ਕਿਹੜਾ ਗੀਤ ਮੈਂ ਗਾਵਾਂ ?
(ਕਵਿਤਾ)
ਮਾਏ ਨੀ ਹੁਣ ਕਿਹੜਾ ਗੀਤ ਮੈਂ ਗਾਵਾਂ ?
ਮੇਰੇ ਹਰ ਇਕ ਗੀਤ ਚ ਰੜਕੇ
ਪੀੜਾਂ ਦਾ ਪਰਛਾਵਾਂ
ਮੇਰੇ ਗੀਤ ਦਾ ਲੰਮਾ ਪੈਂਡਾ
ਸੂਰਜ ਤਪਸ਼ ਵਧਾਏ
ਮੇਰੇ ਗੀਤਾਂ ਦੇ ਰਾਹਾਂ ਵਿੱਚ
ਪੌਣਾ ਜਾਲ ਵਿਛਾਏ
ਗੀਤਾਂ ਦੀ ਸੰਘੀ ਘੁੱਟ ਦਿੰਦਾ
ਮੰਜਿਲ ਦਾ ਸਿਰਨਾਵਾਂ
ਮਾਏ ਨੀ ਹੁਣ ਕਿਹੜਾ...............
ਮੇਰੇ ਗੀਤ ਚ ਵਗਦੇ ਪਾਣੀ
ਜ਼ਹਿਰਾਂ ਘੋਲ ਲਿਆਏ
ਘੁੱਟ ਘੁੱਟ ਪੀਣ ਨੂੰ ਤਰਸ ਗਏ ਨੇ
ਪੀ ਪੀ ਵੀ ਤਿਰਹਾਏ
ਚੂਸ ਲਈ ਹੈ ਰੱਤ ਜਾਲਮਾਂ
ਕਿੰਝ ਗੀਤਾਂ ਵਿੱਚ ਪਾਵਾਂ
ਮਾਏ ਨੀ ਹੁਣ ਕਿਹੜਾ.................
ਗੀਤ ਜਦੋਂ ਮੈਂ ਲਿਖਣ ਹਾਂ ਲਗਦਾ
ਆਦਮ ਬੋਅ ਬੋਅ ਆਵੇ
ਗੀਤ ਮੇਰੇ ਦੇ ਸ਼ਬਦਾਂ ਨੂੰ ਕੋਈ
ਮਰੀ ਜ਼ਮੀਰ ਸਤਾਵੇ
ਹਰ ਅੱਖਰ ਹੈ ਦਰਦ ਪਰੁੰਨ੍ਹਿਆ
ਪੀੜਾਂ ਕਿੰਝ ਹੰਢਾਵਾਂ ?
ਮਾਏ ਨੀ ਹੁਣ ਕਿਹੜਾ...............
ਮੇਰੇ ਗੀਤ ਨੂੰ ਵਰਜ ਰਹੀ ਹੁਣ
ਫੁੱਲ ਉਗਾਉੰਦੀ ਧਰਤੀ
ਥੋਹਰ ਨਾਂ ਉੱਗੂ ਕੋਈ ਕੰਡਿਆਲ਼ੀ
ਮਹਿਕਾਂ ਦੀ ਰੁੱਤ ਪਰਤੀ
ਕਿਰਨਾ ਦੇ ਫਿਰ ਬੋਹਲ਼ ਦੇ ਵਿੱਚੋਂ
ਚੁਗ ਚੁਗ ਸ਼ਬਦ ਲਿਆਵਾਂ
ਮਾਏ ਨੀ ਮੈਂ ਗੀਤ ਖ਼ੁਸ਼ੀ ਦੇ ਗਾਵਾਂ
ਹਮਸਾਇਆਂ ਨੂੰ ਪਾ ਗਲ਼ਵੱਕੜੀ
ਮਾਣਾਂ ਠੰਡੀਆਂ ਛਾਵਾਂ
ਮਾਏ ਨੀ ਮੈਂ ਗੀਤ ਖ਼ੁਸ਼ੀ ਦੇ ਗਾਵਾਂ
ਮਾਏ ਨੀ ਮੈਂ ਗੀਤ ਖ਼ੁਸ਼ੀ ਦੇ ਗਾਵਾਂ