ਵਿਸ਼ਵ ਪੰਜਾਬੀ ਸਾਹਿਤ ਅਕੈਡਮੀ, ਕੈਲੀਫੋਰਨੀਆ ਵਲੋਂ ਕਰਵਾਈ ਗਈ ਜੂਨ ਮਹੀਨੇ ਦੀ ਜ਼ੂਮ ਮਾਸਿਕ ਸਾਹਿਤਕ ਮਿਲਣੀ ਰੌਚਿਕਤਾ ਪੂਰਵਕ ਨੇਪਰੇ ਚੜ੍ਹੀ। ਇਸ ਵਿਚ ਜਿੱਥੇ ਕੈਨੇਡਾ ਤੋਂ ਅਵਤਾਰ ਗੋਂਦਾਰਾ, ਸੁਰਿੰਦਰ ਗੀਤ, ਪਿਆਰਾ ਸਿੰਘ ਕੁੱਦੋਵਾਲ ਅਤੇ ਸੁਰਜੀਤ ਕੌਰ ਸ਼ਾਮਿਲ ਹੋਏ ਉੱਥੇ ਹੀ ਭਾਰਤ, ਅੰਮ੍ਰਿਤਸਰ ਤੋਂ ਚਰਨਜੀਤ ਸਿੰਘ ਪੰਨੂੰ ਨੇ ਵੀ ਹਾਜ਼ਰੀ ਲਗਵਾਈ। ਸਟਾਕਟਨ ਤੋਂ ਹਰਪਾਲ ਕੌਰ ਧੂਤ ਤੇ ਜੋਤੀ ਸਿੰਘ ਅਤੇ ਬੇ ਏਰੀਏ ਤੋਂ ਅਸ਼ੋਕ ਕੁਮਾਰ ਐਸ਼, ਮੁਹਿੰਦਰ ਸਿੰਘ ਸੰਘੇੜਾ,ਜਗਜੀਤ ਨੌਸ਼ਹਿਰਵੀ, ਕੁਲਵਿੰਦਰ,ਰੇਸ਼ਮ ਸਿੱਧੂ,ਅਮਰਜੀਤ ਪੰਨੂ, ਗੁਲਸ਼ਨ ਦਿਆਲ, ਲਾਜ ਨੀਲਮ ਸੈਣੀ, ਤਾਰਾ ਸਾਗਰ,ਸੁਖਵਿੰਦਰ ਕੰਬੋਜ,ਸੁਖਪਾਲ ਸੰਘੇੜਾ,ਇਜਾਦ ਸਈਅਦ, ਸੁਰਜੀਤ ਸਖੀ ਅਤੇ ਸੁਰਿੰਦਰ ਸੀਰਤ ਨੇ ਇਸ ਜ਼ੂਮ ਮੀਟਿੰਗ ਨੂੰ ਗਲੋਬਲ ਰੰਗਤ ਵਿਚ ਰੰਗ ਦਿੱਤਾ।ਬੈਠਕ ਦੇ ਆਰੰਭ ਵਿਚ ਸੁਰਿੰਦਰ ਸੀਰਤ ਨੇ ਸ਼ਾਮਿਲ ਹੋਏ ਸਾਰਿਆਂ ਲੇਖਕਾਂ ਦਾ ਧੰਨਵਾਦ ਕੀਤਾ ਕਿ ਅੱਜ ਦੇ ਫਾਦਰ'ਜ਼ ਡੇ ਵਾਲੇ ਦਿੰਨ, ਆਪਣੇ ਪਰਿਵਾਰਾਂ'ਚ ਹੁੰਦੇ ਹੋਏ ਵੀ ਸਾਹਿਤਕ ਬੈਠਕ ਵਿਚ ਹਾਜ਼ਰੀ ਭਰ ਰਹੇ ਹਨ।ਮਗਰੋਂ ਦੁਨੀਆ ਭਰ ਵਿਚ ਕੋਰੋਨਾ ਦੇ ਕਹਿਰ ਰਾਹੀਂੇ ਚਾਰ ਲੱਖ,ਪੈਂਠ ਹਜ਼ਾਰ ਅਤੇ ਅਮਰੀਕਾ ਵਿਚ ਇਕ ਲੱਖ, ਵੀਹ ਹਜ਼ਾਰ ਜਾਨਾਂ ਗਵਾ ਬੈਠੇ ਮਨੁੱਖਾਂ ਦੇ ਨਾਲ ਨਾਲ ਪੰਜਾਬੀ ਸਾਹਿਤ ਦੇ ਸ਼ਿਰੋਮਣੀ ਸਾਹਿਤਕਾਰ ਪ੍ਰੋ.ਹਮਦਰਦਵੀਰ ਨੌਸ਼ਹਿਰਵੀ ਦੇ ਅਕਾਲ ਚਲਾਣਾ ਕਰ ਜਾਣ ਦੇ ਸੋਗ ਹਿੱਤ ਇਕ ਮਿੰਟ ਦੀ ਖ਼ਾਮੋਸ਼ੀ ਵਿਚ ਇਹਨਾਂ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਕਰਦਿਆਂ ਸ਼ਰਧਾਂਜਲੀ ਅਰਪਿਤ ਕੀਤੀ ਗਈ।
.jpg)
ਸਾਹਿਤਕ ਬੈਠਕ ਦੇ ਆਰੰਭ ਵਿਚ ਐਸ਼ ( ਅਸ਼ੋਕ ਕੁਮਾਰ ) ਨੇ ਫਾਦਰ'ਜ਼ ਡੇ ਰਾਹੀਂ ਬੱਚਿਆਂ ਦੀ ਜ਼ਿੰਦਗੀ ਵਿਚ ਇਕ ਪਿਤਾ ਦੀ ਕੀ ਭੂਮਿਕਾ ਹੁੰਦੀ ਹੈ, ਪ੍ਰਤੀ ਆਪਣੀ ਸੱਜਰੀ ਕਵਿਤਾ ਦਾ ਪਾਠ ਕੀਤਾ ਅਤੇ ਭਰਪੂਰ ਦਾਦ ਕਮਾਈ।ਬੈਠਕ ਨੂੰ ਸੰਬੋਧਨ ਕਰਦਿਆਂ ਗੁਲਸ਼ਨ ਦਿਆਲ ਨੇ ਮਈ ਮਹੀਨੇ ਦੀ ਜ਼ੂਮ ਮੀਟਿੰਗ ਰਿਪੋਰਟ ਪੇਸ਼ ਕੀਤੀ ਜਿਸ ਦੀ ਪਿਆਰਾ ਸਿੰਘ ਕੁੱਦੋਵਾਲ ਨੇ ਉਸਤਤ ਕੀਤੀ ਗਈ।ਇਸ ਮਗਰੋਂ ਬੈਠਕ ਦਾ ਸੰਚਾਲਨ ਜਗਜੀਤ ਨੌਸ਼ਹਿਰਵੀ ਨੂੰ ਸੌਂਪਿਆ ਗਿਆ।ਇਸ ਮਿਲਣੀ ਨੂੰ ਸੰਚਾਲਿਤ ਕਰਦਿਆਂ ਜਗਜੀਤ ਨੇ ਪਾਕਿਸਤਾਨੀ ਗ਼ਜ਼ਲਕਾਰਾਂ ਜਿਵੇ ਸ਼ਰੀਫ਼ ਕੁੰਜਾਹੀ, ਮੁਨੀਰ ਨਿਆਜ਼ੀ, ਜ਼ਫ਼ਰ ਇਕਬਾਲ, ਤਨਵੀਰ ਬੁਖਾਰੀ ਅਤੇ ਹੋਰਾਂ ਦਿਆਂ ਸ਼ਿਅਰਾਂ ਨਾਲ ਰੰਗ-ਏ-ਮਹਿਫ਼ਿਲ ਨੂੰ ਰੁਸ਼ਨਾਜ਼ ਕੀਤਾ।ਹਾਸਿਲ-ਏ-ਗ਼ਜ਼ਲ ਸ਼ਿਅਰ ਸ਼ਰੀਫ਼ ਕੁੰਜਾਹੀ ਵਲੋਂ ਕਿਹਾ ਗਿਆ ਸ਼ਿਅਰ ਰਿਹਾ, "ਮੂੰਹੋਂ ਭਾਵੇਂ ਗੱਲ ਨਾ ਨਿਕਲੇ, ਹੋਂਠ ਫੜਕ ਕੇ ਰਹਿ ਜਾਂਦੇ ਨੇ…ਇੰਝ ਵੀ ਅਪਣੇ ਦਿਲ ਦੀ ਅੱਗ ਨੂੰ ਕਹਿਣੇ ਵਾਲੇ ਕਹਿ ਜਾਂਦੇ ਨੇ"।
ਇਸ ਵਾਰੀ ਸੁਰਿੰਦਰ ਗੀਤ ਕੈਨੇਡਾ ਤੋਂ ਸ਼ਾਮਿਲ ਹੋਏ। ਉਹਨਾਂ ਨੇ ਕਵਿਤਾ, 'ਚਾਨਣ ਦੇ ਬੀਜ 'ਨਾਲ ਇਕ ਸਾਹਿਤਕ ਮਹੌਲ ਉਜਾਗਰ ਕੀਤਾ ਅਤੇ ਗ਼ਜ਼ਲ, "ਜੇ ਤੂੰ ਲੋਕ ਦਿਲਾਂ ਵਿਚ ਵਸਣਾ …ਗੀਤ ਗ਼ਜ਼ਲ ਕਵਿਤਾਵਾਂ ਬਣ ਜਾ" ਨੇ ਉਹਨਾਂ ਦੀ ਕਾਵਿ ਪ੍ਰਤਿਭਾ ਦੀ ਨਿਪੁੰਨਤਾ ਨੂੰ ਪਰਮਾਣਿਤ ਕੀਤਾ।ਇਸ ਮਿਲਣੀ ਵਿਚ ਕੁਝ ਨਵੇਂ ਅਦੀਬਾਂ ਨੇ ਸ਼ਿਰਕਤ ਕੀਤੀ ਅਤੇ ਵੱਖੋ- ਵੱਖਰੇ ਕਾਵਿਕ-ਸੂਝ ਭਰਪੂਰ ਰੰਗਾਂ ਦੀ ਵੱਖਰਤਾ ਦਰਸਾਈ, ਜਿੰਨਾਂ ਵਿਚ ਅਵਤਾਰ ਗੋਂਦਾਰਾ, ਮਹਿੰਦਰ ਸਿੰਘ ਸੰਘੇੜਾ ਅਤੇ ਹਰਪਾਲ ਧੂਤ ਸ਼ਾਮਿਲ ਸਨ। ਹਰਪਾਲ ਧੂਤ ਨੇ ਕਵਿਤਾ 'ਸਰਵ ਸ਼ਕਤੀਮਾਨ' ਅਤੇ 'ਆਦਮੀਂ ਦੀ ਸੋਚ' ਰਾਹੀਂ ਇਸ ਜਗਿਆਸਾ ਨੂੰ ਪ੍ਰਸਤੁਤ ਕੀਤਾ ਕਿ ਆਦਮੀਂ ਦੀ ਹੋਂਦ ਨੂੰ ਸਰਵ ਸ਼ਕਤੀਮਾਨ ਪਰਮਾਤਮਾ ਆਪਣੇ ਕੰਟਰੋਲ ਅਧੀਨ ਰੱਖਦਾ ਹੈ ।ਆਦਮੀਂ ਨੇ ਭਾਵੇਂ ਕਿੰਨੀਆਂ ਖੋਜਾਂ ਕਰ ਲਈਆਂ ਹਨ ਪਰ ਉਸਦੀ ਸੋਚ ਆਪਣੇ ਆਪ ਨੂੰ ਹੀ ਨਹੀਂ ਲੱਭ ਸਕੀ।ਬੈਠਕ ਦੀ ਖ਼ੂਬਸੂਰਤੀ ਇਸ ਵਿਚ ਵੀ ਨਿਹੱਤ ਰਹੀ ਕਿ ਪ੍ਰਸਿੱਧ ਸ਼ਾਇਰਾ ਸੁਰਜੀਤ ਸੱਖੀ ਨੇ ਤਰੰਨਮ ਵਿਚ ਗ਼ਜ਼ਲ ਕਹੀ, "ਅੰਦਰੋਂ ਅੱਖਰ ਅੱਖਰ ਸਿਸਕੇ,ਬਾਹਰੋਂ ਸੱਜੀਆਂ ਧੱਜੀਆਂ ਹੋਈਆਂ…ਬੰਦੇ ਨੇ ਜਾਂ ਫਿਰਨ ਕਿਤਾਬਾਂ,ਤਨ ਦੇ ਜਾਮੇਂ ਬੱਝੀਆਂ ਹੋਈਆਂ"।ਤਾਰਾ ਸਾਗਰ ਨੇ ਆਪਣੀ ਇਕ ਮਕਬੂਲ ਰਚਨਾ ਸੁਣਾਈ, "ਮੈਂ ਆਪਣੇ ਹਾਣ ਦੇ ਕੁਝ ਦੁੱਖਾਂ ਤੋਂ ਪੁੱਛਿਆ…ਮਾਨਵਤਾ ਦੇ ਕੁਝ ਸੁੱਖਾਂ ਤੋਂ ਪੁੱਛਿਆ" ਅਤੇ ਮੁੜ ਕਵਿਤਾ, 'ਦੋਸ਼ੀ' ਦਾ ਪਾਠ ਕੀਤਾ।ਇਸ ਮਗਰੋਂ ਹਾਰਮੋਨੀਅਮ ਤੇ ਬੀਬੀ ਜੋਤੀ ਸਿੰਘ ਨੂੰ ਸੁਣਿਆ ਗਿਆ,ਮੁਖੜਾ ਸੀ, "ਇਹ ਜੋ ਜੋਤੀ ਹੈ ਇਕ ਲੋਅ ਹੈ…ਜਿਸ'ਚ ਤੂੰ ਹੈਂ ਬਸ ਤੂੰ ਹੀ ਹੈਂ"।ਗੁਲਸ਼ਨ ਦਿਆਲ ਦਾ ਮਨੋਬਲ ਭਾਰਤ ਵਿਚ ਹੋ ਰਹੇ ਬਲਾਤਕਾਰਾਂ ਲਈ ਪ੍ਰੋਟੈਸਟ ਕਰਨ ਦੀ ਬੇਬਸੀ ਪ੍ਰਗਟਾਉਂਦਾ ਹੈ ਅਤੇ ਉਹਨਾਂ ਮਾਵਾਂ ਤੇ ਸ਼ਰਮਸਾਰ ਹੈ ਜਿੰਨਾਂ ਦੇ ਬਦ ਇਖ਼ਲਾਕ ਕਪੂੱਤ ਅਜਿਹੇ ਕਾਰੇ ਕਰ ਜਾਂਦੇ ਹਨ।ਲਾਜ ਨੀਲਮ ਸੈਣੀ ਨੇ ਕੋਰੋਨਾ-੧੯ ਦੀ ਮਾਰ ਤੋਂ ਰਾਜਨੀਤਕ ਨਸਲਵਾਦ ਦੀ ਨਫ਼ਰਤ ਦੀ ਖੁੱਲੀ ਨੁਮਾਇਸ਼ ਤੀਕ ਜਾਰਜ ਫਲੋਇਡ ਦੀ ਹੱਤਿਆ ਨੂੰ ਇਕ ਵਿਲੱਖਣ ਸ਼ੈਲੀ ਰਾਹੀਂ ਪ੍ਰਗਟਾਉਂਦੀ ਸੰਵੇਦਨਸ਼ੀਲ ਕਾਵਿ ਰਚਨਾ ਪ੍ਰਸਤੁਤ ਕੀਤੀ।ਰੇਸ਼ਮ ਸਿੱਧੂ ਨੇ ਇਸ ਵਾਰੀ ਫਿਰ ਤਿੰਨ ਰਚਨਾਵਾਂ ਪੜ੍ਹੀਆਂ, 'ਮੈਂ ਕਵਿਤਾ ਨਹੀਂ ਲਿਖੀ', ਸੀਰਤ ਨੂੰ ਸੰਬੋਧਿਤ ਕਵਿਤਾ, "ਉਹ ਮਹਿਫਿਲ ਚੋਂ ਉੱਠ ਕੇ ਜਦੋਂ ਤੁਰ ਗਿਆ…ਮੇਰੀ ਸਰਘੀ ਦਾ ਸੂਰਜ ਉਦੋਂ ਮਰ ਗਿਆ" ਅਤੇ 'ਹੁਕਮ' ਜਿਸ ਰਾਹੀਂ ਉਸ ਦਾ ਤੰਨਜ਼ ਹੈ ਕਿ ,'ਉਹਨਾਂ ਨੂੰ ਦੱਸ ਦਿਓ ਕਿ ਅਸੀਂ ਤਕਸੀਮ ਸਿੱਖ ਲਈ ਹੈ'। ਕੁਲਵਿੰਦਰ ਦੀ ਨਵੀਂ ਗ਼ਜ਼ਲ ਦਾ ਇਹ ਦਾਦ ਵਸੂਲ ਸ਼ਿਅਰ ਹੈ, "ਮਿਰੀ ਸੁਲਘਣ ਦਾ ਸ਼ਾਇਦ ਅੰਤ ਹੋਵੇ ਜਾਂ ਨ ਹੋਵੇ…ਮਿਰੇ ਅੰਦਰਲੇ ਦਰਿਆਵਾਂ ਦਾ ਵਹਿਣਾ ਲਾਜ਼ਮੀਂ ਹੈ"।
ਹੋਰ ਜਿੰਨਾਂ ਸ਼ਾਇਰਾਂ ਦੀ ਇਸ ਰੌਚਿਕਤਾ ਭਰਪੂਰ ਸਾਹਿਤਕ ਬੈਠਕ ਵਿਚ ਸਾਹਿਤਕ ਰਚਨਾਵਾਂ ਨਾਲ ਸ਼ਮੂਲੀਅਤ ਰਹੀ ਉਹਨਾਂ ਵਿਚ ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ ਕੌਰ,ਸੁਖਵਿੰਦਰ ਕੰਬੋਜ, ਜਗਜੀਤ ਨੌਸ਼ਹਿਰਵੀ ਅਤੇ ਸੁਰਿੰਦਰ ਸੀਰਤ ਪੇਸ਼ ਪੇਸ਼ ਰਹੇ।ਚਰਨਜੀਤ ਪੰਨੂ ਅਤੇ ਅਮਰਜੀਤ ਪੰਨੂੰ ਤਕਨੀਕੀ ਖਰਾਬੀ ਕਾਰਨ ਕਵਿਤਾ ਪਾਠ ਵਿਚ ਹਾਜ਼ਰੀ ਨਾ ਲਗਵਾ ਸਕੇ।ਬੀਬੀ ਸੁਰਜੀਤ ਕੌਰ ਵੀ ਤਕਨੀਕੀ ਖਰਾਬੀ ਕਾਰਨ ਜੁੜ ਨਾ ਸਕੇ। ਇਜਾਜ਼ ਸਈਅਦ ਅਤੇ ਸੁਖਪਾਲ ਸੰਘੇੜਾ ਅੰਤ ਤੀਕ ਜੁੜੇ ਰਹੇ। ਅੰਤ ਵਿਚ ਪਿਆਰਾ ਸਿੰਘ ਕੁੱਦੋਵਾਲ ਨੇ ਇਸ ਮਿਲਣੀ ਨੂੰ ਇਕ ਉੱਚਮਿਆਰੀ ਅਤੇ ਸਿਲਸਿਲੇ ਵਾਰ ਚੱਲ ਰਹੀ ਜ਼ੂਮ ਮੀਟਿੰਗ ਦੀ ਸੰਗਿਆ ਦਿੱਤੀ।ਉਹਨਾਂ ਨੇ ਹਰ ਸ਼ਾਇਰ ਦੀ ਰਚਨਾ ਨੂੰ ਸਲਾਹਿਆ ਅਤੇ ਹਰ ਵਾਰੀ ਇਸ ਵਿਚ ਸ਼ਾਮਿਲ ਹੋਣ ਦੀ ਰੁਚੀ ਪ੍ਰਗਟਾਈ।
ਸੁਰਿੰਦਰ ਸੀਰਤ