ਮਾਰਚ ਮਹੀਨੇ ਦੇ ਅਖੀਰ ਵਿੱਚ ਰੋਜ਼ੀ ਦੀ ਪ੍ਰਸੂਤੀ ਛੁੱਟੀ (ਮੈਟਰਨਿਟੀ ਲੀਵ) ਖਤਮ ਹੋ ਰਹੀ ਸੀ ਤੇ ਅਪ੍ਰੈਲ ਤੋਂ ਉਸ ਨੇ ਆਪਣੀ ਡਿਊਟੀ ਤੇ ਜਾਣਾ ਸੀ। ਉਸ ਦੀ ਬੇਟੀ ਸਾਖੀ ਹੁਣ ਇੱਕ ਸਾਲ ਦੀ ਹੋ ਗਈ ਸੀ ਤੇ ਬੇਟਾ ਸਹਿਜ ਪੰਜ ਸਾਲ ਦਾ। ਬੇਟੇ ਵਾਰੀ ਵੀ ਉਹ ਸਾਲ ਬਾਅਦ ਡਿਊਟੀ ਤੇ ਗਈ ਸੀ ਪਰ ਉਦੋਂ ਮਨ ਤੇ ਇੰਨਾ ਬੋਝ ਨਹੀਂ ਸੀ ਜਿੰਨਾ ਕਿ ਹੁਣ ਸੀ। ਇਸ ਦਾ ਕਾਰਨ, ਇੱਕ ਤਾਂ ਦੁਨੀਆਂ ਵਿੱਚ ਫੈਲੀ ਨਾਮੁਰਾਦ ਬੀਮਾਰੀ ਕਰੋਨਾ ਵਾਇਰਸ ਸੀ ਤੇ ਦੂਜਾ ਉਸ ਦੀ ਮਾਂ ਵਰਗੀ ਸੱਸ ਵੀ ਉਸ ਕੋਲ ਨਹੀਂ ਸੀ।
ਰੋਜ਼ੀ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਨਾਮਵਰ ਹਸਪਤਾਲ ਵਿੱਚ ਨਰਸ ਲੱਗੀ ਹੋਈ ਸੀ। ਉਸ ਨੇ ਇੰਡੀਆ ਤੋਂ ਬੀ.ਐਸ. ਸੀ. ਨਰਸਿੰਗ ਕੀਤੀ ਹੋਈ ਸੀ ਤੇ ਇੱਥੇ ਆ ਕੇ, ਮਿਹਨਤ ਕਰਕੇ ਉਸ ਨੂੰ ਅਪਗਰੇਡ ਕਰ ਲਿਆ ਸੀ। ਉਸ ਦਾ ਜੀਵਨ ਸਾਥੀ ਮਨਜੋਤ, ਇੰਜੀਨੀਅਰ ਹੋਣ ਦੇ ਨਾਲ ਨਾਲ ਇੱਕ ਸਹਿਯੋਗੀ ਪਤੀ ਵੀ ਸੀ। ਬੇਟੇ ਵਾਰੀ ਹੀ ਉਹਨਾਂ ਨੇ ਇੰਡੀਆ ਤੋਂ ਉਸ ਦੇ ਦਾਦਾ ਦਾਦੀ ਨੂੰ ਮੰਗਵਾ ਲਿਆ ਸੀ। ਪਿਛਲੇ ਪੰਜ ਸਾਲ ਤੋਂ, ਉਹ ਸਰਦੀ ਕੱਟਣ ਇੰਡੀਆ ਜਾਂਦੇ ਪਰ ਗਰਮੀਆਂ ਵਿੱਚ ਇਹਨਾਂ ਕੋਲ ਹੀ ਰਹਿੰਦੇ। ਸੁਪਰ ਵੀਜ਼ੇ ਤੋਂ ਬਾਅਦ ਹੁਣ ਉਹ ਪੀ.ਆਰ ਹੋ ਗਏ ਸਨ। ਇਸ ਸਾਲ ਉਹ ਦੋ ਮਹੀਨੇ ਲਈ ਹੀ ਗਏ ਸਨ ਤੇ ਮਾਰਚ ਦੇ ਅਖੀਰ ਵਿੱਚ ਵਾਪਿਸ ਆਉਣਾ ਸੀ ਕਿਉਂਕਿ ਅਪਰੈਲ ਤੋਂ ਬੱਚਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਦਾਦਾ ਦਾਦੀ ਨੇ ਹੀ ਨਿਭਾਉਣੀ ਸੀ। ਇਸ ਅਚਾਨਕ ਆਈ ਆਫਤ ਕਾਰਨ ਕੈਨੇਡਾ ਨੇ ਫਲਾਈਟਸ ਬੰਦ ਕਰ ਦਿੱਤੀਆਂ ਤੇ ਉਹ ਉਥੇ ਹੀ ਫਸ ਗਏ। ਰੋਜ਼ੀ ਪਿਛਲੇ ੧੫ ਦਿਨਾਂ ਤੋਂ ਬਹੁਤ ਤਨਾਉ ਦੀ ਹਾਲਤ ਵਿੱਚ ਸੀ। ਉਸ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਕਿਹੜੀ ਡਿਊਟੀ ਨੂੰ ਤਰਜੀਹ ਦੇਵੇ- ਬੱਚਿਆਂ ਪ੍ਰਤੀ ਇੱਕ ਮਾਂ ਦੀ ਜਾਂ ਮਰੀਜ਼ਾਂ ਪ੍ਰਤੀ ਇੱਕ ਨਰਸ ਦੀ?
ਜੇ ਹਾਲਾਤ ਠੀਕ ਹੁੰਦੇ ਤਾਂ ਉਹ ਹੋਰ ਛੁੱਟੀ ਲੈ ਲੈਂਦੀ- ਪਰ ਉਸ ਨੂੰ ਲਗਦਾ ਕਿ ਏਸ ਮੌਕੇ ਹਸਪਤਾਲ ਨੂੰ ਮੇਰੀ ਵੱਧ ਲੋੜ ਹੈ। ਵੈਸੇ ਅਜੇਹੇ ਹਾਲਾਤ ਵਿੱਚ ਕਿਸੇ ਵੀ ਸਿਹਤ ਕਰਮਚਾਰੀ ਨੂੰ ਛੁੱਟੀ ਮਿਲਣੀ ਵੀ ਮੁਸ਼ਕਲ ਸੀ। ਸਗੋਂ ਸਰਕਾਰ ਨੇ ਤਾਂ ਪਿਛਲੇ ਸਾਲ ਰਿਟਾਇਰ ਹੋਈਆਂ ਸਟਾਫ ਨਰਸਾਂ ਨੂੰ ਵੀ ਬੁਲਾ ਲਿਆ ਸੀ। ਮਨਜੋਤ ਨੂੰ ਘਰੋਂ ਕੰਮ ਕਰਨ ਦੀ ਆਗਿਆ ਸੀ- ਪਰ ਉਹ ਵੀ ਦੋ ਬੱਚਿਆਂ ਨਾਲ ਘਰੋਂ ਕਿਵੇਂ ਕੰਮ ਕਰ ਸਕਦਾ ਸੀ? ਭਾਵੇਂ ਆਮ ਡੇ ਕੇਅਰ ਦੇ ਬੰਦ ਹੋਣ ਕਾਰਨ, ਸਰਕਾਰ ਨੇ ਪੁਲਿਸ ਤੇ ਸਿਹਤ ਕਰਮਚਾਰੀਆਂ ਦੇ ਬੱਚਿਆਂ ਲਈ ਕੁੱਝ ਖਾਸ ਡੇ ਕੇਅਰ ਸੈਂਟਰ ਖੋਲ੍ਹ ਦਿੱਤੇ ਸਨ- ਪਰ ਉਹ ਆਪਣੇ ਬੱਚਿਆਂ ਨੂੰ ਘਰ ਤੋਂ ਬਾਹਰ ਭੇਜਣਾ ਨਹੀਂ ਸੀ ਚਾਹੁੰਦੀ। ਸੋਸ਼ਲ ਡਿਸਟੈਂਸ ਰੱਖਣ ਕਾਰਨ, ਉਹ ਕਿਸੇ ਹੋਰ ਰਿਸ਼ਤੇਦਾਰ ਨੂੰ ਵੀ ਆਪਣੇ ਕੋਲ ਨਹੀਂ ਸੀ ਬੁਲਾ ਸਕਦੀ। ਇਸੇ ਕਸ਼ਮਕਸ਼ ਵਿੱਚ ਉਸ ਨੇ ਕਈ ਦਿਨ ਬਿਤਾਏ।
ਵੈਸੇ ਉਸ ਨੇ ਡਿਊਟੀ ਤੇ ਜਾਣ ਦੀ ਤਿਆਰੀ ਤਾਂ ਪਿਛਲੇ ਮਹੀਨੇ ਆਰੰਭ ਕਰ ਦਿੱਤੀ ਸੀ। ਪਰ ਉਸ ਨੂੰ ਇਹ ਨਹੀਂ ਸੀ ਉਦੋਂ ਪਤਾ ਕਿ- ਉਸ ਦੇ ਸੱਸ ਸਹੁਰਾ ਇੰਡੀਆ ਤੋਂ ਨਹੀਂ ਆ ਸਕਣਗੇ। ਬੇਟੇ ਸਹਿਜ ਨੂੰ ਉਹ ਦੋ ਸਾਲ ਤੱਕ ਫੀਡ ਕਰਦੀ ਰਹੀ ਸੀ। ਪਰ ਸਾਖੀ ਨੂੰ ਉਸ ਨੇ ਮਹੀਨਾ ਪਹਿਲਾਂ ਫੀਡ ਛੁਡਵਾ ਕੇ, ਮਸਾਂ ਹੀ ਬੋਤਲ ਤੇ ਲਾਇਆ ਸੀ- ਜਿਸ ਲਈ ਉਸ ਨੂੰ ਆਪ ਵੀ ਬੜੀ ਔਖੀ ਹੋਣਾ ਪਿਆ। ਉੱਧਰ ਸਹਿਜ ਹੁਣ ਬਹੁਤ ਸੁਆਲ ਪੁੱਛਣ ਲੱਗ ਗਿਆ ਸੀ- ਜਿਹਨਾਂ ਦਾ ਜੁਆਬ ਦੇਣਾ ਉਹਨਾਂ ਨੂੰ ਕਈ ਵਾਰੀ ਔਖਾ ਲਗਦਾ।
"ਕੋਈ ਗੱਲ ਨਹੀਂ..ਬੱਚਿਆਂ ਦੀ ਦੇਖ ਭਾਲ ਲਈ ਮੂਂਨੂੰ ਛੁੱਟੀ ਮਿਲ ਸਕਦੀ ਹੈ..ਤੂੰ ਆਪਣੀ ਤਿਆਰੀ ਕਰ!" ਮਨਜੋਤ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ।
"ਮੇਰੀ ਤਾਂ ੧੨ ਘੰਟੇ ਦੀ ਡਿਊਟੀ ਹੋਏਗੀ- ਤੁਸੀ ਬੱਚਿਆਂ ਨਾਲ ਕਿਵੇਂ ਸਾਰਾ ਕੁੱਝ ਮੈਨੇਜ ਕਰੋਗੇ?"
"ਤੈਨੂੰ ਪਤਾ ਤਾਂ ਹੈ ਕਿ ਮੈਂ ਘਰ ਦਾ ਸਾਰਾ ਕੰਮ ਜਾਣਦਾ ਹਾਂ। ਜਦੋਂ ਇਸ ਮੁਲਕ ਪੜ੍ਹਨ ਆਇਆ ਸੀ ਤਾਂ ਉਦੋਂ ਹੀ ਸਭ ਕੁੱਝ ਸਿੱਖ ਲਿਆ ਸੀ। ਬਾਕੀ ਇਹ ਕੈਨੇਡਾ ਸਭ ਕੁੱਝ ਆਪੇ ਹੀ ਸਿਖਾ ਦਿੰਦਾ ਹੈ!" ਮਨਜੋਤ ਨੇ ਉਸ ਨੂੰ ਗਲਵਕੜੀ ਵਿੱਚ ਲੈਂਦਿਆਂ ਕਿਹਾ।
ਪਿਛਲੇ ਹਫਤੇ ਤੋਂ ਉਸ ਨੇ, ਆਪਣੀ ਪੂਰੀ ਤਿਆਰੀ ਸ਼ੁਰੂ ਕਰ ਦਿੱਤੀ। ਆਪਣਾ ਸਾਰਾ ਲੋੜੀਂਦਾ ਸਮਾਨ ਬੇਸਮੈਂਟ ਵਿੱਚ ਰੱਖ ਲਿਆ। ਇੱਥੋਂ ਤੱਕ ਕਿ ਆਪਣੇ ਖਾਣਾ ਬਨਾਉਣ ਤੇ ਖਾਣ ਵਾਲੇ ਭਾਂਡੇ ਵੀ ਵੱਖਰੇ ਕਰ ਲਏ। ਉਸ ਨੂੰ ਫਿਕਰ ਸੀ ਕਿ ਮੈਂ ਵਾਇਰਸ ਵਾਲੇ ਮਰੀਜ਼ਾਂ ਵਿੱਚ ਸਾਰਾ ਦਿਨ ਰਹਿਣਾ ਹੈ- ਤੇ ਮੇਰਾ ਹੱਥ, ਬੱਚਿਆਂ ਨੂੰ ਜਾਂ ਘਰ ਦੀ ਕਿਸੇ ਚੀਜ਼ ਨੂੰ ਛੂਹਣਾ ਨਹੀਂ ਚਾਹੀਦਾ।
ਕੱਲ੍ਹ ਉਸ ਨੇ ਡਿਊਟੀ ਤੇ ਜਾਣਾ ਸੀ। ਅੱਜ ਉਸ ਨੇ ਮਨਜੋਤ ਨੂੰ ਢੇਰ ਸਾਰੀਆਂ ਹਦਾਇਤਾਂ ਕੀਤੀਆਂ। ਘਰ ਬਾਰੇ, ਬੱਚਿਆਂ ਬਾਰੇ, ਖਾਣ ਪੀਣ ਬਾਰੇ..।
"ਮੈਂ ਕੱਲ੍ਹ ਡਿਊਟੀ ਤੋਂ ਆ ਕੇ ਸਿੱਧੀ ਬੇਸਮੈਂਟ ਵਿੱਚ ਜਾਵਾਂਗੀ..ਤੁਰਨ ਲੱਗੀ ਫੋਨ ਕਰਾਂਗੀ..ਤੁਸੀਂ ਬੱਚਿਆਂ ਨੂੰ ਮੇਰੇ ਸਾਹਮਣੇ ਨਾ ਕਰਨਾ..ਉੱਪਰ ਬੈਡ ਰੂਮ 'ਚ ਲੈ ਜਾਣਾ..ਬੈਲ ਨਹੀਂ ਕਰਾਂਗੀ..ਹੇਠਾਂ ਜਾ ਕੇ ਸ਼ਾਵਰ ਲਵਾਂਗੀ ਫਿਰ ਆਪਣੇ ਕੱਪੜੇ ਲਾਊਂਡਰੀ ਵਿੱਚ ਪਾਵਾਂਗੀ। ਕੱਪੜੇ ਧੋ ਕੇ ਸਾਰੀ ਲਾਊਂਡਰੀ ਡਿਸਇਨਫੈਕਟ ਕਰਾਂਗੀ- ਕਿਉਂਕਿ ਉਥੇ ਤੁਸੀਂ ਆਪਣੇ ਤੇ ਬੱਚਿਆਂ ਦੇ ਕੱਪੜੇ ਵੀ ਧੋਣੇ ਹਨ। ਤੁਸੀਂ ਬੱਚਿਆਂ ਨੂੰ ਖਾਣਾ ਖੁਆ ਕੇ ਸੁਆ ਦੇਣਾ ਤੇ ਆਪਣੀ ਸਿਹਤ ਦਾ ਧਿਆਨ ਰੱਖਣਾ- ਮੇਰਾ ਫਿਕਰ ਨਾ ਕਰਨਾ- ਮੈਂ ਆਪੇ ਕੁੱਝ ਖਾ ਲਿਆ ਕਰਾਂਗੀ..ਬੱਸ ਬੱਚਿਆਂ ਨੂੰ ਤੇ ਆਪਣੇ ਆਪ ਨੂੰ ਮੇਰੇ ਤੋਂ ਦੂਰ ਰੱਖਣਾ.. ਜਦ ਤੱਕ ਮੈਂ ਚੇਂਜ ਕਰਕੇ ਡੋਰ, ਸ਼ੂਜ਼ ਤੋਂ ਲੈ ਕੇ ਸਟੇਅਰਜ਼ ਤੱਕ ਸਾਰਾ ਡਿਸਇਨਫੈਕਟ ਨਾ ਕਰ ਦਿਆਂ ਤੁਸੀਂ ਬੱਚਿਆਂ ਨੂੰ ਮੇਨ ਫਲੋਰ ਤੇ ਲੈ ਕੇ ਨਾ ਆਉਣਾ..ਆਦਿ!" ਕਿਉਂਕਿ ਉਸ ਨੂੰ ਸਾਖੀ ਦਾ ਡਰ ਸੀ- ਉਹ ਦੋ ਚਾਰ ਕਦਮ ਚਲ ਵੀ ਲੈਂਦੀ ਸੀ ਪਰ ਰਿੜਦੀ ਹੋਈ ਉਹ ਡੋਰ ਕੋਲ ਪਈਆਂ ਜੁੱਤੀਆਂ ਨੂੰ ਵੀ ਅਕਸਰ ਹੀ ਟੱਚ ਕਰ ਦਿੰਦੀ ਸੀ।
"ਓ ਮਾਈ ਡੀਅਰ.." ਕਹਿੰਦਿਆਂ ਮਨਜੋਤ ਨੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਤੇ ਉਹ ਕੁੱਝ ਬੋਲ ਨਾ ਸਕਿਆ। ਉਸ ਨੂੰ ਇੰਜ ਲੱਗਾ ਜਿਵੇਂ ਰੋਜ਼ੀ ਕਿਸੇ ਜੰਗ ਦੇ ਮੋਰਚੇ ਤੇ ਜਾ ਰਹੀ ਹੋਵੇ। ਦੋਹਾਂ ਦੇ ਕਈ ਦਿਨਾਂ ਤੋਂ ਡੱਕੇ ਹੋਏ ਹੰਝੂ ਆਪ ਮੁਹਾਰੇ ਵਹਿ ਤੁਰੇ।
"ਕੱਲ੍ਹ ਤੋਂ ਆਪਾਂ ਇੱਕ ਦੂਜੇ ਨੂੰ ਛੂਹ ਨਹੀਂ ਸਕਾਂਗੇ.. ਬੱਸ ਫੋਨ ਤੇ ਹੀ ਗੱਲ ਹੋਏਗੀ..ਬੱਚਿਆਂ ਨੂੰ ਵੀ ਛੁੱਟੀ ਵਾਲੇ ਦਿਨ ਹੀ ਮਿਲਾਂਗੀ.. ਬੱਚਿਆਂ ਦੀਆਂ ਵੀਡੀਓ ਅਪਲੋਡ ਕਰਦੇ ਰਹਿਣਾ..ਮੈਂ ਵੇਲੇ ਕੁਵੇਲੇ ਦੇਖ ਲਿਆ ਕਰਾਂਗੀ..!" ਉਹ ਮਸਾਂ ਹੀ ਕਹਿ ਸਕੀ।
ਅੱਜ ਰਾਤ ਉਸ ਨੇ ਆਪਣੇ ਦੋਹਾਂ ਬੱਚਿਆਂ ਨੂੰ ਵੀ ਘੁੱਟ ਕੇ ਪਿਆਰ ਕੀਤਾ- ਕਿਉਂਕਿ ਉਸ ਨੂੰ ਪਤਾ ਸੀ ਕਿ ਉਹ ਕੱਲ੍ਹ ਤੋਂ ਬੱਚਿਆਂ ਨੂੰ ਹੱਗ ਵੀ ਨਹੀਂ ਕਰ ਸਕੇਗੀ।
ਸਵੇਰੇ ਸਾਝਰੇ ਸੁੱਤੇ ਪਏ ਬੱਚਿਆਂ ਦੇ ਮੂੰਹ ਚੁੰਮ ਕੇ, ਮਨਜੋਤ ਨੂੰ ਬਾਏ ਬਾਏ ਕਹਿ- ਉਹ ਇਸ ਅਨੋਖੀ ਜੰਗ ਲੜ ਰਹੇ, ਆਪਣੇ ਹੋਰ ਸਾਥੀਆਂ ਸੰਗ, ਆਪਣੇ ਮੋਰਚੇ ਤੇ ਡਟ ਗਈ।