ਮਾਂ ਬੋਲੀ ਅਤੇ ਲੌਕਡਾਊਨ
(ਮਿੰਨੀ ਕਹਾਣੀ)
ਉਹ ਲੋਕਾਂ ਦੇ ਘਰੀਂ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੀ ਤੇ ਤਕਰੀਬਨ 6 ਕੁ ਸਾਲ ਦੇ ਆਪਣੇ ਪੁੱਤਰ ਫਿੱਡੇ ਨੂੰ ਵੀ ਨਾਲ ਹੀ ਲੈ ਜਾਂਦੀ। ਪਿਤਾ ਦੀ ਬਿਮਾਰੀ ਤੇ ਘਰ 'ਚ ਅੱਤ ਦੀ ਗਰੀਬੀ ਨੇ ਫਿੱਡੇ ਦੇ ਸਕੂਲ ਜਾਣ ਦੇ ਚਾਅ ਦੀ ਫੁੱਟਦੀ ਕਰੂੰਬਲ ਨੂੰ ਮਰੋੜ ਕੇ ਰੱਖ ਦਿੱਤਾ ਸੀ। ਪਰ ਇੱਕ ਦਿਨ ਸਬੱਬ ਨਾਲ ਮਾਂ ਨੂੰ ਉਸ ਅਧਿਆਪਿਕਾ ਦੇ ਘਰ ਸ਼ਾਮ ਵੇਲੇ ਦਾ ਕੰਮ ਮਿਲ ਗਿਆ। ਜਿਹੜੀ ਬੜੀ ਦਿਆਲੂ ਤੇ ਸੁਘੜ-ਸਿਆਣੀ ਅੌਰਤ ਸੀ, ਜਿਸ ਨੇ ਫਿੱਡੇ ਨੂੰ ਇਹ ਕਹਿੰਦਿਆਂ ਪੜ੍ਹਾਉਣਾ ਸ਼ੁਰੂ ਕੀਤਾ ਕਿ ਘੱਟੋ-ਘੱਟ ਤੂੰ ਮਾਂ ਬੋਲੀ ਤਾਂ ਸਿੱਖ ਲੈ। ਬੱਚਾ, "ਮਾਂ ਬੋਲੀ ਕੀ ਹੁੰਦੀ ਹੈ?" ਤਾਂ ਉਸ ਨੇ ਜਵਾਬ ਦਿੰਦਿਆਂ ਕਿਹਾ ਕਿ ਜਿਹੜੀ ਬੋਲੀ ਤੁਹਾਡੀ ਮਾਂ ਬੋਲਦੀ ਹੈ ਅਤੇ ਤੁਸੀਂ ਮਾਂ ਦੀ ਗੋਦ ਵਿੱਚ ਰਹਿ ਕੇ ਸਿੱਖਦੇ ਹੋ। ਉਧਰ ਕਰੋਨਾ ਦੇ ਵੱਧਦੇ ਪ੍ਰਸਾਰ ਨੇ ਅਜਿਹੀ ਤਰਥੱਲੀ ਮਚਾਈ ਕਿ ਸਭ ਜਨਜੀਵਨ ਠੱਪ ਹੋ ਕੇ ਰਹਿ ਗਿਆ। ਉਸ ਸਮੇਂ ਤਾਂ ਵਿਚਾਰੀ ਨੂੰ ਘਰ ਮੁੜਨਾ ਹੀ ਅੌਖਾ ਹੋ ਗਿਆ, ਜਦੋਂ ਅਧਿਆਪਿਕਾ ਦੇ ਇਹ ਬੋਲ ਕੰਨੀਂ ਪਏ,"ਬੀਬੀ ਲੌਕਡਾਊਨ ਏ, ਹੁਣ ਕੰਮ ਤੇ ਨਾ ਆਈ।ਨਾਲੇ ਆਪਣਾ ਤੇ ਪਰਿਵਾਰ ਦਾ ਖਿਆਲ ਰੱਖੀਂ।" ਖੈਰ ਹੁਣ ਘਰੇ ਬੰਦ ਹੋਣ ਦੇ ਬਾਵਜੂਦ ਵੀ ਮਾਸੂਮ ਅੰਦਰ ਪੜ੍ਹਨ ਦਾ ਸਰੂਰ ਉਬਾਲੇ ਮਾਰ ਰਿਹਾ ਸੀ ਤੇ ਲੌਕਡਾਊਨ ਦਾ ਅਰਥ ਸਮਝ ਨਹੀਂ ਆ ਰਿਹਾ ਸੀ। ਇੱਕ ਦਿਨ, "ਮਾਂ-ਮਾਂ ਮੈਨੂੰ ਲੌਕਡਾਊਨ ਬੋਲ ਕੇ ਦਿਖਾ" ਜਿਸ ਨੂੰ ਵਿਚਾਰੀ ਚੰਗੀ ਤਰ੍ਹਾਂ ਨਾ ਬੋਲ ਸਕੀ।ਫਿਰ ਬੱਚਾ ਮਨ ਹੀ ਮਨ ਸੋਚਦਾ ਇਹ ਮੇਰੀ ਮਾਂ ਬੋਲੀ ਦਾ ਸ਼ਬਦ ਨਹੀਂ ਹੋ ਸਕਦਾ। ਇਹਦੇ ਕਰਕੇ ਹੀ ਤਾਂ ਮੈਨੂੰ ਮੇਰੀ ਮਾਂ ਬੋਲੀ ਸਿੱਖਣ ਦੀ ਰੀਝ ਵੀ ਅਧੂਰੀ ਰਹਿ ਗਈ ਜਾਪਦੀ ਏ। ਉਧਰ ਮੈਨੂੰ ਵੀ ਤਾਲਾਬੰਦੀ ਸ਼ਬਦ ਤੇ ਪਈ ਹੋਈ ਧੂੜ ਹੁਣ ਸਾਫ਼ ਦਿਖਾਈ ਦੇਣ ਲੱਗੀ।