ਆਪਣੀ ਕਾਰ ਵੱਲ ਨੂੰ ਤੇਜ਼ ਤੇਜ਼ ਤੁਰੀ ਜਾ ਰਹੀ ਰੋਜ਼ੀ। ਬਹੁਤ ਘਬਰਾਈ ਹੋਈ ਭੁੱਲ ਹੀ ਗਈ ਕਿ ਕਾਰ ਪਾਰਕਿੰਗ ਲੌਟ ਦੀ ਕਿਸ ਆਈਲ ਵਿਚ ਪਾਰਕ ਕੀਤੀ ਸੀ। ਉਹ ਐਧਰ-ਉੱਧਰ ਘੁੰਮਣ ਲੱਗੀ। ਪਿੱਛੇ ਕਿਸੇ ਦੇ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ। ਉਹ ਸੋਚਣ ਲੱਗੀ, 'ਹਾਇ ਕੋਈ ਜਾਣੂ ਤਾਂ ਨਹੀਂ ਪਿੱਛੇ ਆ ਰਿਹਾ ! ਜੇ ਮੈਨੂੰ ਕਿਸੇ ਰਿਸ਼ਤੇਦਾਰ ਨੇ ਅੰਦਰ ਵੇਖ ਲਿਆ ਹੋਵੇ...? ਹਾਇ ! ਜੇ ਕਿਤੇ ਇੱਥੇ ਬਿਅੰਤ ਆ ਜਾਏ?' ਪਿੱਛੇ ਮੁੜ ਕੇ ਵੇਖਿਆ ਤਾਂ ਇਕ ਸੁੱਕਾ ਪੱਤਾ ਉਸਦੇ ਪਿੱਛੇ ਪਿੱਛੇ ਖੜ ਖੜ ਕਰਦਾ aੁੱਡਿਆ ਆ ਰਿਹਾ ਸੀ, ਉਸਨੇ ਸੁਖ ਦਾ ਸਾਹ ਲਿਆ ਤੇ ਖਿਆਲਾਂ ਵਿਚ ਡੁੱਬ ਗਈ ਤੇ ਉਸਦੀ ਤੋਰ ਹੌਲੀ ਹੋ ਗਈ ।
ਭਲਾ ਮੇਰੇ ਅੰਦਰ ਕਿਹੋ ਜਿਹੇ ਡਰ ਬੈਠ ਗਏ ਨੇ?
ਮੈਂ ਅਜਿਹਾ ਵੀ ਕੀ ਕੀਤਾ ਹੈ?
ਮੈ ਕਿਉਂ ਡਰਾਂ?
ਸਾਰੀ ਜ਼ਿੰਦਗੀ ਡਰ ਡਰ ਕੇ ਹੀ ਤਾਂ ਬਿਤਾਈ ਹੈ!
ਆ ਜਾਏ ਜਿਹਨੇ ਆਉਣਾ ਹੈ! ਵੇਖ ਲਵੇ ਜਿਹਨੇ ਵੇਖਣੈ !
ਨਾਲੇ ਬਿਅੰਤ ਵੀ ਵੇਖੇ ਆ ਕੇ ਕਿ ਉਸਤੋਂ ਬਿਨਾ ਵੀ ਮੈਂ...!
ਆਪਣੇ ਨਾਲ ਸਵਾਲ-ਜਵਾਬ ਕਰਦੀ ਅੱਗੇ ਤੁਰੀ ਜਾ ਰਹੀ ਸੀ। 'ਹਾਈ ਹੀਲ' ਦੀ ਸੈਂਡਲ ਵਿਚ ਉਸਦੇ ਪੈਰ ਦੁੱਖਣ ਲੱਗੇ। ਉਹਨੇ ਆਲਾ-ਦੁਆਲਾ ਵੇਖਕੇ ਸੈਂਡਲ ਲਾਹ ਕੇ ਹੱਥ ਵਿਚ ਫ਼ੜ ਲਏ ਤੇ ਬੁੜਬੁੜਾਉਣ ਲਗੀ, 'ਹਾਇ ਇਹ ਜੁੱਤੀ ਵੀ ਨਾ! ਇਸ ਚੰਦਰੀ ਨੇ ਵੀ ਤੰਗ ਕਰ ਮਾਰਿਐ...ਜ਼ਰਾ ਜਿਹਾ ਤੁਰਦੀ ਹਾਂ ਤੇ ਇਹ ਲੱਗਣ ਲਗ ਪੈਂਦੀ ਐ...। ਜ਼ਿੰਦਗੀ ਦੀ ਇਹ ਰਾਤ ਤਾਂ ਮੁੱਕਣ ਵਿਚ ਹੀ ਨਹੀਂ ਆ ਰਹੀ !' ਕੁਝ ਸੋਚ ਕੇ ਮੁਸਕੁਰਾਉਂਦੀ ਹੈ 'ਪਰ ਹੁਣ ਤਾਂ ਸ਼ਾਇਦ... ਬੱਸ ਐਵੇਂ ਆਪਣੇ ਆਪ ਨੂੰ ਭੁੱਲਾਈ ਰੱਖਿਆ ਮੈਂ ਸਾਰੀ ਜ਼ਿੰਦਗੀ।'
ਬੁੜ ਬੁੜ ਕਰਦੀ ਆਉਂਦੀ ਨੂੰ ਆਖਿਰ ਪਾਰਕਿੰਗ ਲੌਟ ਦੇ ਇਕ ਕੋਨੇ ਵਿਚ ਖੜੀ ਆਪਣੀ ਕਾਰ ਲੱਭ ਹੀ ਪਈ । ਉਹਨੇ ਇਕ ਲੰਮਾ ਸਾਹ ਲਿਆ ਅਤੇ ਦਰਵਾਜ਼ਾ ਖੋਲ੍ਹ ਕੇ ਆਪਣੇ ਆਪ ਨੂੰ ਧੜੰਮ ਕਰਕੇ ਸਟੀਅਰਿੰਗ ਵ੍ਹੀਲ ਦੇ ਪਿੱਛੇ ਸਿੱਟਆ। ਦਰਵਾਜਾ ਬੰਦ ਕਰਕੇ ਹੁਣ ਉਹ ਆਪਣੀ ਮੁੱਠੀ ਵਿਚਲੇ ਲਿਫ਼ਾਫ਼ੇ ਨੂੰ ਖੋਲ੍ਹ ਕੇ ਪੈਸੇ ਗਿਣਨ ਲੱਗੀ। ਇਕ ਹੋਰ ਲੰਮਾ ਸਾਹ ਭਰਕੇ ਸੀਟ 'ਤੇ ਆਰਾਮ ਨਾਲ ਬੈਠ ਕੇ ਸਿਰ ਪਿੱਛੇ ਨੂੰ ਸੁੱਟ ਕੇ ਅੱਖਾਂ ਬੰਦ ਕਰ ਲਈਆਂ।
ਹੁਣ ਰੋਜ਼ੀ ਨੇ ਆਪਣੇ ਵਾਲਾਂ 'ਚੋਂ ਫੁੱਲ, ਹੱਥਾਂ-ਬਾਹਾਂ ਅਤੇ ਕੰਨਾਂ ਵਿਚੋਂ ਮਸਨੂਈ ਗਹਿਣੇ ਉਤਾਰ ਲਏੇ... ਗੱਡੀ ਸਟਾਰਟ ਕਰਕੇ ਰੇਸ ਦੱਬੀ ਤੇ ਸੂਈ ਸੱਠਾਂ ਤੇ ਜਾ ਪਹੁੰਚੀ। ਉਹ ਆਪਣੇ ਆਪ ਨੂੰ ਝਿੜਕਣ ਲੱਗੀ, 'ਰੋਜ਼ੀ ਤੂੰਂ ਕਿਹੜਾ ਹਾਈਵੇਅ ਤੇ ਏਂ...ਪਾਰਕਿੰਗ ਲੌਟ ਹੈ ਡੀਅਰ ਇਹ... ਪਾਰਕਿੰਗ ਲੌਟ...! ਧਿਆਨ ਨਾਲ ਗੱਡੀ ਚਲਾਇਆ ਕਰ... ਯਾਦ ਹੈ ਉਸ ਦਿਨ ਪੁਲੀਸ ਵਾਲੇ ਨੇ ਸਪੀਡਿੰਗ ਕਰਦੀ ਨੂੰ ਕਿਵੇਂ ਘੇਰ ਲਿਆ ਸੀ? ਕਿੰਨਾ ਡਰ ਗਈ ਸੀ ਉਸ ਦਿਨ ! ਪੁਲੀਸ ਵਾਲਾ ਜਦੋਂ ਖਿੜਕੀ 'ਚੋਂ ਆਕੇ ਝਾਕਿਆ ਸੀ ਤਾਂ ਕਿੰਨੀ ਸ਼ਰਮਿੰਦੀ ਜਿਹੀ ਹੋ ਗਈ ਸੀ। ਕਿੰਨੀ ਅਣਸੰਵਰੀ ਜਿਹੀ ... ਵਾਲ ਵੀ ਨਹੀਂ ਸਨ ਵਾਹੇ ਹੋਏ ਚੰਗੀ ਤਰ੍ਹਾਂ ! ਕਿੰਨੀ ਉਲਝਾ ਲਈ ਤੂੰ ਆਪਣੀ ਜ਼ਿੰਦਗੀ ! ਉਹ ਪੁਲੀਸ ਵਾਲਾ ਤਾਂ ਸਾਢੇ ਚਾਰ ਸੌ ਡਾਲਰ ਦੀ ਟਿਕਟ ਫੜਾ ਕੇ ਔਹ ਗਿਆ, ਔਹ ਗਿਆ ! ਤੇਰਾ ਤਾਂ ਕੂੰਡਾ ਕਰ ਗਿਆ ਨਾ ! ਫਿਰ ਸਾਰਾ ਦਿਨ ਇਹੀ ਸੋਚ ਸੋਚ ਰੋਂਦੀ ਰਹੀ ਕਿ ਪੈਸੇ ਕਿਥੋਂ ਆਉਣਗੇ ? ਪੂਰੇ ਇਕ ਹਫਤੇ ਦੀ ਤਨਖਾਹ ਸੀ ਉਹ ਤੇਰੀ । ਗੱਡੀ ਚਲਾਉਣ ਤੋਂ ਪਹਿਲਾਂ ਸੋਚ ਲਿਆ ਕਰ ! ਘਰ ਵੀ ਤਾਂ ਚਲਾਉਣਾ ਹੁੰਦਾ ਹੈ । ਉਹ ਬਿੰਅੰਤ ਤੂੰ ਮੈਨੂੰ ਜ਼ਿੰਦਗੀ ਦੇ ਕਿਸ ਮੋੜ 'ਤੇ ਲਿਆ ਕੇ ਖੜਾ ਕਰ ਦਿੱਤਾ... !'
ਹੁਣ ਰੋਜ਼ੀ ਨੇ ਆਪਣੇ ਕੋਲ ਰੱਖੀ ਪਾਣੀ ਦੀ ਬੋਤਲ 'ਚੋਂ ਪਾਣੀ ਦਾ ਘੁੱਟ ਭਰਿਆ ਅਤੇ ਸੋਚਣ ਲੱਗੀ, 'ਖੈਰ ਅੱਜ ਦੀ ਸ਼ਾਮ ਤਾਂ ਬੜੀ ਵਧੀਆ ਰਹੀ...ਬੱਸ ਜੇ ਇਸੇ ਤਰ੍ਹਾਂ ਕੰਟਰੈਕਟ ਮਿਲਦੇ ਰਹੇ ਤਾਂ ਹੁਣ ਸਭ ਠੀਕ ਹੋ ਜਾਣੈ । ਬੱਚਿਆਂ ਦੀ ਪੜ੍ਹਾਈ ਲਈ ਲਿਆ ੨੫੦੦੦ ਡਾਲਰ... ਜਿਹਦਾ ਵਿਆਜ ਹੀ ਸੁਰਤ ਮਾਰੀ ਰੱਖਦਾ ਹੈ, ਮੇਰੇ ਹਿਸਾਬ ਨਾਲ ਕੁਝ ਮਹੀਨਿਆਂ 'ਚ ਹੀ ਚੁਕਤਾ ਹੋ ਜਾਏਗਾ। ਮੂਹਰੇ ਆਉਂਦੀ ਕਾਰ ਨੂੰ ਵੇਖ ਕੇ ਉਸਦੀ ਸੋਚ ਨੂੰ ਝਟਕਾ ਵੱਜਾ । ਸਾਹਮਣੇ 'ਸਬਵੇਅ' ਵੇਖ ਕੇ ਕਾਰ ਉੱਥੇ ਜਾ ਖੜੀ ਕੀਤੀ । ਸੈਂਡਵਿਚ ਖਰੀਦਿਆ ਤੇ ਘਰ ਵੱਲ ਨੂੰ ਤੁਰ ਪਈ।
ਰੋਜ਼ੀ ਘਰ ਦਾ ਤਾਲਾ ਖੋਲ੍ਹ ਕੇ ਅੰਦਰ ਆ ਗਈ । ਖਾਲੀ ਘਰ...! ਉਸ ਦਾ ਦਿਲ ਬੈਠਦਾ ਜਾਵੇ। ਉਹ ਉਚੱੀ ਜਿਹੀ ਘਰ ਨੂੰ ਸੁਣਾ ਕੇ ਚੀਕੀ, " ਉਫ਼ ਬਿਅੰਤ ! ਓਹ ਬਿਅੰਤ ਤੂੰ ਵੀ ਬੱਸ...!" ਉਹ ਹੱਥ-ਮੂੰਹ ਧੋਂਦੀ ਹੈ, ਨਾਈਟ ਸੂਟ ਪਾਕੇ ਬੈੱਡ ਤੇ ਬੈਠ ਕੇ ਸੈਂਡਵਿਚ ਖਾਂਣ ਲੱਗੀ। ਇਕ ਵਾਰ ਫਿਰ ਪਰਸ ਖੋਲ੍ਹ ਕੇ ਪੈਸੇ ਵੇਖੇ । ਹੁਣ ਉਹਦੇ ਚਿਹਰੇ 'ਤੇ ਮੁਸਕਾਨ ਖਿੜ ਗਈ। ਆਪਣੇ ਆਪ ਨੂੰ ਝਿੜਕ ਕੇ ਆਖਿਆ, 'ਜੇ ਜੀਊਣਾ ਹੈ ਤਾਂ ਪਿਛਲੀ ਜ਼ਿੰਦਗੀ ਨੂੰ ਭੁੱਲ ਜਾਹ!' ਫ਼ੋਨ ਚੁੱਕਕੇ ਨੰਬਰ ਦਬਾਇਆ...
"ਜੈਸਮਿਨ... ਕਿੱਥੇ ਐਂ ਬੇਟੇ !"
'ਮਾਮ ! ਤੁਸੀਂ ਆ ਗਏ ? ਮੈਂ ਮਿਨੀ ਦੇ ਘਰ ਆਂ...ਇੱਥੇ ਅਸੀਂ ਸਾਰੇ ਫਰੈਂਡਜ਼ ਰਲ਼ ਕੇ ਇਕ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ, ਸ਼ਾਇਦ ਆਉਣ ਲਈ ਦੇਰ ਹੋ ਜਾਏ। ਉਡੀਕਣਾ ਨਹੀਂ, ਸੌਂ ਜਾਣਾ ਤੁਸੀਂ, ਓ ਕੇ !"
"ਅੱਛਾ ! ਓ. ਕੇ. ! ਚੱਲ ਛੇਤੀ ਆ ਜਾਵੀਂ ਘਰ...!"
"ਓ ਕੇ ਮਾਮ, ਆਈ ਵਿਲ...! ਤੁਸੀਂ ਸੌਂ ਜਾਣਾ । ਮੇਰੀ ਫ਼ੀਸ ਦਾ ਇੰਤਜ਼ਾਮ ਹੋਇਆ ਕੋਈ?"
"ਹਾਂ ! ਹਾਂ ! ਹੋ ਗਿਆ...ਹੋ ਗਿਆ... ਐਂਡ ਆਈ ਐਮ ਵੈਰੀ ਹੈਪੀ ਅਬਾਊਟ ਇਟ ! ਘਰ ਆ ਜਾ... ਦੱਸਾਂਗੀ...ਡੋਂਟ ਵਰੀ...ਲਵ ਯੂ ਬੇਬੀ, ਬਾਇ... !"
ਫੋਨ ਬੰਦ ਕਰਕੇ ਦੂਜਾ ਨੰਬਰ ਦੱਬਾਇਆ... 'ਹੈਲੋ ! ਹਾਂ ਬੇਟਾ ਕਿੱਥੇ ਐਂ ?"
"ਮੈਂ ਆਪਣੇ ਦੋਸਤਾਂ ਨਾਲ ਇੱਥੇ ਯੂਬਾ ਸਿਟੀ ਹਾਂ...ਅਸੀਂ ਇਕ ਡਾਕੂਮੈਂਟਰੀ ਬਣਾ ਰਹੇ ਹਾਂ...ਲੇਟ ਹੋ ਜਾਵਾਂਗਾ...ਹੋ ਸਕਦਾ ਰਾਤ ਨੂੰ ਨਾ ਆ ਸਕਾਂ...ਤੁਸੀਂ ਸੌਂ ਜਾਣਾ...ਲਵ ਯੂ ਮਾਮ, ਓ. ਕੇ. ਮਾਮ... ਹੈਵ ਟੂ ਗੋਅ ਨਾਉ...!"
ਰੋਜ਼ੀ ਨੇ ਟੀ. ਵੀ. ਦਾ ਬਟਨ ਔਨ ਕਰ ਲਿਆ। ਥਕਾਵਟ ਕਰਕੇ ਆਪੇ ਅੱਖਾਂ ਬੰਦ ਹੋ ਗਈਆਂ । ਸੋਚਣ ਲੱਗੀ... 'ਕਿੰਨਾ ਫਰਕ ਹੈ ਅੱਜ ਦੇ ਬੱਚਿਆਂ 'ਚ ਅਤੇ ਜਦੋਂ ਅਸੀਂ ਬੱਚੇ ਹੁੰਦੇ ਸਾਂ ...ਕਿੰਨੇ ਆਜ਼ਾਦ ਨੇ ਇਹ ! ਆਪਣੀ ਮਰਜ਼ੀ ਦੇ ਪੂਰੇ ਮਾਲਕ ! ਇਨ੍ਹਾਂ ਨੂੰ ਕੁਝ ਕਹੋ ਤਾਂ ਅੱਗੋ ਹਜ਼ਾਰ ਗੱਲਾਂ ਸੁਣਾਉਂਦੇ ਨੇ- ਕੀ ਕਰਾਉਣਾ ਤੁਸੀਂ ਮੇਰੇ ਕੋਲੋਂ? ਮੈਂ ਹੁਣ ਅਡਲਟ ਹਾਂ, ਘਰ ਬੈਠ ਕੇ ਕੀ ਕਰਾਂ ? ਮੇਰੀ ਵੀ ਕੋਈ ਜਿੰਦਗੀ ਹੈ...।'
ਉਸਦੇ ਅਚੇਤ ਮਨ ਦੀ ਉਹ ਖਿੜਕੀ ਖੁੱਲ੍ਹ ਗਈ ਜਦੋਂ ਉਹ ਆਪ ਨਿੱਕੀ ਜਿਹੀ ਕੁੜੀ ਹੁੰਦੀ ਸੀ । ਆਪਣੇ ਮਾਂ-ਬਾਪ ਦੀ ਸਭ ਤੋਂ ਛੋਟੀ ਤੇ ਲਾਡਲੀ ਧੀ ! ਬੜੀ ਜ਼ਹੀਨ ! ਸਭ ਦੀ ਪਿਆਰੀ । ਸੰਗੀਤ, ਡਾਂਸ ਤੇ ਫਾਈਨ ਆਰਟਸ ਦੀ ਸ਼ੌਕੀਨ ! ਚੁਲਬੁਲੀ । ਗੱਲਾਂ ਦੀ ਗਲਾਧੜ । aੁੱਚੀ aੁੱਚੀ ਹੱਸਦੀ । ਸੁਹਣੇ ਸੁਹਣੇ ਕਪੜੇ ਪਾਉਣ ਦਾ ਕਿੱਡਾ ਚਾਅ ਸੀ ਉਸਨੂੰ । ਰੋਜ਼ੀ ਨਾਂ ਵੀ ਤਾਂ ਆਪਣਾ ਉਸਨੂੰ ਕਿੰਨਾ ਚੰਗਾ ਚੰਗਾ ਲਗਦਾ ਸੀ - ਸੀ ਵੀ ਤੇ ਉਹ ਨਿਰਾ ਗੁਲਾਬ ਦਾ ਫੁੱਲ ! ਮਾਂ ਹਮੇਸ਼ਾ ਟੋਕਦੀ ਰਹਿੰਦੀ ਸੀ, 'ਬਹੁਤਾ ਨਾ ਸਜਿਆ ਕਰ...ਉੱਚੀ ਉੱਚੀ ਨਾ ਹੱਸਿਆ ਕਰ'।
ਇਹ ਸੋਚ ਕੇ ਰੋਜ਼ੀ ਇਕ ਦਮ ਉਦਾਸ ਹੋ ਗਈ ਹੈ...ਮਨ ਹੀ ਮਨ ਵਿਚ ਆਪਣੀ ਮਾਂ ਨਾਲ ਗੱਲਾਂ ਕਰਣ ਲਗੀ... 'ਬੀ ਜੀ ! ਹੁਣ ਹਾਸਾ ਤਾਂ ਆਉਂਦਾ ਹੀ ਨਹੀਂ । ਸਵੇਰੇ ਉੱਠਦੀ ਹਾਂ ਤੇ ਆਪਣੀ ਸ਼ਕਲ ਵੇਖ ਕੇ ਡਰ ਲਗਦੈ । ਸਜਣ ਦਾ ਸ਼ੌਕ ਵੀ ਤਾਂ ਜਾਂਦਾ ਰਿਹਾ ਤੇ ਨਾਲੇ ਸਜਣਾ ਵੀ ਕਿਸ ਲਈ ? ਵਾਲ ਤਾਂ ਅਜੇ ਵੀ ਬਥੇਰੇ ਲੰਮੇ ਨੇ । ਚੱਜ ਨਾਲ ਵਾਹੁਣ ਦਾ ਹੀ ਦਿਲ ਨਹੀਂ ਕਰਦਾ...। ਆਫ਼ਿਸ ਹੀ ਬੜੀ ਦੂਰ ਹੈ । ਪੂਰੇ ਦੋ ਘੰਟੇ ਲਗ ਜਾਂਦੇ ਨੇ ਸਵੇਰੇ ਆਫ਼ਿਸ ਪਹੁੰਚਣ ਨੂੰ । ਜੇ ਕਿਤੇ ਟਰੈਫ਼ਿਕ ਹੋ ਜਾਵੇ ਤਾਂ ਫਿਰ ਤਾਂ ਪਤਾ ਹੀ ਨਹੀਂ ਲਗਦਾ ਕਿ ਕਿੰਨਾ ਕੁ ਸਮਾਂ ਲੱਗੇਗਾ । ਮਾਂ...ਜ਼ਿੰਦਗੀ ਅਜੀਬ ਜਿਹੀ ਚਾਲੇ ਤੁਰ ਪਈ ਹੈ ! ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਸਵੇਰੇ ਜਾਗ ਨਹੀਂ ਹੁੰਦਾ । ਰੋਜ਼ ਘਰੋਂ ਨਿਕਲਣ ਲੱਗੀ ਲੇਟ ਹੋ ਜਾਂਦੀ ਹਾਂ ਤੇ ਬਾਸ ਤੋਂ ਝਿੜਕਾਂ ਖਾਂਦੀ ਹਾਂ। ਚੰਗੀ ਤਰ੍ਹਾਂ ਵਾਲ ਵਾਹੁਣ ਦਾ ਵੀ ਟਾਈਮ ਨਹੀਂ ਮਿਲਦਾ। ਕਾਹਲੀ ਕਰਕੇ ਅਕਸਰ ਹੀ 'ਕਾਰ ਪੂਲ ਲੇਨ' ਵਿਚ ਗੱਡੀ ਚਲਾਉਣੀ ਪੈਂਦੀ ਹੈ। ਕੀ ਕਰਾਂ ! ਮਜਬੂਰੀ ਹੈ 'ਕਾਰ ਪੂਲ' ਵਿਚ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਤਾਂ ਨਹੀਂ । ਕੰਮ ਤੇ ਲੇਟ ਗਈ ਤਾਂ ਨੌਕਰੀ ਦੀ ਖੈਰ ਨਹੀਂ। ਜੇ ਨੌਕਰੀ ਛੁੱਟ ਗਈ ਤਾਂ ਬੱਚਿਆਂ ਨੂੰ ਕਿੱਥੋਂ ਖੁਆਵਾਂਗੀ ਮਾਂ ! ਜੇ ਬਿਅੰਤ ਮੇਰੇ ਨਾਲ ਹੁੰਦਾ ਤਾਂ ਹੋਰ ਗੱਲ ਹੋਣੀ ਸੀ... ਪਰ ਲਗਦੈ ਕਿ ਹੁਣ ਤਾਂ ਦਿਨ ਗਏ...।'
ਹੁਣ ਰੋਜ਼ੀ ਨੂੰ ਇਕ ਵੇਰ ਫੇਰ ਤੋਂ ਅੱਜ ਦੀ ਸ਼ਾਮ ਚੇਤੇ ਆ ਗਈ ... 'ਅਜੇ ਵੀ ਹੈ ਮੇਰੇ ਵਿਚ ਦੰਮ ! ਅਜੇ ਮੈਂ ਕਾਇਮ ਹਾਂ। ਜੇ ਰਿਸ਼ਤੇਦਾਰਾਂ ਨੂੰ ਪਤਾ ਲਗਦਾ ਹੈ ਤਾਂ ਲੱਗ ਜਾਵੇ, ਉਹ ਕਿਹੜਾ ਸਾਨੂੰ ਰੋਟੀ ਦੇਣ ਆਊਂਦੇ ਨੇ? ਨਾਲੇ ਸ਼ੁਰੂ ਤੋਂ ਹੀ ਇਹ ਮੇਰਾ ਸੱਭ ਤੋਂ ਵੱਡਾ ਸ਼ੌਕ ਸੀ... ਇਹ ਵੀ ਤਾਂ ਕੰਮ ਹੀ ਹੈ...ਮਜਬੂਰੀ ਕੀ ਨਹੀਂ ਕਰਵਾ ਦਿੰਦੀ ਬੰਦੇ ਤੋਂ...ਤੇ ਉਹ ਵੀ ਬੱਚਿਆਂ ਦੀ ਖਾਤਿਰ...ਬਿਅੰਤ ਤੋਂ ਬਿਨਾ ਵੀ ਮੈਂ ਸਭ ਕੁਝ ਮੈਨੇਜ ਕਰਨ ਵਿਚ ਕਾਮਯਾਬ ਹੋ ਹੀ ਗਈ ਹਾਂ ਆਖਿਰ...।'
ਉਸਨੂੰ ਰਹਿ ਰਹਿ ਕੇ ਆਪਣੀ ਮਾਂ ਚੇਤੇ ਆ ਰਹੀ ਸੀ ਜਿਹੜੀ ਗੱਲ ਗੱਲ ਤੇ ਬਾਊ ਜੀ ਦਾ ਡਰਾਵਾ ਦਿੰਦੀ ਹੁੰਦੀ ਸੀ । ਉਹ ਕਹਿੰਦੀ, " ਅੱਜ ਤਾਂ ਤੂੰ ਕਾਲਜ ਦੀ ਸਟੇਜ 'ਤੇ ਨੱਚਾਰਾਂ ਵਾਲੇ ਕਪੜੇ ਪਾ ਕੇ ਗਾਉਣ ਚਲੀ ਗਈ, ਚਲੋ ਤੇਰੇ ਬਾਊ ਜੀ ਨੂੰ ਨਹੀਂ ਦੱਸਦੀ, ਪਰ ਅਗਲੀ ਵਾਰੀ ਇਉਂ ਕੀਤਾ ਤਾਂ ਤੈਨੂੰ ਉਹਨਾਂ ਦੇ ਗੁੱਸੇ ਦਾ ਪਤਾ ਹੋਣਾ ਚਾਹੀਦਾ !"
" ਬੀ ਜੀ...ਬਾਊ ਜੀ ਨਹੀਂ ਕਹਿੰਦੇ ਕੁਝ ਮੈਨੂੰ ...ਤੁਸੀਂ ਹੀ ਟੋਕਦੇ ਰਹਿੰਦੇ ਹੋ ਐਵੇਂ ?" ਰੋਜ਼ੀ ਮਾਂ ਨੂੰ ਰੁਆਂਸੀ ਜਿਹੀ ਹੋ ਕੇ ਜਵਾਬ ਦਿੰਦੀ।
" ਚੰਗੇ ਘਰਾਂ ਦੀਆਂ ਕੁੜੀਆਂ ਨਹੀਂ ਲੋਕਾਂ ਸਾਹਮਣੇ ਇੱਦਾਂ ਨੱਚਦੀਆਂ-ਗਾਉਂਦੀਆਂ ਹੁੰਦੀਆਂ। ਜੇ ਕਿਸੇ ਜਾਣ ਪਛਾਣਦੇ ਨੇ ਦੇਖ ਲਿਆ, ਸਾਨੂੰ ਤਾਂ ਚੰਗਾ ਵਰ ਵੀ ਲੱਭਣਾ ਔਖਾ ਹੋਜੂ ਤੇਰੇ ਵਾਸਤੇ।"
ਰੋਜ਼ੀ ਨੇ ਘੜੀ 'ਤੇ ਨਜ਼ਰ ਮਾਰੀ ਤੇ ਰਾਤ ਦਾ ਇਕ ਵੱਜਿਆ ਹੋਇਆ । ਬਾਈ ਵਰ੍ਹਿਆਂ ਦੀ ਧੀ ਜੈਸਮੀਨ ਤੇ ਚੌਵ੍ਹੀ ਵਰ੍ਹਿਆਂ ਦਾ ਪੁੱਤਰ ਰਾਹੁਲ... ਅਜੇ ਤੱਕ ਘਰ ਨਹੀਂ ਆਏ । ਰੋਜ਼ੀ ਜਿਵੇਂ ਕੰਧਾਂ ਨੂੰ ਸੁਣਾ ਕੇ ਕਹਿ ਰਹੀ ਹੋਵੇ, 'ਇਸ ਜੈਨਰੇਸ਼ਨ ਨੂੰ ਪਤਾ ਨਹੀਂ ਕੀ ਹੋਇਐ... ਇਹ ਰਾਤਾਂ ਨੂੰ ਜਾਗਕੇ ਸੜਕਾਂ 'ਤੇ ਘੁੰਮਦੀ ਹੈ ਤੇ ਦਿਨੇ ਸੌਂਦੀ ਹੈ। ਕੋਈ ਡਰ-ਭੈਅ ਹੀ ਨਹੀਂ... ਅਸੀਂ ਸੂਰਜ ਛਿਪੇ ਜੇ ਘਰ ਵੜਦੇ ਸੀ ਤਾਂ ਘਰ ਦੇ ਸੌ ਸਵਾਲ ਕਰਦੇ ਸੀ । ਇਹ ਤਾਂ ਸਗੋਂ... ਜ਼ਮਾਨਾ ਕਿੰਨਾ ਬਦਲ ਗਿਐ !' ਰੋਜ਼ੀ ਨੇ ਕਰਵਟ ਬਦਲ ਲਈ ।
ਰੋਜ਼ੀ ਨੂੰ ਵੀ ਜ਼ਮਾਨੇ ਨਾਲ ਹੀ ਚੱਲਣਾ ਪੈਣਾ ਸੀ। ਉਹ ਬੱਿਚਆਂ ਨੂੰ ਬਾਹਰ ਜਾਣੋਂ ਨਾ ਰੋਕਦੀ ਕਿਉਂਕਿ ਇੰਝ ਕਰਕੇ ਉਹ ਬੱਚਿਆਂ ਨੂੰ ਹੱਥੋਂ ਗੁਆਉਣਾ ਨਹੀਂ ਸੀ ਚਾਹੁੰਦੀ । ਪਹਿਲਾਂ ਉਹ ਟੋਕਾ ਟੋਕਾਈ ਕਰਕੇ ਬਿਅੰਤ ਨੂੰ ਤਾਂ ਗੁਆ ਹੀ ਚੁੱਕੀ ਸੀ। ਹੁਣ ਉਸਨੇ ਹਾਲਾਤਾਂ ਨਾਲ ਸਮਝੌਤਾ ਕਰ ਲਿਆ। ਉਹ ਸੋਚ ਲੈਂਦੀ ਕਿ ਉਹਦੇ ਨਾਲ ਤਾਂ ਜੋ ਹੋਣਾ ਸੀ ਹੋ ਗਿਆ, ਬੱਚਿਆਂ ਨਾਲ ਨਹੀਂ ਕੁਝ ਹੋਣ ਦੇਣਾ । ਉਹ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈਣ ਦਿੰਦੀ। ਇਹੀ ਇਸ ਦੇਸ਼ ਦਾ ਦਸਤੂਰ ਹੈ। ਉਹ ਸਮਝਣ ਲੱਗੀ ਕਿ ਬੱਚੇ ਗਲਤੀਆਂ ਕਰ ਕਰ ਕੇ ਆਪੇ ਸਿੱਖ ਜਾਂਦੇ ਨੇ। ਇਹਨਾਂ ਨੂੰ ਸਪੇਸ ਦੇਣੀ ਬਣਦੀ ਹੈ।
ਰੋਜ਼ੀ ਨੂੰ ਲੱਿਗਆ ਜਿਵੇਂ ਦਰਵਾਜਾ ਖੜਕਿਐ ...ਟੇਡੀ ਹੋ ਕੇ ਵੇਖਿਆ, ਆਇਆ ਤਾਂ ਕੋਈ ਵੀ ਨਹੀਂ। ਉਸਨੂੰ ਲੱਗਿਐ ਕਿ ਸ਼ਾਇਦ ਹਵਾ ਨਾਲ ਦਰਵਾਜਾ ਖੜਕਿਆ ਹੋਣਾ । ਫਿਰ ਇਕ ਦਮ ਘਬਰਾਕੇ ਸੋਚਣ ਲੱਗੀ ਕਿ ਕਿਤੇ ਕੋਈ ਚੋਰ ਹੀ ਨਾ ਹੋਵੇ । ਉਹ ਅਕਸਰ ਸੁਣਦੀ ਰਹਿੰਦੀ ਹੈ ਕਿ ਇੰਡੀਅਨਜ਼ ਦੇ ਘਰਾਂ ਵਿਚ ਬਹੁਤ ਚੋਰੀਆਂ ਹੋ ਰਹੀਆਂ ਨੇ । 'ਪਰ ਇਹ ਇੰਡੀਅਨਜ਼ ਘਰਾਂ 'ਚ ਇੰਨਾ ਸੋਨਾ ਕਿਉਂ ਰੱਖੀ ਛੱਡਦੇ ਨੇ ? ਲੌਕਰਾਂ 'ਚ ਨਹੀਂ ਰੱਖ ਸਕਦੇ ਭਲਾ?' ਫੇਰ ਸੁਰਖੁਰੂ ਜਿਹੀ ਹੋ ਕੇ ਆਪਣੇ ਆਪ ਨੂੰ ਕਹਿੰਦੀ ...'ਖ਼ੈਰ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ…।' ਅਚਾਨਕ ਸ਼ਾਮ ਯਾਦ ਆ ਗਈ ਅਤੇ ਸੋਚ ਕੇ ਘਬਰਾ ਗਈ ਕਿ ਕਿਤੇ ਕਿਸੇ ਨੂੰ ਅੱਜ ਵਾਲੇ ਪੈਸਿਆਂ ਦੀ ਸੂਹ ਨਾ ਪੈ ਗਈ ਹੋਵੇ! ਉਸਨੇ ਡਰ ਕੇ ਆਪਣੇ ਉੱਪਰ ਚਾਦਰ ਲੈ ਲਈ । ਰੋਜ਼ੀ ਸੁਭਾਅ ਵਲੋਂ ਹੀ ਡਰਪੋਕ ਸੀ ਪਰ ਹੁਣ ਤਾਂ ਇਕੱਲੀ ਰਹਿ ਰਹਿ ਕੇ ਹੋਰ ਵੀ ਡਰਣ ਲਗ ਪਈ । ਬਿਜਲੀ ਚਮਕਦੀ ਹੈ ਤਾਂ ਉਹ ਥਰ ਥਰ ਕੰਬਣ ਲੱਗਦੀ ਹੈ। ਕੈਲੀਫੋਰਨੀਆ ਦਾ 'ਬੇ ਏਰੀਆ' 'ਫਾਲਟ ਲਾਈਨ' 'ਤੇ ਸਥਿਤ ਹੋਣ ਕਰਕੇ ਇੱਥੇ ਅਕਸਰ ਭੂਚਾਲ ਦੇ ਝਟਕੇ ਆਉਂਦੇ ਰਹਿੰਦੇ ਨੇ ਤੇ ਉਹ ਸਹਿਮ ਜਾਂਦੀ ਹੈ। ਇਹ ਇਕੱਲਤਾ ਵੀ ਤਾਂ ਸਰਾਪ ਹੀ ਹੈ। ਸੋਚਾਂ ਪਿਛਲਖੁਰੀ ਤੁਰ ਪਈਆਂ ।
ਮਾਂ ਕਹਿੰਦੀ ਹੁੰਦੀ ਸੀ, "ਕੁੜੀਏ ਇੰਨਾ ਖਰਚਾ ਨਾ ਕਰਿਆ ਕਰ, ਸੰਜਮ ਨਾਲ ਚੱਲੀਦਾ ਹੈ । ਵਕਤ ਦਾ ਕੁਝ ਪਤਾ ਨਹੀਂ ਹੁੰਦਾ । ਮਨ ਨੂੰ ਮਾਰੀਦੈ । ਖਾਹਿਸ਼ਾਂ ਦਾ ਤਾਂ ਕੋਈ ਅੰਤ ਹੀ ਨਹੀਂ ਹੁੰਦਾ ।"
"ਬਸ ਪਤਾ ਹੀ ਨਹੀਂ ਲਗਦਾ ਬੀ ਜੀ ! ਬਾਜ਼ਾਰ ਜਾਂਦੀ ਹਾਂ ਤਾਂ ਜੀਅ ਕਰਦੈ ਸਾਰੀ ਦੁਕਾਨ ਹੀ ਖਰੀਦ ਲਵਾਂ !"
ਬਾਊ ਜੀ ਉਸਦੀ ਵਕਾਲਤ ਕਰਦੇ," ਐਮ. ਏ. ਮਿਊਜ਼ਿਕ ਕਰ ਰਹੀ ਹੈ ਸਾਡੀ ਧੀ...ਕਿਹੜਾ ਨਿਆਣੀ ਐ ਹੁਣ । ਤੈਨੂੰ ਯੂਨੀਵਰਸਿਟੀ ਦੀਆਂ ਕੁੜੀਆਂ ਦਾ ਅਜੇ ਪਤਾ ਨਹੀਂ ਕਿਸ ਤਰ੍ਹਾਂ ਰਹਿੰਦੀਆਂ ਨੇ । ਚਾਰ ਦਿਨ ਹੋਰ ਹੈ ਆਪਣੇ ਕੋਲ, ਫੇਰ ਆਪਣੇ ਘਰ ਚਲੇ ਜਾਣਾ ਇਹਨੇ ! ਧੀਆਂ ਧਨ ਬਿਗਾਨਾ।"
"ਬਾਊ ਜੀ, ਬੀ ਜੀ ਤਾਂ ਬਸ ਹਰ ਵੇਲੇ ਟੋਕਦੇ ਹੀ ਰਹਿੰਦੇ ਨੇ ਮੈਨੂੰ", ਰੋਜ਼ੀ ਨੇ ਬਾਊ ਜੀ ਨੂੰ ਸ਼ਿਕਾਇਤ ਕੀਤੀ ।
"ਜਦ ਤੱਕ ਤੇਰਾ ਵਿਆਹ ਨਹੀਂ ਹੋ ਜਾਂਦਾ, ਮੈਂ ਤਾਂ ਇੱਦਾਂ ਦੀ ਹੀ ਰਹੂੰ... ", ਬਾਊ ਜੀ ਤੋਂ ਪਹਿਲਾਂ ਬੀ ਜੀ ਬੋਲ ਪਏ ਸਨ ।
"ਆਹ ਕੀ...ਪਹਿਲਾਂ ਪੇਕਿਆਂ ਦੇ ਬੰਧਨ ਤੇ ਫਿਰ ਸਹੁਰਿਆਂ ਦੀਆਂ ਜੰæਜੀਰਾਂ, ਬੀ ਜੀ ਨੂੰ ਤਾਂ ਸਾਰੀਆਂ ਗੱਲਾਂ ਦਾ ਹੱਲ ਇੱਕੋ ਹੀ ਲੱਗਦਾ ਰਹਿੰਦੈ-ਵਿਆਹ ?" ਰੋਜ਼ੀ ਨੇ ਮੂੰਹ ਵਿਚ ਹੀ ਆਖਿਆ ।
ਇਕ ਦਿਨ ਰੋਜ਼ੀ ਦੇ ਬਾਊ ਜੀ ਬਾਹਰੋਂ ਬਹੁਤ ਖੁਸ਼ ਖੁਸ਼ ਆਏ ਤੇ ਉਸਦੇ ਮੂਹਰੇ ਅਖਬਾਰ ਦਾ ਮੈਟਰੀਮੋਨੀਅਲਜ਼ ਵਾਲਾ ਪੰਨਾ ਰਖਦਿਆਂ ਆਖਣ ਲਗੇ, "ਬੇਟੇ ਪੜ੍ਹਾਈ ਤੇਰੀ ਖ਼ਤਮ ਹੋ ਗਈ ਏ ਤੇ ਹੁਣ ਤੇਰੇ ਵਿਆਹ ਦੀਆਂ ਵੀ ਤਿਆਰੀਆਂ ਸ਼ੁਰੂ ਕਰੀਏ । ਇਸ ਪੇਪਰ ਵਿਚੋਂ ਕੋਈ ਮੁੰਡਾ ਪਸੰਦ ਆ ਜਾਵੇ ਤਾਂ ਦਸ ਦੇਵੀਂ।"
ਅਖਬਾਰ ਮੈਟਰੀਮੋਨੀਅਲਜ਼ ਨਾਲ ਭਰਿਆ ਪਿਆ ਸੀ । ਉਸਨੇ ਉਸ ਪੰਨੇ ਤੇ ਸਰਸਰੀ ਜਿਹੀ ਨਜ਼ਰ ਮਾਰੀ । ਇਕ ਉਦਾਸੀ ਉਸਦੀਆਂ ਅੱਖਾਂ ਵਿਚੋਂ ਟਪਕ ਪਈ । ਉਸਨੇ ਆਪਣੇ ਘਰ ਵੱਲ ਬੜੀ ਨੀਝ ਨਾਲ ਵੇਖਿਆ ਤੇ ਇਕ ਹਉਕਾ ਜਿਹਾ ਭਰ ਕੇ ਪੇਪਰ ਹੇਠਾਂ ਰੱਖ ਦਿੱਤਾ ਤੇ ਆਖਿਆ,
'ਬੀ ਜੀ ਜਿਹੜਾ ਤੁਹਾਨੂੰ ਚੰਗਾ ਲਗਦਾ ਹੈ, ਆਪੇ ਵੇਖ ਲਉ । ਮੈਨੂੰ ਨਹੀਂ ਪਤਾ...।" ਜਵਾਬ ਉਸਨੇ ਮਾਂ ਨੂੰ ਦਿਤਾ । ਅਗਲੇ ਹੀ ਪਲ ਉਸਦੇ ਖਿਆਲਾਂ 'ਚ ਲਾਲ ਜੋੜੇ 'ਚ ਸਜੀ ਦੁਲਹਨ ਉਸ ਦੇ ਕੁਤਕੁਤਾਰੀਆਂ ਕਰਨ ਲੱਗੀ । ਕਿੰਨੇ ਸੁਪਨੇ ! ਕਿੰਨੇ ਚਾਅ ! ਉਹ ਆਪਣੀ ਕਲਪਨਾ ਵਿਚ ਉਡ ਰਹੀ ਸੀ...ਵਿਆਹ...ਭਾਵ ਮਨਮਰਜ਼ੀ ਨਾਲ ਜੀਣਾ...ਮਨਪਸੰਦ ਦੇ ਕੱਪੜੇ...ਮਨ ਪਸੰਦ ਦੇ ਗਹਿਣੇ, ਘੁੰਮਣਾ ਫਿਰਨਾ...ਮੌਜ ਮਸਤੀ !ਉਹ ਆਪਣੇ ਆਪ ਨੂੰ ਪਰੀਆਂ ਦੀ ਸ਼ਹਿਜ਼ਾਦੀ ਸਮਝ ਰਹੀ ਸੀ।
ਸਮਾਂ ਖੰਭ ਲਾਕੇ ਉੱਡ ਗਿਆ । ਘਰ ਵਿਚ ਚਹਿਲ ਪਹਿਲ ਹੋਈ । ਅਖਬਾਰ 'ਚੋਂ ਲੱਭੇ ਮੁੰਡੇ ਨਾਲ ਰੋਜ਼ੀ ਦਾ ਰਿਸ਼ਤਾ ਹੋ ਗਿਆ। ਸਹੇਲੀਆਂ ਰੋਜ਼ੀ ਨੂੰ ਛੇੜਦੀਆਂ, "ਰੋਜ਼ੀ ਤੇਰੀ ਤਾਂ ਲਾਟਰੀ ਨਿਕਲ ਆਈ... ਕਿਆ ਕਿਸਮਤ ਐ ਯਾਰ ਤੇਰੀ ! ਜਿੱਦਾਂ ਦੀ ਤੂੰ ਨਖਰੇ ਵਾਲੀ ਸੀ, ਉੱਦਾਂ ਦੇ ਹੀ ਸਹੁਰੇ ਲੱਭ ਪਏ ਅੱਗੋਂ ਵੀ...ਸੁਣਿਐ ਸਾਡੇ ਜੀਜਾ ਜੀ ਅਫ਼ਰੀਕਾ ਵਿਚ ਬਹੁਤ ਵੱਡਾ ਬਿਜ਼ਨੈੱਸ ਕਰਦੇ ਨੇ...ਹਾਇ ! ਹਾਇ !" ਇਹ ਗੱਲਾਂ ਸੁਣ ਰੋਜ਼ੀ ਕਲਪਨਾ ਵਿਚ ਆਪਣੇ ਸਹੁਰਿਆਂ ਦੇ ਵੱਡੇ ਸਾਰੇ ਘਰ ਵਿਚ ਆਪਣੇ ਆਪ ਨੂੰ ਖੁਸ਼ੀ ਖੁਸ਼ੀ ਘੁੰਮਦਿਆਂ ਵੇਖਦੀ ।
ਇਕੱਲਤਾ ਦੇ ਅਹਿਸਾਸ ਤੋਂ ਬਚਣ ਲਈ ਰੋਜ਼ੀ ਟੀ. ਵੀ. ਚਲਾ ਕੇ ਸੌਂਦੀ । ਟੀ. ਵੀ. ਅਚਾਨਕ ਬੰਦ ਹੋ ਗਿਆ । ਰੋਜ਼ੀ ਦੇ ਢਿੱਡ ਵਿਚ ਖੋਹ ਜਿਹੀ ਪਈ ਤੇ ਉਹ ਉੱਠ ਖੜੋਤੀ । ਬੇਧਿਆਨੇ ਹੀ ਲਾਈਟ ਨੂੰ ਹੱਥ ਮਾਰਿਆ। ਉਸਦੇ ਮੂਹੋਂ ਆਪਮੁਹਾਰੇ ਨਿਕਲਿਆ, 'ਉਫ਼ ! ਇਸ ਲਾਈਟ ਨੇ ਵੀ ਅੱਜ ਹੀ ਜਾਣਾ ਸੀ...?' ਝੁੰਜਲਾ ਕੇ ਮੋਮਬੱਤੀ ਬਾਲਣ ਲਗੀ । ਅੱਜ ਨੀਂਦ ਵੀ ਨਹੀਂ ਆਉਂਦੀ । ਸ਼ਾਮ ਵਾਲੇ ਪ੍ਰੋਗਰਾਮ ਦਾ ਹੁਲਾਰਾ ਵੀ ਹੈ ਤੇ ਰਹਿ ਰਹਿ ਕੇ ਸੋਚਾਂ ਦੀ ਬੇੜੀ ਦੇ ਚੱਪੂ ਅਤੀਤ ਦੇ ਸਮੁੰਦਰ ਵਿਚ ਵੀ ਠਿੱਲ ਜਾਂਦੇ ਹਨ...ਜਿਸ ਦਿਨ ਉਹ ਇਸ ਅਪਾਰਟਮੈਂਟ ਵਿਚ ਆਏ ਸਨ, ਉਦੋਂ ਵੀ ਬੱਤੀ ਇਸੇ ਤਰ੍ਹਾਂ ਚਲੀ ਗਈ ਸੀ...ਹਨੇਰਾ ਘੁੱਪ ਸੀ ਇਸ ਅਪਾਰਟਮੈਂਟ ਵਿਚ ! ਉਸ ਦਿਨ ਤਾਂ ਉਸ ਕੋਲ ਕੋਈ ਮੋਮਬੱਤੀ ਵੀ ਨਹੀਂ ਸੀ ਬਾਲਣ ਲਈ।
'ਉਦੋਂ ਤੋਂ ਜਿਵੇਂ ਮੈਂ ਆਪ ਹੀ ਬਲਦੀ ਆ ਰਹੀ ਹਾਂ ਇੱਥੇ...!'
ਦੋ ਨਿੱਕੇ ਨਿੱਕੇ ਬੱਚੇ ਤੇ ਇਕੱਲੀ ਉਹ ...ਇਸ ਓਪਰੇ ਦੇਸ਼ ਦੇ ਓਪਰੇ ਸ਼ਹਿਰ ਦੇ ਇਸ ਅਪਾਰਟਮੈਂਟ ਵਿਚ । ਭੈਣ- ਭਰਾ ਆਪਣੇ ਆਪਣੇ ਪਰਿਵਾਰਾਂ ਵਿਚ ਆਪਣੀ ਜ਼ਿੰਦਗੀ ਵਿਚ ਮਸਤ । ਕਿਸੇ ਕੋਲ ਫੋਕੀ ਹਮਦਰਦੀ ਤੋਂ ਸਿਵਾਇ ਇਸ ਪਰਦੇਸ ਵਿਚ ਉਸ ਲਈ ਵਿਹਲ ਹੀ ਕਦੋਂ ਸੀ ! ਅਫ਼ਰੀਕਾ ਵਿਚ ਐਡੇ ਵੱਡੇ ਘਰ ਵਿਚ ਰਹਿੰਦੀ ਰਹਿੰਦੀ, ਦੂਜੀ ਮੰਜ਼ਿਲ ਤੇ ਇਕ ਬੈੱਡਰੂਮ ਦੇ ਨਿੱਕੇ ਜਿਹੇ ਅਪਾਰਟਮੈਂਟ ਵਿਚ ਰਹਿਣ ਲੱਗੀ । ਉਹ ਸੋਚਦੀ ਕਿ ਅਸਮਾਨ ਵਿਚ ਉੱਡਦੀ ਉੱਡਦੀ ਉਹ ਜ਼ਮੀਨ ਅਤੇ ਆਸਮਾਨ ਦੇ ਵਿਚਕਾਰ ਇਸ ਛੋਟੇ ਜਿਹੇ ਅਪਾਰਟਮੈਂਟ ਵਿਚ ਟੰਗੀ ਗਈ । ਰਿਸ਼ਤੇਦਾਰਾਂ ਲਈ ਉਹ ਇਕ ਉੱਚੇ ਖਾਨਦਾਨ ਦੇ ਅਮੀਰ ਪਤੀ ਦੀ ਪਤਨੀ ਸੀ । ਉਹ ਸੋਚਦੇ ਸਨ ਇਸਨੂੰ ਕਿਸ ਗੱਲ ਦਾ ਘਾਟਾ ਹੈ ? ਅਫਰੀਕਾ ਵਰਗੇ ਪੱਛੜੇ ਦੇਸ਼ 'ਚੋਂ ਕੱਢ ਕੇ ਅਮਰੀਕਾ ਵਰਗੇ ਸਿਰਮੌਰ ਦੇਸ਼ ਵਿਚ ਰੱਖਿਆ ਹੈ ਇਸਨੂੰ, ਇਸਦੇ ਪਤੀ ਨੇ...ਇਸਨੂੰ ਹੋਰ ਚਾਹੀਦਾ ਵੀ ਕੀ ਹੈ।
ਪਰ, ਰੋਜ਼ੀ ਨੇ ਤਾਂ ਕਦੇ ਆਪਣੇ ਘਰ, ਆਪਣੇ ਪਤੀ ਦੇ ਕੋਲ ਰਹਿਣ ਤੋਂ ਸਿਵਾਇ ਕੁਝ ਹੋਰ ਚਾਹਿਆ ਹੀ ਨਹੀਂ । ਬਿਅੰਤ ਨੂੰ ਹਮੇਸ਼ਾ ਰੋ ਰੋ ਕੇ ਆਖਦੀ ਰਹਿੰਦੀ, "ਪਲੀਜ਼ ਮੈਨੂੰ ਆਪਣੇ ਕੋਲ ਬੁਲਾ ਲਉ, ਇੱਥੇ ਮੈਨੂੰ ਬੜਾ ਡਰ ਲਗਦੈ। ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦੀ।" ਪਰ ਬਿਅੰਤ ਤਾਂ ਫਿਰ ਬਿਅੰਤ ਸੀ ਨਾ, ਉਸਦੀ ਕਦੋਂ ਸੁਣਦਾ ਸੀ ? ਉਹ ਉਸਨੂੰ ਆਖਦਾ,
"ਫਿਰ ਉਹੀ ਅਨਪੜ੍ਹਾਂ ਵਾਲੀ ਗੱਲ ਕਰ ਦਿੰਨੀ ਏਂ ਤੂੰ। ਬੱਚਿਆਂ ਦੇ ਭਵਿੱਖ ਬਾਰੇ ਸੋਚ। ਅਮਰੀਕਾ ਵੱਡੀਆਂ ਸੰਭਾਵਨਾਵਾਂ ਵਾਲੀ ਧਰਤੀ ਹੈ। ਆਪ ਵੀ ਆਪਣੇ 'ਕਰਿਡੈਂਸ਼ੀਅਲਜ'æ ਇੰਪਰੂਵ ਕਰ ਤੇ ਚੰਗੀ ਨੌਕਰੀ 'ਤੇ ਲੱਗ ਜਾਹ। ਬੱਚਿਆਂ ਨੂੰ ਵੀ ਚੰਗੀ ਤਾਲੀਮ ਦੇ। ਮੈਂ ਵੀ ਆ ਜਾਵਾਂਗਾ ਆਪਣਾ ਬਿਜ਼ਨੈੱਸ ਸਮੇਟ ਕੇ।"
ਉਹ ਕਦੇ ਮੁੜ ਕੇ ਜਵਾਬ ਤਲਬੀ ਨਾ ਕਰ ਸਕਦੀ । ਉਹ ਮਨ ਹੀ ਮਨ ਵਿਚ ਬਿਅੰਤ ਨੂੰ ਕਹਿੰਦੀ, 'ਹਾਇ ਜੇ ਕਦੇ ਤੂੰ ਮੇਰੇ ਦਿਲ ਦੀ ਗੱਲ ਸਮਝ ਸਕਦਾ!' ਜ਼ਿੰਦਗੀ ਦੇ ਵੀਹ ਵਰ੍ਹੇ ਬਿਅੰਤ ਦੀ ਇੰਤਜ਼ਾਰ ਕਰਦਿਆਂ ਲੰਘ ਗਏ, ਨਾ ਉਹਦੇ ਕੰਮ ਮੁੱਕੇ ਨਾ ਉਹ ਆਇਆ। ਸੋਚਾਂ ਸੋਚਦੀ ਦੀ ਕਦੋਂ ਅੱਖ ਲੱਗੀ ਪਤਾ ਹੀ ਨਾ ਲੱਗਿਆ।
ਠੱਕ ! ਠੱਕ ! ਠੱਕ ! ਦਰਵਾਜਾ ਖੜਕਿਆ । ਰੋਜ਼ੀ ਨੇ ਇਹ ਸਮਝ ਕੇ ਕਿ ਬਾਹਰ ਉਸਦਾ ਕੋਈ ਬੱਚਾ ਆਇਆ ਹੈ, ਡਰਦਿਆਂ ਡਰਦਿਆਂ ਬੂਹਾ ਖੋਲ੍ਹ ਦਿਤਾ ... ਰੋਜ਼ੀ ਦੇ ਤਾਂ ਜਿਵੇਂ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ । ਸਾਹਮਣੇ ਬਿਅੰਤ ਖੜਾ ਸੀ।
"ਤੁਸੀਂ ?" ਉਹ ਅਵਾਕ ਰਹਿ ਗਈ । ਉਸਦੇ ਮੂੰਹ ਤੇ ਇਕ ਰੰਗ ਆਵੇ, ਇਕ ਜਾਵੇ । ਉਸਨੇ ਘੁੱਟ ਕੇ ਦਰਵਾਜਾ ਫੜ ਲਿਆ ਤੇ ਚੀਕ ਕੇ ਬੋਲੀ,
"ਤਸੁਂ...ਹੁਣ... ਇੱਥੇ ਕੀ ਲੈਣ ਆਏ ਓ ?" ਬਸ ਇੰਨਾ ਹੀ ਆਖ ਸਕੀ ਤੇ ਠਾਹ ਕਰਕੇ ਬੂਹਾ ਬੰਦ ਕਰ ਦਿਤਾ ।
ਬੂਹਾ ਫਿਰ ਖੜਕਿਆ । ਉਹ ਦੜ ਵੱਟ ਕੇ ਲੇਟੀ ਰਹੀ । ਅਪਾਰਟਮੈਂਟਾਂ ਵਿਚ ਆਵਾਜ਼ ਝੱਟ ਗੂੰਜ ਜਾਂਦੀ ਹੈ ਅਤੇ ਲੋਕਾਂ ਦੀ ਨੀਂਦ 'ਚ ਵਿਘਨ ਪੈਣ ਤੇ ਲੋਕ ਝੱਟ ਪੁਲੀਸ ਬੁਲਾ ਲੈਂਦੇ ਹਨ । ਹਾਰ ਕੇ ਉਸਨੇ ਦਰਵਾਜਾ ਖੋਲ ਦਿਤਾ ਤੇ ਬੜੇ ਹੀ ਗੁੱਸੇ ਵਿਚ ਬੋਲੀ,
"ਦੱਸੋ...? ਹੁਣ ਕੀ ਲੈਣ ਆਏ ਹੋ ਇੱਥੇ ? ਚਲੇ ਜਾਉ ਇੱਥੋਂ?"
" ਮਾਮ ! ਮਾਮ ਕੀ ਹੋਇਆ ਤੁਹਾਨੂੰ ! ਅੱਖਾਂ ਖੋਲ੍ਹੋ। ਮੈਂ ਆਈ ਹਾਂ ! ਅੱਜ ਫਿਰ ਪਾਪਾ ਦਾ ਸੁਪਨਾ ਦੇਖਣ ਲਗ ਪਏ ਸੀ?"
ਰੋਜ਼ੀ ਨੇ ਅੱਖਾਂ ਖੋਲ੍ਹੀਆਂ ਸਾਹਮਣੇ ਉਸਦੀ ਧੀ ਜੈਸਮੀਨ ਖੜੀ ਸੀ। ਉਹ ਅੱਬ੍ਹੜਵਾਹੀ ਉੱਠੀ ਅਤੇ ਡੌਰ ਭੌਰ ਨਜ਼ਰਾਂ ਨਾਲ ਜੈਸਮੀਨ ਵੱਲ ਵੇਖਣ ਲੱਗੀ। ਹੌਲੀ ਜਿਹੀ ਬੋਲੀ,
"ਸੌਰੀ ਬੇਟਾ ! ਬੱਸ ਐਵੇਂ ਹੀ... ਆ ਗਈ? ਬੜੀ ਦੇਰ ਹੋ ਗਈ?"
"ਹਾਂ ਜੀ, ਪ੍ਰਾਜੈਕਟ ਲੰਮਾ ਸੀ। ਮਾਂ ਸੱਚੀਂ ਦੱਸੋ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਨਾ !"
"ਹਾਂ ! ਹਾਂ ਹੋ ਗਿਐ ! ਫਿਕਰ ਨਾ ਕਰ ਮੈਂ ਹਾਂ ਨਾ ! ...ਜੈਸਮੀਨ ਮੈਂ ਸੋਚਦੀ ਆਂ ਤੂੰ ਵਿਆਹ ਕਰਵਾ ਲੈ ਹੁਣ!"
"ਮਾਮ ਪਲੀਜ...ਤੁਸੀਂ ਵਿਆਹ ਕਰਵਾਕੇ ਕੀ ਖੱਟਿਐ ਜੋ ਮੈਨੂੰ...æ" ਰੋਜ਼ੀ ਦਾ ਜਵਾਬ ਸੁਣਨ ਤੋਂ ਬਿਨਾ ਹੀ ਉਹ ਦੂਜੇ ਕਮਰੇ ਵਿਚ ਚਲੀ ਗਈ।
ਰੋਜ਼ੀ ਕੰਧ ਨਾਲ ਸਰਾਹਣਾ ਲਾਕੇ ਬੈਠ ਗਈ। ਪਾਣੀ ਦੇ ਦੋ ਕੁ ਘੁੱਟ ਭਰ ਕੇ ਸੋਚਾਂ ਦੇ ਸਮੁੰਦਰ ਵਿਚ ਫਿਰ ਗੋਤੇ ਖਾਣ ਲਗੀ । 'ਕਿੰਨਾ ਖੁਸ਼ ਸੀ ਸਾਡਾ ਪਰਿਵਾਰ ਉਸ ਦਿਨ, ਜਿਸ ਦਿਨ ਬਿਅੰਤ ਜੰਝ ਲੈ ਕੇ ਮੈਨੂੰ ਲੈਣ ਆਇਆ ਸੀ । ਆਪਣੇ ਸੁਪਨਿਆਂ ਦੇ ਰਾਜਕੁਮਾਰ ਨੂੰ ਤੱਕਿਆ ਤਾਂ ਵੱਡੀਆਂ ਵੱਡੀਆਂ ਕੁੰਡੀਆਂ ਮੁੱਛਾਂ ਵਾਲਾ ਰੋਹਬਦਾਰ ਸਰਦਾਰ... ਜਿਵੇਂ ਕਿਸੇ ਪੁਰਾਣੀ ਰਿਆਸਤ ਦਾ ਰਾਜਾ ਹੋਵੇ । ਪਤਾ ਨਹੀਂ ਉਸਨੂੰ ਵੇਖਕੇ ਉਹ ਖੁਸ਼ ਹੋਈ ਸੀ ਜਾਂ ਹੈਰਾਨ... ਪਰ ਸੋਚਦੀ ਸੀ, ਹਰ ਹਾਲ ਵਿਚ ਨਿਭਾਏਗੀ।'
ਵਿਆਹ ਤੋਂ ਪਿੱਛੋਂ ਜਦੋਂ ਰੋਜ਼ੀ ਦਿੱਲੀ ਤੋਂ ਚੰਡੀਗੜ, ਬਿਅੰਤ ਦੇ ਮਹਿਲ ਵਰਗੇ ਘਰ ਵਿਚ ਪਹੁੰਚੀ ਤਾਂ ਉਸਦੀ ਭੈਣ ਤੇ ਮਾਂ ਨੂੰ ਨੌਕਰਾਂ 'ਤੇ ਰੋਹਬ ਝਾੜਦੀਆਂ, ਫੂੰ ਫੂੰ ਕਰਦੀਆਂ ਫ਼ਿਰਦੀਆਂ ਵੇਖ ਤਾਂ ਜਿਵੇਂ ਉਸਦਾ ਤ੍ਰਾਹ ਹੀ ਨਿਕਲ ਗਿਆ। ਪਰ ਉਸਨੇਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਭਾਵਂੇ ਕੁਝ ਵੀ ਹੋਵੇ ਇਹਨਾਂ ਦਾ ਦਿਲ ਜਰੂਰ ਜਿੱਤੇਗੀ।
ਇਕ ਦਿਨ ਬਿਅੰਤ ਵਾਸ਼ਰੂਮ ਵਿਚ ਨਹਾਉਣ ਗਿਆ ਪਰ ਉਹ ਤੌਲੀਆ ਲਿਜਾਣਾ ਭੁੱਲ ਗਿਆ । ਉਸਨੇ ਅੰਦਰੋਂ ਅਵਾਜ਼ ਮਾਰੀ,"ਰੋਜ਼ੀ !"
"ਹਾਂ ਆਈ...!"
ਇਕ ਭਾਰੀ ਭਰਕਮ, ਝਿੜਕ ਵਰਗੀ ਆਵਾਜ਼ ਨੇ ਉਸਨੂੰ ਝੰਜੋੜ ਦਿਤਾ, "ਹਾਂ ਕੀ ਹੁੰਦੈ ? ਨਾ ਅੱਗੇ 'ਜੀ' ਤੇ ਨਾ ਪਿੱਛੇ 'ਜੀ'। ਉਸ ਦਿਨ ਤੋਂ ਰੋਜ਼ੀ ਨੇ ਹਮੇਸ਼ਾ ਉਸਨੂੰ 'ਜੀ ਆਈ ਜੀ' ਕਹਿਣਾ ਸ਼ਰੂ ਕਰ ਦਿਤਾ ਸੀ ।
ਵਿਆਹ ਤੋਂ ਇਕ ਮਹੀਨਾ ਬਾਅਦ ਰੋਜ਼ੀ ਪਤੀ ਨਾਲ ਚੰਡੀਗੜ ਤੋਂ ਨਾਈਜੀਰੀਆ ਚਲੀ ਗਈ । ਉਸਨੂੰ ਥੋੜਾ ਜਿਹਾ ਸੁਖ ਦਾ ਸਾਹ ਆਇਆ । ਉਹ ਸੋਚਦੀ ਮੈਂ ਜਿਸ ਸਕੂਨ ਦੀ ਤਲਾਸ਼ ਵਿਚ ਸਾਂ ਹੁਣ ਉਹ ਮੈਨੂੰ ਇੱਥੇ ਜਰੂਰ ਮਿਲੇਗਾ । ਜਿੰਨਾ ਚਿਰ ਚੰਡੀਗੜ੍ਹ ਰਹੀ, ਬਿਅੰਤ ਆਪਣੀ ਮਾਂ ਤੇ ਭੈਣ ਦਾ ਚਮਚਾ ਬਣਿਆ ਰਹਿੰਦਾ । ਇਸ ਤਰ੍ਹਾਂ ਵਰਤਾਉ ਕਰਦਾ ਜਿਵੇਂ ਉਹ ਉਸਦੀ ਵਹੁਟੀ ਹੀ ਨਾ ਹੋਵੇ, ਕੋਈ ਕਾਮੀ ਰੱਖੀ ਹੋਵੇ ਘਰ ਦੇ ਕੰਮ ਲਈ । ਸੋਚਦੀ, ਹੁਣ ਤਾਂ ਉਹ ਦੋਵੇਂ ਇਕੱਲੇ ਸਨ। ਹੁਣ ਵੇਖੇਗੀ ਕਿ ਕਿਵੇਂ ਨਹੀਂ ਉਹ ਉਹਦਾ ਬਣਦਾ।
ਆਪਣੇ ਨਾਂ ਦੀ ਤਰ੍ਹਾਂ ਬਿਅੰਤ ਸੀ ਵੀ ਬਿਅੰਤ ਹੀ । ਖੁੱਲ੍ਹਦਿਲਾ ਤੇ ਦਲੇਰ । ਮਹਿਫਿਲਾਂ ਦਾ ਸ਼ੌਕੀਨ । ਨਾਈਜੀਰੀਆਂ ਵਿਚ ਉਹਨਾਂ ਦੇ ਜੰਗਲਿਆਂ ਨਾਲ ਘਿਰੇ ਘਰ ਵਿਚ ਤਿੰਨ ਚਾਰ ਨੌਕਰ ਹਰ ਵੇਲੇ ਰਹਿੰਦੇ । ਇਕ ਦੋਸਤ ਆਉਂਦਾ ਇਕ ਚਲਾ ਜਾਂਦਾ । ਸਨ ਤਾਂ ਉਹ ਦੋ ਜਣੇ ਪਰ ਵੱਡੇ ਵੱਡੇ ਪਤੀਲਿਆਂ ਵਿਚ ਭਾਂਤ ਭਾਂਤ ਦੇ ਖਾਣੇ ਬਣਦੇ । ਮਹਿਫਿਲਾਂ ਸਜਦੀਆਂ । ਦੋਸਤ ਉਸਦੇ ਘਰ ਦੀ, ਉਸਦੀਆਂ ਦਾਅਵਤਾਂ ਦੀ ਤੇ ਉਸਦੀ ਖੁੱਲ੍ਹਖਰਚੀ ਦੀ ਰੱਜ ਕੇ ਤਾਰੀਫ਼ ਕਰਦੇ । ਉਹ ਧਰਤੀ ਤੋਂ ਗਿੱਠ ਗਿੱਠ ਉੱਚਾ ਤੁਰਦਾ ਤੇ ਅਗਲੀ ਵੇਰ ਪਹਿਲਾਂ ਨਾਲੋਂ ਵੀ ਵੱਧ ਉਚੇਚ ਕਰਦਾ । ਰੋਜ਼ੀ ਬੜੇ ਚਾਅ ਨਾਲ ਘਰ ਸਜਾਉਂਦੀ । ਆਪ ਖੂਬ ਸੁਹਣੀ ਤਰ੍ਹਾਂ ਤਿਆਰ ਹੁੰਦੀ ਤੇ ਨੀਝ ਨਾਲ ਬਿਅੰਤ ਵੱਲ ਵੇਖਦੀ । ਬਿਅੰਤ ਦੇ ਮੂੰਹੋਂ ਤਾਰੀਫ਼ ਦਾ ਇਕ ਵੀ ਸ਼ਬਦ ਕਦੇ ਸੁਨਣ ਨੂੰ ਨਾ ਮਿਲਦਾ ।
ਸਮਾਂ ਬੀਤਦਾ ਗਿਆ ਤੇ ਹੁਣ ਉਹ ਬਿਅੰਤ ਦੇ ਸਾਰੇ ਦੋਸਤਾਂ ਨੂੰ ਜਾਨਣ ਲਗ ਪਈ ਸੀ । ਬਿਅੰਤ ਦੇ ਰੁੱਖੇ ਵਤੀਰੇ ਦੇ ਬਾਵਜੂਦ ਵੀ ਉਹ ਆਪਣੇ ਘਰ ਵਿਚ ਆਪਣੇ ਆਪ ਨੂੰ ਰਾਣੀ ਤੋਂ ਘੱਟ ਨਹੀਂ ਸੀ ਸਮਝਦੀ । ਬਿਅੰਤ ਨੂੰ ਖੁਸ਼ ਕਰਣ ਲਈ ਉਹ ਵੀ ਉਨ੍ਹਾਂ ਦੀਆ ਮਹਿਫਿਲਾਂ ਵਿਚ ਆਕੇ ਬੈਠ ਜਾਂਦੀ । ਇਕ ਦਿਨ ਉਸਦੇ ਇਕ ਦੋਸਤ ਨੇ ਕਿਹਾ, "ਭਾਬੀ ਜੀ ਅੱਜ ਤੁਸੀਂ ਵੀ ਸੁਣਾਉ ਕੁਝ...ਸੁਣਿਐ ਤੁਸੀਂ ਮਿਊਜ਼ਿਕ ਦੀ ਮਾਸਟਰਜ਼ ਕੀਤੀ ਹੈ!" ਤੇ ਉਸਨੇ ਇਹ ਗਜ਼ਲ ਸੁਣਾਕੇ ਹਾਜ਼ਿਰ ਸ੍ਰੋਤਿਆਂ ਤੋਂ ਖੂਬ ਦਾਦ ਹਾਸਿਲ ਕੀਤੀ-
ਰਹਿਤੇ ਥੇ ਕਭੀ ਜਿਨਕੇ ਦਿਲ ਮੇਂ ਹਮ ਜਾਨ ਸੇ ਭੀ ਪਿਆਰੋਂ ਕੀ ਤਰਹਿ
ਬੈਠੇ ਹੈਂ ਉਨ੍ਹੀ ਕੇ ਕੂਚੇ ਮੇਂ ਹਮ ਆਜ ਗੁਨਹਿਗਾਰੋਂ ਕੀ ਤਰਹਿ...
ਉਸ ਦਿਨ ਉਸਨੇ ਸੋਚਿਆ ਕਿ ਬਿਅੰਤ ਨੂੰ ਆਪਣੀ ਬੀਵੀ ਤੇ ਬੜਾ ਮਾਣ ਹੋਵੇਗਾ । ਜਦੋਂ ਸਾਰੇ ਚਲੇ ਗਏ ਤਾਂ ਬਿਅੰਤ ਨੇ ਰੋਜ਼ੀ ਨੂੰ ਝਿੜਕ ਕੇ ਆਖਿਆ,
"ਮੈਡਮ ਅੱਜ ਲੋਕਾਂ ਵਿਚ ਮੈਨੂੰ ਇਸ ਤਰ੍ਹਾਂ ਜਲੀਲ ਕਰਨ ਦੀ ਕੀ ਜਰੂਰਤ ਸੀ ? ਗਾਉਣ ਦਾ ਸ਼ੌਕ ਹੈ ਤਾਂ ਸ਼ਬਦ ਗਾਇਆ ਕਰ।" ਰੋਜ਼ੀ ਹੋਰ ਨਿਰਾਸ ਹੋ ਗਈ। ਬਿਅੰਤ ਦੀਆਂ ਦਾਅਵਤਾਂ ਦਾ ਸਿਲਸਿਲਾ ਵੱਧਦਾ ਦੇਖ ਇਕ ਦਿਨ ਹਿੰਮਤ ਕਰਕੇ ਰੋਜ਼ੀ ਨੇ ਬਿਅੰਤ ਨੂੰ ਕਹਿ ਹੀ ਦਿਤਾ,
"ਜੀ ਕੁਝ ਜਿਆਦਾ ਨਹੀਂ ਹੋ ਗਿਐ ਜੀ ਇਹ ? ਤੁਸੀਂ ਇਸ ਤਰ੍ਹਾਂ ਪੈਸਾ ਬਰਬਾਦ ਕਿਉਂ ਕਰ ਰਹੇ ਹੋ ਇਨ੍ਹਾਂ ਲੋਕਾਂ 'ਤੇ ਜੀ...? ;ਜਰਾ ਸੰਭਲੋ।"
"ਤੂੰ ਕੀ ਲੈਣੇ ਇਨ੍ਹਾਂ ਗੱਲਾਂ 'ਚੋਂ ? ਤੇਰਾ ਪੈਸਾ ਹੈ ? ਮੇਰਾ ਬਿਜ਼ਨੈੱਸ ਹੈ... ਸੌ ਲੋਕਾਂ ਨੂੰ ਖੁਸ਼ ਕਰਨਾ ਹੁੰਦੈ ਬਿਜ਼ਨੈਸ ਵਿਚ । ਤੈਨੂੰ ਤਾਂ ਨਹੀਂ ਨਾ ਕਿਸੇ ਗੱਲ ਦਾ ਘਾਟਾ...।"
ਰੋਜ਼ੀ ਨੇ ਧੀਮੀ ਜਿਹੀ ਸੁਰ 'ਚ ਕਿਹਾ,"ਨਹੀਂ ਜੀ ਮੈਂ ਤਾਂ ਬਸ ਐਵੇਂ ਹੀ ਕਹਿ ਦਿਤਾ ਸੀ ਜੀ...ਬੀ ਜੀ ਕਹਿੰਦੇ ਹੁੰਦੇ ਸਨ, ਪੈਸੇ ਦੀ ਕਦਰ ਕਰਨੀ ਚਾਹੀਦੀ ਹੈ।" ਰੋਜ਼ੀ ਨੂੰ ਆਪਣੀ ਮਾਂ ਦੀ ਗੱਲ ਯਾਦ ਆ ਗਈ ਸੀ । ਫਿਰ ਜਦੋਂ ਵੀ ਉਹ ਬਿਅੰਤ ਨੂੰ ਲੋਕਾਂ ਤੇ ਪੈਸੇ ਲੁਟਾਉਂਦਿਆਂ ਵੇਖਦੀ, ਖੂਨ ਦੇ ਘੁਟ ਪੀ ਲੈਂਦੀ । ਜਦ ਵੀ ਕਦੇ ਬਿਅੰਤ ਨੂੰ ਫ਼ਿਜੂਲਖਰਚੀ ਕਰਣ ਤੋਂ ਵਰਜਦੀ, ਉਹਨਾਂ ਵਿਚ ਲੜਾਈ ਹੋ ਜਾਂਦੀ ।
ਇਕ ਦਿਨ ਬਿਅੰਤ ਨੇ ਇਕ ਹੁਕਮ ਸੁਣਾ ਦਿਤਾ, "ਮੈਨੂੰ ਪਹਿਲਾਂ ਹੀ ਬਿਜ਼ਨੈੱਸ ਦੀ ਬੜੀ ਟੈਂਸ਼ਨ ਹੈ...ਮੇਰਾ ਬਿਜ਼ਨੈੱਸ 'ਲੌਸ' 'ਚ ਜਾ ਰਿਹੈ... ਉਤੋਂ ਤੂੰ ਮੈਨੂੰ ਸਵਾਲ ਤੇ ਸਵਾਲ ਕਰਦੀ ਰਹਿੰਦੀ ਏਂ... ਬੱਚਿਆਂ ਨੂੰ ਲੈ ਤੇ ਅਮਰੀਕਾ ਚਲੇ ਜਾਹ ਆਪਣੇ ਰਿਸ਼ਤੇਦਾਰਾਂ ਕੋਲ। ਬੱਚੇ aੁੱਥੇ ਪੜ੍ਹਣਗੇ । ਮੈਂ ਮਹੀਨੇ ਦੇ ਮਹੀਨੇ ਖਰਚ ਭੇਜਦਾ ਰਹਾਂਗਾ ।" ਬਿਅੰਤ ਦਾ ਫ਼ਤਵੇ ਵਰਗਾ ਫੁਰਮਾਨ ਸੁਣ ਕੇ ਉਸ ਦਿਨ ਤਾਂ ਰੋਜ਼ੀ ਦੇ ਹਵਾਸਾਂ ਤੇ ਜਿਵੇਂ ਸੁਨਾਮੀ ਹੀ ਚੜ੍ਹ ਆਇਆ ਸੀ । ਉਸ ਨੇ ਬਥੇਰੇ ਤਰਲੇ ਕੀਤੇ,
"ਦੇਖੋ, ਪਲੀਜ਼ ਇੰਝ ਨਾ ਕਰੋ ਬਿਅੰਤ । ਮੈਂ ਤੁਹਾਥੋਂ ਬਗੈਰ ਨਹੀਂ ਰਹਿ ਸਕਦੀ । ਬਿਅੰਤ ਇਸ ਤਰ੍ਹਾਂ ਆਪਣੇ ਤੋਂ ਦੂਰ ਤਾਂ ਨਾ ਕਰੋ ਸਾਨੂੰ । ਮੈਂ ਤੁਹਾਡੇ ਨਾਲ ਜੀਊਣਾ ਚਾਹੁੰਦੀ ਹਾਂ ।" ਪਰ ਉਹ ਫੈਸਲਾ ਕਰ ਚੁੱਕਾ ਸੀ । ਸਮਾਨ ਬੰਨ ਕੇ ਉਹ ਸਾਰੇ ਕੈਲੀਫੋਰਨੀਆ ਦੇ ਫਰੀਮੌਂਟ ਸ਼ਹਿਰ ਵਿਚ ਪਹੁੰਚ ਗਏ । ਇਥੇ ਰੋਜ਼ੀ ਦੇ ਭੈਣ ਤੇ ਭਰਾ ਵੀ ਰਹਿੰਦੇ ਸਨ । ਫੈਮਿਲੀ ਦੇ ਆਧਾਰ ਤੇ ਇਮੀਗਰੇਸ਼ਨ ਦੇ ਸਾਰੇ ਕਾਗਜ-ਪੱਤਰ ਤਿਆਰ ਕੀਤੇ ਗਏ । ਅਪਾਰਟਮੈਂਟ ਲਿਆ ਗਿਆ ਤੇ ਬੱਚਿਆਂ ਨੂੰ ਸਕੂਲ ਪੜ੍ਹਣੇ ਪਾ ਕੇ ਬਿਅੰਤ ਵਾਪਸ ਅਫ਼ਰੀਕਾ ਚਲਾ ਗਿਆ ।
ਬੱਚੇ ਅਜੀਬ ਜਿਹੇ ਸਵਾਲ ਪੁੱਛਦੇ ਜਿਸਦਾ ਉਸ ਕੋਲ ਕੋਈ ਉੱਤਰ ਨਾ ਹੁੰਦਾ ।" ਆਰ ਯੂ ਡਾਈਵੋਰਸਡ ਮੌਮ ?" ਉਹ ਘੁੱਟ ਕੇ ਰਾਹੁਲ ਨੂੰ ਗੱਲ ਨਾਲ ਲਾ ਲੈਂਦੀ ਤੇ ਉਸਦਾ ਗੱਚ ਭਰ ਆਉਂਦਾ ।
" ਆਈ ਡੋਂਟ ਲਾਈਕ ਡੈਡ । ਹੀ ਇਜ਼ ਨੌਟ ਦਿਅਰ ਫੌਰ ਅੱਸ। ਹੂ ਵਿੱਲ ਡੂ ਫਾਦਰ ਡਾਟਰ ਡਾਂਸ ਵਿਦ ਮੀ? " ਨਿੱਕੀ ਜਿਹੀ ਜੈਸਮੀਨ ਦੇ ਨਿੱਕੇ ਜਿਹੇ ਮਨ ਵਿਚ ਕੁੜੱਤਣ ਦਾ ਬੀਜ ਫੁੱਟਣਾ ਸ਼ੁਰੂ ਹੋ ਗਿਆ ਸੀ।
ਕਿੰਨੇ 'ਫ਼ਾਦਰਸ ਡੇਅ' ਤੇ ਉਨ੍ਹਾਂ ਨੇ ਨਾਟਕ ਕੀਤਾ ਆਪਸ 'ਚ ਹੀ । 'ਚਲੋ ਬਈ ਜੈਸਮੀਨ ਹੈ ਸਾਡਾ ਫ਼ਾਦਰ ਅੱਜ, ਅਸੀਂ ਦੋਨੋ ਡੈਡ ਨੂੰ ਡਿਨਰ ਤੇ ਲੈ ਕੇ ਜਾਵਾਂਗੇ' ਤੇ ਗਿਫ਼ਟ ਵੀ ਦਿੰਦੇ, ਅਗਲੇ ਸਾਲ ਰਾਹੁਲ ਡੈਡ ਬਣਦਾ...। ਰੋਜ਼ੀ ਬੱਚਿਆਂ ਲਈ ਮਾਂ ਵੀ ਬਣੀ ਤੇ ਬਾਪ ਵੀ ।
ਮਨ ਸੀ ਕਿ ਬਾਰ ਬਾਰ ਬਿਅੰਤ ਵੱਲ ਨੂੰ ਤੁਰ ਪੈਂਦਾ । 'ਉਹ ਵੀ ਕਿਵੇਂ ਰਿਹਾ ਹੋਵੇਗਾ ਇਕੱਲਾ ? ਕੀ ਉਸਨੂੰ ਕਦੇ ਆਪਣੇ ਪਰਿਵਾਰ ਦੀ ਕਮੀ ਮਹਿਸੂਸ ਨਾ ਹੋਈ ਹੋਵੇਗੀ ?'
ਛੋਟੇ ਛੋਟੇ ਬੱਚੇ...ਪਹਿਲਾਂ ਤਿੰਨ ਚਾਰ ਮਹੀਨੇ ਪੈਸੇ ਵੀ ਆ ਗਏ ਪਰ ਫਿਰ ਤੰਗੀ ਦਾ ਦੌਰ ਸ਼ੁਰੂ ਹੋ ਗਿਆ । ਬਿਅੰਤ ਨੂੰ ਫੋਨ ਕਰਦੀ ਤਾਂ ਆਖਦਾ ਕਿ ਅਜੇ ਬਿਜ਼ਨੈਸ ਸਲੋਅ ਹੈ । ਜ਼ਰਾ ਪਿਕ ਅਪ ਕਰ ਲਵੇ ਤਾਂ ਪੈਸੇ ਭੇਜ ਦਿਆਂਗਾ । ਰੋਜ਼ੀ ਦਾ ਹਰ ਵਾਰ ਉਹੀ ਤਰਲਾ, "ਤੁਸੀਂ ਐਥੇ ਆ ਜਾਵੋ। ਭਾਂਵੇਂ ਕੋਈ ਕੰਮ ਨਾ ਕਰਨਾ, ਕੰਮ ਮੈਂ ਕਰਾਂਗੀ । ਤੁਸੀਂ ਸਾਡੇ ਕੋਲ ਰਹੋ ਆਕੇ।"
ਰੋਜ਼ੀ ਬਿਅੰਤ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਸਦੇ ਗੁੱਸੈਲੇ ਸੁਭਾਅ ਨੂੰ ਸਮਝਦੀ ਸੀ। ਉਹ ਜਾਣਦੀ ਸੀ ਕਿ ਉਸਦੇ ਨਾਲ ਦੇ ਉਸ ਨੂੰ ਖਾ ਰਹੇ ਸਨ ਪਰ ਬਿਅੰਤ 'ਤੇ ਤਾਂ ਮਹਾਨ ਬਨਣ ਦੀ ਧੁਨ ਸਵਾਰ ਰਹਿੰਦੀ ਸੀ।
ਇਕ ਵਾਰੀ ਬਿਅੰਤ ਕੈਲੀਫੋਰਨੀਆ ਆਇਆ ਤੇ ਕਹਿੰਦਾ, 'ਉਥੇ ਬਿਜ਼ਨੈਸ ਸਮੇਟ ਰਿਹਾ ਹਾਂ। ਹਿਸਾਬ-ਕਿਤਾਬ ਕਰਕੇ ਆ ਜਾਵਾਂਗਾ ।"
"ਛੇਤੀ ਆਉਣਾ ਨਹੀਂ ਤਾਂ ਤੁਹਾਡਾ ਗਰੀਨ ਕਾਰਡ ਐਕਸਪਾਇਰ ਹੋ ਜਾਵੇਗਾ।"
"ਇਹ ਕੀ ਤੂੰ ਮੈਨੂੰ ਗਰੀਨ ਕਾਰਡ ਦੀ ਧਮਕੀ ਦਿੰਨੀ ਰਹਿਨੀ ਏ ਹਰ ਵਕਤ । ਤੂੰ ਸੋਚਦੀ ਏਂ ਮੈਂ ਤੇਰੇ ਗਰੀਨ ਕਾਰਡ ਦਾ ਗੁਲਾਮ ਹੋ ਜਾਵਾਂਗਾ ?" ਤੇ ਉਹ ਗਰੀਨ ਕਾਰਡ ਪਾੜ ਕੇ ਚਲਾ ਗਿਆ ਸੀ । ਕਾਰਡ ਕੀ ਪਾੜਿਆ ਬੱਚਿਆਂ ਦੇ ਦਿਲ ਵੀ ਲੀਰੋ ਲੀਰ ਕਰ ਕੇ ਚਲਾ ਗਿਆ । ਉਸ ਦਿਨ ਤੋਂ ਬਾਅਦ ਉਨ੍ਹਾਂ ਦੇ ਮੂੰਹੋਂ ਰੋਜ਼ੀ ਨੇ ਕਦੇ ਉਹਦਾ ਜ਼ਿਕਰ ਨਾ ਸੁਣਿਆ ।
ਪੈਸੇ ਦੀ ਬੜੀ ਤੰਗੀ ਸੀ। ਬੜੀ ਮੁਸ਼ਕਿਲ ਨਾਲ ਉਦੋਂ ਸੈਨਹੋਜ਼ੇ ਇਕ ਛੋਟੀ ਜਿਹੀ ਨੌਕਰੀ ਮਿਲ ਗਈ । ਨਹੀਂ ਤਾਂ ਉਹ ਬੱਚਿਆਂ ਨੂੰ ਕਿਵੇਂ ਪਾਲਦੀ । ਬੱਚਿਆਂ ਨੂੰ ਸਕੂਲ ਲਿਜਾਣਾ-ਲਿਆਉਣਾ ! ਸੰਗੀਤ, ਭੰਗੜੇ ਤੇ ਗਿੱਧੇ ਉਸਨੇ ਉਹਨਾਂ ਨੂੰ ਸਭ ਸਿਖਾਇਆ । ਉਹ ਚਾਹੁੰਦੀ ਸੀ ਕਿ ਉਸਦੇ ਬੱਚੇ ਕਿਸੇ ਗੱਲੋਂ ਵੀ ਘੱਟ ਨਾ ਰਹਿਣ । ਖਰਚੇ ਜਿਆਦਾ ਤੇ ਆਮਦਨ ਘੱਟ...ਪੈਸੇ ਕਦੇ ਵੀ ਪੂਰੇ ਨਾ ਹੁੰਦੇ ਤੇ ਕਰੈਡਿਟ ਕਾਰਡ ਭਰਦੇ ਗਏ। ਸਾਰੇ ਰਸਤੇ ਬੰਦ ਹੋਣ ਤੋਂ ਬਾਅਦ ਪੜ੍ਹਾਈ ਲਈ ਕਰਜ਼ਾ ਚੁੱਕਿਆ । ਆਪਣੇ ਮਨ ਵਿਚ ਬੀ ਜੀ ਨੂੰ ਨਿਹੋਰੇ ਮਾਰਦੀ ਰਹਿੰਦੀ,' ਲਉ ਹੁਣ ਤਾਂ ਖੁਸ਼ ਹੋ ਨਾ। ਵੇਖ ਲਉ ਹੁਣ ਕਿੰਨੀਂ ਕੰਜੂਸੀ ਕਰਨ ਲਗੀ ਹਾਂ'।
ਬਿਅੰਤ ਐਸਾ ਗਿਆ, ਫਿਰ ਮੁੜ ਕੇ ਨਾ ਆਇਆ । ਹੌਲੀ ਹੌਲੀ ਫ਼ੋਨ ਵੀ ਆਉਣੇ ਬੰਦ ਹੋ ਗਏ । ਉਸਦੇ ਦੋਸਤਾਂ ਤੋਂ ਪਤਾ ਲੱਗਿਆ ਕਿ ਉਸਦੇ ਬਿਜ਼ਨੈਸ ਪਾਰਟਨਰ ਉਸਨੂੰ ਠੱਗ ਕੇ ਚਲੇ ਗਏ ਸਨ । ਬਿਅੰਤ ਕੰਗਾਲ ਹੋ ਗਿਆ ਸੀ । ਰੋਜ਼ੀ ਨੇ ਉਸਦੇ ਦੋਸਤਾਂ ਹੱਥ ਬਥੇਰੇ ਸੁਨੇਹੇ ਭੇਜੇ ਕਿ ਉਸਨੂੰ ਕਹੋ ਕਿ ਇੱਥੇ ਆ ਜਾਵੇ। ਪਰ ਬਿਅੰਤ ਤਾਂ ਜਿਵੇਂ ਲਾਪਤਾ ਹੀ ਹੋ ਗਿਆ ।
ਬਹੁਤ ਰੋਈ ਸੀ ਰੋਜ਼ੀ ਉਨ੍ਹੀਂ ਦਿਨੀਂ । ਰੋਜ਼ੀ ਨੂੰ ਲੋਕ ਆਖਦੇ ਕਿ ਉਹ ਹੋਰ ਵਿਆਹ ਕਰਵਾ ਲਵੇ । ਪਰ ਉਹ ਸੋਚਦੀ ਕਿਵੇਂ ਕਰਵਾਵਾਂ ... ਬੱਚਿਆਂ ਨੂੰ ਬਾਪ ਤਾਂ ਨਹੀਂ ਮਿਲ ਜਾਣਾ ਨਾ ! ਸਗੋਂ ਮਾਂ ਵੀ ਜਾਂਦੀ ਰਹਿਣੀ । ਹੁਣ ਤਾਂ ਰੋਜ਼ੀ ਨੂੰ ਸੁਖ ਦਾ ਸਾਹ ਆਇਆ ਸੀ ਕਿਉਂਕਿ ਬੱਚੇ ਵੱਡੇ ਹੋ ਗਏ ਸਨ ਤੇ ਯੂਨੀਵਰਸਿਟੀ ਜਾਣ ਲਗੇ ਸਨ । ਥੋੜਾ ਪਾਰਟ ਟਾਈਮ ਕੰਮ ਕਰਕੇ ਉਸਦੀ ਮਦਦ ਵੀ ਕਰਦੇ ਸਨ । ਪਰ ਤਾਂ ਵੀ ਯੂਨੀਵਰਸਿਟੀਆਂ ਦੇ ਖਰਚੇ ਪੂਰੇ ਨਹੀਂ ਸਨ ਹੋ ਰਹੇ।
ਇਕ ਦਿਨ ਫਰੀਮੌਂਟ ਵਿਚ ਦੋਸਤਾਂ ਦੀ ਇਕ ਗੈਰ-ਰਸਮੀ ਜਿਹੀ ਮਹਿਫ਼ਿਲ ਵਿਚ ਰੋਜ਼ੀ ਵੀ ਸ਼ਾਮਿਲ ਸੀ । ਲੋਕ ਹੱਸ ਗਾ ਰਹੇ ਸਨ । ਰੋਜ਼ੀ ਨੇ ਵੀ ਮੁੱਦਤਾਂ ਬਾਅਦ ਇਕ ਗ਼ਜ਼ਲ ਗਾ ਕੇ ਸੁਣਾਈ । ਲੋਕਾਂ ਨੂੰ ਉਸਦੀ ਸੁਰੀਲੀ ਆਵਾਜ਼ ਬਹੁਤ ਪਸੰਦ ਆਈ । ਉੱਥੇ ਉਹ ਆਪਣੀ ਸਹੇਲੀ ਰਮਾ ਨਾਲ ਗਈ ਹੋਈ ਸੀ । ਵਾਪਸੀ ਤੇ ਰਮਾ ਨੇ ਰੋਜ਼ੀ ਨੂੰ ਕਿਹਾ,
"ਰੋਜ਼ੀ ਆਪ ਤੋ ਇਤਨਾ ਅੱਛਾ ਗਾਤੀ ਹੋ, ਅਪਨੇ ਟੇਲੈਂਟ ਕੋ ਯੂਜ਼ ਕਿਉਂ ਨਹੀਂ ਕਰਤੀਂ ? ਆਪ ਕੈਰੀਓਕੇ ਕਿਉਂ ਨਹੀਂ ਗਾਤੀ, ਅਪਨੇ ਫ਼ਨ ਦਾ ਇਸਤੇਮਾਲ ਕਰੋ । ਸ਼ੌਕ ਭੀ ਪੂਰਾ, ਉਦਾਸੀ ਭੀ ਦੂਰ ਔਰ 'ਐਕਸਟਰਾ ਮਨੀ' ਭੀ... ।"
ਰੋਜ਼ੀ ਝਿਜਕਦੀ ਸੀ ਕਿ ਲੋਕ ਕੀ ਕਹਿਣਗੇ । ਪਰ ਰਮਾ ਨੇ ਕਿਹਾ, " ਰੋਜ਼ੀ ਕਾਮ ਤੋ ਕੋਈ ਬੁਰਾ ਨਹੀਂ ਹੋਤਾ । ਅਗਰ ਆਪਕੋ ਅਪਨੇ ਊਪਰ ਵਿਸ਼ਵਾਸ ਹੈ ਕਿ ਆਪ ਕੋਈ ਬੁਰਾ ਕਾਮ ਨਹੀਂ ਕਰ ਰਹੇ ਤੋਂ ਡਰ ਕਿਸ ਬਾਤ ਕਾ? ਵੈਸੇ ਭੀ ਜਿਨ ਸੇ ਡਰਤੀ ਹੋ ਉਨ ਲੋਗੋਂ ਨੇ ਕਭੀ ਆਕੇ ਤੁਮਾਹਰੀ ਮਦਦ ਕੀ ਕਿਆ ? ਆਜਕਲ ਜ਼ਮਾਨਾ ਬਦਲ ਗਿਆ ਹੈ, ਕਲਾਕਾਰ ਕੀ ਕਦਰ ਕਰਤੇ ਹੈਂ ਲੋਕ। ਆਪ ਮਨ ਬਨਾਉ ਔਰ ਮੈਂ ਕਰਤੀ ਹੂੰ ਆਪਕੀ ਹੈਲਪ।" ਰਮਾ ਦੀ ਮਦਦ ਨਾਲ ਹੀ ਅੱਜ ਇਹ ਕੰਟਰੈਕਟ ਮਿਲਿਆ ਸੀ।
ਸਵੇਰੇ ਰੋਜ਼ੀ ਆਫ਼ਿਸ ਜਾਣ ਲਈ ਤਿਆਰ ਹੋਈ। ਘਰ ਵਿਚ ਇਕੋ ਬੈੱਡਰੂਮ ਸੀ ਜਿਸ ਵਿਚ ਉਹ ਆਪ ਸੌਂਦੀ ਅਤੇ ਦੋਵੇਂ ਬੱਚੇ ਹੇਠਾਂ ਕਾਰਪੈੱਟ 'ਤੇ ਬਿਸਤਰੇ ਲਗਾ ਕੇ ਸੌਂਦੇ। ਉਨ੍ਹਾਂ ਨੂੰ ਇੰਝ ਸੁੱਿਤਆਂ ਵੇਖ ਰੋਜ਼ੀ ਬਹੁਤ ਉਦਾਸ ਹੋ ਕੇ ਸੋਚਣ ਲੱਗੀ 'ਮੇਰੇ ਬੱਚਿਓ ਬੱਸ ਕੁਝ ਚਿਰ ਹੋਰ ...ਤੇ ਫਿਰ ਬੱਸ !'
ਆਫਿਸ ਜਾਣ ਲਈ ਚਾਬੀ ਕੱਢਣ ਲਈ ਪਰਸ ਖੋਲਿਆ ਤੇ ਰਾਤ ਵਾਲਾ ਲਿਫਾਫਾ ਲੁਸ ਲੁਸ ਕਰਦਾ ਉਸਦੇ ਹੱਥਾਂ ਵਿਚ ਆ ਗਿਆ। ਉਹ ਚਹਿਕ ਪਈ ਅਤੇ ਉਸਦੇ ਸਾਹਮਣੇ ਰਾਤ ਵਾਲਾ ਉਹ ਦ੍ਰਿਸ਼ ਘੁੰਮਣ ਲੱਗਾ...ਉਹ ਇਕ ਪਲ ਉੱਥੇ ਹੀ ਰੁਕ ਕੇ ਸੁਪਨੇ ਜਿਹੇ 'ਚ ਚਲੀ ਗਈ ; ਕੈਲੀਫ਼ੋਰਨੀਆ ਦੇ ਫਰੀਮੌਂਟ ਸ਼ਹਿਰ ਦਾ ਮੂਨਲਾਈਟ ਬੈਂਕੁਇਟ ਹਾਲ...'ਵੈਲਨਟਾਈਨਜ਼ ਡੇਅ' 'ਤੇ ਲਾਲ- ਗੁਲਾਬੀ ਰੰਗ ਦੀਆਂ ਪੋਸ਼ਾਕਾਂ 'ਚ ਸਜੇ ਧਜੇ ਜੋੜਿਆਂ ਦਾ ਡਿਨਰ... ਰੁਮਾਂਟਿਕ ਮਾਹੌਲ... ਸਟੇਜ 'ਤੇ ਗੀਤ ਗਾਉਂਦੀ ਹੋਈ ਰੋਜ਼ੀ -
ਆਈਏ ਹਜੂæਰ ਤੁਮਕੋ.. ਬਹਾਰੋਂ ਮੇਂ ਲੇ ਚਲੂੰ...
ਰੋਜ਼ੀ ਦੇ ਪਾਈ ਲਾਲ ਰੰਗ ਦੀ ਸਾੜ੍ਹੀ ਤੇ ਸਿਰ ਤੇ ਸਜੇ ਹੋਏ ਘੁੰਘਰਾਲੇ ਵਾਲ...ਵਾਲਾਂ ਵਿਚ ਖੱਬੇ ਕੰਨ ਪਿੱਛੇ ਲਾਲ ਗੁਲਾਬ... ਉਸਦੇ ਤਾਂਬੇ ਰੰਗੇ ਮੂੰਹ ਦੀ ਲਿਸ਼ਕ ਤੋਂ ਤਿਲਕ ਤਿਲਕ ਜਾਂਦੀ ਉਮਰ ਦੇ ਹੰਢਾਏ ਪੰਜ ਦਹਾਕਿਆਂ ਦੀ ਦਾਸਤਾਨ । ਉਸਦੇ ਸੱਜੇ ਹੱਥ ਵਿਚ ਫੜਿਆ ਮਾਈਕ... ਦੂਜੇ ਹੱਥ ਵਿਚ ਮਾਈਕ ਦੀ ਲਹਿਰਾ ਰਹੀ ਤਾਰ... ਅੱਖਾਂ ਬੰਦ... ਗਾਉਂਦੀ ਤੇ ਝੂਮਦੀ ਹੋਈ... ਇਕ ਮਿਸਰਾ ਮੁਕਾ ਲੈਂਦੀ ਤਾਂ ਮੂੰਹ ਜ਼ਰਾ ਜਿਹਾ ਨੀਂਵਾਂ ਕਰਕੇ ਸਿਰ ਨੂੰ ਹਲਕਾ ਜਿਹਾ ਝਟਕਾ ਦਿੰਦੀ । ਤਾਰ ਵਾਲੇ ਹੱਥ ਨਾਲ ਸਰੋਤਿਆਂ ਵੱਲ ਇਸ਼ਾਰਾ ਕਰਦੀ ਤੇ ਫਿਰ ਇਸਨੂੰ ਜ਼ਰਾ ਜਿਹਾ ਉਤਾਂਹ ਚੁੱਕ ਕੇ ਹਵਾ ਵਿਚ ਲਹਿਰਾ ਦਿੰਦੀ ।
ਹਾਲ ਵਿਚ ਉਸਦੇ ਜਾਦੂ ਦੇ ਕੀਲੇ ਲੋਕ...ਬਿਨਾ ਆਵਾਜ਼ ਕੀਤਿਆਂ ਉਸ ਵੱਲ ਦੇਖ ਰਹੇ ਲੋਕ! ਅਚਾਨਕ ਇੱਕਾ ਦੁੱਕਾ ਲੋਕਾਂ ਨੇ ਜੋਸ਼ ਵਿਚ ਆਕੇ ਉਸਦੇ ਨਾਲ ਗਾਉਣਾ ਸ਼ੁਰੂ ਕਰ ਦਿਤਾ...ਆਈਏ ਹਜ਼ੂਰ...! ਲੋਕ ਸਟੇਜ ਤੇ ਨੋਟ ਸੁੱਟਣ ਲੱਗੇ । ਕਹਿਕਹੇ... ਹਾਸੇ... ਖੁਸ਼ੀਆਂ...ਵਾਹ...ਵਾਹ..ਜੀਉ...ਸਦਕੇ...ਨਾਲ ਭਰਿਆ ਵਾਤਾਵਰਣ!
ਰੋਜ਼ੀ ਨੇ ਗੀਤ ਮੁਕਾਇਆ...ਹਾਲ ਤਾੜੀਆਂ ਨਾਲ ਗੂੰਜ ਗਿਆ । ਉਸਦੀਆਂ ਤਾਰੀਫ਼ਾਂ ਦੇ ਪੁਲ ਬੰਨ ਰਹੇ ਲੋਕ ...ਵਾਹ ! ਕਿਆ ਆਵਾਜ਼ ਹੈ ! ਹੋਰ...ਹੋਰ...ਹੋਰ ਸੁਣਾਉ... !! ਉਸਨੇ ਗਾਉਣਾ ਖ਼ਤਮ ਕੀਤਾ, ਹੱਥ ਜੋੜ ਕੇ ਥੋੜਾ ਜਿਹਾ ਝੁਕੀ ਤੇ ਲੋਕਾਂ ਵਲ ਹੱਥ ਹਿਲਾਕੇ ਸਟੇਜ ਦੇ ਪਿੱਛੇ ਚਲੀ ਗਈ । ਹਾਲ ਵਿਚ ਚਿਰਾਂ ਤੱਕ ਗੂੰਜਦੀ ਤਾੜੀਆਂ ਦੀ ਆਵਾਜ਼...!
ਰੋਜ਼ੀ ਸਟੇਜ ਦੇ ਪਿੱਛੇ ਖੜੇ ਪ੍ਰਬੰਧਕਾਂ ਨੂੰ ਮਿਲੀ । ਉਸਨੇ ਉਨ੍ਹਾਂ ਨੂੰ ਰਸਮੀ ਵਧਾਈ ਦਿੱਤੀ । ਇਕ ਪ੍ਰਬੰਧਕ ਨੇ ਬੜੇ ਅਦਬ ਨਾਲ ਊਸਨੂੰ ਇਹ ਲਿਫ਼ਾਫਾ ਫੜਾਉਂਦਿਆਂ ਆਖਿਆ, "ਥੈਕਯੂ ਰੋਜ਼ੀ ਜੀ ਤੁਸੀਂ ਤਾਂ ਸਾਡੇ ਵੈਲਨਟਾਈਨ ਡੇਅ ਦੇ ਪ੍ਰੋਗਰਾਮ ਨੂੰ ਚਾਰ ਚੰਦ ਲਾ ਦਿੱਤੇ।æ ਅੱਗੇ ਤੋਂ ਵੀ ਆਉਂਦੇ ਰਹਿਣਾ , ਓਕੇ "।
ਰੋਜ਼ੀ ਕਹਿਣਾ ਚਾਹੁੰਦੀ ਸੀ, 'ਥੈਂਕਯੂ ਤਾਂ ਮੈਨੂੰ ਕਰਨਾ ਚਾਹੀਦੈ' ਪਰ ਹੱਥ ਜੋੜ ਕੇ ਆਪਣੀ ਕਾਰ ਵੱਲ ਤੁਰ ਪਈ। ਉਸਨੇ ਕਾਰ ਵਿਚ ਜਾਕੇ ਇਹ ਲਿਫਾਫਾ ਖੋਲ ਕੇ ਵੇਖਿਆ ; ਇੰਨੇ ਸਾਰੇ ਨੋਟ ਵੇਖ ਉਸਦੀਆਂ ਅੱਖਾਂ ਨਮ ਹੋ ਗਈਆਂ । ਰੋਜ਼ੀ ਨੂੰ ਵੈਲਨਟਈਂਨ ਡੇਅ ਦੀ ਸਟੇਜ ਮੁੜ ਯਾਦ ਆਈ। ਉਸਦੀ ਪੂਰੀ ਜਿੰਦਗੀ ਰੀਲ ਵਾਂਗ ਅੱਖਾਂ ਅੱਗੇ ਘੁੰਮ ਗਈ ।
ਉਹ ਬੂਹਿਓਂ ਬਾਹਰ ਜਾਣ ਲੱਗੀ ਤਾਂ ਜਿਹੜੇ ਪੁਰਾਣੇ ਸੈਂਡਲ ਉਸਨੇ ਰਾਤੀਂ ਦਰਵਾਜ਼ੇ ਮੂਹਰੇ ਲਾਹੇ ਸਨ, ਉਹਨਾਂ ਨਾਲ ਉਸਨੂੰ ਠੋਕਰ ਵੱਜੀ । ਉਹ ਲੜਖੜਾ ਕੇ ਡਿੱਗਣ ਲੱਗੀ। ਉਸਨੇ ਸੈਂਡਲ ਚੁੱਕ ਲਏ...ਕੁਝ ਸੋਚਿਆ... ਸੈਂਡਲ ਕੋਲ ਪਏ ਡਸਟਬਿਨ ਵਿਚ ਸੁੱਟ ਦਿੱਤੇ ਤੇ ਬੜੇ ਮਜ਼ੇ ਨਾਲ ਗੁਣਗੁਣਾਉਂਦੀ ਬੂਹਿਓਂ ਬਾਹਰ ਨਿੱਕਲ ਗਈ, 'ਕਾਂਟੋਂ ਸੇ ਖੀਂਚ ਕੇ ਯਿਹ ਆਂਚਲ... ਤੋੜ ਕੇ ਬੰਧਨ ਬਾਂਧੀ ਪਾਇਲ...।'