ਜੋ ਸਭ ਕੁਝ ਭੁੱਲ ਕੇ ਸਾਡੇ ਘਰ ਆਏ ਨੇ,
ਖੁੱਲ੍ਹੇ ਦਿਲ ਨਾਲ ਅਸੀਂ ਉਹ ਗਲ ਲਾਏ ਨੇ।
ਮਾਲੀ ਉਹਨਾਂ ਨੂੰ ਪਾਣੀ ਹੀ ਨਹੀਂ ਦਿੰਦਾ,
ਤਾਂ ਹੀ ਗੁਲਸ਼ਨ ਦੇ ਬੂਟੇ ਮੁਰਝਾਏ ਨੇ।
ਉਹਨਾਂ ਨੂੰ ਸ਼ੁੱਧ ਹਵਾ ਨਹੀਂ ਮਿਲਣੀ ਯਾਰੋ,
ਜਿਹਨਾਂ ਸੜਕਾਂ ਉੱਤੋਂ ਰੁੱਖ ਕਟਵਾਏ ਨੇ।
ਹਾਕਮ ਨੇ ਲੋਕਾਂ ਨੂੰ ਆਪਸ ਵਿੱਚ ਵੰਡ ਕੇ,
ਆਪਣੇ ਦਿਨ ਤੇ ਰਾਤ ਹੁਸੀਨ ਬਣਾਏ ਨੇ।
ਉਹ ਸੜਕਾਂ ਤੇ ਧੱਕੇ ਖਾਂਦੇ ਫਿਰਦੇ ਨੇ,
ਜਿਹਨਾਂ ਨੇ ਘਰ ਮਿਹਨਤ ਨਾਲ ਬਣਾਏ ਨੇ।
ਜਿਹੜੇ ਜ਼ੁਬਾਨ ਚਲਾਂਦੇ ਨੇ ਕੈਂਚੀ ਵਾਂਗਰ,
ਉਹਨਾਂ ਨੇ ਆਪਣੇ ਘਰ ਨਰਕ ਬਣਾਏ ਨੇ।
ਖੁਸ਼ੀਆਂ ਸਾਡੇ ਵਿਹੜੇ ਆਣਗੀਆਂ ਛੇਤੀ,
ਹਾਲੇ ਤਾਂ ਸਾਡੇ ਹਿੱਸੇ ਗਮ ਆਏ ਨੇ।