ਨਹੀਂ ਝੱਲ ਹੋਣੀ ਤੇਰੇ ਤੋਂ
ਕੋਲ਼ੇ ਹੋਈਆਂ ਅੱਖਾਂ ਦੀ ਤਾਬ
ਜਿਨ੍ਹਾਂ ਸੇਕੀ ਹੁੰਦੀ ਹੈ
ਸੈਂਕੜੇ ਸੁਪਨਿਆਂ ਦੀ ‘ਚਿਖਾ’
ਹਕੀਕਤੀ ਸਿਵਿਆਂ ਚ
ਬਿਆਈਆ ਪਾਟੇ ਹੱਥਾਂ ਦੀ ਮਹਿੰਦੀ
ਬੇਰੰਗੀ ਹੋ ਜਾਂਦੀ
ਸਰਦਾਰ ਦੇ ਘਰ ਦਾ ਗੰਦ ਹੂੰਝਦੀ
ਗੰਦਗੀ ਢੋਅਦੇ ਗੰਦੇ ਜਿਸਮ
ਧੋਤੇ ਲੋਕਾਂ ਦੀ ਮੈਲੀ ਨਜ਼ਰ ਨਾਲੋਂ
ਕਿਤੇ ਪਾਕ ਹੁੰਦੇ ਨੇ
ਸਾਲੀ ਕਮਜ਼ਾਤ ਦੀ ਬੋਲੀ
ਸਿੱਕਾ ਪਾਏ ਕੰਨਾਂ ਨੂੰ ਵੀ
ਚੀਰ ਜਾਂਦੀ ਗੋਲੀ ਨਾਲ
ਸਾਗ ਦੀ ਚੀਰਨੀ ਦਾ ਉਜਾੜਾ
ਸੱਧਰਾਂ ਦੇ ਚੀਰ ਹਰਨ ਨਾਲ
ਹੁੰਦਾ ਹੈ ਹਮੇਸ਼ਾ ਹੀ ਪੂਰਾ....
ਭੁਰਦੀਆਂ ਕੰਧਾਂ ਨੂੰ
ਹਿੰਮਤਾਂ ਦੀ ਤਲੀ ਦੇ ਕੇ
ਮਹਿਲਾਂ ਦੇ ਹਾਣ ਦਾ ਕਰਨਾ ਹੀ
ਅਸਲ ਸਿੱਦਕ ਹੁੰਦਾ ਹੈ
ਤੂੰ ਰਹਿਣ ਦੇ
ਮਾਰਕਸ ਦਾ ‘ਫਲਸਫਾ’
ਏਂਗਲਜ਼ ਦੀ ‘ਵਾਰਤਾ’
ਮਾਉ ਦਾ ‘ਸੰਘਰਸ਼’
ਲੈਨਿਨ ਦੀ ‘ਕ੍ਰਾਂਤੀ’
ਗੋਬਿੰਦ ਦੀ ‘ਬੁੱਕਲ’
ਬਸ ਤੂੰ ਲੜਨ ਦੇ
ਲੜ ਕੇ ਮਰਨ ਦੇ
ਉਂਝ ਵੀ ਕਿਹੜਾ ਜਿਉਂਦੇ ਨੇ
ਸਦੀਆਂ ਤੋਂ ਗੁਲਾਮ ਉਮਰਾਂ ਵਾਲੇ
‘ਕੰਮੀ’