ ਜਿਹੀ ਨਦੀ ਹੈ ਵਹਿ ਰਹੀ
ਜਿਸ 'ਚ ਸ਼ਬਦ ਸਿੱਪੀਆਂ ਬਣ ਗੋਤੇ ਲਾ ਰਹੇ
ਕਲਮ ਨਾਲ ਰੰਗਿਆ ਪਾਣੀ
ਜਿੱਥੇ ਗੀਤ ਜਜ਼ਬਾਤਾਂ ਸਹਾਰੇ ਨਹਾ ਰਹੇ
ਇੱਕ ਵੇਦਨਾ ਦੀ ਹੈ ਮਾਈ
ਜਿਸ 'ਚ ਖਿਆਲਾਂ ਦੀ ਦੁਨੀਆ ਸਮਾਈ
ਕੰਢੇ ਹੰਸਾਂ ਦਾ ਜੋੜਾ ਨੱਚੇ
ਮੋਰ ਕੋਈ ਗੀਤ ਤੜਪ ਦਾ ਗਾ ਰਹੇ
ਕਸਤੂਰੀ ਜਿਹੀ ਕੋਈ ਜਲਪਰੀ
ਜਿਸਦੇ ਨੈਣਾਂ 'ਚੋਂ ਰੌਸ਼ਨੀ ਆਵੇ
ਹਿਰਨ ਬਣੇ ਉਸਦੇ ਦੀਵਾਨੇ
ਜੋ ਭੇਦ ਇਸ਼ਕ ਦਾ ਲੁਕਾ ਰਹੇ
ਉਹਦੇ ਪਾਣੀ 'ਚ ਆਵਾਜ਼ ਐਸੀ
ਜੋ ਰੂਹਾਂ ਨੂੰ ਛੂਹ ਜਾਵੇ
ਇੱਕ ਚਮਕ ਸੁਨਹਿਰੀ ਅੱਖਰਾਂ ਦੀ
ਜੋ ਦੁਨੀਆਂ ਨੂੰ ਰੁਸ਼ਨਾ ਰਹੇ
ਕਦੇ ਲਹਿਰ ਇੱਲਾਹੀ ਆ ਜਾਵੇ
ਜਦ ਸੁਰਤ ਜਾ ਜੁੜੇ ਮੁਰਸ਼ਦ ਨਾਲ
ਬੰਨ੍ਹ ਧਾਗਾ ਸੁੱਚਿਆਂ ਗੀਤਾਂ ਦਾ
ਤੁਰ ਜਾਣ ਦੇ ਹੰਝੂ ਵਹਾ ਰਹੇ
ਉਹਦੀ ਪ੍ਰੀਤ ਹੈ ਡਾਹਢਿਆਂ ਸਾਗਰਾਂ ਨਾਲ
ਜਿੱਥੇ ਚੱਲਣ ਬੇੜੇ ਸਾਹਾਂ ਦੇ
ਜਿੱਥੇ ਵਾਰਿਸ ਜਹੇ ਮਲਾਹ ਬਣ
ਨਵੇਂ ਇਸ਼ਕ ਨੂੰ ਲੱਭਣ ਜਾ ਰਹੇ